ਖਾਪ ਪੰਚਾਇਤਾਂ ਭਾਵੇਂ ਆਪਣੀ ਪੁਰਾਣੀ ਸੋਚ ਨੂੰ ਬਦਲਣ ਲਈ ਤਿਆਰ ਨਾ ਹੋਣ ਪਰ ਉਸੇ ਹਰਿਆਣਾ ਵਿਚ ਸਮਾਜ ਦਾ ਇਕ ਦੂਜਾ ਚਿਹਰਾ ਵੀ ਮੌਜੂਦ ਹੈ ਜੋ ਖਾਪ ਨੂੰ ਸ਼ੀਸ਼ਾ ਦਿਖਾਉਂਦਾ ਹੈ। ਜੰਜੀਰਾਂ ਨਾਲ ਬੱਝੀ ਖਾਪ ਪਰੰਪਰਾ ਮੁਤਾਬਕ ਇਕ ਹੀ ਗੋਤਰ, ਇਕ ਹੀ ਪਿੰਡ, ਗੁਆਂਢ ਦੇ ਪਿੰਡ ਅਤੇ ਇਥੋਂ ਤਕ ਕਿ ਮਾਂ ਦੇ ਪੇਕਿਆਂ ਵਿਚ ਵੀ ਵਿਆਹ ਨਹੀਂ ਹੋ ਸਕਦਾ। ਪਰ ਹਿਸਾਰ ਜ਼ਿਲ੍ਹੇ ਤੋਂ ਅੱਗੇ ਨਿਕਲਦੇ ਹੀ ਖਾਪ ਦੀਆਂ ਜੰਜੀਰਾਂ ਟੁੱਟ ਜਾਂਦੀਆਂ ਹਨ। ਸਿਰਸਾ ਜ਼ਿਲ੍ਹੇ ਵਿਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਜੱਦੀ ਪਿੰਡ ਚੌਟਾਲਾ ਆਪਸ ਵਿਚ ਵਿਆਹ ਕਰਨ ਦੀ ਅਨੋਖੀ ਮਿਸਾਲ ਹੈ। ਇਥੇ ਤਕਰੀਬਨ 300 ਅਜਿਹੇ ਜੋੜੇ ਹਨ ਜਿਨ੍ਹਾਂ ਦਾ ਵਿਆਹ ਪਿੰਡ ਵਿਚ ਹੀ ਹੋਇਆ ਹੈ ਅਤੇ ਲੋਕਾਂ ਨੇ ਨਾ ਸਿਰਫ਼ ਵਿਆਹ ਨੂੰ ਕਬੂਲਿਆ ਬਲਕਿ ਨਵੇਂ ਜੋੜਿਆਂ ਦੇ ਨਾਲ-ਨਾਲ ਚਾਰ-ਛੇ ਦਹਾਕੇ ਪੁਰਾਣੇ ਜੋੜੇ ਵੀ ਖੁਸ਼ੀ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਚੌਟਾਲਾ ਪਿੰਡ ਦੇ 80 ਸਾਲਾ ਬਜ਼ੁਰਗ ਰਾਮਪ੍ਰਤਾਪ ਦਾ ਵਿਆਹ 60 ਸਾਲ ਪਹਿਲਾਂ ਗੁਆਂਢ ਵਿਚ ਰਹਿਣ ਵਾਲੀ ਲਛਮਾ ਦੇਵੀ ਨਾਲ ਹੋਇਆ ਸੀ। ਲਛਮਾ ਦੇਵੀ ਕਹਿੰਦੀ ਹੈ, ‘‘ਇਕ ਹੀ ਪਿੰਡ ਵਿਚ ਵਿਆਹ ਜੁਰਮ ਕਿਸ ਤਰ੍ਹਾਂ ਹੋ ਗਿਆ। ਮੈਨੂੰ ਦੇਖੋ, ਜਦੋਂ ਚਾਹੋ ਮੈਂ ਆਪਣੇ ਪਰਿਵਾਰ ਨੂੰ ਮਿਲ ਆਉਂਦੀ ਹਾਂ।’’ ਰਾਮਪ੍ਰਤਾਪ ਅਤੇ ਲਛਮਾ ਦੇਵੀ ਦੇ ਘਰ ਦੇ ਸਾਹਮਣੇ ਹੀ ਰਹਿਣ ਵਾਲੇ 62 ਸਾਲਾ ਜੈ ਨਾਰਾਇਣਨ ਨੇ ਵੀ ਪਿੰਡ ਦੀ ਹੀ ਬਿਮਲਾ ਦੇਵੀ ਨਾਲ ਵਿਆਹ ਕੀਤਾ। ਸਿਰਫ਼ ਕੁਝ ਦਹਾਕੇ ਪੁਰਾਣੇ ਇਹ ਜੋੜੇ ਹੀ ਨਹੀਂ, 25 ਸਾਲਾ ਬਲਵਿੰਦਰ ਅਤੇ 22 ਸਾਲਾ ਅਨਸੁਈਆ ਵੀ ਇਸੇ ਪਿੰਡ ਦਾ ਨੌਜਵਾਨਾ ਜੋੜਾ ਹੈ। ਪਿੰਡ ਵਿਚ ਹੋਏ ਵਿਆਹ ਤੋਂ ਖੁਸ਼ ਬਲਵਿੰਦਰ-ਅਨਸੁਈਆ ਕਹਿੰਦੇ ਹਨ, ‘‘ਸਾਰੇ ਅਜਿਹੇ ਹੋ ਜਾਣ ਤਾਂ ਵਧੀਆ ਹੋਵੇਗਾ।’’
ਪ੍ਰਗਤੀਸ਼ੀਲ ਸਮਾਜ ਦੀ ਪਛਾਣ ਦੇਣ ਵਾਲਾ ਸਿਰਫ਼ ਚੌਟਾਲਾ ਪਿੰਡ ਹੀ ਨਹੀਂ, ਗੁਆਂਢ ਦੇ ਭਾਰੂਖੇੜਾ, ਸਿਰਸਾ, ਹਿਸਾਰ, ਫ਼ਤਿਆਬਾਦ, ਰਾਜਸਥਾਨ ਦੇ ਗੰਗਾਨਗਰ, ਬੀਕਾਨੇਰ, ਜੈਸਲਮੇਰ, ਬਾਡਮੇਰ, ਹਨੁਮਾਨਗੜ੍ਹ ਜ਼ਿਲ੍ਹਿਆਂ ਵਿਚ ਅਜਿਹੇ ਕਈ ਪਿੰਡ ਹਨ, ਜੋ ਖਾਪ ਦੀ ਪੁਰਾਤਨ ਸੋਚ ਨੂੰ ਚੁਣੌਤੀ ਦਿੰਦੇ ਹਨ। ਹਰਿਆਣਾ ਪ੍ਰਸ਼ਾਸਨਿਕ ਸੁਧਾਰ ਕਮਿਸ਼ਨ ਦੇ ਮੈਂਬਰ ਰਹੇ ਚੌਟਾਲਾ ਪਿੰਡ ਦੇ ਡੀ.ਆਰ. ਚੌਧਰੀ ਵੀ ਆਪਣੇ ਪਿੰਡ ਦੀ ਪਰਮੇਸ਼ਵਰੀ ਦੇਵੀ ਨਾਲ ਵਿਆਹੇ ਹੋਏ ਹਨ। ਉਨ੍ਹਾਂ ਦੇ ਮਰਹੂਮ ਭਰਾ ਦੇਵੀ ਲਾਲ ਗੋਦਾਰਾ ਦਾ ਵਿਆਹ ਵੀ ਪਿੰਡ ਦੀ ਬਿਮਲਾ ਦੇਵੀ ਨਾਲ ਹੋਇਆ ਸੀ। ਚੌਧਰੀ ਕਹਿੰਦੇ ਹਨ, ‘‘ਹਰਿਆਣਾ ਦਾ ਲਿੰਗ ਅਨੁਪਾਤ (823:1000) ਦੇਸ਼ ਵਿਚ ਸਭ ਤੋਂ ਮਾੜਾ ਹੈ। ਇਕ ਸਰਵੇਖਣ ਮੁਤਾਬਕ ਲੜਕੀਆਂ ਦੀ ਘਾਟ ਪੂਰੀ ਕਰਨ ਲਈ ਹਰ ਸਾਲ 10,000 ਲੜਕੀਆਂ ਨੇਪਾਲ, ਅਸਮ ਅਤੇ ਦੂਜੇ ਹਿੱਸਿਆਂ ਤੋਂ ਖਰੀਦ ਕੇ ਹਰਿਆਣਾ ਲਿਆਂਦੀਆਂ ਜਾਂਦੀਆਂ ਹਨ। ਪਰ ਖਾਪ ਆਪਣੀ ਸੋਚ ਬਦਲਣ ਨੂੰ ਤਿਆਰ ਨਹੀਂ।’’ ਉਨ੍ਹਾਂ ਦਾ ਸਵਾਲ ਹੈ, ‘‘ਖਾਪ ਦੀ ਗੋਤਰ-ਪਿੰਡ ਵਾਲੀ ਪਾਬੰਦੀ ਚਲਦੀ ਰਹੀ ਤਾਂ ਸਮਾਜ ਕਿਸ ਤਰ੍ਹਾਂ ਅੱਗੇ ਵਧੇਗਾ?’’ 77 ਸਾਲਾ ਚੌਧਰੀ ਰਿਟਾਇਰਮੈਂਟ ਤੋਂ ਬਾਅਦ ਖਾਪਾਂ ਦੇ ਕੇਂਦਰ ਰੋਹਤਕ ਵਿਚ ਹਰਿਆਣਾ ਇਨਸਾਫ਼ ਸੁਸਾਇਟੀ ਨਾਮਕ ਸਮਾਜਕ ਸੰਸਥਾ ਬਣਾ ਕੇ ਦੋ ਦਹਾਕੇ ਪਹਿਲਾਂ ਖਾਪ ਪੰਚਾਇਤਾਂ ਵਿਰੁੱਧ ਚਲ ਰਹੀ ਆਪਣੀ ਲੜਾਈ ਨੂੰ ਨਵੀਂ ਧਾਰ ਦੇ ਰਹੇ ਹਨ। ਖਾਪ ’ਤੇ ਉਹ ਪੁਸਤਕ ਵੀ ਲਿਖ ਰਹੇ ਹਨ।
ਜ਼ਿਕਰਯੋਗ ਹੈ ਕਿ ਖਾਪ ਪੰਚਾਇਤਾਂ ਦੇ ਪ੍ਰਭਾਵ ਵਾਲੇ ਹਰਿਆਣਾ ਦੇ ਰੋਹਤਕ, ਝੱਜਰ, ਸੋਨੀਪਤ, ਪਾਣੀਪਤ, ਭਿਵਾਨੀ, ਕਰਨਾਲ, ਕੈਥਲ, ਜੀਂਦ ਸਮੇਤ ਦਿੱਲੀ ਦਿਹਾਤੀ ਅਤੇ ਪੱਛਮੀ ਉਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਇਕ ਗੋਤਰ ਵਿਚ ਹੀ ਨਹੀਂ ਬਲਕਿ ਇਕ ਪਿੰਡ, ਗੁਆਂਢ ਦੇ ਪਿੰਡ ਅਤੇ ਇਥੋਂ ਤਕ ਕਿ ਮਾਂ ਦੇ ਪੇਕਿਆਂ ਵਿਚ ਵੀ ਲੜਕੀ ਦਾ ਵਿਆਹ ਨਹੀਂ ਹੋ ਸਕਦਾ। ਸਿਹਾਗ-ਮਾਨ-ਦੇਸ਼ਵਾਲ-ਦਲਾਲ ਗੋਤ ਅਤੇ ਬੇਵਾਲ-ਬੈਨੀਵਾਲ ਗੋਤਰ ਦੇ ਲੋਕ ਕਿਤੇ ਵੀ ਨੇੜੇ-ਤੇੜੇ ਵਿਆਹ ਨਹੀਂ ਕਰ ਸਕਦੇ ਕਿਉਂਕਿ ਸਾਰਿਆਂ ਦੇ ਪੂਰਵਜ ਇਕੋ ਮੰਨੇ ਜਾਂਦੇ ਹਨ। ਪਰ ਚੌਟਾਲਾ ਅਤੇ ਆਸ-ਪਾਸ ਦੇ ਕਈ ਪਿੰਡਾਂ ਨੇ ਦਹਾਕੇ ਪਹਿਲਾਂ ਤੋਂ ਪਰਸਪਰ ਵਿਆਹ ਕਰ ਕੇ ਮਿਸਾਲ ਕਾਇਮ ਕਰ ਰੱਖੀ ਹੈ। ਇਥੇ ਖਾਪ ਦਾ ਕੋਈ ਡਰ ਨਹੀਂ ਅਤੇ ਭਾਈਚਾਰੇ ਦੀ ਮਿਸਾਲ ਖਾਪ ਤੋਂ ਕਿਤੇ ਵੱਧ ਕੇ ਹੈ। ਚੌਟਾਲਾ ਪਿੰਡ ਦੇ ਸਹਾਰਣ ਪਰਿਵਾਰ ਦੇ ਦੋ ਭਰਾਵਾਂ ਸੋਹਣ ਲਾਲ ਅਤੇ ਰਾਮ ਨਾਰਾਇਣ ਨੇ 44 ਸਾਲ ਪਹਿਲਾਂ ਪਿੰਡ ਦੀ ਹੀ ਕਲੋ ਅਤੇ ਸ਼ੇਰਾ ਨਾਲ ਵਿਆਹ ਕੀਤਾ। ਸਹਾਰਣ ਭਰਾ ਕਹਿੰਦੇ ਹਨ, ‘‘ਸਾਡੀ ਜ਼ਿੰਦਗੀ ਤਾਂ ਬੜੇ ਆਰਾਮ ਨਾਲ ਨਿਕਲੀ।’’ ਗੁਆਂਢ ਵਿਚ ਰਹਿਣ ਵਾਲੇ ਪੇਸ਼ੇ ਤੋਂ ਵਕੀਲ ਬਹਾਦਰ ਸਿੰਘ ਸਹਾਰਣ ਕਹਿੰਦੇ ਹਨ, ‘‘ਸਾਡੇ ਇਥੇ ਅਜਿਹੇ ਵਿਆਹਾਂ ’ਤੇ ਕੋਈ ਪਾਬੰਦੀ ਨਹੀਂ। ਅਜਿਹੇ ਵਿਆਹ ਆਂਢ-ਗੁਆਂਢ ਦੇ ਪਿੰਡਾਂ ਵਿਚ ਵੀ ਆਮ ਗੱਲ ਹਨ।’’ ਉਹ ਕਹਿੰਦੇ ਹਨ, ‘‘ਇੱਜ਼ਤ ਖਾਤਰ ਕਤਲ ਕਰਨਾ ਗ਼ਲਤ ਹੈ।’’
ਪਰ ਖਾਪ ਪੰਚਾਇਤਾਂ ਅਜੀਬੋਗਰੀਬ ਫਰਮਾਨ ਸੁਣਾਉਣ ਤੋਂ ਬਾਜ ਨਹੀਂ ਆਉਂਦੀਆਂ। ਜਿਵੇਂ ਨਵੇਂ ਵਿਆਹੇ ਜੋੜਿਆਂ ਨੂੰ ਭਰਾ-ਭੈਣ ਬਣਾਉਣਾ, ਪਰਿਵਾਰ ਦਾ ਸਮਾਜਕ ਬਾਈਕਾਟ, ਪਿੰਡ ’ਚੋਂ ਕੱਢਣਾ, ਇੱਜ਼ਤ ਖਾਤਰ ਕਤਲ। ਚੌਧਰੀ ਕਹਿੰਦੇ ਹਨ, ‘‘ਖਾਪ ਪੰਚਾਇਤ ਹੁਣ ਦਬੰਗਈ ਦਿਖਾਉਣ ਦਾ ਔਜਾਰ ਬਣ ਗਈ ਹੈ।’’ ਉਹ ਉਦਾਹਰਣ ਦਿੰਦੇ ਹਨ ਕਿ ਕਿਸ ਤਰ੍ਹਾਂ ਝੱਜਰ ਜ਼ਿਲ੍ਹੇ ਦੇ ਧਰਾਣਾ ਪਿੰਡ ਦੇ ਰਵਿੰਦਰ ਗਹਿਲੌਤ ਅਤੇ ਪਾਣੀਪਤ ਦੇ ਕਾਦਿਆਨ ਪਰਿਵਾਰ ਦੀ ਸ਼ਿਲਪਾ ਦਾ ਗੋਤ ਅਤੇ ਪਿੰਡ ਵੱਖ ਹੋਣ ਦੇ ਬਾਵਜੂਦ ਖਾਪ ਪੰਚਾਇਤ ਨੇ ਉਨ੍ਹਾਂ ਦੇ ਵਿਆਹ ਨੂੰ ਨਾਜਇਜ਼ ਕਰਾਰ ਦਿੱਤਾ ਅਤੇ ਪਰਿਵਾਰ ਨੂੰ ਆਪਣੀ ਜ਼ਮੀਨ ਪੰਜ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚ ਕੇ ਪਿੰਡ ਛੱਡਣ ਦਾ ਫਰਮਾਨ ਸੁਣਾਇਆ ਜਦਕਿ ਜ਼ਮੀਨ ਦਾ ਬਾਜ਼ਾਰ ਭਾਅ 50 ਲੱਖ ਰੁਪਏ ਏਕੜ ਸੀ।
ਪਰ ਜਾਟ ਬਹੁਗਿਣਤੀ ਵਾਲੇ ਚੌਟਾਲਾ ਪਰਿਵਾਰ ਦਾ ਸ੍ਰੀਭਗਵਾਨ ਸਹਾਰਣ ਦਾ ਕੁਟੂੰਬ ਅਜਿਹਾ ਹੈ, ਜਿਸ ਵਿਚ ਪਿੰਡ ਵਿਚ ਹੋਏ ਵਿਆਹਾਂ ਦੀ ਇਕ ਪੂਰੀ ਲੜੀ ਹੈ। ਸ੍ਰੀਭਗਵਾਨ ਦੇ ਪਿਤਾ ਦਿਆਰਾਮ ਦਾ ਵਿਆਹ 40 ਸਾਲ ਪਹਿਲਾਂ ਕਲਾਵਤੀ ਨਾਲ ਹੋਇਆ ਸੀ। ਖੁਦ ਸ੍ਰੀਭਗਵਾਨ ਨੇ ਪਿੰਡ ਦੀ ਪੂਨਮ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੀ ਭੂਆ ਕੌਸ਼ਲਿਆ ਦੇਵੀ ਦਾ ਵਿਆਹ ਪਿੰਡ ਦੇ ਜਸਵੰਤ ਨਾਲ ਹੋਇਆ ਅਤੇ ਉਨ੍ਹਾਂ ਦੇ ਚਚੇਰੇ ਭਰਾ ਪਵਨ ਦਾ ਵਿਆਹ ਸ਼ਾਰਦਾ ਨਾਲ ਹੋਇਆ। ਚੌਟਾਲਾ ਦੇ ਸਰਪੰਚ ਆਤਮਾਰਾਮ ਛਿੰਪਾ ਕਹਿੰਦੇ ਹਨ, ‘‘ਸਾਡੇ ਇਥੇ ਪਿੰਡ ’ਚ ਵਿਆਹਾਂ ਲਈ ਕੋਈ ਅੜਿੱਕਾ ਨਹੀਂ।’’ ਇਸੇ ਲੜੀ ਵਿਚ ਚੌਟਾਲਾ ਦੀ 22 ਸਾਲਾ ਮੰਜੂ ਦਾ ਵਿਆਹ ਪਿੰਡ ਦੇ ਹੀ ਸੁਭਾਸ਼ ਰਾੜ ਨਾਲ ਹੋਇਆ। ਮੰਜੂ ਦੇ ਭਰਾ 25 ਸਾਲ ਰਾਕੇਸ਼ ਗੋਰੀਆ ਨੇ ਵੀ ਪਿੰਡ ਦੀ ਹੀ 21 ਸਾਲਾ ਸਰੋਜ ਨਾਲ ਵਿਆਹ ਕੀਤਾ ਹੈ। ਸਿਰਫ਼ ਚੌਟਾਲਾ ਪਿੰਡ ਹੀ ਨਹੀਂ, ਨੇੜਲੇ ਪਿੰਡ ਭਾਰੂਖੇੜਾ ਵਿਚ ਰਾਕੇਸ਼ ਰਤੀਵਾਲ ਨੂੰ ਅਲਕਾ ਨਾਲ ਪ੍ਰੇਮ ਵਿਆਹ ਹੀ ਨਾ ਸਿਰਫ਼ ਇਜਾਜ਼ਤ ਮਿਲੀ, ਬਲਕਿ ਪਿੰਡ ਦੇ ਵੱਡੇ ਬਜ਼ੁਰਗ ਵਿਆਹ ਵਿਚ ਸ਼ਰੀਕ ਵੀ ਹੋਏ।
ਆਸ਼ਾਹੇੜਾ ਦੇ ਸਰਪੰਚ ਰਾਮ ਕੁਮਾਰ ਦਸਦੇ ਹਨ ਕਿ ਉਨ੍ਹਾਂ ਦੇ ਪਿੰਡ ਵਿਚ ਵੀ ਅਜਿਹੇ ਕਈ ਵਿਆਹ ਹੋਏ ਹਨ। ਰਾਜੀਨਾਮੇ ਨਾਲ ਇਕ ਪ੍ਰੇਮ ਵਿਆਹ ਵੀ ਹੋਇਆ। ਉਹ ਕਹਿੰਦੇ ਹਨ, ‘‘ਸਾਡੇ ਸਿਰਸਜ ਜ਼ਿਲ੍ਹੇ ਵਿਚ ਅਜਿਹੀ ਕੋਈ ਪਾਬੰਦੀ ਨਹੀਂ ਹੈ।’’ ਚੌਟਾਲਾ ਤੋਂ ਪਹਿਲਾਂ ਪੰਨੀਵਾਲਾ ਮੋਟਾ ਪਿੰਡ ਦੀ ਕਹਾਣੀ ਵੀ ਖਾਪ ਦੀਪ ਸੋਚ ’ਤੇ ਸੱਟ ਮਾਰਦੀ ਹੈ। ਪਿੰਡ ਦੀ ਸਾਵਿੱਤਰੀ ਦੇਵੀ ਦਾ ਵਿਆਹ 42 ਸਾਲ ਪਹਿਲਾਂ ਪਿੰਡ ਦੇ ਹੀਮੋਜਾ ਰਾਮ ਨਾਲ ਹੋਇਆ। ਇਸ ਵਿਆਹ ਵਿਚ ਸ਼ਰੀਕ ਪਿੰਡ ਦੇ ਬਜ਼ੁਰਗ ਦਸਦੇਹਨ ਕਿ ਲਾਊਡ ਸਪੀਕਰ ਲਾ ਕੇ ਪਿੰਡ ਵਿਚ ਬਰਾਤ ਨੂੰ ਘੁਮਾਇਆ ਗਿਆ, ਖੁਸ਼ੀ ਵਾਲਾ ਮਾਹੌਲ ਵਿਚ ਵਿਆਹ ਹੋਇਆ। ਅਖਿਲ ਭਾਰਤੀ ਜਾਟ ਮਹਾਂਸਭਾ ਦੇ ਸੂਬਾ ਪ੍ਰਧਾਨ ਅਤੇ ਖਾਪਾਂ ਦੇ ਬੁਲਾਰੇ ਓ.ਪੀ. ਮਾਨ ਕਹਿੰਦੇ ਹਨ, ‘‘ਬਾਗੜੀ ਜਾਟ ਵਿਚ ਇਕੋ ਪਿੰਡ ਵਿਚ ਵਿਆਹ ’ਤੇ ਕੋਈ ਸਾਡਾ ਕੋਈ ਵਿਰੋਧ ਨਹੀਂ ਹੈ। ਪਰ ਸਾਡੀਆਂ 360 ਖਾਪਾਂ ਦੀ ਇਕੋ ਪਿੰਡ-ਗੋਤਰ ਪਰੰਪਰਾ ਨਹੀਂ ਬਦਲੇਗੀ।’’ ਅਲਬਤਰਾ ਸੁਪਰੀਮ ਕੋਰਟ ਵਲੋਂ ਖਾਪਾਂ ਦੇ ਫਰਮਾਨਾਂ ਨੂੰ ਸੰਸਥਾਗਤ ਹੱਤਿਆਚਾਰ ਵਿਚ ਰੱਖਣ ਅਤੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਨਿੱਜੀ ਜ਼ਿੰਦਗੀ ਵਿਚ ਦਖ਼ਲ ਦੇਣ ਵਾਲੇ ਖਾਪ ਨੇਤਾਵਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੇ ਹੁਕਮ ਅਤੇ ਸਾਮਜ ਦੀ ਤਿੱਖੀ ਆਲੋਚਨਾ ਤੋਂ ਬਾਅਦ ਖਾਪ ਨੇਤਾ ਬੌਖਲਾਹਟ ਵਿਚ ਹਨ। ਪਿਛਲੇ ਸਾਲ ਕਰਨਾਲ ਕੋਰਟ ਵਿਚ ਚਰਚਿਤ ਮਨੋਜ-ਬਬਲੀ ਕਾਂਡ ਵਿਚ 7 ਵਿਅਕਤੀਆਂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਖਾਪ ਪੰਚਾਇਤਾਂ ਨੂੰ ਲੈ ਕੇ ਦੇਸ਼ਵਿਆਪੀ ਬਹਿਸ ਸ਼ੁਰੂ ਹੋਈ ਅਤੇ ਕੇਂਦਰ ਨੇ ਹਿੰਦੂ ਵਿਆਹ ਕਾਨੂੰਨ ਵਿਚ ਬਦਲਾਅ ਅਤੇ ਆਨਰ ਕਿਲਿੰਗ ’ਤੇ ਕਾਨੂੰਨ ਨੂੰ ਸਖ਼ਤ ਕਰਨ ਦੀ ਪਹਿਲ ਕੀਤੀ। ਪਰ ਇਸ ਦਾ ਸਭ ਤੋਂ ਪਹਿਲਾਂ ਹਰਿਆਣਾ ਦੀ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ ਵਿਰੋਧ ਕੀਤਾ ਤੇ ਕੀਤਾ, ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਵੀ ਆਪਦੇ ਪਿੰਡ ਦੀ ਪਰੰਪਰਾ ਭੁਲ ਕੇ ਉਨ੍ਹਾਂ ਦੀ ਸੁਰ ਵਿਚ ਸੁਰ ਮਿਲਾਈ।
ਖਾਪ ਦੇ ਫਰਮਾਨਾਂ ਦੀ ਵਜ੍ਹਾ ਨਾਲ ਸੰਨ 2000 ਤੋਂ ਹੁਣ ਤਕ ਆਨਰ ਕਿਲਿੰਗ ਦੇ 20 ਮਾਮਲੇ ਦਰਜ ਹੋ ਚੁੱਕੇ ਹਨ। ਕੈਥਲ ਦੇ ਦੇਵਪਾਲ ਮੋਰ ਨੂੰ ਪੁਲੀਸ ਦੀ ਮੌਜੂਦਗੀ ਵਿਚ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਝੱਜਰ ਜ਼ਿਲ੍ਹੇ ਦੇ ਆਸੰਡਾ ਪਿੰਡ ਵਿਚ ਰਾਠੀ ਗੋਤਰ ਦੇ ਇਕ ਲੜਕੇ ਨੇ ਰੋਹਤਕ ਦੀ ਹੁੱਡਾ ਗੋਤਰ ਦੀ ਲੜਕੀ ਨਾਲ ਵਿਆਹ ਕੀਤਾ। ਪਰ ਰਾਠੀ ਖਾਪ ਦੀ ਪੰਚਾਇਤ ਦੇ ਮੁਖੀ ਧਰਮ ਸਿੰਘ ਰਾਠੀ ਦੀ ਪ੍ਰਧਾਨਗੀ ਵਿਚ ਹੋਈ ਪੰਚਾਇਤ ਨੇ ਇਸ ਜੋੜੇ ਨੂੰ ਭੈਣ-ਭਰਾ ਬਣਾ ਦਿੱਤਾ। ਚੌਧਰੀ ਕਹਿੰਦੇ ਹਨ, ‘‘ਇਸ ਵਿਆਹ ਦਾ ਵਿਰੋਧ ਇਹ ਕਹਿ ਕੇ ਕੀਤਾ ਗਿਆ ਕਿ 500 ਸਾਲ ਪਹਿਲਾਂ ਉਸ ਹੁੱਡਾ ਲੜਕੀ ਦਾ ਪੂੁਰਵਜ ਰਾਠੀ ਸੀ।’’ ਖਾਪ ਦੀ ਇਸ ਦਲੀਲ ਸਬੰਧੀ ਚੌਧਰੀ ਕਹਿੰਦੇ ਹਨ ਕਿ, ‘‘ਕੌਣ ਦੱਸ ਸਕਦਾ ਹੈ ਕਿ 500 ਸਾਲ ਪਹਿਲਾਂ ਉਸ ਦੇ ਪੂਰਵਜ ਕੌਣ ਸਨ?’’ ਉਹ ਕਹਿੰਦੇ ਹਨ, ‘‘ਖਾਪ ’ਤੇ ਮੇਰਾ ਅਧਿਐਨ ਦਸਦਾ ਹੈ ਕਿ ਖਾਪ ਨੇਤਾ ਵਿਆਹੇ ਜੋੜਿਆਂ ਦੀ ਹੱਤਿਆ ਲਈ ਪਰਿਵਾਰ ਨੂੰ ਉਕਸਾਉਂਦੇ ਹਨ।’’
ਅਜਿਹਾ ਵੀ ਨਹੀਂ ਹੈ ਕਿ ਖਾਪ ਪੰਚਾਇਤ ਸ਼ੁਰੂ ਤੋਂ ਹੀ ਜੰਜੀਰਾਂ ਵਿਚ ਜਕੜੀਆਂ ਹੋਈਆਂ ਹਨ। ਖਾਪ ਇਕ ਪੁਰਾਣੀ ਸੰਸਥਾ ਹੈ ਅਤੇ ਛੇਵੀਂ ਸ਼ਤਾਬਦੀ ਵਿਚ ਰਾਜ ਹਰਸ਼ਵਰਧਨ ਨੇ ਸਰਵ ਖਾਪ ਪੰਚਾਇਤ ਬੁਲਾਈ ਸੀ। ਇਸ ਦਾ ਵਿਸਥਾਰ ਮੱਧ ਕਾਲੀਨ ਯੁੱਗ ਵਿਚ ਹੋਇਆ। ਜਦੋਂ ਕਾਨੂੰਨ-ਵਿਵਸਥਾ ਦੀ ਸਥਿਤੀ ਚੰਗੀ ਨਹੀਂ ਸੀ। ਬਾਹਰੀ ਹਮਲਾਵਰਾਂ ਤੋਂ ਆਪਣੇ ਪਿੰਡ ਅਤੇ ਪਰਿਵਾਰ ਦੀ ਸੁਰੱਖਿਆ ਲਈ ਲੋਕ ਇਕਜੁਟ ਹੋਏ। ਜਦੋਂ ਅਲਾਊਦੀਨ ਖਿਲਜੀ ਨੇ ਗੰਗਾ ਇਸ਼ਨਾਨ ’ਤੇ ਜਜੀਆ ਲਾਈਆ ਤਾਂ ਸਰਵ ਖਾਪ ਪੰਚਾਇਤ ਨੇ ਗੜ੍ਹ ਗੰਗਾ ’ਤੇ ਇਸ ਵਿਰੁੱਧ ਮੋਰਚਾ ਲਾਇਆ ਅਤੇ ਬਾਦਸ਼ਾਹ ਨੂੰ ਜਜੀਆ ਵਾਪਸ ਲੈਣ ਲਈ ਮਜਬੂਰ ਕੀਤਾ। ਖਾਪ ਦੇਕਈ ਸੂਰਮੇ 1857 ਵਿਚ ਅੰਗਰੇਜ਼ਾਂ ਵਿਰੁੱਧ ਲੜੇ ਅਤੇ ਸ਼ਹਾਦਤ ਦਿੱਤੀ ਪਰ ਆਧੁਨਿਕ ਯੁੱਗ ਆਉਂਦੇ ਆਉਂਦੇ ਖਾਪ ਰੂੜੀਵਾਦੀ ਸੋਚ ਦਾ ਸ਼ਿਕਾਰ ਹੋ ਗਈ। ਉਹ ਸਮਾਜ ਅਤੇ ਪਰਿਵਾਰ ਦੀ ਸੁਰੱਖਿਆ ਦੀ ਭੂਮਿਕਾ ਤੋਂ ਹੌਲੀ-ਹੌਲੀ ਇੱਜ਼ਤ ਦੀ ਆੜ ਵਿਚ ਆਪਣਿਆਂ ਨੂੰ ਹੀ ਮੌਤ ਦੇ ਘਾਟ ਉਤਾਰਨ ਦਾ ਫਰਮਾਨ ਦੇਣ ਲੱਗੀ। ਖਾਪ ਨੂੰ ਲਗਾਤਾਰ ਚੁਣੌਤੀ ਦੇ ਰਹੇ ਚੌਧਰੀ ਨੇ ਪੱਛਮੀ ਉਤਰ ਪ੍ਰਦੇਸ਼ ਦੇ ਮੁਜੱਰਫ਼ਨਗਰ ਜ਼ਿਲ੍ਹੇ ਦੇ ਸੋਰਮ ਪਿੰਡ ਵਿਚ ਸਥਿਤ ਖਾਪ ਹੈਡ ਆਫ਼ਿਸ ਵਿਚ ਹਫ਼ਤਾ ਭਰ ਰਿਕਾਰਡ ਫੋਲਿਆ ਤਾਂ ਅਜਿਹੇ ਫ਼ਤਵੇ ਦਾ ਕੋਈ ਰਿਕਾਰਡ ਨਾ ਮਿਲਿਆ ਜਿਥੇ ਆਨਰ ਕਿਲਿੰਗ ਜਾਂ ਇਕ ਵੀ ਜੋੜੇ ਨੂੰ ਭੈਣ-ਭਰਾ ਬਣਾਉਣ ਦੀ ਗੱਲ ਹੋਵੇ। ਚੌਧਰੀ ਮੁਤਾਬਕ, ‘‘ਪਹਿਲਾਂ ਖਾਪ ਵਿਚ ਮਹਿਜ਼ ਕੁਝ ਰੁਪਏ ਜੁਰਮਾਨਾ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਜਕ ਬਾਈਕਾਟ ਤਕ ਦੀ ਸਜ਼ਾ ਦਿੱਤੀ ਜਾਂਦੀ ਸੀ।’’
ਜਾਹਰ ਹੈ ਕਿ ਖਾਪ ਪੰਚਾਇਤਾਂ ਨੂੰ ਪਰੰਪਰਾ ਅਤੇ ਆਧੁਨਿਕਤਾ ਵਿਚਕਾਰ ਤਾਲਮੇਲ ਬਿਠਾਉਣਾ ਹੋਵੇਗਾ। ਜਾਟ ਬਹੁਗਿਣਤੀ ਵਾਲੇ ਚੌਟਾਲਾ ਅਤੇ ਦੂਜੇ ਪਿੰਡਾਂ ਵਿਚ ਹੋਏ ਵਿਆਹ ਖਾਪਾਂ ਨੂੰ ਰਾਹ ਦਿਖਾ ਸਕਦੇ ਹਨ।
-
-ਸੰਤੋਸ਼ ਕੁਮਾਰ- ਅਨੁਵਾਦ : ਮਹਿ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.