ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਲੈ ਕੇ ਦਿੱਲੀ ਵਿੱਚ ਜੋ ਸ਼ੋਰ-ਸ਼ਰਾਬਾ ਮਚਿਆ ਚਲਿਆ ਆ ਰਿਹਾ ਹੈ, ਉਹ ਇਸ ਐਤਵਾਰ ਨੂੰ ਮਤਦਾਨ ਹੋਣ ਦੀ ਪ੍ਰਕ੍ਰਿਆ ਖਤਮ ਹੋ ਜਾਣ ਦੇ ਨਾਲ ਹੀ ਖਤਮ ਹੋ ਜਾਇਗਾ| ਇਸਤੋਂ ਬਾਅਦ ਬੁਧਵਾਰ ਤਕ ਨਤੀਜਿਆਂ ਦੀ ਇੰਤਜ਼ਾਰ ਕਰਨੀ ਹੋਵੇਗੀ| ਇਨ੍ਹਾਂ ਚੋਣਾਂ ਵਿੱਚ, ਜਿਵੇਂ ਕਿ ਪਹਿਲਾਂ ਵੀ ਇਨ੍ਹਾਂ ਕਾਲਮਾਂ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਵਿਚਕਾਰ ਹੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ)-ਦਸ਼ਮੇਸ਼ ਸੇਵਾ ਸੋਸਾਇਟੀ ਦਾ ਗਠਜੋੜ ਅਤੇ ਕੇਂਦਰੀ ਸਿੰਘ ਸਭਾ ਦੇ ਉਮੀਦਵਾਰਾਂ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰ ਵੀ ਆਪੋ-ਆਪਣੀ ਕਿਸਮਤ ਅਜ਼ਮਾਣ ਲਈ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ|
ਮੁਕਾਬਲਾ : ਇਸ ਸਮੇਂ ਲਗਭਗ ਸਾਰੀਆਂ ਹੀ ਸੀਟਾਂ \'ਤੇ ਦਿਲਚਸਪ ਮੁਕਾਬਲਾ ਹੋਣ ਦੀ ਸਥਿਤੀ ਬਣੀ ਵਿਖਾਈ ਦੇ ਰਹੀ ਹੈ| ਦੋਹਾਂ ਪ੍ਰਮੁਖ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਮੁੱਖੀਆਂ ਵਲੋਂ ਆਪੋ-ਆਪਣੀ ਰਿਕਾਰਡ ਜਿੱਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਅਕਾਲੀ ਰਾਜਨੀਤੀ ਦੇ ਮਾਹਿਰਾਂ ਅਨੁਸਾਰ ਜਿਸਤਰ੍ਹਾਂ ਦੋਹਾਂ ਦਲਾਂ ਵਿਚਕਾਰ ਫਸਵਾਂ ਮੁਕਾਬਲਾ ਹੋਣ ਦੇ ਹਾਲਾਤ ਬਣੇ ਵਿਖਾਈ ਦੇ ਰਹੇ ਹਨ, ਉਨ੍ਹਾਂ ਦੇ ਮੱਦੇ-ਨਜ਼ਰ ਅਜੇ ਇਨ੍ਹਾਂ ਗੁਰਦੁਆਰਾ ਚੋਣਾਂ ਦੇ ਨਤੀਜਿਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਭਵਿਖਬਾਣੀ ਕਰਨਾ ਮੁਨਾਸਿਬ ਨਹੀਂ ਹੋਵੇਗਾ| ਉਧਰ ਦੇਸ਼-ਵਿਦੇਸ਼ ਦੇ ਸਿੱਖਾਂ ਅਤੇ ਅਕਾਲੀ ਰਾਜਨੀਤੀ ਵਿੱਚ ਦਿਲਚਸਪੀ ਰਖਣ ਵਾਲੇ ਰਾਜਨੀਤਕਾਂ ਦੀਆਂ ਨਜ਼ਰਾਂ ਪੰਜਾਬੀ ਬਾਗ ਦੇ ਉਸ ਹਲਕੇ ਵਲ ਲਗੀਆਂ ਹੋਈਆਂ ਹਨ, ਜਿਥੋਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਆਪਣੀ ਸੀਟ ਦੇ ਨਾਲ ਹੀ ਆਪਣੀ ਸਾਖ ਬਚਾਣ ਲਈ ਮੈਦਾਨ ਵਿੱਚ ਹਨ ਅਤੇ ਉਨ੍ਹਾਂ ਦੇ ਚੋਣ-ਪ੍ਰਚਾਰ ਦੀ ਜ਼ਿਮੇਂਦਾਰੀ ਉਨ੍ਹਾਂ ਦੇ ਭਰਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਗ ਸਰਨਾ ਨੇ ਸੰਭਾਲੀ ਹੋਈ ਹੈ, ਅਤੇ ਦੂਜੇ ਪਾਸੇ ਉਨ੍ਹਾਂ ਵਿਰੁਧ ਭਾਵੇਂ ਪ੍ਰੱਤਖ ਰੂਪ ਵਿੱਚ ਦਿੱਲੀ ਪ੍ਰਦੇਸ਼ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਮੈਦਾਨ ਵਿੱਚ ਹਨ, ਪ੍ਰੰਤੂ ਅਸਲ ਵਿੱਚ ਸ. ਪਰਮਜੀਤ ਸਿੰਘ ਸਰਨਾ ਵਿਰੁਧ ਸ. ਮਨਜਿੰਦਰ ਸਿੰਘ ਸਿਰਸਾ ਵਲੋਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਜੋ ਤਰਤੀਬਵਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਵੀ ਹਨ, ਨੇ \'ਪਰਮਜੀਤ ਸਿੰਘ ਸਰਨਾ ਦਾ ਕਿਲ੍ਹਾ ਫਤਹਿ ਕਰ ਲਿਆ, ਤਾਂ ਮੰਨੋਂ ਦਿੱਲੀ ਫਤਹਿ ਕਰ ਲਈ\', ਦੇ ਦਾਅਵੇ ਨਾਲ, ਸ਼੍ਰੋਮਣੀ ਅਕਾਲੀ ਦਲ (ਬਾਦਲ), ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੀ ਮਜੀਠੀਆ-ਬ੍ਰਿਗੇਡ ਦੇ ਪੂਰੇ ਦਲ-ਬਲ ਨਾਲ ਸ. ਪਰਮਜੀਤ ਸਿੰਘ ਸਰਨਾ ਵਿਰੁਧ ਮੋਰਚਾ ਸੰਭਾਲੀ ਬੈਠੇ ਹਨ|
ਇਸ ਚਹੁੰਮੁਖੀ ਹਮਲੇ ਤੋਂ ਸ. ਪਰਮਜੀਤ ਸਿੰਘ ਸਰਨਾ ਕਿਥੋਂ ਤਕ ਬਚ ਪਾਂਦੇ ਹਨ, ਇਸਦਾ ਫੈਸਲਾ ਤਾਂ ਸਮਾਂ ਹੀ ਕਰੇਗਾ, ਪ੍ਰੰਤੂ ਇੱਕ ਗਲ, ਜੋ ਇਹ ਮੰਨ ਕੇ ਕਿ \'ਸਰਨਾ ਫਤਹਿ ਕਰ ਲਿਆ ਮੰਨੋ ਦਿੱਲੀ ਫਤਹਿ ਕਰ ਲਈ\', ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੇ ਸ. ਪਰਮਜੀਤ ਸਿੰਘ ਸਰਨਾ ਵਿਰੁਧ ਇਤਨੀ ਭਾਰੀ ਤਾਕਤ ਝੋਂਕ ਦਿੱਤੀ ਹੋਈ ਹੈ, ਉਸ ਨਾਲ ਜਾਣੇ-ਅਨਜਾਣੇ ਸਿੱਖਾਂ ਵਿੱਚ ਹੀ ਨਹੀਂ, ਸਗੋਂ ਸੰਸਾਰ ਭਰ ਦੇ ਉਨ੍ਹਾਂ ਲੋਕਾਂ ਤਕ ਵੀ, ਜੋ ਸਿੱਖ ਰਾਜਨੀਤੀ ਵਿੱਚ ਥੋੜਾ-ਬਹੁਤ ਮੂੰਹ ਮਾਰਦੇ ਰਹਿੰਦੇ ਹਨ, ਇਹ ਸੰਦੇਸ਼ ਚਲਾ ਗਿਆ ਹੈ ਕਿ ਅਕਾਲੀ ਰਾਜਨੀਤੀ ਦੇ ਘਾਘ ਮੰਨੇ ਜਾਂਦੇ ਨੇਤਾ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਫਤਹਿ ਦਾ ਸੇਹਰਾ ਸਿਰ ਤੇ ਬੰਨ੍ਹਣ ਵਾਲੇ ਸ. ਸੁਖਬੀਰ ਸਿੰਘ ਬਾਦਲ ਨੇ ਆਪ ਸਵੀਕਾਰ ਕਰ ਲਿਆ ਹੈ ਕਿ. ਸ. ਪਰਮਜੀਤ ਸਿੰਘ ਸਰਨਾ ਪੰਜਾਬੋਂ ਬਾਹਰ ਦੀ ਸਿੱਖ ਰਾਜਨੀਤੀ ਵਿੱਚ ਇੱਕ ਅਜਿਹੀ ਮਜ਼ਬੂਤ ਸ਼ਕਤੀ ਵਜੋਂ ਸਥਾਪਤ ਹੋ ਚੁਕੇ ਹਨ ਕਿ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਚੁਨੌਤੀ ਦੇ ਪਾਣਾ, ਉਨ੍ਹਾਂ (ਸੀਨੀਅਰ ਜਾਂ ਜੂਨੀਅਰ ਬਾਦਲ) ਦੇ ਇਕਲਿਆਂ ਦੇ ਵਸ ਦਾ ਰੋਗ ਨਹੀਂ ਰਹਿ ਗਿਆ ਹੋਇਆ, ਜਿਸ ਕਾਰਣ ਉਹ, ਦੋਵੇਂ ਮਿਲ ਕੇ ਉਨ੍ਹਾਂ (ਸ. ਸਰਨਾ) ਦਾ ਕਿਲ੍ਹਾ ਫਤਹਿ ਕਰਨ ਲਈ ਆਪਣੀ ਚਹੁੰਮੁਖੀ (ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਯੁਵਾ (ਬ੍ਰਿਗੇਡ) ਤਾਕਤ ਨਾਲ ਲੈ ਕੇ ਦਿੱਲੀ ਪਹੁੰਚ ਉਨ੍ਹਾਂ ਪੁਰ ਹਮਲਾਵਰ ਹੋਏ ਹਨ|
ਅਕਾਲੀ ਰਾਜਨੀਤੀ ਦੇ ਮਾਹਿਰਾਂ ਅਨੁਸਾਰ ਇਸ ਹਮਲੇ ਤੋਂ ਸ. ਸਰਨਾ ਬਚ ਪਾਂਦੇ ਹਨ ਜਾਂ ਨਹੀਂ, ਇਹ ਇੱਕ ਵਖਰੀ ਗਲ ਹੈ, ਪ੍ਰੰਤੂ ਇਸ ਹਮਲੇ ਦੇ ਚਲਦਿਆਂ ਇਹ ਤਾਂ ਮੰਨਣਾ ਹੀ ਪਵੇਗਾ ਕਿ ਉਨ੍ਹਾਂ ਕਦ ਪਹਿਲਾਂ ਨਾਲੋਂ ਕਿਧਰੇ ਬਹੁਤ ਹੀ ਉਚਾ ਹੋ ਗਿਆ ਹੈ| ਇਹ ਮਾਹਿਰ ਇਹ ਵੀ ਮੰਨਦੇ ਹਨ ਕਿ ਸ. ਪਰਮਜੀਤ ਸਿੰਘ ਸਰਨਾ ਪਾਸੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਹਣ ਲਈ, ਜੋ ਚਹੁੰਮੁਖੀ ਸ਼ਕਤੀ ਅਧਾਰਤ ਰਣਨੀਤੀ ਅਪਨਾਈ ਗਈ ਹੈ, ਉਹ ਕਿਸੇ ਵੀ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਦੀ \'ਰਾਜਨੈਤਿਕ ਰਣਨੀਤਕ ਸੋਚ\' ਦੀ ਉਪਜ ਨਹੀਂ ਹੋ ਸਕਦੀ| ਇਸਦਾ ਕਾਰਣ ਉਹ ਇਹ ਦਸਦੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਰਾਜਨੀਤੀ ਦੇ ਇਤਨੇ ਮਾਹਿਰ ਖਿਲਾੜੀ ਹਨ ਕਿ ਉਹ ਇੱਕ ਤਾਂ ਆਪਣੇ ਦੁਸ਼ਮਣ ਨੂੰ ਉਥੇ ਮਾਰਦੇ ਹਨ, ਜਿਥੇ ਉਹ ਪਾਣੀ ਵੀ ਨਾ ਮੰਗ ਸਕੇ \'ਤੇ ਦੂਜਾ ਉਹ ਇਸ ਗਲ ਦਾ ਵੀ ਖਿਆਲ ਰਖਦੇ ਹਨ ਕਿ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਇਹ ਸੰਕੇਤ ਨਾ ਜਾ ਸਕੇ ਕਿ ਉਨ੍ਹਾਂ ਨੇ ਆਪਣੇ \'ਫਲਾਂ\' ਦੁਸ਼ਮਣ ਨੂੰ ਇਸ ਲਈ ਧੋਬੀ-ਪਟਕਾ ਮਾਰਿਆ ਹੈ, ਕਿਉਂਕਿ ਉਹ ਉਨ੍ਹਾਂ ਪੁਰ ਇਤਨਾ ਹਾਵੀ ਹੁੰਦਾ ਜਾ ਰਿਹਾ ਸੀ, ਕਿ ਉਹ ਉਸ ਤੋਂ ਭੈ-ਭੀਤ ਰਹਿਣ ਲਗੇ ਸਨ|
ਇਸ ਬਦਲੀ ਅਕਾਲੀ ਰਾਜਨੀਤਕ ਰਣਨੀਤੀ ਪੁਰ ਤਿੱਖੀ ਨਜ਼ਰ ਰਖਣ ਵਾਲੇ ਰਾਜਧਾਨੀ (ਦਿੱਲੀ) ਦੇ ਰਾਜਸੀ ਮਾਹਿਰਾਂ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਬਦਲਣ ਦੇ ਨਾਲ ਹੀ ਦਲ ਦੀ ਵਿਰੋਧੀਆਂ ਨਾਲ ਨਿਪਟਣ ਦੀ ਨੀਤੀ ਵੀ ਬਦਲ ਗਈ ਹੈ? ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸਨ, ਤਾਂ ਉਹ ਮਿੱਠੀ ਗੋਲੀ ਦੇ ਕੇ ਹੀ ਵਿਰੋਧੀਆਂ ਦੀ ਫੂਕ ਕਢ ਦਿਤਾ ਕਰਦੇ ਸਨ| ਇਸੇ ਨੀਤੀ ਦੇ ਚਲਦਿਆਂ ਸੱਪ ਵੀ ਮਰ ਜਾਂਦਾ ਅਤੇ ਸ. ਬਾਦਲ ਦੀ ਲਾਠੀ ਵੀ ਬਚ ਜਾਂਦੀ ਰਹੀ ਸੀ| ਉਨ੍ਹਾਂ ਦਸਿਆ ਕਿ ਜ. ਗੁਰਚਰਨ ਸਿੰਘ ਟੋਹੜਾ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ|
ਉਨ੍ਹਾਂ ਦਸਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਜ. ਗੁਰਚਰਨ ਸਿੰਘ ਟੋਹੜਾ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚੋਂ ਕਢਣ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਬੇਇਜ਼ਤ ਕਰ ਕੇ ਲਾਹਿਆ, ਫਿਰ ਜਦੋਂ ਲੋੜ ਪਈ ਸ. ਬਾਦਲ ਨੇ ਉਨ੍ਹਾਂ ਦੇ ਘਰ ਜਾ ਉਨ੍ਹਾਂ ਨਾਲ ਜਫ਼ੀ ਪਾ ਲਈ| ਫਿਰ ਆਹਿਸਤਾ-ਆਹਿਸਤਾ ਉਨ੍ਹਾਂ ਪ੍ਰਤੀ ਵਫਾਦਾਰੀ ਦਾ ਦੰਮ ਭਰਨ ਵਾਲੇ ਉਨ੍ਹਾਂ ਦੇ ਸਾਥੀ ਇਕ-ਇਕ ਕਰ ਸ. ਬਾਦਲ ਵਲੋਂ ਫੈਲਾਏ ਭਰਮ-ਜਾਲ ਵਿੱਚ ਅਜਿਹੇ ਫਸਦੇ ਚਲੇ ਗਏ, ਕਿ ਉਨ੍ਹਾਂ ਨੂੰ ਇਸ ਗਲ ਦਾ ਅਹਿਸਾਸ ਤਕ ਨਹੀਂ ਹੋਇਆ ਕਿ ਸ. ਬਾਦਲ ਵਲੋਂ ਉਨ੍ਹਾਂ ਨੂੰ ਕਿਵੇਂ ਜ. ਟੋਹੜਾ ਨਾਲੋਂ ਅਲਗ-ਥਲਗ ਕਰਕੇ, ਕਿਨਾਰੇ ਕੀਤਾ ਜਾਂਦਾ ਚਲਿਆ ਜਾ ਰਿਹਾ ਹੈ| ਨਤੀਜਾ ਸਾਹਮਣੇ ਹੈ, ਕਿ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਇਦ ਹੀ ਕੋਈ ਅਜਿਹਾ ਮੁੱਖੀ ਜਾਂ ਵਰਕਰ ਰਹਿ ਗਿਆ ਹੋਵੇ, ਜੋ ਜ. ਟੋਹੜਾ ਦੇ ਨਾਂ ਨਾਲ ਆਪਣੀ ਸੁਤੰਤਰ ਹੋਂਦ ਬਣਾਈ ਰਖਣ ਦਾ ਦਾਅਵਾ ਕਰ ਸਕਦਾ ਹੋਵੇ| ਵਿਰੋਧੀਆਂ ਨੂੰ ਮਾਰਨ ਦੀ ਸ. ਬਾਦਲ ਦੀ ਇਹ ਨੀਤੀ ਸਦਾ ਹੀ ਕਾਰਗਰ ਸਾਬਤ ਹੁੰਦੀ ਰਹੀ ਸੀ|
...ਅਤੇ ਅੰਤ ਵਿੱਚ : ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇੱਕੋ-ਇੱਕ ਉਮੀਦਵਾਰ, ਸ. ਸੰਸਾਰ ਸਿੰਘ, ਜੋ ਹਰੀ ਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਜਨਰਲ ਸਕੱਤਰ ਜ. ਅਵਤਾਰ ਸਿੰਘ ਹਿਤ ਨੂੰ ਚੁਨੌਤੀ ਦੇ ਰਹੇ ਹਨ, ਨੇ ਆਪਣੇ ਚੋਣ ਹਲਕੇ ਦੇ ਮਤਦਾਤਾਵਾਂ ਦੇ ਨਾਂ ਜਾਰੀ ਅਪੀਲ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰਾਂ ਦੇ ਹਕ ਵਿੱਚ ਮਤਦਾਨ ਕਰਨਾ ਸਿੱਖਾਂ ਅਤੇ ਸਿੱਖੀ ਦੇ ਦੁਸ਼ਮਣਾਂ ਦੇ ਹੱਥ ਮਜ਼ਬੂਤ ਕਰਨਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੇ ਆਪਣੀ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਲਈ ਸਿੱਖੀ-ਵਿਰੋਧੀਆਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੋਇਆ ਹੈ|
--ਜਸਵੰਤ ਸਿੰਘ \'ਅਜੀਤ\'
-
--ਜਸਵੰਤ ਸਿੰਘ \\\'ਅਜੀਤ\\\', jaswantsinghajit@gmail.com,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.