ਪਿਛਲੇ ਹੱਫਤੇ ਅਖਬਾਰ ਵਿੱਚ ਖ਼ਬਰ ਪੜ੍ਹੀ ਕਿ ਅੰਮ੍ਰਿਤਸਰ ਵਿੱਚ ਇਕ ਸਿਆਸੀ ਆਗੂ ਨੇ ਦਿਨ ਦਿਹਾੜੇ ਪੁਲਿਸ ਅਫਸਰ ਦੀ ਛਾਤੀ ਵਿੱਚ ਗੋਲੀ ਮਾਰਕੇ ਉਸ ਦੀ ਹੱਤਿਆ ਕਰ ਦਿਤੀ ਹੈ | ਪੂਰੀ ਖ਼ਬਰ ਪੜ੍ਹਨ ਤੋਂ ਬਾਅਦ ਮੇਰੇ ਰੋਗਟੇ ਖੜੇ ਹੋ ਗਏ ਅਤੇ ਪਤਾ ਲਗਾ ਕਿ ਮੁਲਜ਼ਮ ਨੇ ਪੁਲਿਸ ਅਧਿਕਾਰੀ (ਏ.ਐਸ.ਆਈ) ਦੀ ਕੁੜੀ ਨਾਲ ਛੇੜਖਾਨੀ ਕੀਤੀ ਸੀ ਅਤੇ ਪੁਲਿਸ ਅਧਿਕਾਰੀ ਵਲੋਂ ਰੋਕੇ ਜਾਣ ਬਾਅਦ ਉਸ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਅਤੇ ਏ.ਐਸ.ਆਈ. ਉੱਤੇ ਗੋਲੀਆਂ ਦੀ ਵਰਖਾ ਕਰਕੇ ਉਸ ਨੂੰ ਆਪਣੀ ਕੁੜੀ ਦੀ ਇਜ਼ਤ ਦੀ ਰਾਖੀ ਕਰਨ ਦੇ ਜ਼ੁਲਮ ਵਿੱਚ ਸਦਾ ਲਈ ਖਾਮੋਸ਼ ਕਰ ਦਿੱਤਾ ਹੈ|
ਸਭ ਤੋਂ ਮੱਧਭਾਗੀ ਗੱਲ ਇਹ ਸੀ ਕਿ ਪੁਲਿਸ ਥਾਣਾ ਘਟਣਾ ਵਾਲੀ ਥਾਂ ਤੋਂ ਕਾਫੀ ਨਜ਼ਦੀਕ ਸੀ ਅਤੇ ਬਚਾ ਵਿੱਚ ਪੁਲਿਸ ਟੁਕੜੀ ਨੂੰ ਪਹੁੰਚਣ ਲਗਿਆਂ ਅੱਧਾ ਘੰਟਾ ਲੱਗ ਗਿਆ ਅਤੇ 108 ਨੰਬਰ ਐਬੂਲੈਂਸ ਦਾ ਕਿਤੇ ਨਾਮੋ-ਨਿਸ਼ਾਨ ਵੀ ਨਜ਼ਰ ਨਹੀਂ ਆਇਆ | ਨਤੀਜੇ ਵਜੋਂ ਪੁਲਿਸ ਅਧਿਕਾਰੀ ਆਪਣੀ ਧੀ ਦੀ ਰਾਖੀ ਕਰਦਿਆਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦੰਮ ਤੋੜ ਗਿਆ | ਇਹ ਸਭ ਪੜ੍ਹਕੇ ਮੇਰੀਆਂ ਅੱਖਾਂ ਭਰ ਆਇਆਂ ਅਤੇ ਮੈਂ ਸੋਚੀਂ ਪੈ ਗਿਆ ਕਿ ਮੇਰੇ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ | ਅੱਜ ਕਰੋੜਾਂ ਰੁਪਏ ਖ਼ਰਚ ਕਰ ਕੇ ਚਲਾਈ 108 ਨੰਬਰ ਐਬੂਲੈਂਸ ਲੀਡਰਾਂ ਦੀਆਂ ਤਸਵੀਰਾਂ ਲਗਾਉਣ ਤੱਕ ਹੀ ਸੀਮਤ ਰਹਿ ਗਈ ਹੈ ਅਤੇ ਥਾਣੇ ਸਿਆਸਤਦਾਨਾਂ-ਅਫਸਰਾਂ ਲਈ ਪੈਸ਼ੇ ਛਾਪਣ ਦੀਆਂ ਮਸ਼ੀਨਾਂ ਬਣ ਗਏ ਹਨ |
ਇਸ ਘੱਟਣਾਂ ਤੋਂ ਬਾਅਦ ਪੰਜਾਬ ਦਾ ਹਰ ਵਸਨੀਕ ਇਹ ਸੋਚਣ ਲਈ ਮਜ਼ਬੂਰ ਹੋ ਗਿਆ ਹੈ ਕਿ ਉਹ ਕੀ ਕਾਰਨ ਹਨ ਜਿਨਾਂ ਕਰਕੇ ਦੇਸ਼ ਦੇ ਹਰ ਵਸਨੀਕ ਦੀ ਰਾਖੀ ਕਰਨ ਵਾਲਾ ਪੁਲਿਸ ਅਧਿਕਾਰੀਅੱਜ ਆਪਣੀ ਅਤੇ ਆਪਣੇ ਪਰਿਵਾਰ ਦੀ ਰਾਖੀ ਰੱਖਣ ਵਿੱਚ ਵੀ ਅਸਮਰੱਥ ਰਿਹਾ ?
ਹਲਾਤ ਐਨੇ ਮਾੜੇ ਹਨ ਕਿ ਅੱਜ ਹਰ ਰੋਜ ਅਖਬਾਰ ਵਿੱਚ ਕੋਈ ਨਵੀਂ ਖ਼ਬਰ ਪੜ੍ਹਨ ਨੂੰ ਮਿਲਦੀ ਹੈ -‘ਦੇਸ਼ ਦੇ ਸੱਭ ਤੋਂ ਵੱਡੇ ਸ਼ਰਾਬ ਦੇ ਵਪਾਰੀ ਦਾ ਕਤਲ ਅਤੇ ਸਿਆਸੀ ਆਗੂ ਸੁਖਦੇਵ ਸਿੰਘ ਨਾਮਧਾਰੀ ਗ੍ਰਿਫਤਾਰ’, ‘ਸਾਬਕਾ ਐਮ.ਐਲ.ਏ. ਮਲਕੀਤ ਸਿੰਘ ਕੀਤੂ ਦਾ ਕਤਲ’, ‘ਸ਼ਰੂਤੀ ਦਾ ਮੋਗੇ ਤੋਂ ਅਪਹਰਣ’, ‘ਸਰਕਾਰੀ ਜਾਂ ਗੈਰ-ਸਰਕਾਰੀ ਜ਼ਮੀਨ-ਜਾਇਦਾਦ ਉੱਤੇ ਨਜਾਇਜ਼ ਕਬਜ਼ਾ’ ਅਤੇ ਰੇਤ ਦੀਆਂ ਖਾਨਾ ਦੀ ਨਜਾਇਜ਼ ਖੁਦਾਈ’’ ਆਦਿ -ਇਹਨਾ ਸੁਰਖੀਆਂ ਦੀ ਗਹਿਰਾਈ ਨਾਲ ਖੋਜ ਕਰਨ ਤੋਂ ਬਾਅਦ ਇਹਨਾਂ ਦਾ ਗਹਿਰਾ ਰਿਸ਼ਤਾ ਮੰਹਿਗੀ ਹੋ ਚੁੱਕੀ ਸਿਆਸਤ ਦੀਆਂ ਜੜ੍ਹਾਂਨਾਲ ਜਾ ਜੁੜਦਾ ਹੈ |
ਸਿਆਸਤ ਦੀ ਆੜ੍ਹ ਵਿੱਚ ਪਲ ਰਹੇ ਖ਼ਤਰਨਾਕ ਮਾਫ਼ੀਆ ਕਾਰਨ ਹੱਸਦਾ- ਵੱਸਦਾ ਪੰਜਾਬ ਬਰਬਾਦੀ ਦੀ ਰਾਹ ਉਤੇ ਚਲਦਾ ਅਫਗਾਨਿਸਤਾਨ ਬਣਦਾ ਜਾ ਰਿਹਾ ਹੈ ਅਤੇ ਹਲਾਤ ਇਹ ਪੈਦਾ ਹੋ ਗਏ ਹਨ ਕਿ ਲਾਡਾਂ ਨਾਲ ਪਾਲੀ ਧੀਨੂੰ ਘਰੋਂ ਬਾਹਰ ਭੇਜਣ ਲੱਗਿਆ ਹਰ ਮਾਂ-ਬਾਪ ਦਾ ਕਲੇਜਾ ਹੇਠਾਂ ਡਿੱਗ ਪੈਂਦਾ ਹੈ| ਪੰਜਾਬ ਵਿਚੋਂ ‘ਕਾਨੂੰਨ ਦਾ ਰਾਜ’ ਗਾਇਬ ਹੋ ਰਿਹਾ ਹੈ ਅਤੇ ‘ਬੰਦੇ ਦਾ ਰਾਜ’ ਹੋਣ ਕਾਰਨ ਇੱਥੇ ਵੱਸੇ ਹਰ ਵਸਨੀਕ ਨੂੰ ਆਪਣੀ ਜਿੰਦਗੀ ਡਰ ਅਤੇ ਸਹਿਮ ਵਿੱਚ ਬਸਰ ਕਰਨੀ ਪੈ ਰਹੀ ਹੈ | ਇੱਥੇ ਸਵਾਲ ਇਹ ਉੱਠਦਾ ਹੈ ਕਿ ਸਿਆਸਤ ਗੰਧਲੀ ਅਤੇ ਥਾਣੇ ਭਰਿਸ਼ਟ ਹੋਣ ਕਾਰਨ ਅੱਜ ਮਾਂ-ਬਾਪ ਆਪਣੀ‘ਨੰਨੀ ਛਾਂ’ ਦੀ ਰਾਖੀ ਲਈ ਕਿਸ ਅਦਾਰੇ ਦਾ ਕੁੰਡਾ ਖੜਕਾਉਣ?
ਸਿਆਸਤਦਾਨਾਂ ਦੀ ਆੜ੍ਹ ਵਿੱਚ ਬਹੁਤ ਸਾਰੇ ਗੁਨਾਹਗਾਰ ਪੈਸੇ ਜਾਂ ਆਪਣੇ ਸਿਆਸੀ ਰੁਤਬੇ ਦੀ ਗਲਤ ਵਰਤੋਂ ਨਾਲ ਕਾਨੂੰਨ ਅਤੇ ਅਫਸਰਾਂ ਨੂੰ ਆਪਣੀ ਮੁੱਠੀ ਵਿੱਚ ਰੱਖਦੇ ਹਨ ਅਤੇ ਬਹੁਤ ਦਲੇਰੀ ਨਾਲ ਦਿਨ-ਦਿਹਾੜੇ ਸ਼ਰੇਆਮ ਅਪਰਾਧ ਕਰਦੇ ਹਨ | ਫੜੇ ਜਾਣ ਉੱਤੇ ਸਿਆਸਦਾਨ ਆਪਣੀ ਤਾਕਤ ਦਾ ਇਸਤਮਾਲ ਕਰਕੇ ਅਪਰਾਧੀ ਨੂੰ ਬਗੈਰ ਕੇਸ ਬਣਿਆ ਸਿਫਾਰਸ਼ ਨਾਲ ਬਰੀ ਕਰਵਾ ਦਿੰਦੇ ਹਨ | ਜ਼ੁਲਮ ਕਰਨ ਤੋਂ ਬਾਅਦ ਅਪਰਾਧੀ ਦੇ ਬਚ ਨਿਕਲਣ ਕਾਰਨ ਉਸ ਦਾ ਹੋਂਸਲਾ ਹੋਰ ਵੱਧਦਾ ਹੈ ਅਤੇ ਆਮ-ਆਦਮੀ ਦਾ ਮਨੋਬਲ ਹੇਠਾਂ ਡਿੱਗਦਾ ਹੈ | ਜੇਕਰ ਕਿਸੇ ਮਜ਼ਬੂਰੀ ਵਿੱਚ ਇਹਨਾਂ ਨੂੰ ਫੜਕੇ ਜੇਲ ਵੀ ਭੇਜਣਾ ਪੈ ਜਾਵੇ ਤਾਂ ਇਹ ਗੁਨਾਹਗਾਰ ਵੱਡੇ ਤੋਂ ਵੱਡਾ ਗੁਨਾਹ ਕਰਨ ਤੋਂ ਬਾਅਦ ਅਦਾਲਤਾਂ ਵਿਚੋਂ ਦੇਰੀ ਜਾਂ ਮੁਲ੍ਹ ਮਿਲਦੇ ਇਨਸਾਫ਼ ਕਾਰਨ ਬੜੀ ਅਸਾਨੀ ਨਾਲ ਬਚ ਨਿਕਲਦੇ ਹਨ | ਅੱਜ ਵੇਖਣਾ ਇਹ ਹੈ ਕਿ ਮੌਜ਼ੂਦਾ ਹਲਾਤਾਂ ਨੂੰ ਸਮਝਦਿਆਂ ਵੋਟਰ, ਸਿਆਸਤਦਾਨ, ਪੁਲਿਸ ਪਰਸ਼ਾਸ਼ਨ ਅਤੇ ਦੇਸ਼ ਦੀਆਂ ਅਦਾਲਤਾਂ ਕਹਿੜਾ ਕਦਮ ਚੁੱਕਦੀਆਂ ਹਨ ਜਿਸ ਨਾਲ ਹਰ ਵਸਨੀਕ ਦਾ ਸਰਕਾਰ, ਪੁਲਿਸ ਅਤੇ ਕਾਨੂੰਨ ਉੱਤੇ ਵਿਸ਼ਵਾਸ਼ ਬਰਕਰਾਰ ਰਹਿ ਸਕੇ|
ਸਿਆਸਤ ਦੀ ਆੜ੍ਹ ਵਿੱਚ ਪਲ ਰਹੇ ਮਾਫ਼ੀਆ ਨੇ ਸੂਬੇ ਦੇ ਬਹੁਤ ਸਾਰੇ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਆਪਣੇ ਜਾਲ ਵਿੱਚ ਫਸਾਕੇ ਭਾਰੀ ਨਸ਼ਿਆਂ ਦਾ ਗੁਲਾਮ ਬਣਾ ਦਿੱਤਾ ਹੈ ਅਤੇ ਬਹੁਤ ਸਾਰੇ ਬੇਰੁਜ਼ਗਾਰ ਨੌਜ਼ਵਾਨ ਨੌਕਰੀਆਂ ਨਾ ਮਿਲਣ ਕਾਰਨ ਜ਼ੁਲਮ ਦਾ ਰਸਤਾ ਅਖਤਿਆਰ ਕਰ ਚੁੱਕੇ ਹਨ | ਜੇਕਰ ਪੰਜਾਬ ਸਰਕਾਰ ਪਿੰਡ ਪੱਧਰ ਉਤੇ ਕਿਸਾਨੀ ਨਾਲ ਜੁੜੇ ਕਰੋਬਾਰ ਅਤੇ ਸੂਬੇ ਵਿੱਚ ਕਾਰਖਾਨੇ ਖੋਲਣ ‘ਚ ਅਸਮਰਥ ਰਹਿੰਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਬੇਰੁਜ਼ਗਾਰ ਲੋਕ ਕਾਨੂੰਨ ਦੀ ਪ੍ਰਵਾਹ ਕੀਤਿਆਂ ਬਗੈਰ ਸ਼ਰੇਆਂਮ ਸ਼ੜਕਾਂ ਉੱਤੇ ਲੁੱਟ-ਘਸੁੱਟ ਕਰ ਪੰਜਾਬ ਦੇ ਅਮਨ-ਅਮਾਨ ਨੂੰਪੂਰੀ ਤਰਾਂ ਬਰਬਾਦ ਕਰ ਦੇਣਗੇ |
ਇਸ ਮੁਸੀਬਤ ਦਾ ਹਲ੍ਹ ਕੱਢਣ ਲਈ ਲੋਕ ਅਪਰਾਧ ਨੂੰ ਬੜਾਵਾ ਦੈਣ ਵਾਲੇ ਸਿਆਸਤਦਾਨਾਂ ਨੂੰ ਰੋਜਾਨਾ ਜ਼ਿੰਦਗੀ ਵਿੱਚ ਆਪਣਾ ਸਹਿਯੋਗ ਦੈਣਾਂ ਬੰਦ ਕਰਨ | ਸੂਬੇ ਦੇ ਚੰਗੇ ਭਵਿੱਖ ਲਈ ਸਿਆਸਤਦਾਨ ਆਪਣੀ ਸਾਂਝ ਅਪਰਾਧਿਕ ਲੋਕਾਂ ਨਾਲ ਨਾ ਪਾਉਣ ਅਤੇ ਸਰਕਾਰੀ ਦਫਤਰਾਂ ਵਿੱਚ ਆਪਣੀ ਦਖਲਅੰਦਾਜ਼ੀ ਬੰਦ ਕਰਕੇ ਪੰਜਾਬ ਵਿੱਚ ਕਾਨੂੰਨ ਦਾ ਰਾਜ ਸਥਾਪਿਤ ਕਰਨ ਨੂੰ ਤਰਜੀਹ ਦੇਣ | ਪੁਲਿਸ ਪਰਸ਼ਾਸ਼ਨ ਸਿਆਸੀ ਲੋਕਾਂ ਦੀ ਸ਼ਿਫਾਰਸ਼ ਦੀ ਪ੍ਰਵਾਹ ਕੀਤਿਆਂ ਬਗੈਰ ਕਾਨੂੰਨ ਮੁਤਾਬਿਲ ਬਣਦੀ ਕਾਰਵਾਈ ਕਰੇ| ਕੇਂਦਰ ਸਰਕਾਰ ਅਦਾਲਤਾਂ ਵਿਚੋਂ ਇਨਸਾਫ਼ ਦਵਾਉਣ ਲਈ ਹਰ ਕੇਸ ਨੂੰ ਸਮਾਂ ਬੰਦ ਕਰਨ ਦੀ ਕੋਈ ਠੋਸ ਯੋਜਨਾ ਬਣਾਏ ਤਾਂ ਜੋ ਹਰ ਆਮ-ਆਦਮੀ ਨੂੰ ਸਮੇਂ ਸਿਰਇਨਸਾਫ਼ ਮਿਲ ਸਕੇ |ਪੰਜਾਬ ਸਰਕਾਰ ਪਹਿਲ ਦੇ ਅਧਾਰ ਉੱਤੇ ਸੂਬੇ ਵਿੱਚ ਅਮਨ-ਅਮਾਨ ਦੀ ਸਥਿਤੀ ਕਾਇਮ ਕਰਕੇ ‘ਕਾਨੂੰਨ ਦਾ ਰਾਜ’ ਸਥਾਪਿਤ ਕਰੇ | ਜੇ ਕਰ ਇਸ ਤਰਾਂ ਨਹੀਂ ਹੁੰਦਾ ਤਾਂ ਕਿਸੇ ਵੀ ਅਮੀਰ, ਗਰੀਬ, ਸਿਆਸਤਦਾਨ ਜਾਂ ਅਫਸਰ ਦੀ ਧੀ-ਭੈਣ ਘਰ ਦੇ ਬੂਹੇ ਤੋਂ ਬਾਹਰ ਪੈਰ ਰੱਖਦਿਆਂ ਹੀ ਸੁਰੱਖਿਅਤ ਨਹੀਂ ਹੋਵੇਗੀ ਅਤੇ ਲੁੱਟ-ਘਸੁੱਟ, ਭ੍ਰਿਸ਼ਟਾਚਾਰ ਜਾਂ ਰਿਸ਼ਵਤ ਨਾਲ ਕਮਾਇਆ ਧੰਨ ਕਿਸੇ ਵੀ ਨਾਗਰਿਕ ਦੀ ਵੀ ਰਾਖੀ ਨਹੀਂ ਕਰ ਪਾਵੇਗਾ |
-
By : ਅਮਨਪ੍ਰੀਤ ਸਿੰਘ ਛੀਨਾ (M.Sc. ਆੱਕ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.