ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਦੋ ਦਿਨਾਂ ਪ੍ਰਵਾਸੀ ਪੰਜਾਬੀ ਸੰਮੇਲਨ ਨੂੰ ਹਰ ਪੱਖੋਂ ਇਕ ਸਫਲ ਯਤਨ ਕਰਾਰ ਦਿੱਤਾ ਜਾ ਸਕਦਾ ਹੈ | ਇਸ ਦੋ ਦਿਨਾਂ ਸੰਮੇਲਨ ਦੌਰਾਨ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ, ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ, ਐਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਤੇ ਮੰਤਰੀ ਮੰਡਲ ਦੇ ਹੋਰ ਸੀਨੀਅਰ ਮੰਤਰੀਆਂ ਨੇ ਦੋ ਦਿਨ ਨਿੱਠ ਕੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੀਆਂ ਪੰਜਾਬ ਪ੍ਰਤੀ ਭਾਵਨਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ| ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨਾਲ ਇਕ ਸਾਂਝ ਵਧਾਉਣ ਅਤੇ ਸੰਵਾਦ ਰਚਾਉਣ ਲਈ ਪਿਛਲੇ ਸਾਲ ਵੀ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਕੁਝ ਕਾਰਣਾਂ ਕਰਕੇ ਇਹ ਸਿਰੇ ਨਾ ਲੱਗ ਸਕਿਆ| ਪਰ ਇਸ ਸੰਮੇਲਨ ਦੌਰਾਨ ਲਏ ਗਏ ਮਹੱਤਵਪੂਰਣ ਫੈਸਲਿਆਂ ਉਪਰੰਤ ਪਹਿਲਾਂ ਉਲੀਕੇ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾ ਸਕੇਗਾ|
ਪੰਜਾਬ ਸਰਕਾਰ ਵੱਲੋਂ ਦੋ ਦਿਨਾਂ ਪ੍ਰਵਾਸੀ ਸੰਮੇਲਨ ਦੌਰਾਨ ਪਹਿਲਾ ਦਿਨ ਚੰਡੀਗੜ੍ਹ ਵਿਖੇ ਰੱਖਿਆ ਗਿਆ ਜਿਸ ਵਿਚ ਵਿਦੇਸ਼ਾਂ ਵਿਚ ਸੰਵਿਧਾਨਕ ਸੰਸਥਾਵਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਅਤੇ ਪ੍ਰਵਾਸੀ ਪੰਜਾਬੀ ਮੀਡੀਆ ਸਖਸ਼ੀਅਤਾਂ ਨਾਲ ਵਿਚਾਰ ਚਰਚਾ ਰੱਖੀ ਗਈ| ਇਸ ਮੌਕੇ ਵਿਦੇਸ਼ਾਂ ਵਿਚ ਚੁਣੇ ਹੋਏ ਪ੍ਰਵਾਸੀ ਪ੍ਰਤੀਨਿਧਾਂ ਨੇ ਪੰਜਾਬ ਵਿਚ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾਂ ਜਿਹਨਾਂ ਵਿਚ ਜਾਇਦਾਦ ਵਿਵਾਦ, ਵਿਆਹ ਸਬੰਧੀ ਝਗੜੇ, ਧੋਖੇਬਾਜ਼ ਏੰਜਟਾਂ ਦੁਆਰਾ ਨੌਜਵਾਨਾਂ ਦੀ ਲੁੱਟ ਆਦਿ ਸ਼ਾਮਿਲ ਹਨ ਤੇ ਉਹਨਾਂ ਦੇ ਹੱਲ ਲਈ ਸੁਝਾਅ, ਪੰਜਾਬ ਦੀ ਤਰੱਕੀ ਅਤੇ ਵਿਕਾਸ ਲਈ ਲੋੜੀਂਦੇ ਕਦਮ, ਪ੍ਰਵਾਸੀਆਂ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਅਤੇ ਪੰਜਾਬੀ ਸਭਿਆਚਾਰ ਤੇ ਵਿਰਾਸਤ ਨਾਲ ਜੋੜਨ ਲਈ ਉਪਰਾਲੇ ਕਰਨ ਸਬੰਧੀ ਕਈ ਸੁਝਾਅ ਰੱਖੇ| ਪ੍ਰਵਾਸੀਆਂ ਦੀਆਂ ਸਮੱਸਿਆਵਾਂ ਤੇ ਸੁਝਾਵਾਂ ਨੂੰ ਮੁੱਖ ਮੰਤਰੀ ਸ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਹੁਤ ਹੀ ਧਿਆਨ ਨਾਲ ਸੁਣਿਆ ਤੇ ਕਈ ਸੁਝਾਵਾਂ ਉਪਰ ਤੁਰੰਤ ਅਮਲ ਕਰਨ ਦੇ ਐਲਾਨ ਕੀਤੇ| ਪਹਿਲੇ ਦਿਨ ਦੇ ਸੈਸ਼ਨ ਦੀ ਸਭ ਤੋਂ ਮਹੱਤਪੂਰਣ ਗੱਲ ਇਹ ਰਹੀ ਕਿ ਮੁੱਖ ਮੰਤਰੀ ਸ ਬਾਦਲ ਨੇ ਐਲਾਨ ਕੀਤਾ ਕਿ ਉਹ ਪ੍ਰਵਾਸੀ ਪੰਜਾਬੀਆਂ ਦੇ ਸਾਰੇ ਮਸਲਿਆਂ ਦੇ ਹੱਲ ਅਤੇ ਉਹਨਾਂ ਦੀ ਪੰਜਾਬ ਨਾਲ ਸਾਂਝ ਨੂੰ ਪਕੇਰਾ ਕਰਨ ਲਈ ਇਕ ਉਚ ਪੱਧਰੀ ਕਮੇਟੀ ਦਾ ਗਠਨ ਕਰਨਗੇ ਜਿਸ ਵਿਚ ਉਹਨਾਂ ਸਮੇਤ ਕੈਬਨਿਟ ਦੇ ਸੀਨੀਅਰ ਮੰਤਰੀ ਸ਼ਾਮਿਲ ਹੋਣਗੇ ਅਤੇ ਇਸ ਕਮੇਟੀ ਵਿਚ ਵਿਦੇਸ਼ਾਂ ਵਿਚ ਵਸਦੇ ਚੁਣੇ ਹੋਏ ਪ੍ਰਤੀਨਿਧ ਅਤੇ ਮੀਡੀਆ ਨਾਲ ਸਬੰਧਿਤ ਸਖਸ਼ੀਅਤਾਂ ਨੂੰ ਲਿਆ ਜਾਵੇਗਾ| ਇਸ ਕਮੇਟੀ ਦੀਆਂ ਨਿਸ਼ਚਿਤ ਸਮੇਂ ਉਪਰ ਮੀਟਿੰਗ ਹੋਇਆ ਕਰਨਗੀਆਂ ਜਿਸ ਦੌਰਾਨ ਪ੍ਰਵਾਸੀ ਮਸਲੇ ਵਿਚਾਰੇ ਜਾ ਸਕਣਗੇ ਤੇ ਸਮੇਂ- ਸਮੇਂ ਉਹਨਾਂ ਉਪਰ ਫੈਸਲੇ ਲਏ ਜਾਣਗੇ ਤਾਂਕਿ ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਹੋ ਸਕੇ| ਇਸ ਕਮੇਟੀ ਦੇ ਗਠਨ ਨਾਲ ਪੰਜਾਬ ਸਰਕਾਰ ਅਤੇ ਪ੍ਰਵਾਸੀ ਪੰਜਾਬੀਆਂ ਵਿਚਾਲੇ ਮੁਸਲਸਲ ਤਾਲਮੇਲ ਵੀ ਬਣਿਆ ਰਹੇਗਾ| ਇਸ ਕਮੇਟੀ ਵਿਚ ਸ਼ਾਮਿਲ ਪੰਜਾਬ ਸਰਕਾਰ ਦੇ ਨੁਮਾਇੰਦੇ ਵਿਦੇਸ਼ਾਂ ਵਿਚ ਜਾਕੇ ਵੀ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਜਾਣਨ ਅਤੇ ਉਹਨਾਂ ਦੇ ਹੱਲ ਲਈ ਰਾਹ ਲੱਭਣ ਦਾ ਯਤਨ ਕਰਨਗੇ|
ਇਸ ਮੌਕੇ ਡਿਪਟੀ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਦੁਆਰਾ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਪ੍ਰਵਾਸੀ ਪੰਜਾਬੀਆਂ ਲਈ ਕੀਤੇ ਜਾ ਰਹੇ ਕੰਮਾਂ ਦਾ ਵਿਸਥਾਰ ਵਿਚ ਜ਼ਿਕਰ ਕੀਤਾ ਗਿਆ| ਉਹਨਾਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਅਕਾਰਣ ਹੀ ਕਨੂੰਨੀ ਉਲਝਣਾਂ ਤੋਂ ਬਚਾਅ ਲਈ ਐਲਾਨ ਕੀਤਾ ਕਿ ਕਿਸੇ ਵੀ ਮਾਮਲੇ ਵਿਚ ਕਿਸੇ ਵੀ ਪ੍ਰਵਾਸੀ ਭਾਰਤੀ ਖਿਲਾਫ ਕੋਈ ਵੀ ਮੁਣਸ਼ੀ ਜਾਂ ਥਾਣੇਦਾਰ ਪੱਧਰ ਦਾ ਅਧਿਕਾਰੀ ਕੇਸ ਦਰਜ ਨਹੀਂ ਕਰ ਸਕੇਗਾ| ਕਿਸੇ ਵੀ ਪ੍ਰਵਾਸੀ ਪੰਜਾਬੀ ਖਿਲਾਫ ਕਿਸੇ ਸ਼ਿਕਾਇਤ ਉਪਰ ਡੀ ਐਸ ਪੀ ਪੱਧਰ ਦੇ ਅਧਿਕਾਰੀ ਦੁਆਰਾ ਜਾਂਚ ਉਪਰੰਤ ਹੀ ਕੋਈ ਕੇਸ ਦਰਜ ਹੋ ਸਕੇਗਾ| ਜ਼ਮੀਨੀ ਵਿਵਾਦ ਦੇ ਸਬੰਧ ਵਿਚ ਤਿੰਨ ਫਾਸਟ ਟ੍ਰੈਕ ਅਦਾਲਤਾਂ ਦੇ ਗਠਨ ਦਾ ਐਲਾਨ ਕੀਤਾ ਗਿਆ| ਵਿਆਹ ਵਿਵਾਦ ਦੇ ਹੱਲ ਲਈ ਹਰੇਕ ਵਿਆਹ ਦੀ ਰਜਿਸਟ੍ਰੇਸ਼ਨ ਜ਼ਰੂਰੀ ਕਰਾਰ ਦਿੱਤੀ ਗਈ ਅਤੇ ਪੰਜਾਬੀ ਨੌਜਵਾਨਾਂ ਨੂੰ ਧੋਖੇਬਾਜ਼ ਏਜੰਟਾਂ ਤੋਂ ਬਚਾਉਣ ਲਈ ਠੱਗ ਏਜੰਟਾਂ ਲਈ ਘੱਟੋ- ਘੱਟ 7 ਸਾਲ ਕੈਦ ਦੀ ਸਜ਼ਾ ਵਾਲਾ ਕਨੂੰਨ ਬਣਾਉਣ ਦੀ ਗੱਲ ਕਹੀ ਗਈ| ਪ੍ਰਵਾਸੀਆਂ ਦੀਆਂ ਜਾਇਦਾਦਾਂ ਉਪਰ ਕਬਜ਼ੇ ਰੋਕਣ ਲਈ ਸ਼ਹਿਰੀ ਪ੍ਰਾਪਰਟੀ ਰੈਂਟਲ ਐਕਟ ਵਿਚ ਸੋਧ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਪ੍ਰਵਾਸੀ ਪੰਜਾਬੀਆਂ ਦੀਆਂ ਪੰਜਾਬ ਵਿਚ ਜੜ੍ਹਾਂ ਮਜ਼ਬੂਤ ਕਰਨ ਲਈ ਉਹਨਾਂ ਲਈ ਇਕ ਪ੍ਰਿਵੀਲਜ਼ ਕਾਰਡ ਵੀ ਜਾਰੀ ਕੀਤਾ ਗਿਆ ਜਿਸ ਤਹਿਤ ਕਈ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ|
ਉਪ ਮੁੱਖ ਮੰਤਰੀ ਨੇ ਇਸ ਮੌਕੇ ਬਹੁਤ ਹੀ ਸੁਲਝੇ ਢੰਗ ਨਾਲ ਕੀਤੀ ਪੇਸ਼ਕਾਰੀ ਦੌਰਾਨ ਕਿਹਾ ਕਿ ਪਰਵਾਸੀਆਂ ਦੇ ਅਦਾਲਤੀ ਮਸਲੇ ਨਿਬੇੜਨ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤ ਤੇ ਮਾਲ ਅਦਾਲਤ ਦਾ ਵੀ ਗਠਨ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰੀ ਰਿਹਾਇਸ਼ੀ ਅਤੇ ਸਨਅਤੀ ਮਿਲਖ਼ਾਂ ਵਿਚ ਪਰਵਾਸੀ ਭਾਰਤੀਆਂ ਦਾ 10 ਫ਼ੀਸਦੀ ਕੋਟਾ, ਸਮੁੱਚੇ ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਨ, ਤਿੰਨ ਐਨ ਆਰ ਆਈ ਫ਼ਾਸਟ ਟਰੈਕ ਅਦਾਲਤਾਂ ਦਾ ਗਠਨ, ਆਨਰੇਰੀ ਨੰਬਰਦਾਰਾਂ ਦੀ ਨਿਯੁਕਤੀ, ਵਿਆਹਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ, ਪਰਵਾਸੀ ਭਾਰਤੀਆਂ ਲਈ 8 ਵਿਸ਼ੇਸ਼ ਪੁਲੀਸ ਥਾਣਿਆਂ ਦੀ ਸਥਾਪਨਾ ਤੋਂ ਇਲਾਵਾ ਮਨੁੱਖੀ ਤਸਕਰੀ ਰੋਕਣ ਸਬੰਧੀ ਕਈ ਵੱਡੇ ਕਦਮ ਚੁੱਕੇ ਗਏ ਹਨ|
ਇਸ ਮੌਕੇ ਐਨ. ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਸੰਗਠਨਾਤਮਕ ਯੋਗਤਾ ਦਾ ਬਾਖੂਬੀ ਵਿਖਾਵਾ ਕਰਦਿਆਂ ਜਿਥੇ ਪਰਵਾਸੀ ਪੰਜਾਬੀਆਂ ਨੂੰ ਜੀ ਆਇਆਂ ਕਿਹਾ ਉਥੇ ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਉਠਾਏ ਜਾ ਰਹੇ ਸੰਜੀਦਾ ਕਦਮਾਂ ਦਾ ਜ਼ਿਕਰ ਕੀਤਾ| ਉਨ੍ਹਾਂ ਦੱਸਿਆ ਕਿ ਸਰਕਾਰ ਇਕ ਅਜਿਹੀ ਵੈਬਸਾਈਟ ਤਿਆਰ ਕਰ ਰਹੀ ਹੈ ਜਿਹੜੀ ਕਿ ਦੋ ਮਹੀਨਿਆਂ ਤੱਕ ਮੁਕੰਮਲ ਹੋ ਜਾਵੇਗੀ| ਇਸ ਵੈਬਸਾਈਟ ਰਾਹੀਂ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸਰਕਾਰ ਨੂੰ ਮਿਲਣ ਦੇ 72 ਘੰਟਿਆਂ ਦੇ ਅੰਦਰ-ਅੰਦਰ ਸਮੱਸਿਆ ਨੂੰ ਹੱਲ ਕਰਨ ਜਾਂ ਉਸ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ| ਇਸ ਸੰਮੇਲਨ ਦੌਰਾਨ ਮਾਣਯੋਗ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ, ਉਨਾਂ੍ਹ ਦੀ ਆਪਣੇ ਪੰਜਾਬ ਨਾਲ ਸਾਂਝ ਨੂੰ ਪੀਡਿਆਂ ਕਰਨ ਅਤੇ ਨਿਵੇਸ਼ ਦੇ ਮੁੱਦੇ \'ਤੇ ਗੱਲ ਕਰਦਿਆਂ ਅਜਿਹਾ ਅਪਣੱਤ ਭਰਿਆ ਮਾਹੌਲ ਸਿਰਜਿਆ ਕਿ ਹਰ ਕੋਈ ਸ ਬਾਦਲ ਦੀ ਸਖਸ਼ੀਅਤ ਤੋਂ ਬਲਿਹਾਰ ਹੋ ਗਿਆ| ਉਹਨਾਂ ਬੜੇ ਹੀ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਪ੍ਰਵਾਸੀ ਸੰਮੇਲਨ ਦਾ ਉਦੇਸ਼ ਕੋਈ ਸਿਆਸੀ ਲਾਭ ਲੈਣਾ ਨਹੀਂ ਹੈ ਬਲਕਿ ਇਸਦਾ ਉਦੇਸ਼ ਆਪਣੇ ਲੋਕਾਂ ਨੂੰ, ਜਿਹਨਾਂ ਨੇ ਵਿਦੇਸ਼ਾਂ ਵਿਚ ਜਾਕੇ ਆਪਣੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ, ਨੂੰ ਮਾਣ ਸਨਮਾਨ ਦੇਣਾ ਹੈ| ਉਹਨਾਂ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨੂੰ ਵੀ ਬਹਾਦਰ ਪ੍ਰਵਾਸੀ ਪੰਜਾਬੀਆਂ ਦੇ ਕਾਰਨਾਮਿਆਂ ਲਈ ਉਹਨਾਂ ਨੂੰ ਸਲੂਟ ਕਰਨ ਲਈ ਕਹਿਕੇ ਸਭ ਦਾ ਮਨ ਮੋਹ ਲਿਆ|
ਇਸ ਪ੍ਰਵਾਸੀ ਸੰਮੇਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਵੀ ਰਹੀ ਕਿ ਸਰਕਾਰ ਨੇ ਪਹਿਲੀ ਵਾਰ ਵਿਦੇਸ਼ੀ ਪੰਜਾਬੀ ਮੀਡੀਆ ਸਖਸ਼ੀਅਤਾਂ ਨੂੰ ਸੰਮੇਲਨ ਵਿਚ ਸ਼ਾਮਿਲ ਹੋਣ ਦਾ ਵਿਸ਼ੇਸ਼ ਸੱਦਾ ਦਿੱਤਾ| ਸਰਕਾਰ ਦੇ ਇਸ ਵਿਸ਼ੇਸ਼ ਸੱਦੇ ਉਪਰ ਪੁੱਜੇ ਮੀਡੀਆ ਕਰਮੀਆਂ ਦੀ ਮੌਜੂਦਗੀ ਵਿਚ ਇਹ ਐਲਾਨ ਕੀਤਾ ਗਿਆ ਕਿ ਸਰਕਾਰ ਵਿਦੇਸ਼ਾਂ ਵਿਚ ਸਥਾਪਿਤ ਪੰਜਾਬੀ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੂੰ ਪੰਜਾਬ ਵਿਚ ਮੌਜੂਦ ਮੀਡੀਆ ਦੇ ਬਰਾਬਰ ਮਾਨਤਾ ਦੇਵੇਗੀ| ਪੰਜਾਬ ਵਾਂਗ ਹੀ ਪ੍ਰਵਾਸੀ ਪੱਤਰਕਾਰਾਂ ਨੂੰ ਐਕਰੀਡੇਸ਼ਨ ਅਤੇ ਸਰਕਾਰੀ ਇਸ਼ਤਿਹਾਰ ਜਾਰੀ ਕੀਤੇ ਜਾਣਗੇ| ਪ੍ਰਵਾਸੀ ਪੰਜਾਬੀ ਮੀਡੀਆ ਦੀ ਇਹ ਮੰਗ ਬੜੇ ਸਮੇਂ ਤੋਂ ਚੱਲੀ ਆ ਰਹੀ ਸੀ ਕਿ ਉਹਨਾਂ ਨੂੰ ਵੀ ਪੰਜਾਬ ਵਿਚ ਸਥਾਪਿਤ ਮੀਡੀਆ ਦੀ ਤਰ੍ਹਾਂ ਮਾਨਤਾ ਦਿੱਤੀ ਜਾਵੇ| ਜ਼ਿਕਰਯੋਗ ਹੈ ਕਿ ਪ੍ਰਵਾਸੀ ਪੰਜਾਬੀ ਮੀਡੀਆ ਲੰਬੇ ਸਮੇਂ ਤੋਂ ਪੰਜਾਬ ਵਿਚਲੀਆਂ ਸਮਾਜਿਕ, ਧਾਰਮਿਕ ਅਤੇ ਰਾਜਸੀ ਸਰਗਰਮੀਆਂ ਨੂੰ ਪ੍ਰਵਾਸੀ ਪੰਜਾਬੀਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਆ ਰਿਹਾ ਹੈ| ਪ੍ਰਵਾਸੀ ਪੰਜਾਬੀ ਮੀਡੀਆ ਦੀ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਵਿਰਾਸਤ ਦੀ ਸਾਂਭ ਸੰਭਾਲ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਵਿਚ ਭੂਮਿਕਾ ਬਹੁਤ ਹੀ ਅਹਿਮ ਹੈ| ਇਹ ਗੱਲ ਮੰਨਣ ਵਿਚ ਕੋਈ ਹਰਜ਼ ਨਹੀਂ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਪ੍ਰਵਾਸੀ ਪੰਜਾਬੀ ਮੀਡੀਆ ਨੂੰ ਮਾਨਤਾ ਦੇਣ ਤੋਂ ਟਾਲੀ ਵੱਟੀ ਰੱਖਣ ਕਾਰਣ ਪ੍ਰਵਾਸੀ ਮੀਡੀਆ ਵਿਚ ਇਕ ਰੋਸ ਦੀ ਭਾਵਨਾ ਪ੍ਰਬਲ ਸੀ| ਪਰ ਬਾਦਲ ਸਰਕਾਰ ਨੇ ਪ੍ਰਵਾਸੀ ਮੀਡੀਆ ਨੂੰ ਇਹ ਮਾਨਤਾ ਦੇਕੇ ਇਕ ਵੱਡਾ ਇਤਿਹਾਸਕ ਕਾਰਜ ਕਰ ਵਿਖਾਇਆ ਹੈ| ਇਸ ਨਾਲ ਪ੍ਰਵਾਸੀ ਪੰਜਾਬੀਆਂ ਅਤੇ ਪੰਜਾਬ ਸਰਕਾਰ ਵਿਚਾਲੇ ਇਕ ਸਾਕਾਰਤਮਕ ਰਿਸ਼ਤੇ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਸਿੱਧੇ ਸੰਵਾਦ ਦੀ ਘਾਟ ਕਾਰਣ ਜੋ ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ ਸਨ ਉਹਨਾਂ ਨੂੰ ਦੂਰ ਕਰਨ ਦਾ ਮੌਕਾ ਮਿਲੇਗਾ| ਪ੍ਰਵਾਸੀ ਮੀਡੀਆ ਨੂੰ ਮਾਨਤਾ ਮਿਲਣ ਨਾਲ ਇਸ ਵਿਚ ਮਿਆਰੀ ਪੰਜਾਬੀ ਪੱਤਰਕਾਰੀ ਦੀਆਂ ਸੰਭਾਵਨਾਵਾਂ ਨੂੰ ਵੀ ਹੋਰ ਉਤਸ਼ਾਹ ਮਿਲੇਗਾ|
ਇਸ ਪ੍ਰਵਾਸੀ ਸੰਮੇਲਨ ਦੀ ਸਫਲਤਾ ਬਾਰੇ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਸੰਮੇਲਨ ਪੰਜਾਬ ਸਰਕਾਰ ਅਤੇ ਪ੍ਰਵਾਸੀ ਪੰਜਾਬੀਆਂ ਵਿਚਾਲੇ ਇਕ ਅਜਿਹੇ ਮਜ਼ਬੂਤ ਰਿਸ਼ਤੇ ਦਾ ਆਧਾਰ ਬਣੇਗਾ ਜਿਸ ਨਾਲ ਆਪਸੀ ਸਹਿਯੋਗ, ਵਿਸ਼ਵਾਸ ਅਤੇ ਭਾਈਚਾਰਕ ਸਾਂਝ ਨੂੰ ਹੋਰ ਬਲ ਮਿਲੇਗਾ|
ਡਾ ਦਲਜੀਤ ਸਿੰਘ ਚੀਮਾ
ਸਕੱਤਰ ਤੇ ਵਿਧਾਇਕ ਸ਼੍ਰੋਮਣੀ ਅਕਾਲੀ ਦਲ
ਫੋਨ- 98724-64809
-
ਡਾ ਦਲਜੀਤ ਸਿੰਘ ਚੀਮਾ, ਸਕੱਤਰ ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.