ਪੰਜਾਬ ਨਾਲ ਬਾ-ਵਾਸਤਾ ਹਰ ਦਿਲ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਜਰੂਰ \'ਡੁੱਬੂੰ-ਡੁੱਬੂੰ\' ਕਰਦਾ ਹੋਵੇਗਾ ਜੋ ਭੁੱਲ ਭੁਲੇਖੇ ਵੀ ਪੰਜਾਬ ਦੇ ਰਾਜਨੀਤਕ, ਆਰਥਿਕ, ਧਾਰਮਿਕ, ਸਮਾਜਿਕ ਜਾਂ ਸੱਭਿਆਚਾਰਕ ਮਾਹੌਲ ਬਾਰੇ ਸੋਚਣ ਦੀ ਗਲਤੀ ਕਰ ਬਹਿੰਦਾ ਹੋਵੇਗਾ। 50 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਬੇਰੁਜ਼ਗਾਰ ਨੌਜ਼ਵਾਨ ਮੁੰਡੇ ਕੁੜੀਆਂ ਦੀ ਫੌਜ਼ ਦਿਮਾਗ ਵਿੱਚ ਜਵਾਰਭਾਟਾ ਲਿਆ ਦਿੰਦੀ ਹੋਵੇਗੀ। ਅਜੋਕੀ ਸਿਆਸਤ ਰਾਹੀਂ ਖਿਲਾਰਿਆ ਜਾ ਰਿਹਾ ਝੱਲਪੁਣਾ ਮੱਥੇ \'ਤੇ ਹੱਥ ਮਾਰਨ ਲਈ ਮਜ਼ਬੂਰ ਕਰ ਦਿੰਦਾ ਹੋਵੇਗਾ। ਲੋਕਾਂ ਕੋਲੋਂ ਦਿਨ ਬ ਦਿਨ ਖੁੱਸ ਰਹੇ ਕਮਾਈ ਦੇ ਸਾਧਨਾਂ ਕਾਰਨ ਭਵਿੱਖ ਵਿੱਚ ਚੰਗਾ ਭਲਾ ਸਰਦਾ ਪੁੱਜਦਾ ਬੰਦਾ ਵੀ ਭਿਖਾਰੀ ਜਿਹਾ ਬਣਿਆ ਮਹਿਸੂਸ ਹੁੰਦਾ ਹੋਵੇਗਾ। ਧਰਮ ਦੇ ਨਾਂ \'ਤੇ ਵੱਖ ਵੱਖ ਭੇਖਾਂ \'ਚ ਲੋਕਾਂ ਦੇ ਦਿਮਾਗਾਂ ਨੂੰ ਚਿੰਬੜੀਆਂ ਜੋਕਾਂ ਕਾਰਨ \'ਰੱਬ\' ਨਾਂ ਦੀ ਸ਼ੈਅ \'ਤੇ ਵੀ ਸ਼ੱਕ ਜਿਹਾ ਪੈਦਾ ਹੁੰਦਾ ਹੋਵੇਗਾ ਕਿ ਜੇ ਰੱਬ ਹੁੰਦਾ ਤਾਂ ਖੁਦ ਦੀ ਸ਼ਰੇ-ਬਾਜ਼ਾਰ ਇਉਂ ਨਿਲਾਮੀ ਨਾ ਹੋਣ ਦਿੰਦਾ? ਇਹ ਸਵਾਲ ਵੀ ਹਰ ਚਿੰਤਕ ਮਨ \'ਤੇ ਘਣ ਵਾਂਗ ਠਾਹ ਠਾਹ ਵੱਜਦਾ ਹੋਵੇਗਾ ਕਿ ਪੰਜਾਬ ਦੇ ਮਨ ਨੂੰ ਸਕੂਨ ਦੇਣ ਵਾਲੇ ਸੱਭਿਆਚਾਰ ਦੇ ਨਾਂ \'ਤੇ ਪੰਜਾਬ ਦੀ ਨੌਜ਼ਵਾਨੀ ਨੂੰ ਕਿਸ ਭੱਠ ਵਿੱਚ ਝੋਕਿਆ ਜਾ ਰਿਹਾ ਹੈ? ਤੇ ਝੋਕਿਆ ਵੀ ਸਿਰ ਵਾਲੇ ਪਾਸਿਉਂ ਜਾ ਰਿਹਾ ਹੈ ਤਾਂ ਕਿ ਬਾਦ \'ਚ ਦਿਮਾਗ ਵਿਹੂਣੇ ਸਰੀਰ ਸਿਰਫ ਇੱਕ \'ਵੋਟ\' ਬਣਕੇ ਹੀ ਹਰਲ-ਹਰਲ ਕਰਦੇ ਫਿਰਨ।
ਪੰਜਾਬ ਵਿੱਚ ਦਿਨੋ ਦਿਨ ਗਹਿਰੇ ਹੁੰਦੇ ਜਾ ਰਹੇ ਹਿੰਸਾ ਦੇ ਬੱਦਲ ਦਿਲ \'ਤੇ ਹੱਥ ਰੱਖਣ ਨੂੰ ਮਜ਼ਬੂਰ ਕਰਨ ਲਈ ਕਾਫ਼ੀ ਹਨ। ਕਿਸੇ ਗਾਇਕ \'ਕਲੰਕਾਰ\' ਜਾਂ \'ਬੇਅਕਲਕਾਰ\' ਦਾ ਲਿਖਿਆ ਗਾਇਆ ਗਾਣਾ ਸੁਣ ਕੇ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ \'ਹੀਰਾਂ\' ਸਮਝਣ ਦੀ ਗਲਤੀ ਕਰਨ ਵਾਲਾ ਇਨਸਾਨ ਵੀ ਜਰੂਰ ਚਿੰਤਤ ਹੁੰਦੈ ਕਿ ਇਹ ਅੱਗ ਉਸਦੇ ਘਰ ਦੀਆਂ ਧੀਆਂ-ਭੈਣਾਂ ਨੂੰ ਵੀ ਆਵਦੀ ਲਪੇਟ \'ਚ ਨਾ ਲੈ ਲਵੇ। ਇਸ ਲੇਖ ਦੇ ਸਿਰਲੇਖ ਵਿੱਚ ਬੇਰੁਜ਼ਗਾਰ ਦੇ ਨਾਲ \'ਬੇਅਕਲਕਾਰ\' ਸ਼ਬਦ ਉਹਨਾਂ ਕਲਾਕਾਰਾਂ ਲਈ ਵਰਤਿਆ ਗਿਆ ਹੈ ਜੋ ਕੁਝ ਵੀ ਗੰਦ-ਮੰਦ ਮੂੰਹੋਂ ਕੱਢਣ ਤੋਂ ਪਹਿਲਾਂ ਇਹ ਭੁੱਲੇ ਹੋਏ ਹਨ ਕਿ ਉਹਨਾਂ ਦਾ ਖਿਲਾਰਿਆ ਹੋਇਆ ਸ਼ਬਦੀ ਗੰਦ ਉਹਨਾਂ ਦੀਆਂ ਆਪਣੀਆਂ ਬੇਟੀਆਂ, ਭੈਣਾਂ, ਪਤਨੀਆਂ ਜਾਂ ਮਾਵਾਂ ਲਈ ਵੀ ਓਨਾ ਹੀ ਖਤਰਨਾਕ ਹੋਵੇਗਾ ਜਿੰਨਾ ਕਿ ਦੂਜਿਆਂ ਦੀਆਂ ਲਈ। ਕਿੱਧਰੋਂ ਕੋਈ ਖਬਰ ਆਉਂਦੀ ਹੈ ਕਿ ਇੱਕ ਕੁੜੀ ਵੱਲੋਂ ਛੇੜਛਾੜ ਕਰਨ ਵਾਲੇ ਬਾਰੇ ਆਪਣੇ ਪਿਓ ਨੂੰ ਦੱਸਣ \'ਤੇ ਛੇੜਛਾੜ ਕਰਨ ਵਾਲਾ ਉਸ ਕੁੜੀ ਦੇ ਪੁਲਸੀਏ ਪਿਓ ਨੂੰ ਗੋਲੀਆਂ ਨਾਲ ਭੁੰਨ ਤੁਰ ਜਾਂਦੈ। ਕਿੱਧਰੇ ਖਬਰ ਆਉਂਦੀ ਹੈ ਕਿ ਲਾਚੜੇ ਹੋਏ ਹਥਿਆਰਬੰਦ ਨੌਜ਼ਵਾਨਾਂ ਵੱਲੋਂ ਸਕੂਲੀ ਕੁੜੀਆਂ ਦੀ ਬੱਸ ਘੇਰ ਲਈ ਤੇ ਕਿੱਧਰੋਂ ਕੁੜੀ ਦੇ ਮੂੰਹ ਉੱਪਰ ਤੇਜ਼ਾਬ ਪਾਉਣ ਦੀ ਖ਼ਬਰ ਨਸ਼ਰ ਹੁੰਦੀ ਹੈ। ਅਗਵਾ ਕਰਨ ਦੀਆਂ ਘਟਨਾਵਾਂ ਤਾਂ ਜਿਵੇਂ ਆਮ ਜਿਹੀਆਂ ਹੋ ਗਈਆਂ ਹੋਣ। ਪਰ ਜੇ ਅਸੀਂ ਡੂੰਘਾਈ ਨਾਲ ਸੋਚੀਏ ਕਿ ਇਹੋ ਜਿਹੀਆਂ ਵਾਰਦਾਤਾਂ ਕਰ ਕੌਣ ਰਿਹੈ ਤਾਂ ਸਭ ਦਾ ਇੱਕੋ ਜਿਹਾ ਜਵਾਬ ਹੀ ਹੋਵੇਗਾ ਕਿ \'\'ਪੰਜਾਬ ਦੀ ਵਿਗੜੀ ਹੋਈ ਮੁੰਡੀਹਰ।\" ਪਰ ਦੋਸਤੋ ਕੀ ਅਸੀਂ ਕਦੇ ਠੰਡੇ ਦਿਮਾਗ ਨਾਲ ਸੋਚਿਐ ਕਿ ਪੰਜਾਬ ਦੀਆਂ ਮਾਵਾਂ ਦੇ ਬੇਰੁਜ਼ਗਾਰ ਪੁੱਤਾਂ ਨੂੰ ਵਿਗੜੀ ਹੋਈ ਮੁੰਡੀਹਰ ਤੱਕ ਕਿਸਨੇ ਅਤੇ ਕਿਉਂ ਪਹੁੰਚਾਇਐ?
ਆਓ ਫਿਰ ਲੀਰਾਂ ਦੀ ਖਿੱਦੋ ਫਰੋਲੀਏ। ਉਮੀਦ ਹੈ ਕਿ ਲੀਰਾਂ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਨਿੱਕਲੇਗਾ। ਭਾਰਤ ਦੇ ਸੰਵਿਧਾਨ ਵਿੱਚ ਸੰਵਿਧਾਨ ਘਾੜਿਆਂ ਦੁਆਰਾ ਅੰਕਿਤ ਕੀਤਾ ਗਿਆ ਸੀ ਕਿ ਸੰਵਿਧਾਨ ਲਾਗੂ ਹੋਣ ਤੋਂ 10 ਸਾਲ ਦੇ ਅੰਦਰ ਜਾਣੀਕਿ 1960 ਤੱਕ ਹਰ ਇੱਕ ਨੂੰ (ਜੋ ਚਾਹੁੰਦਾ ਹੈ) ਰੁਜ਼ਗਾਰ ਦਿੱਤਾ ਜਾਵੇਗਾ। ਸਾਲਾਂ ਦਾ ਹਿਸਾਬ ਕਿਤਾਬ ਆਪ ਲਾ ਲਓ ਕਿ ਐਨੇ ਵਰ੍ਹੇ ਬੀਤਣ ਦੇ ਬਾਵਜੂਦ ਵੀ ਕਿਸੇ ਸਰਕਾਰ ਨੂੰ ਸੰਵਿਧਾਨਕ ਵਾਅਦਾ ਯਾਦ ਵੀ ਹੈ ਜਾਂ ਨਹੀਂ? ਪੜ੍ਹ ਲਿਖ ਕੇ ਵੀ ਬੇਰੁਜ਼ਗਾਰਾਂ ਦੀ ਫੌਜ਼ ਵਿੱਚ ਭਰਤੀ ਹੋਣ ਵਾਲੇ ਨੌਜ਼ਵਾਨ ਜਦੋਂ ਮਾਪਿਆਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣੋਂ ਅਸਮਰੱਥ ਹੋ ਜਾਂਦੇ ਹਨ ਤਾਂ ਜ਼ਿਆਦਾਤਰ ਹੀਣਭਾਵਨਾ ਦੇ ਸ਼ਿਕਾਰ ਹੋ ਕੇ ਕਿਸੇ ਨਾ ਕਿਸੇ ਨਸ਼ੇ ਦਾ ਸਹਾਰਾ ਜਰੂਰ ਲੈਂਦੇ ਹਨ। ਹਰ ਨੌਜ਼ਵਾਨ ਮਨ ਦੀ ਇੱਛਾ ਹੁੰਦੀ ਹੈ ਕਿ ਉਹ ਚੰਗੀ ਸਮਾਜਿਕ ਜ਼ਿੰਦਗੀ ਜੀਵੇ ਪਰ ਉਸਨੂੰ ਐਨੇ ਜੱਫ਼ਰ ਜਾਲ ਕੇ ਵੀ ਜੇ ਧੱਕੇ ਮਿਲਦੇ ਹਨ ਤਾਂ ਭਟਕਣਾ ਦਾ ਸ਼ਿਕਾਰ ਹੋਣਾ ਪੱਥਰ \'ਤੇ ਲੀਕ ਵਾਂਗ ਹੈ। ਇੱਕ ਗੱਲ ਯਾਦ ਰੱਖਣਯੋਗ ਹੈ ਕਿ \'\'ਜਿਸਦੀ ਕੋਠੀ ਦਾਣੇ, ਓਹਦੇ ਕਮਲੇ ਵੀ ਸਿਆਣੇ।\" ਜੇਬੋਂ ਖਾਲੀ ਨੌਜ਼ਵਾਨ ਆਪਣੀ ਮਰਜ਼ੀ ਦਾ ਜੀਵਨ ਸਾਥੀ ਜਾਂ ਸਾਥਣ ਚੁਣਨ ਦਾ ਅਧਿਕਾਰ ਵੀ ਸਿਰਫ ਇਸੇ ਗੱਲੋਂ ਖੋਹ ਬੈਠਦਾ ਹੈ ਕਿ ਉਹ ਇੱਕ ਥੁੜ੍ਹਾਂ ਮਾਰੇ ਘਰ ਜਾਂ ਸਮਾਜ ਦਾ ਅੰਗ ਹੈ। ਪੈਸਾ ਸਾਰੇ ਢਕਾਅ ਢਕ ਦਿੰਦੈ। ਜੇ ਆਰਥਿਕ ਪੱਖ ਤਕੜਾ ਹੈ ਤਾਂ ਬਾਕੀ ਪੱਖ ਵੀ ਕੰਨੀਆਂ ਬਰਾਬਰ ਕਰ ਜਾਂਦੇ ਹਨ। ਇਹੀ ਵਜ੍ਹਾ ਹੋ ਸਕਦੀ ਹੈ ਕਿ ਜਿਆਦਾਤਰ ਘਰੋਂ ਭੱਜ ਕੇ ਵਿਆਹੇ ਗਏ ਜੋੜੇ ਜਾਂ ਤਾਂ ਖੁਦ ਮੌਤ ਦੇ ਮੂੰਹ \'ਚ ਜਾਣਾ ਕਬੂਲ ਲੈਂਦੇ ਹਨ ਜਾਂ ਫਿਰ ਅਣਖ ਦੇ ਨਾਂ \'ਤੇ ਕਤਲ ਕਰ ਦਿੱਤੇ ਜਾਂਦੇ ਹਨ। ਪਰ ਜਦੋਂ ਨਿੱਜੀ (ਪਰਿਵਾਰਕ) ਸਵਾਰਥਾਂ ਲਈ ਰਿਸ਼ਤਾ ਕਰਨਾ ਹੋਵੇ ਤਾਂ ਉਮਰਾਂ ਦਾ ਵਾਧਾ-ਘਾਟਾ ਵੀ ਨਹੀਂ ਦੇਖਿਆ ਜਾਂਦਾ। ਤੀਲਾ ਤੀਲਾ ਹੋਈ ਬੇਰੁਜ਼ਗਾਰ ਨੌਜ਼ਵਾਨੀ ਜੇ ਕਿਸੇ ਦਿਨ ਇਕੱਠੀ ਹੋ ਗਈ ਤਾਂ ਇੱਕ ਬਹੁਕਰ ਜਾਂ ਝਾੜੂ ਦਾ ਰੂਪ ਧਾਰਨ ਕਰ ਸਕਦੀ ਹੈ। ਸਭ ਜਾਣਦੇ ਹਨ ਕਿ ਝਾੜੂ ਗੰਦ ਨੂੰ ਵੀ ਹੂੰਝ ਕੇ ਬਾਹਰ ਵਗਾਹ ਮਾਰਨ ਦੇ ਕੰਮ ਆ ਜਾਂਦੈ। ਨੌਜ਼ਵਾਨੀ ਨੂੰ ਝਾੜੂ ਵਾਂਗ ਏਕੇ ਦੇ ਸੂਤਰ \'ਚ ਨਾ ਪਰੋਏ ਜਾਣ ਦੇ ਭਵਿੱਖੀ ਤੌਖਲਿਆਂ ਨੂੰ ਅਮਲੀ ਰੂਪ ਦੇਣ ਲਈ ਅਜੋਕੇ ਦੌਰ ਵਿੱਚ ਰਾਜਨੀਤਕ (ਸੱਤਾਧਾਰੀ) ਲੋਕਾਂ ਲਈ ਸੱਭਿਆਚਾਰ ਅਜਿਹੇ ਹਥਿਆਰ ਵਜੋਂ ਕੰਮ ਕਰ ਰਿਹਾ ਹੈ ਜਿਸਦਾ ਨਾ ਤਾਂ ਸਰੀਰ \'ਤੇ ਕਿੱਧਰੇ ਜ਼ਖਮ ਦਾ ਨਿਸ਼ਾਨ ਪੈਂਦੈ, ਨਾ ਹੀ ਪਿਸਤੌਲ ਬੰਦੂਕ ਵਾਂਗ ਖੜਕਾ ਹੁੰਦੈ ਤੇ ਨਾ ਹੀ ਵਿਹੜਿਆਂ ਵਿੱਚ ਇੱਕਦਮ ਕੁਰਲਾਹਟ ਪੈ ਕੇ ਸੱਥਰ ਵਿਛਦੇ ਹਨ। ਹੁੰਦੀ ਮੌਤ ਹੀ ਹੈ ਪਰ ਸਰੀਰਕ ਨਹੀਂ ਸਗੋਂ ਨੌਜ਼ਵਾਨੀ ਮਾਨਸਿਕ ਤੌਰ \'ਤੇ ਮਰਦੀ ਹੈ। ਇਸ ਨੌਜ਼ਵਾਨੀ ਦੇ ਘਾਣ ਵਿੱਚ ਪਿਸਤੌਲ ਬੰਦੂਕਾਂ ਦੇ ਵੀ ਘੋੜੇ ਨੱਪਣ ਦੀ ਜਰੂਰਤ ਨਹੀਂ ਸਗੋਂ ਇਸੇ ਬੇਰੁਜ਼ਗਾਰ ਨੌਜ਼ਵਾਨੀ ਵਿੱਚੋਂ ਹੀ ਸਰਕਾਰੀ ਖਾਦ ਨਾਲ ਵਧ ਕੇ ਤਿਆਰ ਹੋਏ ਪਿਸਤੌਲ ਬੰਦੂਕਾਂ ਗਾਇਕ ਕਲਾਕਾਰਾਂ (ਬੇਅਕਲਕਾਰਾਂ) ਦੇ ਰੂਪ ਵਿੱਚ ਸਿਰਫ ਸਟੇਜ਼ਾਂ \'ਤੋਂ ਬਰੂਦ ਗਾ ਕੇ ਅਤੇ ਲੱਕ ਹਿਲਾ ਕੇ ਦਰਸ਼ਕ ਤੇ ਸ਼ਰੋਤੇ ਬੇਰੁਜ਼ਗਾਰਾਂ ਦਾ ਮਾਨਸਿਕ ਤੌਰ \'ਤੇ ਕਤਲ ਕਰਦੇ ਹਨ। ਇੱਕ ਕਹਾਵਤ ਹੈ ਕਿ ਭੁੱਖੇ ਨੂੰ ਪਾਈ ਬਾਤ ਤੇ ਅੱਗੋਂ ਕਹਿੰਦਾ \'ਦੋ ਰੋਟੀਆਂ\'। ਪਰ ਅੱਜ ਪੰਜਾਬ ਦਾ ਮਾਹੌਲ ਹੀ ਇਹ ਬਣਾਇਆ ਜਾ ਚੁੱਕਾ ਹੈ ਕਿ ਜੇ ਪੰਜਾਬ ਦੀ ਲਾਈਲੱਗ ਬਣਾਈ ਜਾ ਚੁੱਕੀ ਜਿਆਦਾਤਰ ਬੇਰੁਜ਼ਗਾਰ ਨੌਜ਼ਵਾਨੀ ਅੱਗੇ ਇਹੀ ਬਾਤ ਪਾਈ ਜਾਵੇ ਤਾਂ ਉਹ ਆਖੇਗੀ ਕਿ \'\'ਮੇਰੀ ਲੁੱਕ ਤੇ ਫਲਾਣਿਆਂ ਦੀ ਕੁੜੀ ਦਾ ਲੱਕ।\"
ਪਾਠਕ ਵਰਗ ਵੀ ਇੰਨਾ ਅਨਭੋਲ ਨਹੀਂ ਹੁੰਦਾ ਕਿ ਹਰ ਗੱਲ ਦਾ ਵਿਸਥਾਰ ਕੀਤਾ ਜਾਵੇ। ਕਈ ਵਾਰ ਅਸੀਂ ਜਾਣਬੁੱਝ ਕੇ ਵੀ ਮੱਖੀ ਨਿਗਲਣ ਵਰਗੀ ਮਾਨਸਿਕਤਾ ਪਾਲ ਬਹਿੰਦੇ ਹਾਂ। ਬੇਰੁਜ਼ਗਾਰ, ਬੇਅਕਲਕਾਰ ਦਾ ਜ਼ਿਕਰ ਹੋਣ ਤੋਂ ਬਾਦ ਸਰਕਾਰ ਹੀ ਬਚਦੀ ਹੈ। ਆਓ, ਮੋਤੀਆਂ ਵਾਲੀ ਸਰਕਾਰ ਬਾਰੇ ਵੀ ਵਿਚਾਰ ਚਰਚਾ ਕਰੀਏ ਕਿ \'ਗੌਰ-ਮਿੰਟ\' ਜੀ ਕਿਉਂ ਨਹੀਂ ਸਭ ਕੁਝ ਨੂੰ ਨੱਥ ਪਾਉਂਦੇ? ਭਲਿਓਪੁਰਸ਼ੋ! ਜੇ ਗੌਰਮਿੰਟ ਨੇ ਗੌਰ ਕਰ ਕੇ ਮਿੰਟ \'ਚ ਹੀ ਸਭ ਕੁਝ ਬੰਦ ਕਰਵਾ ਦਿੱਤਾ (ਜੋ ਕਰਵਾ ਵੀ ਸਕਦੀ ਹੈ) ਤਾਂ ਸੱਭਿਆਚਾਰ ਦੇ ਨਾਂ \'ਤੇ ਗੀਤਾਂ ਦੇ ਬੋਲਾਂ, ਵੀਡੀਓ ਫਿਲਮਾਂਕਣਾਂ ਅਤੇ ਫਿਲਮਾਂ ਰਾਹੀਂ ਦਿੱਤੇ ਜਾ ਰਹੇ ਹਿੰਸਾ ਨੂੰ ਬੜਾਵੇ \'ਤੇ ਰੋਕ ਲੱਗ ਜਾਵੇਗੀ। ਇਸ ਰੋਕ ਕਾਰਨ ਥਾਣਿਆਂ, ਹਸਪਤਾਲਾਂ, ਕਚਿਹਰੀਆਂ \'ਚ ਰੌਣਕਾ ਘਟ ਜਾਣਗੀਆਂ। ਨੌਜ਼ਵਾਨੀ ਗਾਇਕ ਕਲਾਕਾਰਾਂ ਦੇ ਮਾਰੇ ਪੰਪਾਂ ਕਾਰਨ ਆਸ਼ਕੀ ਖਾਤਰ ਹੁੰਦੇ ਆਪਸੀ ਕਾਟੋ ਕਲੇਸ਼, ਕਤਲੋਗਾਰਦ ਤੋਂ ਵਿਹਲੀ ਹੋ ਕੇ ਭੁੱਖੇ ਨੂੰ ਪਾਈ ਬਾਤ ਵਾਂਗ \'ਦੋ ਰੋਟੀਆਂ\' ਕਹਿਣ ਲੱਗ ਪਵੇਗੀ। ਖੁਦ ਦੇ ਪੇਟ ਦੀ ਭੁੱਖ ਅਤੇ ਮਾਪਿਆਂ ਦੇ ਸੁਪਨਿਆਂ ਬਾਰੇ ਸੋਚਣ ਦੀ ਵਿਹਲ ਮਿਲਣ \'ਤੇ ਇਹੀ ਨੌਜ਼ਵਾਨੀ ਆਪਣੀ ਯੋਗਤਾ ਦਾ ਅਸਲ ਮੁੱਲ ਪੁਆਉਣ ਜਾਂ 1950 \'ਚ ਕੀਤਾ ਸੰਵਿਧਾਨਕ ਵਾਅਦਾ ਪੂਰਾ ਕਰਵਾਉਣ ਲਈ ਨਾਅਰੇ ਮਾਰਨ ਦੇ ਰਾਹ ਨਾ ਤੁਰ ਪਵੇ, ਇਸੇ ਭਵਿੱਖੀ ਸੰਸੇ ਦਾ ਨਤੀਜਾ ਹੈ ਕਿ ਅੱਜ ਧਾਰਮਿਕ ਸਮਾਰੋਹਾਂ, ਖੇਡ ਸਮਾਰੋਹਾਂ ਜਾਂ ਫਿਰ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੀ ਯਾਦ \'ਚ ਹੁੰਦੇ ਸਮਾਗਮਾਂ ਵਿੱਚ ਵੀ ਨੌਜ਼ਵਾਨੀ ਨੂੰ ਗਾਇਕਾਂ ਦੇ ਮੂੰਹੋਂ ਇਹੀ \'ਸੰਦੇਸ਼\' ਦੁਆਏ ਜਾਂਦੇ ਹਨ ਕਿ ਜਿਹੜੀ ਕੁੜੀ ਤੁਹਾਡੇ ਨਾਲ ਬੇਵਫਾਈ ਕਰ ਗਈ ਉਸਦੇ ਵਿਯੋਗ \'ਚ ਜਾਂ ਤਾਂ ਦਾਰੂ ਪੀ ਪੀ ਕਿਵੇਂ ਮਰਨੈ ਜਾਂ ਫਿਰ ਖੁਦਕੁਸ਼ੀ ਕਿਵੇਂ ਕਰਨੀ ਹੈ? ਜਾਂ (ਇਹ ਭੁੱਲ ਕੇ ਕਿ ਸਭ ਪੁਆੜਿਆਂ ਦੀ ਜੜ੍ਹ ਰੁਜ਼ਗਾਰ ਦਾ ਨਾ ਮਿਲਣਾ ਹੈ) ਕੁੜੀ ਦੇ ਮਾਪਿਆਂ ਵੱਲੋਂ ਰਾਜੀ ਨਾ ਹੋਣ \'ਤੇ ਉਸਨੂੰ ਚੁੱਕ ਕੇ ਕਿਵੇਂ ਲਿਜਾਣਾ ਹੈ। ਜਾਂ ਫਿਰ ਉਹਨਾਂ ਨੌਜ਼ਵਾਨਾਂ ਨੂੰ ਮੱਤ ਹੀ ਇਹ ਦੇਣੀ ਹੈ ਕਿ \'ਬੇਵਫਾ\' ਹੋਏ ਮਹਿਬੂਬ ਨੂੰ ਤਾਅਨੇ ਮਾਰਨ ਲਈ ਆਵਦੇ ਖੂਨ ਨਾਲ ਖ਼ਤ ਕਿਵੇਂ ਲਿਖਣੇ ਹਨ?
ਜੋ ਵੀ ਹੈ ਹਾਲ ਦੀ ਘੜੀ ਸਰਕਾਰਾਂ ਪੰਜਾਬ ਦੀ ਬੇਰੁਜ਼ਗਾਰ ਨੌਜ਼ਵਾਨੀ ਨੂੰ ਰੁਜ਼ਗਾਰ ਮੰਗਣ ਦੇ ਰਾਹ ਤੋਂ ਭਟਕਾ ਕੇ ਗਾਇਕ ਗਾਇਕਾਵਾਂ ਦੇ ਲਟਕੇ ਝਟਕੇ ਦਿਖਾ ਕੇ ਭੁੱਖ ਖੁਣੋਂ ਰੋਂਦੇ ਜੁਆਕ ਨੂੰ \'ਛੁਣਛੁਣਾ\' ਫੜਾ ਕੇ ਚੁੱਪ ਕਰਾਉਣ ਦੇ ਆਹਰ \'ਚ ਰੁੱਝੀ ਹੋਈ ਹੈ ਪਰ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਹਰ ਕਿਸੇ ਨੂੰ ਇਹ ਗੱਲ ਆਪਣੇ ਜ਼ਿਹਨ ਦਾ ਹਿੱਸਾ ਬਣਾ ਕੇ ਚੱਲਣਾ ਚਾਹੀਦਾ ਹੈ ਕਿ ਸਿਰਫ ਬੇਧਿਆਨੀ ਨਾਲ ਚਿਰਾਗਾਂ ਕਾਰਨ ਹੀ ਘਰ ਸਵਾਹ ਨਹੀਂ ਹੁੰਦੇ ਸਗੋਂ ਪਾਪੀ ਪੇਟ ਦੀ ਅੱਗ ਦੇਸਾਂ ਨੂੰ ਵੀ ਰਾਖ ਕਰ ਸਕਦੀ ਹੈ।
-
ਮਨਦੀਪ ਖੁਰਮੀ ਹਿੰਮਤਪੁਰਾ (ਇੰ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.