ਭਾਰਤ ਇਕ ਵੱਡਾ ਜਮਹੂਰੀ ਮੁਲਕ ਹੈ। ਇਸ ਜਮਹੂਰੀਅਤ ਦੀ ਮਜ਼ਬੂਤੀ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੀ ਭੂਮਿਕਾ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਮਹੂਰੀਅਤ ਦੀ ਮਜ਼ਬੂਤੀ ਅਤੇ ਨਿਜ਼ਾਮ ਵਿਚ ਲੋਕ ਵਿਸ਼ਵਾਸ ਦੀ ਪੁਖਤਗੀ ਲਈ ਸਿਆਸੀ ਪਾਰਟੀਆਂ ਦੀ ਸਾਕਾਰਤਮਕ ਭੂਮਿਕਾ ਬਹੁਤ ਹੀ ਜ਼ਰੂਰੀ ਹੈ। ਕਿਸੇ ਇਕ ਸਿਆਸੀ ਪਾਰਟੀ ਦੇ ਸੱਤਾ ਉਪਰ ਬਿਰਾਜਮਾਨ ਹੋਣ ਉਪਰੰਤ ਵਿਰੋਧੀ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਕਿਸੇ ਵੀ ਲੋਕ ਮੁੱਦੇ ਅਤੇ ਰਾਜਕੀ ਮਸਲਿਆਂ ਉਪਰ ਵਿਰੋਧੀ ਪਾਰਟੀਆਂ ਦੀ ਭੂਮਿਕਾ ਸੱਤਾਧਾਰੀ ਪਾਰਟੀ ਅਤੇ ਸਰਕਾਰ ਉਪਰ ਇਕ ਨਿਗਰਾਨ ਵਾਂਗ ਹੁੰਦੀ ਹੈ ਪਰ ਵੇਖਣ ਵਿਚ ਆਉਂਦਾ ਹੈ ਕਿ ਸਿਆਸੀ ਵਿਰੋਧੀ ਪਾਰਟੀਆਂ ਜਮਹੂਰੀਅਤ ਦੇ ਵਡੇਰੇ ਹਿੱਤਾਂ ਨੂੰ ਤਿਲਾਂਜਲੀ ਦਿੰਦੀਆਂ ਹੋਈਆਂ ਆਪਣੇ ਸੌੜੇ ਹਿੱਤਾਂ ਨੂੰ ਤਰਜੀਹ ਦੇਣ ਲਗਦੀਆਂ ਹਨ। ਵਿਰੋਧੀ ਪਾਰਟੀਆਂ ਵੱਲੋਂ ਕਿਸੇ ਵੀ ਮੁੱਦੇ ਉਪਰ ਉਸਾਰੂ ਆਲੋਚਨਾ ਦੀ ਬਜਾਏ ਕਈ ਵਾਰ ਅਜਿਹਾ ਰੁਖ ਅਪਣਾ ਲਿਆ ਜਾਂਦਾ ਹੈ ਜੋ ਜਮਹੂਰੀਅਤ ਨੂੰ ਸੱਟ ਮਾਰਨ ਵਾਲਾ ਦਿਖਾਈ ਦੇਣ ਲੱਗਦਾ ਹੈ। ਅਜਿਹੀ ਸਥਿਤੀ ਵਿਚ ਜਦੋਂ ਸਿਆਸੀ ਵਿਰੋਧੀ ਪਾਰਟੀਆਂ ਆਪਣੇ ਆਸ਼ੇ ਤੋਂ ਭਟਕ ਜਾਂਦੀਆਂ ਹਨ ਤਾਂ ਇਹ ਲੋਕਤੰਤਰ ਦੀ ਭਾਵਨਾ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਸਬੱਬ ਬਣਦੀਆਂ ਹਨ। ਅਸਲ ਸਥਿਤੀ ਤੋਂ ਉਲਟ ਗੁੰਮਰਾਹਕੁਨ ਪ੍ਰਚਾਰ ਨਾਲ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਜੋ ਰਾਜ ਵਿਚ ਅਮਨ-ਸ਼ਾਂਤੀ ਅਤੇ ਲੋਕ ਹਿੱਤੂ ਕਾਰਜਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸੰਵੇਦਨਸ਼ੀਲ ਮੁੱਦਿਆਂ ਉਪਰ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ।
ਪੰਜਾਬ ਵਿਚ ਪਿਛਲੇ ਦਿਨੀਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਜੋ ਪਹੁੰਚ ਅਪਣਾਈ ਗਈ, ਉਸਤੋਂ ਲੱਗਦਾ ਹੈ ਕਿ ਇਹ ਪਾਰਟੀ ਆਪਣੀ ਮੂਲ ਜ਼ਿੰਮੇਵਾਰੀ ਨੂੰ ਸਮਝਣ ਦੀ ਬਜਾਏ ਹਾਲਾਤ ਨੂੰ ਗਲਤ ਰੰਗਤ ਦੇਣ ਦਾ ਯਤਨ ਕਰ ਰਹੀ ਹੈ। ਪੰਜਾਬ ਵਿਚ ਵਾਪਰੀਆਂ ਕੁਝ ਉਤੋੜਿੱਤੀ ਘਟਨਾਵਾਂ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਅਜਿਹਾ ਵਾਵੇਲਾ ਖੜਾ ਕਰਨ ਦਾ ਯਤਨ ਕੀਤਾ ਗਿਆ ਕਿ ਮਾਨੋਂ ਰਾਜ ਵਿਚ ਅਮਨ-ਕਨੂੰਨ ਦੀ ਵੱਡੀ ਚੁਣੌਤੀ ਖੜੀ ਹੋ ਗਈ ਹੈ। ਪੰਜਾਬ ਕਾਂਗਰਸ ਵੱਲੋਂ ਇਸ ਮੁੱਦੇ ਨੂੰ ਲੈਕੇ ਸਦਨ ਵਿਚ ਬਹਿਸ ਕਰਵਾਉਣ ਦੀ ਜ਼ੋਰਦਾਰ ਮੰਗ ਉਠਾਈ ਗਈ। ਇਸ ਮੰਗ ਨੂੰ ਪੂਰਾ ਕਰਾਉਣ ਲਈ ਵਿਰੋਧੀ ਧਿਰ ਇਤਨੀ ਉਤਾਵਲੀ ਦਿਖਾਈ ਦਿੱਤੀ ਕਿ ਸਦਨ ਦੀ ਜਿਹੜੀ ਮਰਿਆਦਾ ਹੁੰਦੀ ਹੈ ਕਿ ਸਦਨ ਦੇ ਆਗੂ ਜਦੋਂ ਵੀ ਕਿਸੇ ਮਹੱਤਵਪੂਰਨ ਮਸਲੇ \'ਤੇ ਗੱਲ ਕਰਨਾ ਚਾਹੁੰਦੇ ਹੋਣ, ਉਹ ਕਰ ਸਕਦੇ ਹਨ, ਉਨ•ਾਂ ਨੇ ਇਸ ਮਰਿਆਦਾ ਦੀ ਵੀ ਉਲੰਘਣਾ ਕੀਤੀ। ਸਦਨ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਸਨੀਲ ਜਾਖੜ ਲਗਪਗ ਇਕ ਘੰਟਾ ਪੰਜਾਬ ਵਿਚ ਅਮਨ-ਕਨੂੰਨ ਦੀ ਸਥਿਤੀ ਬਾਰੇ ਬੋਲੇ। ਮੈਂ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਿਆ। ਉਹ ਅਮਨ -ਕਨੂੰਨ ਨਾਲ ਸਬੰਧਿਤ ਸਿਵਾਏ ਦੋ ਘਟਨਾਵਾਂ ਜਿਹਨਾਂ ਬਾਰੇ ਪਹਿਲਾਂ ਹੀ ਅਖਬਾਰਾਂ ਵਿਚ ਕਾਫੀ ਕੁਝ ਛਪ ਚੁੱਕਾ ਹੈ ਅਤੇ ਇਹ ਇਹ ਦੋਵੇਂ ਮਾਮਲੇ ਅਦਾਲਤ ਦੇ ਵਿਚਾਰ ਅਧੀਨ ਹਨ, ਤੋਂ ਇਲਾਵਾ ਕੋਈ ਤੀਜੀ ਗੱਲ ਸਦਨ ਵਿਚ ਪੇਸ਼ ਨਾ ਕਰ ਸਕੇ। ਨਾ ਹੀ ਉਹ ਕੋਈ ਨਵੀਂ ਮੰਗ ਖੜੀ ਕਰ ਸਕੇ । ਇਹਨਾਂ ਘਟਨਾਵਾਂ ਦੇ ਸਬੰਧ ਵਿਚ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਸ ਕਿਸੇ ਨੇ ਡਿਊਟੀ ਵਿਚ ਕੁਤਾਹੀ ਕੀਤੀ ਸੀ, ਉਸ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ। ਇਸ ਕਰਕੇ ਉਹ ਕੋਈ ਵੀ ਨਵੀਂ ਮੰਗ ਸਦਨ ਵਿਚ ਪੇਸ਼ ਨਾ ਕਰ ਸਕੇ। ਇਸ ਦੌਰਾਨ ਉਨ•ਾਂ ਨੇ ਇੱਡਾ ਵੱਡਾ ਹਊਆ ਖੜਾ ਕਰਨ ਦਾ ਯਤਨ ਕੀਤਾ ਕਿ ਪਤਾ ਨਹੀਂ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਕਿੱਡੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਜਦਕਿ ਅਸਲੀਅਤ ਇਹ ਹੈ ਕਿ ਪੰਜਾਬ ਵਿਚ ਅਮਨ-ਕਨੂੰਨ ਦੀ ਸਥਿਤੀ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਕਿਤੇ ਬੇਹਤਰ ਹੈ। ਅਸੀਂ ਕਿਸੇ ਇਕਾ ਦੁੱਕਾ ਘਟਨਾ ਨੂੰ ਲੈ ਕੇ ਇਹ ਨਹੀਂ ਕਹਿ ਸਕਦੇ ਵਿਚ ਰਾਜ ਵਿਚ ਅਮਨ-ਕਨੂੰਨ ਦੀ ਸਮੱਸਿਆ ਖੜੀ ਹੋ ਗਈ ਹੈ। ਕਿਸੇ ਵੀ ਥਾਂ ਅਮਨ-ਕਨੂੰਨ ਦੀ ਸਮੱਸਿਆ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਰਾਜ ਵਿਚ ਕੋਈ ਫਿਰਕੂ ਤਣਾਅ ਪੈਦਾ ਹੋ ਜਾਵੇ। ਉਸ ਦੀ ਚਿੰਤਾ ਕੀਤੀ ਜਾਂਦੀ ਹੈ ਕਿ ਇਹ ਮਸਲਾ ਕਿਤੇ ਹੋਰ ਅੱਗੇ ਨਾ ਵਧ ਜਾਵੇ। ਜੇਕਰ ਰਾਜ ਵਿਚ ਕੋਈ ਬਹੁਤ ਵੱਡਾ ਜਨਤਕ ਅੰਦੋਲਨ ਚੱਲ ਰਿਹਾ ਹੋਵੇ ਜਿਸ ਨਾਲ ਇਹ ਖਤਰਾ ਬਣ ਜਾਵੇ ਕਿ ਇਹ ਅੰਦੋਲਨ ਲੋਕਾਂ ਦੀ ਜਾਨ-ਮਾਲ ਲਈ ਖਤਰਾ ਹੋ ਸਕਦਾ ਹੈ , ਅਜਿਹੀ ਸਥਿਤੀ ਵਿਚ ਕਿਹਾ ਜਾਂਦਾ ਹੈ ਕਿ ਅਮਨ-ਕਨੂੰਨ ਦੀ ਸਮੱਸਿਆ ਹੈ। ਕਿਸੇ ਵੱਡੇ ਜਨ-ਅੰਦੋਲਨ ਦੀ ਸਮੱਸਿਆ ਸੂਬੇ ਵਿਚ ਚਲ ਰਹੀ ਹੋਵੇ ਅਤੇ ਇਸ ਤਰ•ਾਂ ਦੀਆਂ ਕੋਈ ਵਾਰਦਾਤਾਂ ਸਾਡੇ ਸਾਹਮਣੇ ਹੋਣ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗਣ ਤਾਂ ਉਸ ਨੂੰ ਅਮਨ-ਕਨੂੰਨ ਦੀ ਸਮੱਸਿਆ ਕਹਿ ਸਕਦੇ ਹਾਂ। ਕਿਸੇ ਢੰਗ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੋਵੇ ..ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਏ ਜਾਣ \'ਤੇ ਲੋਕ ਸੜਕਾਂ ਉਪਰ ਉਤਰ ਆਏ ਹੋਣ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਲਾਅ ਐਂਡ ਆਰਡਰ ਦੀ ਸਮੱਸਿਆ ਹੈ। ਪਰ ਪੰਜਾਬ ਵਿਚ ਤਾਂ ਅਜਿਹਾ ਕੁਝ ਵੀ ਨਹੀਂ। ਸਹੀ ਮਾਅਨਿਆਂ ਵਿਚ ਜਿੰਨੀ ਸ਼ਾਂਤੀ, ਜਿੰਨਾ ਆਪਸੀ ਪ੍ਰੇਮ ਤੇ ਪਿਆਰ ਵੱਖ-ਵੱਖ ਭਾਈਚਾਰਿਆਂ, ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਅੱਜ ਪੰਜਾਬ ਵਿਚ ਹੈ, ਇਸ ਦੀ ਉਦਾਹਰਨ ਦੇਸ਼ ਵਿਚ ਕਿਤੇ ਨਹੀਂ ਮਿਲਦੀ। ਪਰ ਵਿਰੋਧੀ ਧਿਰ ਵਾਰ-ਵਾਰ ਪੰਜਾਬ ਵਿਚ ਅਮਨ-ਕਨੂੰਨ ਦੀ ਸਥਿਤੀ ਦਾ ਮੁੱਦਾ ਉਠਾਉਣ ਅਤੇ ਬਣਾਉਣ ਦਾ ਯਤਨ ਕਰਦੀ ਆ ਰਹੀ ਹੈ ਤੇ ਵਧਾ ਚੜ•ਾਕੇ ਅਜਿਹਾ ਖਾਮ-ਖਿਆਲ ਲੋਕਾਂ ਦੇ ਦਿਮਾਗ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਸੁਰੱਖਿਅਤ ਨਹੀਂ ਹਨ। ਇਹ ਲੋਕ ਅਜਿਹੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਰੱਖਣਾ ਚਾਹੁੰਦੇ ਹਨ ਜਿਸ ਨਾਲ ਆਮ ਜਨਤਾ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਵੇ।
ਬਹੁਤ ਸਾਰੇ ਅਜਿਹੇ ਮਸਲੇ ਹਨ ਜਿਹਨਾਂ ਦਾ ਲੋਕਾਂ ਨਾਲ ਸਿੱਧਾ ਸਬੰਧ ਹੈ। ਜਿਹਨਾਂ ਉਪਰ ਵਿਚਾਰ ਦੀ ਲੋੜ ਹੈ। ਵਿਰੋਧੀ ਧਿਰ ਇਹਨਾਂ ਮਸਲਿਆਂ ਨੂੰ ਲੋਕਾਂ ਸਾਹਮਣੇ ਕਿਉਂ ਨਹੀਂ ਲਿਆਉਂਦੀ? ਕੇਂਦਰ ਸਰਕਾਰ ਵੱਲੋਂ ਪ੍ਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ( ਐਫ. ਡੀ. ਆਈ.) ਨੂੰ ਮਨਜ਼ੂਰੀ ਦੇ ਕੇ ਛੋਟੇ-ਛੋਟੇ ਕੰਮ ਧੰਦਿਆਂ ਨਾਲ ਜ਼ਿੰਦਗੀ ਬਸ਼ਰ ਕਰਨ ਵਾਲੇ ਕਰੋੜਾਂ ਲੋਕ ਜਿਹਨਾਂ ਵਿਚ ਛੋਟੇ ਦੁਕਾਨਦਾਰ, ਰੇਹੜੀਆਂ ਵਾਲੇ ਸ਼ਾਮਲ ਹਨ ਦੇ ਹੱਕਾਂ ਉਪਰ ਡਾਕਾ ਮਾਰਿਆ ਗਿਆ ਹੈ। ਅੱਜ ਸਾਰੇ ਦੇਸ਼ ਦੀ ਚਿੰਤਾ ਹੈ ਕਿ ਸਾਡਾ ਅਰਬਾਂ ਰੁਪਿਆ ਵਿਦੇਸ਼ੀ ਬੈਂਕਾਂ ਵਿਚ ਕਾਲੇ ਧਨ ਦੇ ਰੂਪ ਵਿਚ ਜਮ•ਾਂ ਹੈ। ਕੇਂਦਰ ਅਤੇ ਰਾਜਾਂ ਵਿਚਾਲੇ ਸ਼ਕਤੀਆਂ ਦੇ ਵਿਕੇਂਦਰੀਕਰਣ ਦਾ ਵੱਡਾ ਮਸਲਾ ਹੈ। ਕਾਂਗਰਸ ਸਾਸ਼ਤ ਪ੍ਰਦੇਸ਼ ਵੀ ਇਹ ਮੰਗ ਕਰ ਰਹੇ ਹਨ ਕਿ ਕੇਂਦਰ ਤੇ ਰਾਜਾਂ ਵਿਚਾਲੇ ਕਰਾਂ ਦੀ ਵੰਡ ਪ੍ਰਣਾਲੀ ਦਾ ਰਿਵਿਊ ਹੋਣਾ ਚਾਹੀਦਾ ਹੈ। ਇਹ ਮੁੱਦਾ ਚਰਚਾ ਦੀ ਮੰਗ ਕਰਦਾ ਹੈ।
ਪੰਜਾਬ ਖੇਤੀਬਾੜੀ ਆਧਾਰਿਤ ਸੂਬਾ ਹੈ। ਕੇਂਦਰ ਨੇ ਕਣਕ ਦਾ ਘੱਟੋ -ਘੱਟ ਸਮਰਥਨ ਮੁੱਲ ( ਐਮ ਐਸ ਪੀ) ਵਧਾਉਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਦੀ ਕਿਸਾਨੀ ਲਈ ਇਹ ਕਿੰਨਾ ਵੱਡਾ ਮਸਲਾ ਹੈ। ਪਿੱਛੇ ਜਿਹੇ ਸੋਕੇ ਕਾਰਨ ਪੰਜਾਬ ਦੀ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਇਆ। ਪੰਜਾਬ ਨੂੰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੇਂਦਰ ਵੱਲੋਂ ਸੋਕੇ ਦਾ ਪੈਕੇਜ ਨਹੀਂ ਦਿੱਤਾ ਗਿਆ। ਇਸ ਤੇ ਸਾਰਿਆਂ ਨੂੰ ਬਿਨਾਂ ਕਿਸੇ ਵਿਰੋਧ ਦੇ ਇਕਜੁੱਟ ਹੋਕੇ ਕੇਂਦਰ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਸੀ, ਪਰ ਨਹੀਂ।
ਇਕ ਹੋਰ ਸਾਂਝਾ ਵੱਡਾ ਮੁੱਦਾ ਹੈ। ਚੰਡੀਗੜ• ਪੰਜਾਬ ਦੀ ਰਾਜਧਾਨੀ ਹੈ। ਪਰ ਇਹ ਅੱਜ ਤੱਕ ਪੰਜਾਬ ਨੂੰ ਨਹੀਂ ਦਿੱਤੀ ਗਈ। ਸਾਰੇ ਸੂਬਿਆਂ ਦੀਆਂ ਆਪਣੀਆਂ ਰਾਜਧਾਨੀਆਂ ਹਨ ਪਰ ਪੰਜਾਬ ਨੂੰ ਅੱਜ ਤੱਕ ਉਸਦੀ ਆਪਣੀ ਰਾਜਧਾਨੀ ਤੋਂ ਮਹਿਰੂਮ ਰੱਖਿਆ ਹੋਇਆ ਹੈ। ਪੰਜਾਬੀ ਬੋਲਦੇ ਇਲਾਕੇ ਅੱਜ ਵੀ ਪੰਜਾਬ ਤੋਂ ਬਾਹਰ ਹਨ। ਦਰਿਆਈ ਪਾਣੀਆਂ ਦੇ ਮੁੱਦੇ ਉਪਰ ਵੀ ਪੰਜਾਬ ਨਾਲ ਬੇਇਨਸਾਫੀ ਜਾਰੀ ਹੈ। ਪੰਜਾਬ ਲਈ ਇਹ ਕਿੰਨੇ ਵੱਡੇ ਮਸਲੇ ਹਨ ਪਰ ਵਿਰੋਧੀ ਧਿਰ ਨੇ ਇਹ ਮਸਲੇ ਬਿਲਕੁਲ ਹੀ ਵਿਸਾਰ ਛੱਡੇ ਹਨ।
ਅੱਜ ਪੰਜਾਬ ਦੇ ਉਦਯੋਗ ਨੂੰ ਭਾਰੀ ਦਿੱਕਤਾਂ ਦਰਪੇਸ਼ ਹਨ। ਪੰਜਾਬ ਦੀਆਂ ਸਨਅਤਾਂ ਗਵਾਂਢੀ ਰਾਜਾਂ ਵੱਲ ਖਿਸਕ ਰਹੀਆਂ ਹਨ। ਕੇਂਦਰ ਨੇ ਪੰਜਾਬ ਦੇ ਗਵਾਂਢੀ ਰਾਜਾਂ ਨੂੰ ਕਈ ਤਰ•ਾਂ ਦੀਆਂ ਕਰ ਛੋਟਾਂ ਦੇ ਰੱਖੀਆਂ ਹਨ। ਪਰ ਪੰਜਾਬ ਜੋ ਕਿ ਸਰਹੱਦੀ ਰਾਜ ਹੈ ਨੂੰ ਇਹਨਾਂ ਕਰ ਛੋਟਾਂ ਤੋਂ ਵਿਰਵਾ ਰੱਖਿਆ ਗਿਆ ਹੈ। ਪੰਜਾਬ ਜਿਸਨੇ ਕਿ ਅੱਤਵਾਦ ਦੇ ਸਮੇਂ ਦੌਰਾਨ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਝੱਲਿਆ ਹੈ, ਨੂੰ ਪੈਰਾਂ ਸਿਰ ਖੜਾ ਕਰਨ ਲਈ ਕੇਂਦਰ ਵੱਲੋਂ ਵਿਸ਼ੇਸ਼ ਪੈਕੇਜ ਦੀ ਜ਼ਰੂਰਤ ਸੀ ਪਰ ਅਜਿਹਾ ਨਹੀਂ ਹੋਇਆ ਬਲਕਿ ਉਲਟਾ ਗਵਾਂਢੀ ਰਾਜਾਂ ਦੇ ਮੁਕਾਬਲੇ ਇਸ ਨਾਲ ਮਤਰੇਇਆ ਸਲੂਕ ਕਰਦਿਆਂ ਇਥੋਂ ਦੀ ਸਨਅਤ ਨੂੰ ਇਕ ਸਾਜ਼ਿਸ਼ ਤਹਿਤ ਸੱਟ ਮਾਰੀ ਜਾ ਰਹੀ ਹੈ। ਪੰਜਾਬ ਲਈ ਇਹ ਗੰਭੀਰ ਮੁੱਦੇ ਹਨ ਜਿਹਨਾਂ ਉਪਰ ਚਰਚਾ ਕਰਨ ਦੀ ਲੋੜ ਹੈ।
ਪੰਜਾਬ ਇਕ ਸਰਹੱਦੀ ਸੂਬਾ ਹੈ। ਜਦੋਂ ਪੰਜਾਬ ਦੇ ਲਾਅ ਐਂਡ ਆਰਡਰ ਬਾਰੇ ਅਸੀਂ ਕੋਈ ਗੱਲ ਕਰਨੀ ਹੈ ਤਾਂ ਉਦੋਂ ਸੋਚ ਕੇ ਗੱਲ ਕਰਨੀ ਚਾਹੀਦੀ ਹੈ। ਅਸੀਂ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਬਿਨਾਂ ਕਿਸੇ ਕਾਰਨ ਤੋਂ ਪੰਜਾਬ ਵਿਚ ਅਮਨ ਕਨੂੰਨ ਦੀ ਸਥਿਤੀ ਨੂੰ ਹਾਊਆ ਬਣਾਕੇ ਪੇਸ਼ ਕਰਨ ਲੱਗਿਆਂ ਇਕੱਲਾ ਪੰਜਾਬ ਦਾ ਨੁਕਸਾਨ ਨਹੀਂ ਕਰਦੇ ਬਲਕਿ ਅਸੀਂ ਦੇਸ਼ ਦੀ ਸਥਿਰਤਾ \'ਤੇ ਵੀ ਬਹੁਤ ਵੱਡੀ ਸੱਟ ਮਾਰਦੇ ਹਾਂ। ਇਸ ਗੱਲ ਤੋਂ ਬਹੁਤ ਸੁਚੇਤ ਰਹਿਣ ਲੋੜ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਅਮਨ-ਕਨੂੰਨ ਦੀ ਸਥਿਤੀ ਨੂੰ ਜਿਤਨੀਆਂ ਵੀ ਚੁਣੌਤੀਆਂ ਆਈਆਂ, ਉਹਨਾਂ ਦਾ ਸ ਸੁਖਬੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਵਜੋਂ ਬਾਖੂਬੀ ਸਾਹਮਣਾ ਕੀਤਾ। ਇਹਨਾਂ ਚੁਣੌਤੀਆਂ ਵਿਚ ਚਾਹੇ ਉਹ ਮਾਲਵੇ ਵਿਚ ਕਿਸੇ ਡੇਰੇ ਦੀ ਸਮੱਸਿਆ ਸੀ। ਚਾਹੇ ਦੁਆਬੇ ਦੇ ਵਿਚ ਇਕ ਹੋਰ ਡੇਰੇ ਦੀ ਸਮੱਸਿਆ ਸੀ। ਚਾਹੇ ਲੁਧਿਆਣਾ ਦੇ ਵਿਚ ਇਕ ਧਾਰਮਿਕ ਸਮਾਗਮ ਦੇ ਸਬੰਧ ਵਿਚ ਵੱਡਾ ਮਸਲਾ ਉਠ ਖੜਿ•ਆ ਹੋਇਆ। ਚਾਹੇ ਮਾਝੇ ਦੇ ਵਿਚ ਕਿਸੇ ਡੇਰੇ ਨਾਲ ਗੁਰਦੁਆਰਾ ਸਾਹਿਬ ਦੀ ਕੋਈ ਸਮੱਸਿਆ ਆਈ। ਇਹਨਾਂ ਚੁਣੌਤੀਆਂ ਨੂੰ ਪੰਜਾਬ ਸਰਕਾਰ ਨੇ ਬਹੁਤ ਹੀ ਜੁਗਤ ਅਤੇ ਸਿਆਣਪ ਨਾਲ ਹੱਲ ਕੀਤਾ। ਇਸ ਦੇ ਪਿੱਛੇ ਕਿਸੇ ਸ਼ਖਸੀਅਤ ਦਾ ਆਪਣਾ ਅਸਰ ਰਸੂਖ ਹੁੰਦਾ ਹੈ। ਪੰਜਾਬ ਦੇ ਅਮਨ-ਕਨੂੰਨ ਲਈ ਬਹੁਤ ਵੱਡੀਆਂ ਚੁਣੌਤੀਆਂ ਸਨ ਜਿਹਨਾਂ ਨੂੰ ਹੱਲ ਕਰਦਿਆਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਆਂਚ ਨਹੀਂ ਆਉਣ ਦਿੱਤੀ ਗਈ।
ਇਸਦੇ ਬਾਵਜੂਦ ਵਿਰੋਧੀ ਧਿਰ ਸਰਕਾਰ ਉਪਰ ਜਿੰਨੇ ਮਰਜ਼ੀ ਦੋਸ਼ ਲਗਾਈ ਜਾਵੇ। ਪਰ ਸੱਚਾਈ ਸਭ ਦੇ ਸਾਹਮਣੇ ਹੈ। ਲੋੜ ਹੈ ਵਿਰੋਧੀ ਧਿਰ ਇਸ ਸੱਚਾਈ ਦਾ ਸਾਹਮਣਾ ਕਰੇ। ਅਮਨ-ਕਨੂੰਨ ਦੇ ਮੁੱਦੇ ਉਪਰ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਮਹੱਤਪੂਰਣ ਲੋਕ ਮਸਲਿਆਂ ਪ੍ਰਤੀ ਉਸਾਰੂ ਪਹੁੰਚ ਅਪਣਾਈ ਜਾਵੇ।
-
ਡਾ. ਦਲਜੀਤ ਸਿੰਘ ਚੀਮਾ ਵਿਧਾਇĂ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.