ਗੱਲ ਅਕਤੂਬਰ 1977 ਦੀ ਹੈ, ਤਾਇਆ ਜੀ (ਸੰਤੋਖ ਸਿੰਘ ਧੀਰ ਸਵਰਗੀ) ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਚੰਡੀਗੜ੍ਹ ਵਿਖੇ ਆਪਣੀ ਕਾਰਜਕਾਰਨੀ ਦੇ ਮਸ਼ਵਰੇ ਨਾਲ ਦੋ ਰੋਜ਼ਾ ਪੰਜਾਬੀ ਲੇਖਕ ਕਾਨਫਰੰਸ ਦਾ ਫੈਸਲਾ ਕਰ ਲਿਆ| ਸਾਰੇ ਸਮਾਗਮ ਦੀ ਰੂਪ-ਰੇਖਾ ਉਲੀਕਣ ਬਾਅਦ ਮਾਮਲਾ ਵਿੱਤੀ ਸਾਧਨਾਂ \'ਤੇ ਆ ਗਿਆ| ਪੰਜ-ਸੱਤ ਲੱਖ ਦੇ ਖਰਚ ਦਾ ਅਨੁਮਾਨ ਸੀ| ਏਨੀ ਵੱਡੀ ਰਕਮ ਦਾ ਪ੍ਰਬੰਧ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ| ਜਿਹੜੇ ਵੀ ਮਹਿਕਮੇ ਜਾਂ ਬਿਜਨਸਮੈਨ ਨਾਲ ਵੀ ਗੱਲ ਕੀਤੀ ਜਾਂਦੀ ਕੋਈ ਹੱਥ-ਪੱਲਾ ਨਹੀਂ ਸੀ ਫੜਾ ਰਿਹਾ| ਹਾਂ ਜੇ ਕੋਈ ਗਾਇਕੀ ਜਾਂ ਫੈਸ਼ਨ ਸ਼ੋਅ ਕਰਵਾਉਣਾ ਹੁੰਦਾ ਤਾਂ ਮਾਮਲਾ ਉਲਟ ਹੋਣਾ ਸੀ| ਲੋਕਾਂ ਨੇ ਪੈਸਾ ਲੈਕੇ ਮਗਰ ਮਗਰ ਫਿਰਨਾ ਸੀ| ਹਰ ਕੋਈ ਅੱਜ ਕੱਲ ਕਰ ਰਿਹਾ ਸੀ| ਤਾਇਆ ਜੀ ਨੂੰ ਭੈਣੀ ਸਾਹਿਬ ਸਤਿਗੂਰੁ ਜਗਜੀਤ ਸਿੰਘ ਜੀ ਦੇ ਦਰਸ਼ਨ ਕਰਕੇ ਕਾਨਫਰੰਸ ਲਈ ਲੰਗਰ ਦੇ ਪ੍ਰਬੰਧ ਕਰਵਾਉਣ ਦਾ ਖਿਆਲ ਆਇਆ| ਕਹਾਣੀਕਾਰ ਸੁਖਜੀਤ ਅਤੇ ਸੰਤ ਹਰਪਾਲ ਸਿੰਘ ਸੇਵਕ ਨਾਲ ਸੰਪਰਕ ਕਰਕੇ ਕੇ ਤਾਇਆ ਜੀ ਡਾ. ਹਰਚਰਨ ਸਿੰਘ, ਐਚ.ਐਸ. ਭੱਟੀ ਅਤੇ ਹੋਰ ਸਾਥੀਆਂ ਨਾਲ ਭੈਣੀ ਸਾਹਿਬ ਪੁੰਹਚੇ| ਸ਼ਾਮੀ ਦਰਬਾਰ ਵਿਚ ਸਤਿਗੁਰਾਂ ਦੇ ਪ੍ਰਵਚਨਾਂ ਤੋਂ ਬਾਅਦ ਤਾਇਆ ਜੀ ਨੇ ਸਤਿਗੂਰੁ ਜਗਜੀਤ ਸਿੰਘ ਨੂੰ ਸਤਿਕਾਰ ਭੇਂਟ ਕਰਕੇ ਬੈਠ ਗਏ| ਸੁਖਜੀਤ ਅਤੇ ਸੰਤ ਹਰਪਾਲ ਸਿੰਘ ਸੇਵਕ ਹੋਰਾਂ ਸਤਿਗੂਰਾਂ ਨੂੰ ਕਾਨਫਰੰਸ ਬਾਰੇ ਪਹਿਲਾਂ ਹੀ ਦੱਸਿਆ ਹੋਇਆ ਸੀ| ਸਤਿਗੂਰੁ ਜੀ ਨੇ ਕਿਹਾ, \'ਧੀਰ ਸਾਹਿਬ ਲੰਗਰ ਤਾਂ ਹੋ ਜਾਵੇਗਾ, ਹੋਰ ਦੱਸੋ|\' ਤਾਇਆ ਜੀ ਨੇ ਸਤਿਗੂਰਾਂ ਦਾ ਧੰਨਵਾਦ ਕਰਦੇ ਕਿਹਾ, \'ਬਹੁਤ ਮਿਹਰਬਾਨੀ ਆਪ ਦੀ|\' ਸਤਿਗੂਰਾਂ ਨੇ ਭਰਵੀਂ ਰਾਸ਼ੀ ਦਾ ਚੈਕ ਦਿੰਦੇ ਕਿਹਾ, \'ਧੀਰ ਸਹਿਬ ਆਹ ਚੈਕ ਵੀ ਰੱਖੋ ਕੰਮ ਆਵੇਗਾ, ਜੇ ਹੋਰ ਲੋੜ ਹੋਵੇ ਤਾਂ ਸੰਕੋਚ ਨੀਂ ਕਰਨਾ| ਤੁਸੀਂ ਬੱਸ ਸੁਨੇਹਾ ਭੇਜ ਦਿਓ|\' ਸਤਿਗੂਰਾਂ ਦੇ ਅਸ਼ੀਰਵਾਦ ਤੋਂ ਬਾਦ ਪੈਸਾ ਪਤਾ ਨੀ ਕਿੱਥੋਂ ਆਇਆ ਕਾਨਫਰੰਸ ਕਰਵਾਉਣ ਤੋਂ ਬਾਅਦ ਵੀ ਕੇਂਦਰੀ ਪੰਜਾਬੀ ਲੇਖਕ ਸਭਾ ਕੋਲ ਤਿੰਨ ਚਾਰ ਲੱਖ ਰੁਪਏ ਬਚ ਗਏ| ਕੇਂਦਰੀ ਸਭਾ ਕੋਲ ਪਹਿਲੀ ਵਾਰ ਬਚਤ ਹੋਈ ਸੀ ਉਹ ਵੀ ਲੱਖਾਂ ਦੇ ਹਿਸਾਬ ਨਾਲ| ਕਾਨਫਰੰਸ ਦੌਰਾਨ ਹੀ ਮੇਰੀ ਮੁਲਾਕਾਤ ਸੁਖਜੀਤ ਅਤੇ ਸੰਤ ਹਰਪਾਲ ਸਿੰਘ ਸੇਵਕ ਹੋਰਾਂ ਨਾਲ ਹੋਈ ਜਿੰਨਾਂ ਮੈਂਨੂੰ ਨਾਮਧਾਰੀ ਲਹਿਰ ਬਾਰੇ ਨਾਟਕ \'ਮਸਤਾਨੇ\' ਲਿਖਣ ਲਈ ਪ੍ਰੇਰਿਆ|
ਭੈਣੀ ਸਾਹਿਬ ਨਾਲ ਸਾਡੇ ਪ੍ਰੀਵਾਰ ਦੀ ਸਾਂਝ ਤਿੰਨ ਪੁਸ਼ਤਾਂ ਦੀ ਹੈ| ਪਹਿਲਾਂ ਮੇਰੇ ਦਾਦਾ ਜੀ ਗਿਆਨੀ ਈਸ਼ਰ ਸਿੰਘ ਦਰਦ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪ੍ਰਸੰਸਕ ਸਨ| ਮੇਰੇ ਦਾਦਾ ਜੀ ਤਾਇਆ ਜੀ ਨੂੰ ਕਈ ਵਾਰ ਨੇੜੇ ਚੁੱਕ ਕੇ ਭੈਣੀ ਸਾਹਿਬ ਲੈ ਕੇ ਜਾਂਦੇ ਰਹੇ|ਫੇਰ ਤਾਇਆ ਜੀ ਸਤਿਗੂਰੁ ਜਗਜੀਤ ਸਿੰਘ ਜੀ ਦੇ ਉਪਾਸ਼ਕ ਬਣੇ| ਹੁਣ ਸੁਖਜੀਤ ਅਤੇ ਸੰਤ ਹਰਪਾਲ ਸਿੰਘ ਸੇਵਕ ਨਾਲ ਨੇੜਤਾ ਕਰਕੇ ਮੇਰਾ ਭੈਣੀ ਸਾਹਿਬ ਆਉਣਾ ਜਾਣਾ ਹੈ|
ਸਤਿਗੁਰੂ ਜਗਜੀਤ ਸਿੰਘ ਜੀ ਨੇ ਕਲਾਸੀਕਲ ਸੰਗੀਤ, ਖੇਡਾਂ ਅਤੇ ਗਊ ਧੰਨ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ| ਉਹ ਕਲਾਸੀਕਲ ਸੰਗੀਤ ਦੇ ਪਾਰਖੂ ਸਨ| ਭੈਣੀ ਸਾਹਿਬ ਦਰਬਾਰ ਵਿਚ ਲੰਮੇਂ ਅਰਸੇ ਤੋਂ ਪੱਕੇ ਰਾਗ ਵਿਚ ਗੁਰਬਾਣੀ ਅਤੇ ਸ਼ਬਦਾ ਦਾ ਉਚਾਰਨ ਹੁੰਦਾ ਹੈ| ਭੈਣੀ ਸਾਹਿਬ ਹਾਕੀ ਦੀ ਟੀਮ ਅੰਤਰਰਾਸ਼ਟਰੀ ਪੱਧਰ ਦੀ ਹੈ| ਉਨ੍ਹਾਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਜ਼ਿਕਰਯੋਗ ਯੋਗਦਾਨ ਪਾਇਆ| ਸਤਿਗੁਰੂ ਜਗਜੀਤ ਸਿੰਘ ਜੀ ਭਾਸ਼ਾ ਪ੍ਰੇਮੀਆਂ, ਸਾਹਿਤਕਾਰਾਂ ਅਤੇ ਲੋਕ ਪੱਖੀ ਗਾਇਕੀ ਦੇ ਕਦਰਦਾਨ ਵੀ ਸਨ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕਰਦੇ ਸਨ|
ਦੇਸ਼ ਦੀ ਅਜ਼ਾਦੀ ਵਿਚ ਨਾਮਧਾਰੀ ਲਹਿਰ ਦਾ ਯੋਗਦਾਨ ਬਹੁਤ ਹੀ ਅਹਿਮ ਹੈ| ਸਤਿਗੁਰੂ ਰਾਮ ਸਿੰਘ ਸਰਕਾਰੀ,ਸਕੂਲ ਰੇਲ, ਕਚਿਹਰੀ, ਨੌਕਰੀ, ਡਾਕਖਾਨੇ ਅਤੇ ਵਿਦੇਸ਼ੀ ਕਪੜੇ ਦਾ ਬਾਈਕਾਟ ਕਰਕੇ ਅੰਗਰੇਜ਼ ਖਿਲਾਫ ਨਾ-ਮਿਲਵਰਤਣ ਦਾ ਬਿਗੁਲ ਵਜਾਉਣ ਵਾਲੇ ਪਹਿਲੇ ਭਾਰਤੀ ਸਨ| ਅੱਜ ਵੀ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ ਜ਼ਿਕਰ ਨਾਲ ਲੂੰ ਕੰਡੇ ਖੜੇ ਹੋ ਜਾਂਦੇ ਹਨ| ਪਰ ਉਥੇ ਲੋਕ ਸ਼ਹੀਦ ਹਣ ਲਈ ਨਹੀਂ ਗਏ ਬਲਿਕ ਉਨ੍ਹਾਂ \'ਤੇ ਗੋਲੀਆ ਦੀ ਵਾਛੜ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ| ਪਰ ਨਾਮਧਾਰੀ ਸਿੰਘ ਸੰਤ ਗੁਰਮੁੱਖ ਸਿੰਘ, ਸੰਤ ਹੀਰਾ ਸਿੰਘ, ਸੰਤ ਮੀਂਹਾ ਸਿੰਘ ਛੋਟੇ ਕੱਦ ਦੇ ਸੰਤ ਵਰਿਆਮ ਸਿੰਘ ਦਾ ਪੱਥਰ \'ਤੇ ਖੜਾ ਹੋ ਕੇ ਤੋਪ ਦੇ ਬਰਾਬਰ ਹੋਕੇ ਤੋਪਾਂ ਮੂਹਰੇ ਹਿੱਕਾਂ ਡਾਹੀਆਂ| ਛੋਟੇ ਨਾਮਧਾਰੀ ਬੱਚੇ ਬਿਸ਼ਣ ਸਿੰਘ ਦਾ ਅੰਗਰੇਜ਼ ਅਫਸਰ ਕਾਵਨ ਦੀ ਦਾੜੀ ਪੁੱਟਣ ਕਰਕੇ ਆਪਣੀਆ ਬਾਹਾਂ ਕਟਵਾਉਣ ਦੀ ਆਪਣੀ ਮਿਸਾਲ ਆਪ ਹੈ|ਇਨਾਂ ਸਾਰਿਆਂ ਨੇ ਸ਼ਹਾਦਤ ਦਾ ਜਾਮ ਹੱਸ-ਹੱਸ ਕੇ ਪੀਤਾ| ਸਤਿਗੂਰੁ ਰਾਮ ਸਿੰਘ ਜੀ ਨੇ ਅਜ਼ਾਦੀ ਦੀ ਜੋ ਚਿਣਗ ਲਾਈ ਸੀ,ਉਹ ਮੱਘ ਗਈ, ਸਤਿਗੂਰੁ ਹਰੀ ਸਿੰਘ ਜੀ ਨੇ ਇਸ ਅਜ਼ਾਦੀ ਰੂਪੀ ਧੂਣੀ ਨੂੰ ਮੱਘਦਾ ਰੱਖਿਆ|ਉਨ੍ਹਾਂ ਦੇ ਸਪੁੱਤਰ ਸਤਿਗੂਰੁ ਪ੍ਰਤਾਪ ਸਿੰਘ ਜੀ ਨੇ ਇਸ ਧੂਣੀ ਨੂੰ ਭਾਂਬੜ ਬਣਾਇਆ| ਅਜ਼ਾਦੀ ਰੂਪੀ ਸ਼ਮਾ ਦੇ ਪ੍ਰਵਾਨੇ ਚਾਹੇ ਉਹ ਗਾਂਧੀ ਹੋਵੇ, ਜਵਾਹਰ ਲਾਲ ਨਹਿਰੂ ਹੋਵੇ, ਤੇਜਾ ਸਿੰਘ ਸੁਤੰਤਰ, ਸੁਭਾਸ਼ ਚੰਦਰ ਬੋਸ ਜਾਂ ਬਾਬਾ ਗੁਰਦਿੱਤ ਸਿੰਘ ਸਭ ਸਲਾਹ ਮਸ਼ਵਰੇ ਲਈ ਭੈਣੀ ਸਾਹਿਬ ਆਉਂਦੇ|
ਸਤਿਗੂਰੁ ਜਗਜੀਤ ਸਿੰਘ ਜੀ ਰੁਹਾਨੀ ਅਤੇ ਲਾਸਾਨੀ ਸ਼ਖਸੀਅਤ ਦੇ ਮਾਲਿਕ ਸਨ| ਜਿਨ੍ਹਾਂ ਨਾਮਧਾਰੀ ਵਿਰਸੇ ਅਤੇ ਪ੍ਰੰਪਰਾ ਦੀ ਹਿਫਾਜ਼ਤ ਹੀ ਨਹੀਂ ਕੀਤੀ ਬਲਕਿ ਬਾਖੂਬੀ ਪ੍ਰਚੰਡ ਕੀਤਾ| ਸਤਿਗੂਰਾਂ ਦੇ ਵਿਛੋੜੇ ਨਾਲ ਨਾਮਧਾਰੀ ਸੰਪਰਦਾਏ ਵਿਚ ਦਾ ਸੋਗ ਦੀ ਲਹਿਰ ਤਾਂ ਹੈ ਹੀ, ਸਾਹਿਤਕ ਅਤੇ ਸਭਿਆਚਾਰਕ ਹਲਕਿਆਂ ਵਿਚ ਵੀ ਸੁੰਨ ਪਸਰ ਗਈ ਹੈ|
ਸੰਜੀਵਨ ਸਿੰਘ
2249, ਫੇਜ਼-10, ਮੁਹਾਲੀ
+91-94174-60656
-
ਸੰਜੀਵਨ ਸਿੰਘ, 2249, ਫੇਜ਼-10, ਮੁਹਾਲੀ, +,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.