ਤਾਂ ਕਿ ਆਜ਼ਾਦ ਫ਼ਿਜ਼ਾ \'ਚ ਜੀ ਸਕੇ ਔਰਤ..
ਦਿੱਲੀ \'ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਕੁੜੀ ਸਿੰਗਾਪੁਰ ਦੇ ਅਲੀਜ਼ਾਬੇਥ ਹਸਪਤਾਲ ਵਿਚ ਜ਼ਿੰਦਗੀ ਦੀ ਜੰਗ ਹਾਰ ਗਈ। ਇਹੋ ਜਿਹੇ ਦਰਦਨਾਕ ਕੇਸ ਹੁਣ ਤੱਕ ਬਹੁਤ ਘੱਟ ਮੀਡੀਆ ਵੱਲੋਂ ਚੁੱਕੇ ਗਏ ਨੇ, ਭਾਰਤ ਵਿਚ ਔਰਤਾਂ ਦੀ ਦਰਦਨਾਕ ਅਤੇ ਚਿੰਤਜਨਕ ਸਥਿਤੀ \'ਤੇ ਕਹਿਣ, ਲਿਖਣ ਅਤੇ ਬੋਲਣ ਨੂੰ ਬਹੁਤ ਕੁਝ ਹੈ ਪਰ ਇੱਕਲੀ ਦਿੱਲੀ ਹੀ ਕੁੜੀਆਂ ਲਈ ਅਸੁਰੱਖਿਅਤ ਸ਼ਹਿਰ ਨਹੀਂ ਸਗੋਂ ਪੂਰੇ ਦੇਸ਼ ਵਿਚ ਕੁੜੀਆਂ ਆਪਣੇ ਹੀ ਘਰਾਂ ਅੰਦਰ ਮਾਨਸਿਕ ਅਤੇ ਸਰੀਰਕ ਸੋਸ਼ਨ ਦਾ ਸ਼ਿਕਾਰ ਹੋ ਰਹੀਆਂ ਨੇ ।......ਧੂੰਆਂ ਪੰਜਾਬ ਵਿਚ ਵੀ ਹੈ.......ਕੁੜੀਆਂ ਦੇ ਅਰਮਾਨ ਪੰਜਾਬ ਵਿਚ ਵੀ ਕੁਚਲੇ ਜਾ ਰਹੇ ਨੇ। ਪਾਤੜਾਂ ਦੇ ਬਾਦਸ਼ਾਹਪੁਰ ਵਿਚ ਬਲਾਤਕਾਰ ਦਾ ਸ਼ਿਕਾਰ ਹੋਈ ਨਾਬਾਲਿਗ ਕੁੜੀ ਦਾ ਖੁਦਕੁਸ਼ੀ ਕਰਨਾ ਦਿੱਲੀ ਸਮੂਹਿਕ ਬਲਾਤਕਾਰ ਮਾਮਲੇ ਤੋਂ ਘੱਟ ਸ਼ਰਮਨਾਕ ਨਹੀਂ ਹੈ।.........ਅੱਜ ਬਲਾਕਤਕਾਰੀਆਂ ਖਿਲਾਫ ਸਖਤ ਕਾਨੂੰਨ ਬਣਾਉਣਾ ਹੀ ਕਾਫੀ ਨਹੀਂ, ਸਗੋਂ ਲੋਕਾਂ ਅੰਦਰ ਪੈਦਾ ਹੋਏ ਗੁੱਸੇ ਨੂੰ ਸਹੀ ਦਿਸ਼ਾ ਦੇਣਾ ਤੇ ਔਰਤਾਂ ਪ੍ਰਤੀ ਸੰਕੀਰਨ ਸੋਚ ਨੂੰ ਬਦਲਦੇ ਹੋਏ, ਭਾਰਤ ਵਿਚ ਆਜ਼ਾਦ ਔਰਤ ਦੀ ਹੋਂਦ ਨੂੰ ਖੜਾ ਕਰਨਾ ਬਣਦਾ ਹੈ-ਲੋਕ ਸਾਂਝ
ਪਿੱਤਰਸੱਤਾ ਦੇ ਕਾਲੇ ਇਤਿਹਾਸ ਨੂੰ ਜਲਾ ਦੇਵੋ,ਮਿਟਾ ਦੇਵੋ!,ਜਿਸਮਾਨੀ-ਸ਼ੋਸ਼ਣ ਮੁਰਦਾਬਾਦ!
ਦਿਲੀ ਵਿਚ 23 ਸਾਲਾ ਵਿਦਿਆਰਥਣ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਖ਼ਿਲਾਫ਼ ਸਾਰਾ ਦੇਸ਼ ਸੜਕਾਂ ਤੇ ਨਿੱਤਰ ਆਇਆ ਹੈ। ਇਕ ਪਾਸੇ ਜਿਥੇ ਲੋਕ ਇਸ ਵਿਦਿਆਰਥਣ ਨਾਲ ਹੋਏ ਜੁਲਮ ਦੇ ਖਿਲਾਫ਼ ਲੜ ਰਹੇ ਨੇ, ਉਥੇ ਹੀ ਦੂਜੇ ਪਾਸੇ ਦਿੱਲੀ ਅਤੇ ਦੇਸ਼ ਦੇ ਦੂਜੇ ਰਾਜਾਂ \'ਚ ਸਮੂਹਿਕ ਬਲਾਤਕਾਰ ਦੀਆਂ ਤਿੰਨ ਹੋਰ ਘਟਨਾਵਾਂ ਸਾਹਮਣੇ ਆਈਆਂ, ਜਿੰਨ੍ਹਾਂ \'ਚ ਪਹਿਲੀ ਘਟਨਾ ਵਿਚ ਤਿੰਨ ਸਾਲਾ ਬੱਚੀ ਨਾਲ ਹੋਏ ਬਲਾਤਕਾਰ, ਦੂਜੀ ਘਟਨਾ ਵਿਚ ਦਿੱਲੀ ਦੀ ਡੀਟੀਸੀ ਦੀ ਚਲਦੀ ਬੱਸ ਵਿਚ ਗਰਭਵਤੀ ਔਰਤ ਨੂੰ ਜਿਸਮਾਨੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਅਤੇ ਤੀਜੀ ਘਟਨਾ \'ਚ ਦਿੱਲੀ ਦੇ ਅੰਬੇਡਕਰ ਨਗਰ \'ਚ ਬਲਾਤਕਾਰ ਦੀ ਰਿਪੋਰਟ ਦਰਜ ਕਰਾਉਣ ਆਈ ਔਰਤ ਨਾਲ, ਪੁਲੀਸ ਵੱਲੋਂ ਬਲਾਤਕਾਰ ਕਰਨਾ। ਇਸ ਤੋਂ ਬਿਨਾਂ ਦੇਸ਼ ਦੇ ਦੂਜੇ ਰਾਜਾਂ \'ਚੋਂ ਵੀ ਬਲਾਤਕਾਰ ਦੀਆਂ ਖਬਰਾਂ ਆਉਂਦੀਆਂ ਰਹੀਆਂ। ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਬਲਾਤਕਾਰ ਦੀ, ਇਹ ਨਾਂ ਤਾਂ ਪਹਿਲੀ ਘਟਨਾ ਹੇ ਤੇ ਨਾ ਹੀ ਅਖੀਰਲੀ। ਆਂਕੜਿਆਂ ਅਨੁਸਾਰ ਹਰ ਘੰਟੇ ਦੇਸ਼ ਦੇ ਕਿਸੇ ਨਾ ਕਿਸੇ ਕੋਨੇ \'ਚ ਬਲਾਤਕਾਰ ਹੁੰਦਾ ਹੈ ।
ਭਾਰਤ ਦੁਨੀਆ \'ਚ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੋਣ ਦਾ ਟਮਟਮਾਂ ਪਿੱਟਦਾ ਹੇ, ਪਰ ਇਹ ਕਿਹੋ ਜਿਹਾ ਲੋਕਤੰਤਰ ਹੇ, ਜਿੱਥੇ ਔਰਤ ਸੁਰੱਖਿਅਤ ਨਹੀਂ, ਦੇਖਿਆ ਗਿਆ ਹੈ ਕਿ ਹਰ ਰੋਜ਼ ਦਿੱਲੀ \'ਚ ਬਲਾਤਕਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਪੁਲੀਸ ਤੋਂ ਲੈਕੇ ਸਾਰਾ ਪ੍ਰਬੰਧ,ਇਹਨਾਂ ਬਲਾਤਕਾਰੀਆਂ ਦੇ ਪੱਖ ਵਿਚ ਖੜ੍ਹ ਜਾਂਦਾ ਹੈ। ਬਲਾਤਕਾਰੀਆਂ ਨੂੰ ਸਜਾ ਦੇਣ ਦੀ ਤਾਂ ਦੂਰ ਦੀ ਗੱਲ ਹੈ, ਜਿਹੜੀਆਂ ਔਰਤਾਂ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹਨ, ਉਹਨਾਂ ਨੂੰ ਦਬਾਉਣ ਲਈ ਵੀ ਬਲਾਤਕਾਰ ਨੂੰ ਹੱਥਕੰਡੇ ਵੱਜੋਂ ਵਰਤਿਆ ਜਾਂਦਾ ਹੇ। ਸੋਨੀ ਸੋਰੀ ਦਾ ਮਾਮਲਾ ਸਾਡੇ ਸਾਹਮਣੇ ਹੇ, ਜਿਹੜੀ ਛੱਤੀਸ਼ਗੜ \'ਚ ਆਦਿਵਾਸੀ ਸਕੂਲ ਅਧਿਆਪਕ ਅਤੇ ਜਲ, ਜੰਗਲ ਤੇ ਜਮੀਨ ਦੀ ਲੁੱਟ ਦੇ ਖਿਲਾਫ਼ ਲੜ ਰਹੀ ਹੈ ਅਤੇ ਉਸਦੀ ਆਵਾਜ਼ ਨੂੰ ਦਬਾਉਣ ਲਈ ਜਿਸਮਾਨੀ ਸ਼ੋਸ਼ਣ ਦਾ ਸਹਾਰਾ ਲਿਆ ਗਿਆ। ਸਿਤਮ ਤਾਂ ਦੇਖੋ ਸੋਨੀ ਸੋਰੀ ਨਾਲ ਜਬਰ ਕਰਨ ਵਾਲੇ ਦਾਂਤੇਵਾੜੇ ਦੇ ਐੱਸ.ਪੀ. ਅੰਕਿਤ ਗਰਗ ਨੂੰ 26 ਜਨਵਰੀ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਮਨੀਪੁਰ ਵਿਚ ਭਾਰਤੀ ਸੈਨਾ ਵੱਲੋਂ ਮਨੋਰਮਾ ਦੇਵੀ ਨਾਲ ਕੀਤੇ ਬਲਾਤਕਾਰ ਨੂੰ ਜਿੱਥੇ ਭੁਲਾਇਆ ਨਹੀਂ ਜਾ ਸਕਦਾ, ਉਥੇ ਹੀ ਕਸ਼ਮੀਰ ਵਿਚ ਲੋਕਾਂ ਦੇ ਆਜ਼ਾਦੀ ਦੇ ਸੰਘਰਸ਼ ਨੂੰ ਦਬਾਉਣ ਲਈ ਭਾਰਤੀ ਸੈਨਾ ਵੱਲੋਂ ਬਲਾਤਕਾਰ ਤੋਂ ਲੈਕੇ ਜਿਸਮਾਨੀ ਤਸ਼ੱਦਦ ਦਾ ਸਹਾਰਾ ਲੈਣਾ ਵੀ ਸਾਡੇ ਤੋਂ ਭੁੱਲਿਆ ਨਹੀਂ। 1991 ਦੀ ਗੱਲ ਹੈ ਜਦੋਂ ਭਾਰਤੀ ਸੈਨਾ ਨੇ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਸੈਂਕੜੇ ਔਰਤਾਂ ਨਾਲ ਬਲਾਤਕਾਰ ਕੀਤਾ ਪਰ ਮਾਮਲੇ ਨੂੰ ਪੂਰੀ ਤਰ੍ਹਾਂ ਹੀ ਦਬਾ ਦਿੱਤਾ ਗਿਆ। ਦੇਸ਼ \'ਚ ਦਲਿਤ ਔਰਤਾਂ ਨੂੰ ਨੰਗਾ ਕਰਕੇ ਘੁਮਾਉਣਾ ਤਾਂ ਆਮ ਗੱਲ ਬਣ ਗਈ ਹੈ। ਮਹਾਰਾਸ਼ਟਰ ਦੇ ਖੈਰਲਾਂਜੀ \'ਚ 2006 ਵਿਚ ਤਾਂ ਦਲਿਤ ਔਰਤਾਂ ਨੂੰ ਨੰਗਾ ਘੁੰਮਾ ਕੇ ਮਾਰ ਦਿੱਤਾ ਗਿਆ।
ਸਾਡੇ ਗੁਆਂਢੀ ਦੇਸ਼ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼, ਜਿਹੜਾ ਲੱਖਾਂ ਔਰਤਾਂ ਦੇ ਬਲਾਤਕਾਰ ਦਾ ਅਪਰਾਧੀ ਹੈ ਅਤੇ ਜਿਹਨੂੰ ਸੰਯੁਕਤ ਰਾਸ਼ਟਰ ਨੇ ਵੀ ਅਪਰਾਧੀ ਮੰਨਿਆ ਹੈ, ਉਸਨੂੰ ਭਾਰਤੀ ਹਾਕਮਾਂ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸੱਦਿਆ ਜਾਂਦਾ ਹੈ , ਹੱਦ ਤਾਂ ਉਦੋਂ ਹੁੰਦੀ ਹੇ ਜਦੋਂ 2002 ਵਿਚ ਹਜ਼ਾਰਾਂ ਮੁਸਲਿਮ ਔਰਤਾਂ ਦਾ ਬਲਾਤਕਾਰ ਕਰਾਉਣ ਵਾਲੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਹੁੰਦੀ ਹੈ। ਇਹੋ ਹੀ ਨਹੀਂ ਬਲਕਿ ਅੱਤਵਾਦ ਜਾਂ ਮਾਓਵਾਦ ਦੇ ਨਾਂ ਤੇ ਛੱਤੀਸ਼ਗੜ, ਝਾਰਖੰਡ ਤੇ ਉੜੀਸਾ ਦੀਆਂ ਦਲਿਤ ਆਦਿਵਾਸੀ ਔਰਤਾਂ ਨਾਲ ਭਾਰਤੀ ਸੈਨਾ ਵੱਲੋਂ ਬਲਾਤਕਾਰ ਕੀਤਾ ਜਾਂਦਾ ਹੈ ।
ਜ਼ਾਹਿਰ ਹੈ ਬਲਾਤਕਾਰ ਸਾਡੇ ਦੇਸ਼ ਵਿਚ ਕੋਈ ਕਾਨੂੰਨ ਦੀ ਉਲੰਘਣਾ ਦਾ ਮਸਲਾ ਨਹੀਂ, ਬਲਕਿ ਜਗੀਰੂ ਸੱਭਿਆਚਾਰ ਦਾ ਹਿੱਸਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਬਲਾਤਕਾਰੀ ਕੋਈ ਨੇੜਲਾ ਹੀ ਹੁੰਦਾ ਹੇ, ਸਹੁਰਾ, ਭਾਈ, ਗੁਆਂਢੀ ਆਦਿ। ਜਿਸ ਸਮੇਂ ਅਸੀਂ ਦਿੱਲੀ ਦੇ ਇੰਡੀਆ ਗੇਟ ਤੇ ਸਮੂਹਿਕ ਬਲਾਤਕਾਰ ਦੇ ਖਿਲਾਫ਼ ਰੈਲੀ ਕਰ ਰਹੇ ਸੀ, ਉਦੋਂ ਵੀ ਅਜਿਹੀਆਂ ਖ਼ਬਰਾਂ ਪੜ੍ਹਨ ਨੂੰ ਮਿਲੀਆਂ, ਜਿਸ ਵਿਚ ਇਕ ਪਿਓ ਤੇ ਪੁੱਤ ਦੋਨਾਂ ਵੱਲੋਂ ਮਿਲਕੇ ਪਿਛਲੇ ਕਈ ਮਹੀਨਿਆਂ ਤੋਂ ਧੀ-ਭੈਣ ਨਾਲ ਬਲਾਤਕਾਰ ਕਰ ਰਹੇ ਸੀ ਤੇ ਉਹ ਕੁੜੀ ਡਰ ਦੇ ਕਾਰਨ ਕਿਸੇ ਨੂੰ ਦੱਸ ਨਹੀਂ ਰਹੀ ਸੀ। ਜਿਸਦਾ ਕਾਰਨ ਡਰ ਰਹਿਤ ਤੇ ਨਿਆਸੰਗਤ ਸਮਾਜ ਦਾ ਨਾ ਹੋਣਾ ਹੈ, ਦੂਜੇ ਪਾਸੇ ਜੇਕਰ ਕੋਈ ਔਰਤ ਹਿੰਮਤ ਕਰਕੇ ਪੁਲੀਸ ਕੋਲ ਜਾਂਦੀ ਹੈ ਤਾਂ ਪੁਲੀਸ ਦਾ ਕੋਈ ਵੱਖਰਾ ਵਿਵਹਾਰ ਨਹੀਂ ਹੁੰਦਾ, ਆਖਿਰ ਪੁਲੀਸ ਵਾਲੇ ਵੀ ਸੱਭਿਆਚਾਰ ਦਾ ਹਿੱਸਾ ਹਨ, ਜੋ ਔਰਤ ਨੂੰ ਸਿਰਫ਼ ਖਪਤਵਾਦੀ ਵਸਤੂ ਦੇ ਰੂਪ \'ਚ ਦੇਖਦਾ ਹੈ। ਮਰਦ-ਪ੍ਰਧਾਨ ਸਮਾਜ ਵਿਚ ਤਾਂ ਔਰਤ ਨੂੰ ਬਦਲਾ ਲੈਣ ਦੀ ਵਸਤੂ ਮੰਨਿਆ ਜਾਂਦਾ ਹੈ, ਇਸ ਲਈ ਬਲਾਤਕਾਰ ਦੀ ਜਗ੍ਹਾ ਕਿਹਾ ਜਾਂਦਾ ਹੈ ਕਿ \'ਔਰਤ ਦੀ ਇੱਜ਼ਤ ਲੁੱਟੀ ਗਈ\', ਜਗੀਰੂ ਕਹਿਰ ਤਾਂ ਦੇਖੋ, ਜੋ ਔਰਤ ਨੂੰ ਸਿਰਫ਼ ਦੈਵੀ ਜਾਂ ਡਾਇਣ (ਪ੍ਰੇਤ) ਬਣਾਉਂਦਾ ਹੇ, ਉਸਨੂੰ ਇਨਸਾਨ ਦੀ ਜਿੰਦਗੀ ਨਹੀਂ ਜਿਉਣ ਦਿੰਦਾ।
ਜਦੋਂ ਅਸੀਂ ਦੇਖਦੇ ਹਾਂ ਕਿ ਪੂਰਾ ਸਮਾਜ ਵਿਚ ਮਰਦ-ਪ੍ਰਧਾਨ ਸੋਚ ਭਾਰੂ ਹੈ ਤਾਂ ਇੱਕਾ-ਦੁੱਕਾ ਨੂੰ ਫਾਂਸੀ ਦੇਣ ਨਾਲ ਇਹ ਬਲਾਤਕਾਰ ਕਿੰਜ ਰੁਕਣਗੇ? ਜੇਕਰ ਸਹੀ ਮਾਅਨੇ ਵਿਚ ਅਸੀਂ ਔਰਤਾਂ ਨਾਲ ਹੋ ਰਹੇ ਜਿਸਮਾਨੀ ਸ਼ੋਸ਼ਣ ਰੋਕਣਾ ਚਾਹੁੰਦੇ ਹਾਂ, ਤਾਂ ਸਾਨੂੰ ਜਗੀਰੂ ਪਿੱਤਰਸੱਤਾ ਸਮਾਜ ਦਾ ਖਤਮ ਕਰਨਾ ਹੋਵੇਗਾ। ਫਾਂਸੀ ਬਲਾਤਕਾਰ ਨੂੰ ਰੋਕ ਨਹੀਂ ਸਕਦੀ, ਬਲਕਿ ਇਸ ਨਾਲ ਤਾਂ ਔਰਤ ਦੀ ਜਾਨ ਨੂੰ ਖਤਰਾ ਹੋਵੇਗਾ, ਕਿਉਂਕਿ ਬਲਾਤਕਾਰ ਕਰਨ ਤੋਂ ਬਾਅਦ ਬਲਾਤਕਾਰੀ ਔਰਤ ਨੂੰ ਮਾਰ ਦੇਵੇਗਾ ਤਾਂਕਿ ਉਸਦੀ ਸ਼ਨਾਖ਼ਤ ਨਾ ਹੋ ਸਕੇ।
ਜੇਕਰ ਸਹੀ ਅਰਥਾਂ ਵਿਚ ਅਸੀਂ ਆਜ਼ਾਦੀ ਚਾਹੁੰਦੇ ਹਾਂ, ਤਾਂ ਸਾਨੂੰ ਜਿਸਮਾਨੀ-ਸ਼ੋਸ਼ਣ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਹੋਵੇਗੀ। ਜਦੋਂ ਤੱਕ ਔਰਤਾਂ ਨਾਲ ਜਿਸਮਾਨੀ-ਸ਼ੋਸ਼ਣ ਹੁੰਦਾ ਰਹੇਗਾ, ਉਦੋਂ ਤੱਕ ਨਾ ਹੀ ਅਸੀਂ ਆਜ਼ਾਦ ਹਾਂ ਅਤੇ ਨਾ ਹੀ ਭਾਰਤ ਇਕ ਲੋਕਤੰਤਰੀ ਦੇਸ਼ ਹੈ। ਵੋਟ ਬੈਂਕ ਦੀ ਰਾਜਨੀਤੀ ਇਸ ਪਿੱਤਰਸੱਤਾ ਸਮਾਜ ਨੂੰ ਖਤਮ ਨਹੀਂ ਕਰਦੀ ਬਲਕਿ ਇਸਦੇ ਜੜ੍ਹਾਂ \'ਚ ਤੇਲ ਪਾਉਂਦੀ ਹੈ ਇਸ ਲਈ ਵੋਟ ਬੈਂਕ ਦੀ ਰਾਜਨੀਤੀ ਨੂੰ ਰੱਦ ਕਰਕੇ, ਦੇਸ਼ \'ਚ ਚੱਲ ਰਹੇ ਲੋਕ ਸੰਘਰਸ਼ਾਂ ਨਾਲ ਜੋੜਨਾ ਹੋਵੇਗਾ। ਨਵ ਜਮਹੂਰੀ ਇਨਕਲਾਬ ਹੀ ਔਰਤ ਮੁਕਤੀ ਅਤੇ ਕ੍ਰਾਂਤੀ ਦਾ ਬਦਲ ਹੈ, ਆਓ ਅਸੀਂ ਜਿਸਮਾਨੀ ਸ਼ੋਸ਼ਣ ਦਾ ਵਿਰੋਧ ਕਰੀਏ ਤੇ 26 ਜਨਵਰੀ ਦੇ ਗਣਤੰਤਰ ਦਿਵਸ ਦਾ ਬਾਈਕਾਟ ਕਰੀਏ।
-
Courtesy : loksanjh.blog,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.