2013 ਦਾ ਵਰ੍ਹਾ ਪੰਜਾਬੀ ਮਾਂ-ਬੋਲੀ ਲਈ ਬਹੁਤ ਹੀ ਚੰਗਾ ਲਗਦਾ ਹੈ। 2011 ਦੀ ਮਰਦਮ ਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਪੰਜਾਬੀ ਹੁਣ ਕੈਨੇਡਾ ਦੀ ਤੀਜੇ ਨੰਬਰ \'ਤੇ (ਅੰਗਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ) ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹਨਾਂ ਅੰਕੜਿਆਂ ਅਨੁਸਾਰ ਇਸ ਦੇਸ਼ ਵਿਚ ਪੰਜਾਬੀ ਬੁਲਾਰਿਆਂ ਦੀ ਗਿਣਤੀ 460,000 ਹੈ। 2006 ਵਿਚ ਪੰਜਾਬੀ ਛੇਵੇਂ ਨੰਬਰ ਤੇ ਸੀ। ਸੋ ਪਿਛਲੇ ਪੰਜ ਸਾਲਾਂ ਵਿਚ ਛੇਵੇਂ ਨੰਬਰ ਤੋਂ ਤੀਸਰੇ ਨੰਬਰ ਤੇ ਆਉਣਾ ਪੰਜਾਬੀ ਬੋਲੀ ਲਈ ਇਕ ਬਹੁਤ ਵੱਡੀ ਪਰਾਪਤੀ ਹੈ। ਇਹ ਸਮੁੱਚੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਪੰਜਾਬੀ ਭਾਈਚਾਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਵੇਲੇ ਬੀ. ਸੀ. ਦੇ ਕਾਫੀ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਬੜੇ ਜੋਰਾਂ ਨਾਲ ਚਲ ਰਹੀ ਹੈ। ਇਸ ਵਿਚ ਖਾਲਸਾ ਸਕੂਲਾਂ ਅਤੇ ਗੁਰੁ ਘਰਾਂ ਦਾ ਵੀ ਬਹੁਤ ਯੋਗਦਾਨ ਹੈ। ਇਸ ਸਿਲਸਲੇ ਵਿਚ ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀ) ਕਾਫੀ ਸਮੇਂ ਤੋਂ ਬੀ.ਸੀ. ਦੇ ਪਬਲਿਕ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਪੰਜਾਬੀ ਲਗਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਹਨਾਂ ਕੋਸ਼ਿਸ਼ਾਂ ਸਦਕਾ ਇਸ ਵੇਲੇ ਸਰ੍ਹੀ ਦੇ ਛੇ ਹਾਈ ਸਕੂਲਾਂ ਅਤੇ ਤਿੰਨ ਐੇਲੀਮੈਂਟਰੀ ਸਕੂਲਾਂ ਵਿਚ ੧੦੦੦ ਤੋਂ ਵੱਧ ਬੱਚੇ ਪੰਜਾਬੀ ਪੜ੍ਹ ਰਹੇ ਹਨ।ਇਸ ਤੋਂ ਬਿਨਾਂ ਵੈਨਕੂਵਰ, ਬਰਨਬੀ, ਨਿਊਵੈਸਟਮਿਨਸਟਰ, ਐਬਟਸਫੋਰਡ, ਯੂਨੀਵਰਟੀ ਆਫ ਬਰਿਟਿਸ਼ ਕੋਲੰਬੀਆ, ਯੂਨੀਵਰਸਿਟੀ ਆਫ ਦੀ ਫਰੇਜ਼ਰ ਵੈਲੀ ਅਤੇ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਵਿਖੇ ਵੀ ਪੰਜਾਬੀ ਦੀਆਂ ਕਲਾਸਾਂ ਚੱਲ ਰਹੀਆਂ ਹਨ।
ਇਸੇ ਹੀ ਤਰ੍ਹਾਂ ਐੇਬਟਸਡੋਰਡ ਦੇ ਦੋ ਐੇਲੀਮੈਂਟਰੀ, ਇਕ ਮਿਡਲ ਸਕੂਲ ਅਤੇ ਇਕ ਹਾਈ ਸਕੂਲ ਵਿਚ ੫੦੦ ਤੋਂ ਜ਼ਿਆਦਾ ਬੱਚੇ ਪੰਜਾਬੀ ਦੀਆਂ ਕਲਾਸਾਂ ਲੈ ਰਹੇ ਹਨ। ਇਸ ਦੇ ਨਾਲ ਵੈਨਕੂਵਰ, ਬਰਨਬੀ ਅਤੇ ਨਿਊਵੈਸਟਮਿਨਸਟਰ ਵਿਖੇ ਵੀ ਪੰਜਾਬੀ ਪੜ੍ਹਾਈ ਜਾ ਰਹੀ ਹੇ। ਇਕ ਅੰਦਾਜ਼ੇ ਅਨੁਸਾਰ ਬੀ.ਸੀ ਦੇ ਪਬਲਿਕ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ੪,੦੦੦ ਦੇ ਕਰੀਬ ਬੱਚੇ ਪੰਜਾਬੀ ਪੜ੍ਹ ਰਹੇ ਹਨ। ਇਸ ਤੋਂ ਬਿਨਾਂ ਖਾਲਸਾ ਸਕੂਲਾਂ, ਗੁਰਦਵਾਰਿਆਂ ਅਤੇ ਅਕੈਡਮੀਆਂ ਵਿਚ ੬,੦੦੦ ਕਰੀਬ ਵਿਦਿਆਰਥੀ ਪੰਜਾਬੀ ਨਾਲ ਜੁੜੇ ਹੋਏ ਹਨ। ਬੀ.ਸੀ ਤੋਂ ਬਿਨਾਂ ਕੈਨੇਡਾ ਦੇ ਹੋਰ ਵੀ ਵੱਖਰੇ ਵੱਖਰੇ ਸ਼ਹਿਰਾਂ ਕੈਲਿਗਰੀ, ਐਡਮੈਂਟਨ, ਵਿਨੀਪੈਗ, ਟਰਾਂਟੋ, ਬਰੈਂਪਟਨ, ਮਿਸੀਸਾਗਾ ਅਤੇ ਮੌਂਟਰੀਆਲ ਵਿਖੇ ਵੀ ਪੰਜਾਬੀ ਦੀਆਂ ਕਲਾਸਾਂ ਚੱਲ ਰਹੀਆਂ ਹਨ ਅਤੇ ਮਾਂ-ਬੋਲੀ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ।
ਪਲੀ ਵਲੋਂ ਮੈਂ ਆਪਣੇ ਸਮੁੱਚੇ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਆਉ ਸਿਰਫ ਬੀ. ਸੀ. ਵਿਚ ਹੀ ਨਹੀਂ ਸਗੋਂ ਸਾਰੇ ਕੈਨੇਡਾ ਵਿਚ ਆਪਣੀ ਮਾਂ-ਬੋਲੀ ਪੰਜਾਬੀ ਦੀ ਉੱਨਤੀ ਲਈ ਬਚਨਬੱਧ ਹੋਈਏ। ਜਿਥੇ ਵੀ ਹੋ ਸਕੇ - ਸਕੂਲਾਂ, ਕਾਲਜਾਂ, ਯੂਨੀਵਰਸਟੀਆਂ, ਗੁਰਦਵਾਰਿਆਂ ਅਤੇ ਕਮਿਉਨਿਟੀ ਵਿਚ - ਪੰਜਾਬੀ ਦੀ ਪਰਫੁਲਤਾ ਲਈ ਕੋਸ਼ਿਸ਼ਾਂ ਕਰੀਏ। ਏਸੇ ਹੀ ਤਰ੍ਹਾਂ ਸਿਟੀ ਹਾਲਾਂ, ਹਸਪਤਾਲਾਂ, ਕਰੈਡਿਟ ਯੂਨੀਅਨਾਂ, ਬੈਂਕਾਂ ਅਤੇ ਹੋਰ ਅਦਾਰਿਆਂ ਆਦਿ ਵਿਚ ਵੀ ਪੰਜਾਬੀ ਵਿਚ ਸੇਵਾਵਾਂ ਲੈਣ ਲਈ ਹਿੰਮਤ ਕਰੀਏ। ਜਿਵੇਂ ਵੈਨਕੂਵਰ ਏਅਰਪੋਰਟ ਉੱਪਰ ਪੰਜਾਬੀ ਵਿਚ ਸਾਈਨਾਂ ਹਨ ਇਸੇ ਹੀ ਤਰ੍ਹਾਂ ਕੈਨੇਡਾ ਦੇ ਹੋਰ ਮੁੱਖ ਸ਼ਹਿਰਾਂ ਕੈਲਗਰੀ, ਐਡਮੈਂਟਨ ਅਤੇ ਟਰਾਂਟੋ ਦੀਆਂ ਏਅਰਪੋਰਟਾਂ ਉੱਪਰ ਵੀ ਪੰਜਾਬੀ ਵਿਚ ਸਾਈਨਾਂ ਲਗਵਾਉਣ ਲਈ ਉਪਰਾਲੇ ਕਰੀਏ। ਨਾਲ ਹੀ ਭਾਰਤ ਨੂੰ ਕੈਨੇਡਾ ਜਾਣ ਵਾਲੀਆਂ ਏਅਰਲਾਈਨਾਂ ਨੂੰ ਪੰਜਾਬੀ ਵਿਚ ਸੇਵਾਵਾਂ ਦੇਣ ਲਈ ਕਹੀਏ। ਹਵਾਈ ਜਹਾਜ਼ਾਂ ਵਿਚ ਪੰਜਾਬੀ ਬੋਲਣ ਵਾਲਾ ਕੈਵਿਨ-ਕਰੂ, ਪੰਜਾਬੀ ਅਖਵਾਰ, ਪੰਜਾਬੀ ਵਿਚ ਮੈਗਜ਼ੀਨ, ਮੂਵੀਆਂ ਅਦਿ ਲਈ ਜ਼ੋਰ ਪਾਈਏ। ਇਹ ਸਹੂਲਤਾਂ ਮੁਸਾਫਰਾਂ ਅਤੇ ਏਅਰਲਾਈਨਾਂ ਦੋਹਾਂ ਲਈ ਲਾਭਦਾਇਕ ਹੋਣਗੀਆਂ।
ਪੰਜਾਬੀ ਪਰੇਮੀਆਂ ਲਈ ਇਹ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਦੁਨੀਆਂ ਵਿਚ ੬,੯੦੦ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿੱਚੋਂ ਪੰਜਾਬੀ ਸਿਖਰੋਂ ਦਸਵੇਂ ਨੰਬਰ \'ਤੇ ਹੈ। ਸੰਸਾਰ ਵਿਚ ੧੬੦ ਦੇਸ਼ਾਂ ਵਿਚ ਵਸਦੇ ੧੫ ਕਰੋੜ ਪੰਜਾਬੀ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੁੜੇ ਹੋਏ ਹਨ।ਹੁਣ ਤਾਂ ਦੁਨੀਆਂ ਦੇ ਹਰ ਕੋਨੇ ਵਿਚ ਮਿਨੀ ਪੰਜਾਬ ਬਣੇ ਹੋਏ ਹਨ।
ਕੈਨੇਡਾ ਵਿਚ ਮੈਟਰੋ ਵੈਨਕੂਵਰ, ਕੈਲਗਰੀ, ਐਡਮੈਂਟਨ ਅਤੇ ਗਰੇਟਰ ਟਰਾਂਟੋ ਏਰੀਏ ਵਿਚ ਪੰਜਾਬੀਆਂ ਦੀ ਸੰਘਣੀ ਵਸੋਂ ਹੈ। ਇਸ ਕਰਕੇ ਇਹਨਾਂ ਥਾਵਾਂ \'ਤੇ ਪੰਜਾਬੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬੀ ਬੋਲਣ ਵਾਲੇ ਕਰਮਚਾਰੀਆਂ ਦੀ ਵੀ ਬਹੁਤ ਲੋੜ ਹੈ। ਖਾਸ ਕਰ ਵਪਾਰੀ ਵਰਗ, ਪੁਲੀਸ, ਹਸਪਤਾਲਾਂ, ਬੈਂਕਾਂ, ਕਰੈਡਿਟ ਯੂਨੀਅਨਾਂ ਅਤੇ ਸਰਕਾਰੀ ਅਦਾਰਿਆਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਬਹੁਤ ਲੋੜ ਹੈ। ਵੈਸੇ ਵੀ ਇਕ ਭਾਸ਼ਾ ਤੋਂ ਜ਼ਿਆਦਾ ਭਾਸ਼ਾਵਾਂ ਜਾਨਣਾ ਬਹੁਤ ਹੀ ਲਾਭਦਾਇਕ ਹੈ। ਆਰਥਿਕ ਪੱਖੋਂ ਵੀ ਇਸ ਦੇ ਬਹੁਤ ਫਾਇਦੇ ਹਨ। ਪੰਜਾਬੀ ਨਾਲ ਜੁੜੇ ਬੱਚਿਆਂ ਲਈ ਆਪਣੇ ਬਜ਼ੂਰਗਾਂ ਅਤੇ ਰਿਸ਼ਤੇਦਾਰਾਂ ਨਾਲ ਪੰਜਾਬੀ ਵਿਚ ਗੱਲ ਕਰਨਾ ਵੀ ਅਸਾਨ ਹੋ ਜਾਂਦਾ ਹੈ। ਅੰਤਰਰਾਸ਼ਟਰੀ ਪੱਧਰ ਤੇ ਵੀ ਪੰਜਾਬੀ ਸਿੱਖਣ ਦੇ ਬਹੁਤ ਫਾਇਦੇ ਹਨ। ਕੈਨੇਡਾ ਅਤੇ ਭਾਰਤ ਵਿਚ ਵਪਾਰ ਹੁਣ ਕਾਫੀ ਵੱਧ ਰਿਹਾ ਹੈ। ਇਸ ਸਿਲਸਲੇ ਵਿਚ ਪੰਜਾਬੀ ਭਾਸ਼ਾ ਦੀ ਜਾਣਕਾਰੀ ਬਹੁਤ ਲਾਭਦਾਇਕ ਹੈ।
ਪੰਜਾਬੀ ਇਕ ਬਹੁਤ ਹੀ ਖੂਬਸੂਰਤ ਭਾਸ਼ਾ ਹੈ। ਇਸ ਨੂੰ ਸਿੱਖਣਾ ਵੀ ਬਹੁਤ ਆਸਾਨ ਹੈ। ਪੰਜਾਬੀ ਭਾਸ਼ਾ ਦੀ ਜਾਣਕਾਰੀ ਅਨੇਕਾਂ ਦਰਵਾਜੇ ਖੋਲ੍ਹ ਦਿੰਦੀ ਹੈ। ਆਰਥਕ, ਸਮਾਜਿਕ, ਧਾਰਮਿਕ ਅਤੇ ਰੂਹਾਨੀ ਪੱਖੋਂ ਇਹ ਭਾਸ਼ਾ ਇਕ ਕੀਮਤੀ ਖਜਾਨੇ ਦੀ ਕੁੰਜੀ ਹੈ। ਆਪਣੇ ਵਿਰਸੇ ਨਾਲ ਜੁੜਨ ਦਾ ਇਸ ਤੋਂ ਕੋਈ ਹੋਰ ਚੰਗਾ ਰਸਤਾ ਨਹੀਂ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਨੂੰ ਮਾਣਤਾ ਮਿਲਣ ਨਾਲ ਇਸ ਦਾ ਮਾਣ ਅਤੇ ਮਹੱਤਤਾ ਹੋਰ ਵੀ ਵਧ ਗਈ ਹੈ। ਹੁਣ ਸਾਡੇ ਬੱਚਿਆਂ ਲਈ ਪੰਜਾਬੀ ਭਾਸ਼ਾ ਨਾਲ ਜੁੜਨ ਦਾ ਇਕ ਸੁਨੈਹਰੀ ਮੌਕਾ ਹੈ।
ਪਿਛਲੇ ਕਾਫੀ ਸਮੇਂ ਤੋਂ ਪਲੀ ਪੰਜਾਬੀ ਲਈ ਕਾਫੀ ਕੋਸ਼ਿਸ਼ਾਂ ਕਰ ਰਹੀ ਹੈ। ਇਸ ਸਿਲਸਲੇ ਵਿਚ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਪਲੀ ਅੰਤਰਰਾਸ਼ਟਰੀ ਮਾਂ-ਬੋਲੀ ਦਾ ਦਿਨ ਮਨਾ ਰਹੀ ਹੈ। ਇਸ ਸਾਲ ਵੀ ਦਸਵਾਂ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਬੜੀ ਧੁਮ ਧਾਮ ਨਾਲ ੨੩ ਫਰਵਰੀ ਨੂੰ ਨੌਰਥ ਡੈਲਟਾ ਰੀਕ੍ਰੀਏਸ਼ਨ ਸੈਂਟਰ, ੧੧੪੧੫-੮੪ ਐਵੀਨਿਊ, ਡੈਲਟਾ ਵਿਖੇ ੧:੩੦ ਤੋਂ ੪:੩੦ ਤੱਕ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਫੰਕਸ਼ਨ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। ਪੰਜਾਬੀ ਭਾਈਚਾਰੇ ਵਿਚੋਂ ਵਿਦਵਾਨ ਪੰਜਾਬੀ ਬੋਲੀ ਅਤੇ ਇਸ ਦੇ ਕੈਨੇਡਾ ਵਿਚਲੇ ਇਤਿਹਾਸ ਬਾਰੇ ਅਤੇ ਪੰਜਾਬੀ ਦੀ ਪੜ੍ਹਾਈ ਨੂੰ ਪਬਲਿਕ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਚਾਲੂ ਕਰਾਉਣ ਲਈ ਚੱਲ ਰਹੀਆਂ ਕੋਸ਼ਿਸ਼ਾਂ ਵਾਰੇ ਵਿਚਾਰ ਸਾਂਝੇ ਕਰਨਗੇ। ਸ੍ਰੋਤਿਆਂ ਨੂੰ ਵੀ ਵਿਚਾਰ ਵਟਾਂਦਰੇ ਵਿਚ ਹਿੱਸਾ ਲੈਣ ਦਾ ਮੌਕਾ ਦਿਤਾ ਜਾਵੇਗਾ। ਪੰਜਾਬੀ ਸਿੱਖ ਰਹੇ ਨੌਜਵਾਨਾਂ ਵਲੋਂ ਪੰਜਾਬੀ ਵਿਚ ਕਵਿਤਾਵਾਂ ਗੀਤ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ ।
ਪਲੀ ਵਲੋਂ ਮੈਂ ਸਾਰੀ ਕਮਿਊਨਿਟੀ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹਾਂ।ਧੰਨਵਾਦ।
-
ਬਲਵੰਤ ਸਿੰਘ ਸੰਘੇੜਾ ਪਰਧਾਨ, Ą,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.