ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਲੈ ਕੇ ਜੋ ਵਿਸ਼ਲੇਸ਼ਣ ਕੀਤੇ ਜਾ ਰਹੇ ਹਨ ਉਨ੍ਹਾਂ ਅਨੁਸਾਰ ਇੱਕ ਪਾਸੇ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਨਤੀਜਿਆਂ ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਬਾਰੇ ਕੀਤੀਆਂ ਜਾਂਦੀਆਂ ਰਹੀਆਂ ਸਾਰੀਆਂ ਕਿਆਸਅਰਾਈਆਂ ਅਤੇ ਲਾਏ ਜਾਂਦੇ ਰਹੇ ਅਨੁਮਾਨਾਂ ਨੂੰ ਖਾਰਜ ਕਰ ਕੇ ਰਖ ਦਿੱਤਾ ਹੈ ਅਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਨਤੀਜੇ ਇੱਕ ਅਸਾਵੀਂ \'ਜੰਗ\' ਦੇ ਹਨ, ਕਿਉਂਕਿ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕੇਵਲ ਦੋ ਮੁਖੀ, ਸ. ਪਰਮਜੀਤ ਸਿੰਘ ਸਰਨਾ ਅਤੇ ਸ. ਹਰਵਿੰਦਰ ਸਿੰਘ ਸਰਨਾ, ਹੀ ਸਨ, ਜਦਕਿ ਦੂਸਰੇ ਪਾਸੇ ਉਨ੍ਹਾਂ ਦੇ ਵਿਰੁਧ ਸ਼੍ਰੋਮਣੀ ਅਕਾਲੀ ਦਲ (ਬਾਦਲ), ਉਸਦੀ ਯੂਥ ਇੱਕਾਈ ਦੀ ਬ੍ਰਿਗੇਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਰੇ ਮੁੱਖੀਆਂ ਅਤੇ ਸਾਧਨਾਂ ਦੇ ਨਾਲ ਸੰਤ ਸਮਾਜ ਤੇ ਭਾਜਪਾ ਦੀ ਸ਼ਕਤੀ ਵੀ ਸੀ। ਇਤਨਾ ਹੀ ਨਹੀਂ, ਬਾਦਲ ਪਰਿਵਾਰ ਦਾ ਟੀਵੀ ਚੈਨਲ ਪੀਟੀਸੀ ਵੀ ਪੂਰੀ ਤਾਕਤ ਨਾਲ ਇਸ \'ਜੰਗ\' ਵਿੱਚ ਸਰਨਾ-ਭਰਾਵਾਂ ਦੇ ਵਿਰੁਧ ਮਾਹੌਲ ਬਣਾਉਣ ਅਤੇ ਉਸਨੂੰ ਹਵਾ ਦੇਣ ਵਿੱਚ ਜੁਟਿਆ ਹੋਇਆ ਸੀ। ਇਸ ਹਾਲਤ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 46 ਸੀਟਾਂ ਵਿਚੋਂ 37 ਸੀਟਾਂ ਤੇ ਆਪਣੀ ਜਿਤ ਦਰਜ ਕਰਵਾਉਣ ਵਿੱਚ ਸਫਲਤਾ ਪ੍ਰਾਪਤ ਕਰ ਲਈ ਤਾਂ ਇਸ ਵਿੱਚ ਕੋਈ ਹੈਰਾਨੀ ਵਾਲੀ ਕੋਈ ਗਲ ਨਹੀਂ।
ਇਸ \'ਜੰਗ\' ਵਿੱਚ ਜਿਤ ਪ੍ਰਾਪਤ ਕਰ, ਸ਼੍ਰੋਮਣੀ ਅਕਾਲੀ ਦਲ (ਬਾਦਲ), ਜੋ ਬੀਤੇ ਦਸਾਂ ਵਰ੍ਹਿਆਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਤੋਂ ਬਾਹਰ ਚਲਿਆ ਆ ਰਿਹਾ ਸੀ, ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਮੁੜ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਅਤੇ ਇਨ੍ਹਾਂ ਵਰ੍ਹਿਆਂ ਵਿੱਚ ਹੀ ਗੁਰਦੁਆਰਾ ਕਮੇਟੀ ਦੀ ਸੱਤਾ ਤੇ ਕਾਬਜ਼ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਨੂੰ ਕਰਾਰੀ ਹਾਰ ਦੇ ਸੱਤਾ ਤੋਂ ਬਾਹਰ ਧੱਕ ਦਿੱਤਾ। ਇਥੋਂ ਤਕ ਕਿ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਵੀ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ਨਤੀਜਿਆਂ ਤੇ ਵਿਸ਼ਲੇਸ਼ਕਾਂ ਵਲੋਂ ਆਪੋ-ਆਪਣੀ ਸੋਚ ਮੁਤਾਬਕ ਅਤੇ ਉਹ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਮੁਖੀਆਂ ਵਿਰੁਧ ਪ੍ਰਚਾਰੇ ਜਾਂਦੇ ਰਹੇ ਦੋਸ਼ਾਂ ਦੇ ਆਧਾਰ ਤੇ ਆਪੋ-ਆਪਣੇ ਨਤੀਜੇ ਕਢੇ ਜਾ ਰਹੇ ਹਨ, ਜਦਕਿ ਉਸ ਸੱਚਾਈ ਨੂੰ ਮੂਲੋਂ ਹੀ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ, ਜੋ ਇਸ ਸਥਿਤੀ ਦਾ ਮੂਲ ਕਾਰਣ ਰਹੀ ਹੈ।
ਜਿਵੇਂ ਕਿ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਇਸ ਚੋਣ ਮੁਹਿੰਮ ਵਿੱਚ ਇਕ ਪਾਸੇ ਕੇਵਲ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਸ. ਹਰਵਿੰਦਰ ਸਿੰਘ ਸਰਨਾ ਨੇ ਹੀ ਆਪਣੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਉਮੀਦਵਾਰਾਂ ਦੇ ਹਕ ਵਿੱਚ ਚੋਣ ਪ੍ਰਚਾਰ ਕਰਨ ਦੀ ਜ਼ਿਮੇਂਦਾਰੀ ਸੰਭਾਲੀ ਹੋਈ ਸੀ। ਇਸ ਚੋਣ ਮੁਹਿੰਮ ਵਿੱਚ ਉਨ੍ਹਾਂ ਨਾਲ ਕੋਈ ਵੀ ਤੀਸਰਾ ਆਗੂ ਨਹੀਂ ਸੀ ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁਖ ਮੰਤਰੀ ਤੇ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਆਪਣੇ ਅਕਾਲੀ ਦਲ ਤੇ ਉਸਦੇ ਯੂਥ ਵਿੰਗ, ਪਾੰਜਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਰੇ ਸਾਧਨਾਂ ਨਾਲ ਲੈਸ ਹੋ, ਦਿੱਲੀ ਗੁਰਦੁਆਰਾ ਕਮੇਟੀ ਤੇ \'ਕਬਜ਼ੇ\' ਦੀ \'ਜੰਗ\' ਜਿਤਣ ਲਈ ਦਲ-ਬਲ ਸ਼ਹਿਤ ਪੁਜੇ ਹੋਏ ਸਨ। ਇਸਤੋਂ ਇਲਾਵਾ ਉਨ੍ਹਾਂ ਸੰਤ ਸਮਾਜ ਨੂੰ ਵੀ ਆਪਣੇ ਹਕ ਵਿੱਚ ਵਰਤਿਆ, ਭਾਜਪਾ ਦੇ ਆਗੂ ਵੀ ਆਪਣੀ ਪੂਰੀ ਸ਼ਕਤੀ ਨਾਲ ਉਨ੍ਹਾਂ ਦੇ ਹਕ ਵਿੱਚ ਨਿਤਰੇ ਹੋਏ ਸਨ।
ਬਾਦਲ ਪਰਿਵਾਰ ਦੇ ਨਿਜੀ ਟੀਵੀ ਚੈਨਲ, ਪੀਟੀਸੀ ਨੇ ਵੀ ਲਗਾਤਾਰ ਵੀਹ ਦਿਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ, ਸਰਨਾ-ਭਰਾਵਾਂ ਵਿਰੁਧ ਪ੍ਰਚਾਰ ਕਰਨ ਵਿੱਚ ਦਿਨ ਰਾਤ ਇਕ ਕਰੀ ਰਖਿਆ। ਇਸ ਚੈਨਲ ਤੇ ਸਰਨਾ-ਭਰਾਵਾਂ ਦੇ ਵਿਰੋਧੀਆਂ ਨਾਲ ਮੁਲਾਕਾਤਾਂ ਪ੍ਰਸਾਰਤ ਕਰ, ਉਨ੍ਹਾਂ ਵਿਰੁਧ ਮਾਹੌਲ ਬਣਾਉਣ ਅਤੇ ਉਸਨੂੰ ਹਵਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਕੋਈ ਅਜਿਹਾ ਦੋਸ਼ ਨਹੀਂ ਸੀ ਰਹਿ ਗਿਆ ਜੋ ਸਰਨਾ-ਭਰਾਵਾਂ ਤੇ ਨਾ ਲਾਇਆ ਗਿਆ ਹੋਵੇ। ਹੋਰ ਤਾਂ ਹੋਰ ਸ਼੍ਰੀ ਅਕਾਲ ਤਖਤ ਤੋਂ 2003 ਥੇ 2010 ਵਿੱਚ ਜਾਰੀ ਨਾਨਕਸ਼ਾਹੀ ਕੈਲੰਡਰਾਂ ਬਾਰੇ ਪੰਥ ਵਿੱਚ ਪਏ ਹੋਏ ਭੰਬਲ-ਭੂਸੇ ਲਈ ਵੀ ਸਰਨਾ-ਭਰਾਵਾਂ ਨੂੰ ਹੀ ਦੋਸ਼ੀ ਠਹਿਰਾ, ਉਨ੍ਹਾਂ ਤੇ ਅਕਾਲ ਤਖਤ ਦੇ ਆਦੇਸ਼ ਨੂੰ ਨਾ ਮੰਨਣ ਦੇ ਦੋਸ਼ ਲਾਏ ਹੀ ਨਹੀਂ ਗਏ, ਸਗੋਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਉਛਾਲਿਆ ਵੀ ਗਿਆ।
ਜਦਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਚਲ ਰਹੇ ਵਿਵਾਦ ਦੀ ਸੱਚਾਈ ਇਹ ਹੈ ਕਿ ਸੰਨ-2010 ਵਿੱਚ ਜਾਰੀ ਸੋਧੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤੇ ਜਾਣ ਦੇ ਮੁੱਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਕਾਰਜਕਾਰਨੀ ਦੇ ਮੈਂਬਰਾਂ ਦੇ ਨਾਲ ਹੀ ਉਸਦੇ ਅਧੀਨ ਪੰਜਾਬ ਵਿੱਚਲੇ ਤਿੰਨਾਂ ਤਖਤਾਂ ਦੇ ਜਥੇਦਾਰ ਤਕ ਵੀ ਆਪੋ ਵਿੱਚ ਸਹਿਮਤ ਨਹੀਂ। ਇਹ ਹੀ ਨਹੀਂ ਸ੍ਰੀ ਅਕਾਲ ਤਖਤ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਸੱਤਾ-ਅਧੀਨ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਦੇ ਨਾਂ ਜਾਰੀ ਲਗਭਗ ਡੇਢ ਦਰਜਨ ਅਜਿਹੇ ਆਦੇਸ਼ ਹਨ, ਜਿਨ੍ਹਾਂ ਨੂੰ ਉਨ੍ਹਾਂ ਵਲੋਂ ਲਗਾਤਾਰ ਅਣਗੋਲਿਆਂ ਕੀਤਾ ਜਾਂਦਾ ਚਲਿਆ ਆ ਰਿਹਾ ਹੈ। ਪ੍ਰੰਤੂ ਪੰਜਾਬ ਵਿੱਚ ਕਿਸੇ ਵਲੋਂ ਵੀ ਕਦੀ ਬਾਦਲ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਦੇ ਇਸ ਗੁਨਾਹ ਦਾ ਵਿਰੋਧ ਕੀਤਾ ਜਾਣਾ ਤਾਂ ਦੂਰ ਰਿਹਾ, ਉਨ੍ਹਾਂ ਵਿਰੁਧ ਕਦੀ ਕਿਸੇ ਨੇ ਰੋਸ ਤਕ ਵੀ ਪ੍ਰਗਟ ਨਹੀਂ ਕੀਤਾ। ਇਥੋਂ ਤਕ ਵੀ ਕਿ ਇਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਦੇ ਰਹੇ ਜਥੇਦਾਰਾਂ ਵਿਚੋਂ ਵੀ ਕਿਸੇ ਨੇ ਉਨ੍ਹਾਂ ਪਾਸੋਂ ਅਕਾਲ ਤਖਤ ਤੋਂ ਜਾਰੀ ਆਦੇਸ਼ਾਂ ਦਾ ਪਾਲਣ ਨਾ ਕੀਤੇ ਜਾਣ ਦੇ ਸਬੰਧ ਵਿੱਚ ਜਵਾਬ-ਤਲਬੀ ਤਕ ਵੀ ਨਹੀਂ ਕੀਤੀ।
ਇਸਤਰ੍ਹਾਂ ਇੱਕ ਪਾਸੇ ਮਤਦਾਤਾਵਾਂ ਨੂੰ ਸਰਨਾ-ਭਰਾਵਾਂ ਵਿਰੁਧ ਬਦਜ਼ਨ ਕਰਨ ਲਈ ਧੂਆਂ-ਧਾਰ ਪਚਾਰ ਕੀਤਾ ਜਾ ਰਿਹਾ ਸੀ, ਅਤੇ ਦੂਜੇ ਪਾਸੇ ਸਰਨਾ-ਭਰਾ ਇਸ ਵਿਸ਼ਵਾਸ ਨਾਲ ਚੋਣ ਮੁਹਿੰਮ ਚਲਾਉਣ ਵਿੱਚ ਜੁਟੇ ਹੋਏ ਸਨ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੀ ਸੇਵਾ-ਸੰਭਾਲ ਦੇ ਵਰ੍ਹਿਆਂ ਵਿੱਚ ਗੁਰਦੁਆਰਾ ਪ੍ਰਬੰਧ ਵਿੱਚ ਪਾਰਦਰਸ਼ਿਤਾ ਲਿਆਉਣ, ਗੁਰਧਾਮਾਂ ਦੀ ਦਿੱਖ ਸੰਵਾਰਨ, ਸੰਗਤਾਂ ਲਈ ਸਹੂਲਤਾਂ ਵਿੱਚ ਵਾਧਾ ਕਰਨ ਅਤੇ ਗੁਰਧਾਮਾਂ ਦੇ ਆਲੇ-ਦੁਆਲੇ ਦਾ ਵਿਸਥਾਰ ਕਰ ਉਨ੍ਹਾਂ ਦਾ ਸਰੂਪ ਦਿਲਖਿਚਵਾਂ ਬਣਾਉਣ ਦੇ ਨਾਲ ਹੀ ਜੋ ਵਿਦਿਅਕ ਖੇਤ੍ਰ ਦਾ ਵਿਸਥਾਰ ਕੀਤਾ ਗਿਆ, ਤਕਨੀਕੀ ਸੰਸਥਾਵਾਂ ਸਥਾਪਤ ਕੀਤੀਆਂ ਅਤੇ ਉਨ੍ਹਾਂ ਪ੍ਰਬੰਧ ਅਤੇ ਪੱਧਰ ਵਿੱਚ ਸੁਧਾਰ ਲਿਆਉਣ ਦੇ ਜੋ ਕਦਮ ਉਠਾਏ ਹਨ ਅਤੇ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੀਆਂ ਸੱਮਸਿਆਵਾਂ ਨੂੰ ਹਲ ਕਰਵਾਉਣ ਵਿੱਚ ਜੋ ਭੂਮਿਕਾ ਨਿਭਾਈ ਹੈ, ਉਹ ਸੰਗਤਾਂ ਦੇ ਸਾਹਮਣੇ ਹੈ, ਉਹ ਉਨ੍ਹਾਂ ਦੀ ਜਿੱਤ ਦੀ ਜ਼ਾਮਨ ਹੋਵੇਗੀ। ਉਨ੍ਹਾਂ ਦੀਆਂ ਇਹ ਸਾਰੀਆਂ ਪ੍ਰਾਪਤੀਆਂ ਉਨ੍ਹਾਂ ਵਿਰੁਧ ਛੇੜੀ ਗਈ ਮੁਹਿੰਮ, ਵਿਸ਼ੇਸ਼ ਰੂਪ ਵਿੱਚ ਅਕਾਲ ਤਖਤ ਦੇ ਆਦੇਸ਼ਾਂ ਨੂੰ ਨਾ ਮੰਨਣ ਦੇ ਲਾਏ ਗਏ ਦੋਸ਼ਾਂ ਦਾ ਕੀਤੇ ਜਾ ਰਹੇ ਧੂੰਆਂ-ਧਾਰ ਪ੍ਰਚਾਰ ਹੇਠ ਦਬ ਕੇ ਰਹਿ ਗਿਆ। ਜਿਸ ਕਾਰਣ ਇਨ੍ਹਾਂ ਪ੍ਰਾਪਤੀਆਂ ਕਾਰਣ ਉਨ੍ਹਾਂ ਵਿੱਚ ਪੈਦਾ ਹੋਇਆ ਲੋੜੋਂ ਵਧ ਅਤਮ-ਵਿਸ਼ਵਾਸ ਵੀ ਉਨ੍ਹਾਂ ਲਈ ਨੁਕਸਾਨ-ਦੇਹ ਸਾਬਤ ਹੋਇਆ। ਇਹ ਵੀ ਦਸਿਆ ਜਾਂਦਾ ਹੈ ਕਿ ਕੁਝ ਉਨ੍ਹਾਂ ਲੋਕਾਂ ਨੇ ਵੀ ਇਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ, ਜਿਨ੍ਹਾਂ ਨੇ ਇਨ੍ਹਾਂ ਦੀ ਜੀ-ਹਜ਼ੂਰੀ ਕਰ ਆਪ ਇਨ੍ਹਾਂ ਦੀ ਨੇੜਤਾ ਪ੍ਰਾਪਤ ਕਰ ਲਈ ਤੇ ਚਿਰਾਂ ਤੋਂ ਵਿਸ਼ਵਾਸ ਪਾਤਰ ਚਲੇ ਆ ਰਿਹਾਂ ਨੂੰ ਦੂਰ ਧਕ ਦਿੱਤਾ ਹੋਇਆ ਸੀ।
ਸ਼ਾਇਦ ਉਨ੍ਹਾਂ ਨੂੰ ਇਹ ਵੀ ਵਿਸ਼ਵਾਸ ਸੀ ਕਿ ਜਿਵੇਂ ਭਾਜਪਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਦਦ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਨਿਤਰੀ ਹੋਈ ਹੈ, ਉਸੇ ਤਰ੍ਹਾਂ ਉਸਨੂੰ ਕਾਉਂਟਰ ਕਰਨ ਲਈ ਕਾਂਗ੍ਰਸ ਵੀ ਉਨ੍ਹਾਂ ਦੀ ਮਦਦ ਲਈ ਮੈਦਾਨ ਵਿੱਚ ਨਿਤਰੇਗੀ। ਉਨ੍ਹਾਂ ਦੇ ਇਸ ਵਿਸ਼ਵਾਸ ਦਾ ਕਾਰਣ ਇਹ ਸੀ ਕਿ ਉਹ ਭਾਜਪਾ ਵਿਰੁਧ ਕਾਂਗ੍ਰਸ ਨਾਲ ਡਟ ਕੇ ਖਲੌਂਦੇ ਚਲੇ ਆ ਰਹੇ ਸਨ। ਇਥੋਂ ਤਕ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਉਨ੍ਹਾਂ ਰਾਜਧਾਨੀ ਦੇ ਸਿੱਖਾਂ ਦੀਆਂ ਮੀਟਿੰਗਾਂ ਕਰ ਅਤੇ ਲੋਕਸਭਾ ਦੀਆਂ ਚੋਣਾਂ ਸਮੇਂ ਰਾਸ਼ਟਰੀ ਪੱਧਰ ਤੇ ਸਿੱਖ ਪ੍ਰਤੀਨਿਧੀਆਂ ਦੀਆਂ ਕਾਨਫ੍ਰੰਸਾਂ ਕਰ ਸਿੱਖਾਂ ਨੂੰ ਕਾਂਗ੍ਰਸ ਦੇ ਹਕ ਵਿੱਚ ਨਿਤਰਨ ਲਈ ਤਿਆਰ ਕਰਨ ਵਿੱਚ ਮੁਖ ਭੂਮਿਕਾ ਨਿਭਾਈ ਸੀ। ਪਰ ਨਾ ਤਾਂ ਕਾਂਗ੍ਰਸ ਪਾਰਟੀ ਭਾਜਪਾ ਦੇ ਬਾਦਲ ਅਕਾਲੀ ਦਲ ਦੇ ਹਕ ਵਿੱਚ ਅਤੇ ਸਰਨਾ ਅਕਾਲੀ ਦਲ ਦੇ ਵਿਰੁਧ ਕੀਤੇ ਜਾ ਰਹੇ ਪ੍ਰਚਾਰ ਨੂੰ ਕਾਉਂਟਰ ਕਰਨ ਲਈ ਨਿਤਰੀ ਅਤੇ ਨਾ ਹੀ ਕਾਂਗ੍ਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਚੋਣ ਜ਼ਾਬਤੇ ਦੀਆਂ ਕੀਤੀਆਂ ਜਾ ਰਹੀਆਂ ਉਲੰਘਣਾਵਾਂ ਦੀਆਂ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਸਮਝੀ। ਜਿਸ ਕਾਰਣ ਉਨ੍ਹਾਂ ਦੇ ਹੌਂਸਲੇ ਵਧੇ ਤੇ ਉਨ੍ਹਾਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ, ਅਰਥਾਤ 26 ਜਨਵਰੀ ਨੂੰ ਆਪਣੇ, ਪੀਟੀਸੀ ਚੈਨਲ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਪਾਸੋਂ ਆਪਣੇ ਉਮੀਦਵਾਰਾਂ ਦੇ ਹਕ ਵਿੱਚ ਅਪੀਲ ਜਾਰੀ ਕਰਵਾ ਲਈ, ਜਦਕਿ 25, ਜਨਵਰੀ ਸ਼ਾਮ ਨੂੰ ਚੋਣ ਪ੍ਰਚਾਰ ਲਈ ਨਿਸ਼ਚਿਤ ਸਮਾਂ ਖਤਮ ਹੋ ਗਿਆ ਹੋਇਆ ਸੀ ਅਤੇ ਇਸਤੋਂ ਬਾਅਦ ਚੋਣ ਪ੍ਰਚਾਰ ਕਰਨਾ ਜਾਂ ਆਪਣੇ ਹਕ ਵਿੱਚ ਅਪੀਲ ਜਾਰੀ ਕਰਵਾਣੀ ਜਾਂ ਕਰਨੀ ਜਾਂ ਫਿਰ ਇਸ਼ਤਿਹਾਰ ਛਪਵਾਣੇ, ਆਦਿ ਚੋਣ ਜ਼ਾਬਤੇ ਦੀ ਸਪਸ਼ਟ ਉਲੰਘਣਾ ਸੀ।
ਅਤੇ ਅੰਤ ਵਿੱਚ : ਇਸ ਸਮੇਂ ਜਦਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪ੍ਰਾਪਤ ਹੋਈ ਰਿਕਾਰਡ ਜਿਤ ਕਾਰਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਖੁਸ਼ੀ ਤੇ ਜੋਸ਼ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਇਹ ਸੁਆਲ ਵੀ ਜਿਤੇ ਮੈਂਬਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਚੁਣੇ ਗਏ ਮੈਂਬਰਾਂ ਵਿਚੋਂ ਹੀ ਕੋਈ ਬਣੇਗਾ ਜਾਂ ਨਾਮਜ਼ਦ ਹੋਣ ਵਾਲੇ ਮੈਂਬਰਾਂ ਵਿਚੋਂ? ਦਸਿਆ ਜਾਂਦਾ ਹੈ ਕਿ ਜਿਹੜੇ ਪੰਜ ਮੈਂਬਰ ਨਾਮਜ਼ਦ ਹੋਣੇ ਹਨ, ਉਹ ਗੁਰਦੁਆਰਾ ਕਮੇਟੀ ਵਿਚ ਬਾਦਲ ਅਕਾਲੀ ਦਲ ਦੀ ਸ਼ਕਤੀ ਹੀ ਬਣਨਗੇ। ਇਸ ਸਮੇਂ ਪ੍ਰਧਾਨ ਦੇ ਅਹੁਦੇ ਲਈ ਜਿਹੜੇ ਚਾਰ ਨਾਂ ਚਰਚਾ ਵਿੱਚ ਹਨ, ਉਨ੍ਹਾਂ ਵਿੱਚ ਜ, ਅਵਤਾਰ ਸਿੰਘ ਹਿਤ, ਜ. ਓਂਕਾਰ ਸਿੰਘ ਥਾਪਰ, ਜ, ਮਨਜੀਤ ਸਿੰਘ ਜੀਕੇ ਅਤੇ ਸ. ਮਨਜਿੰਦਰ ਸਿੰਘ ਸਿਰਸਾ ਦੇ ਨਾਂ ਹਨ। ਇਹ ਵੀ ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਚਹੁੰ ਦੇ ਸਾਥੀਆਂ ਵਲੋਂ ਆਪੋ-ਆਪਣੇ ਮੁਖੀ ਲਈ ਲਾਬੀ ਕਰਦਿਆਂ ਦੂਸਰਿਆਂ ਵਿਰੁਧ ਦਬੇ ਮੁਰਦੇ ਉਖਾੜੇ ਜਾ ਰਹੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇ ਇਨ੍ਹਾਂ ਵਲੋਂ ਆਪੋ-ਆਪਣੇ ਹਕ ਵਿੱਚ ਲਾਬੀ ਕਰਵਾਈ ਜਾਣੀ ਜਾਰੀ ਰਖੀ ਗਈ, ਤਾਂ ਫਿਰ ਸ. ਸੁਖਬੀਰ ਸਿੰਘ ਬਾਦਲ ਨੂੰ ਨਾਮਜ਼ਦ ਮੈਂਬਰਾਂ ਵਿਚੋਂ ਕਿਸੇ ਦੇ ਸਿਰ ਤੇ ਪ੍ਰਧਾਨਗੀ ਦਾ ਸਿਹਰਾ ਬੰਨ੍ਹਣਾ ਪੈ ਸਕਦਾ ਹੈ। ਮਤਲਬ ਇਹ ਕਿ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਉਹ ਹੀ ਬਣੇਗਾ ਜਿਸਦੇ ਸਿਰ ਤੇ ਸ. ਸੁਖਬੀਰ ਸਿੰਘ ਹੱਥ ਰਖਣਗੇ।
-
ਜਸਵੰਤ ਸਿੰਘ \'ਅਜੀਤ\' Mobile : +91 98 68 91 77 31,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.