ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਜੀ ਨੂੰ ਭਾਵੇਂ ਪਿਛਲੇ ਸਾਲ ਤੋਂ ਹੀ ਡਾਇਲਸਿਸ ਦੇ ਸਹਾਰੇ ਸਮਾਂ ਲੰਘਾਉਣਾ ਪੈ ਰਿਹਾ ਸੀ । ਪਰ ਹੁਣ 19 ਨਵੰਬਰ ਨੂੰ ਫੇਫੜਿਆਂ ਦੀ ਇਨਫੈਕਸ਼ਨ ਸਦਕਾ ਗੁੜਗਾਉਂ ਦੇ ਮੈਡੀਸਿਟੀ ਮਿਡਾਂਟਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਸ ਦਿਨ ਤੋਂ ਹੀ ਉਹ ਵੈਂਟੀਲੇਟਰ ਸਹਾਰੇ ਜ਼ਿੰਦਗੀ ਦੀ ਆਖ਼ਰੀ ਲੜਾਈ ਲੜ ਰਹੇ ਸਨ । ਪਰ ਅੱਜ ਸ਼ੁਕਰਵਾਰ ਨੂੰ ਉਹ ਹਸਪਤਾਲ ਵਿੱਚ ਹੀ 3.31 ਵਜੇ ਜ਼ਿੰਦਗੀ ਦੀ ਆਖ਼ਰੀ ਲੜਾਈ ਹਾਰ ਗਏ । ਦੇਸ਼ ਵਿੱਚ ਸ਼ੋਕ ਦੀ ਲਹਿਰ ਫੈਲ ਗਈ ।
ਅੱਜ ਦੇ ਘੁਟਾਲਿਆਂ ਵਾਲੇ ਦੌਰ ਵਿੱਚ ਕਿਸੇ ਵਿਅਕਤੀ ਦਾ ਅਜਿਹਾ ਹੋਣਾ ਜਿਸ ਉੱਤੇ ਅਜਿਹਾ ਕੋਈ ਇਲਜ਼ਾਮ ਨਾ ਲੱਗਿਆ ਹੋਵੇ,ਲੱਭਣਾ ਬਹੁਤ ਮੁਸ਼ਕਲ ਹੈ । ਪਰ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਜੋ ਅੱਜ ਸਰੀਰਕ ਤੌਰ ‘ਤੇ ਸਾਡੇ ਵਿੱਚ ਨਹੀਂ ਰਹੇ । ਇਸ ਗੱਲ ‘ਤੇ ਖ਼ਰੇ ਉਤਰਦੇ ਹਨ । ਜਿੰਨਾਂ ਦਾ ਜਨਮ 4 ਦਸੰਬਰ 1919 ਨੂੰ ਜਿਹਲਮ ,ਪੰਜਾਬ (ਪਾਕਿਸਤਾਨ) ਵਿੱਚ ਅਵਤਾਰ ਨਰਾਇਣ ਗੁਜਰਾਲ ਅਤੇ ਪੁਸ਼ਪਾ ਦੇਵੀ ਗੁਜਰਾਲ ਦੇ ਘਰ ਹੋਇਆ । ਉਹ ਉਰਦੂ ਤੋਂ ਇਲਾਵਾ ਪੰਜਾਬੀ ,ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਚੰਗੇ ਗਿਆਤਾ ਸਨ । ਉਹਨਾਂ ਨੇ ਐਮ ਏ,ਬੀ ਕਾਮ,ਪੀਐਚ ਡੀ,ਅਤੇ ਡੀ ਲਿਟ ਵਰਗੀਆਂ ਡਿਗਰੀਆਂ ਵੀ ਹਾਸਲ ਕੀਤੀਆਂ । ਦੇਸ਼ ਦੇ 12 ਵੇਂ ਪ੍ਰਧਾਨ ਮੰਤਰੀ ਵਜੋਂ ਉਹਨਾਂ 21 ਅਪ੍ਰੈਲ 1997 ਤੋਂ 19 ਮਾਰਚ 1998 ਤੱਕ ਦੇਸ਼ ਦੀ ਵਾਗਡੋਰ ਸੰਭਾਲੀ । ਆਜ਼ਾਦੀ ਸੰਗਰਾਮੀਏ ਵਜੋਂ ਕੁਇਟ ਇੰਡੀਆ ਮੂਵਮੈਂਟ ਤਹਿਤ 1942 ਵਿੱਚ ਜੇਲ੍ਹ ਯਾਤਰਾ ਕਰਨ ਵਾਲੇ ਅਤੇ 26 ਮਈ 1945 ਨੂੰ ਸ਼ੀਲਾ ਗੁਜਰਾਲ ਨਾਲ ਵਿਆਹੁਤਾ ਜ਼ਿੰਦਗੀ ਸ਼ੁਰੂ ਕਰਨ ਵਾਲੇ, ਗੁਜਰਾਲ ਜੀ 1975 ਵਿੱਚ ਇਨਫਰਮੇਸ਼ਨ ਅਤੇ ਬਰਾਡਕਾਸਟਿੰਗ ਮਨਿਸਟਰ ਰਹਿਣ ਤੋਂ ਇਲਾਵਾ ਸੋਵੀਅਤ ਸੰਘ ਵਿਖੇ ਭਾਰਤੀ ਰਾਜਦੂਤ ਵੀ ਰਹੇ । ਬਹੁਤ ਸਾਰੇ ਮੁਲਕਾਂ ਦੀ ਯਾਤਰਾ ਕਰਨ ਵਾਲੇ ਗੁਜਰਾਲ ਜੀ ਹੁਣ ਵੀ ਦਰਜਨਾ ਸੰਸਥਾਵਾਂ ਦੇ ਅਹੁਦੇਦਾਰ ਸਨ ।
ਇੰਦਰ ਕੁਮਾਰ ਗੁਜਰਾਲ ਜੀ ਨੇ ਜੁਲਾਈ 1980 ਵਿੱਚ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਜਨਤਾ ਦਲ ਨੂੰ ਅਪਣਾਅ ਲਿਆ । ਜਦ 1989 ਵਿੱਚ ਚੋਣਾਂ ਹੋਈਆ ਤਾਂ ਉਹ ਜਲੰਧਰ ਤੋਂ ਚੋਣ ਜਿੱਤ ਕੇ ਸੰਸਦ ਮੈਬਰ ਬਣ ਗਏ ਅਤੇ ਵੀ ਪੀ ਸਿੰਘ ਦੇ ਮੰਤਰੀ ਮੰਡਲ ਵਿੱਚ 5 ਦਸੰਬਰ 1989 ਤੋਂ 10 ਨਵੰਬਰ 1990 ਤੱਕ ਐਕਸਟਰਨਲ ਇਫੇਅਰਜ਼ ਮੰਤਰੀ ਰਹੇ । ਪਹਿਲੀ ਖਾੜੀ ਜੰਗ ਸਮੇ ਸੁਦਾਮ ਹੁਸੈਨ ਨੂੰ ਮਿਲਣ,ਸ੍ਰੀਨਗਰ ਵਿਖੇ ਰੁਬਈਆ ਸਈਅਦ ਦੇ ਕਿਡਨੈਪਿੰਗ ਮਾਮਲੇ ਦੇ ਹੱਲ ਲਈ ,ਇਰਾਕ,ਕੁਵੈਤ ਵਿਖੇ ਗੱਲਬਾਤ ਕਰਨ ਲਈ, ਸ਼੍ਰੀ ਗੁਜਰਾਲ ਨੇ ਮੁਹਰੀ ਅਤੇ ਉਸਾਰੂ ਰੋਲ ਅਦਾਅ ਕੀਤਾ । ਮੱਧ ਕਾਲੀ ਚੋਣਾਂ ਸਮੇ 1991 ਵਿੱਚ ਪਟਨਾ (ਬਿਹਾਰ) ਤੋਂ ਚੋਣ ਲੜੀ ਅਤੇ ਜਨਤਾ ਦਲ ਦੇ ਮੁਹਰੀ ਨੇਤਾ ਵਜੋਂ ਉਭਰਦਿਆਂ 1992 ਵਿੱਚ ਰਾਜ ਸਭਾ ਦੇ ਮੈਂਬਰ ਬਣੇ ।
ਯੂਨਾਈਟਿਡ ਫਰੰਟ ਦੀ 1996 ਵਿੱਚ ਬਣੀ ਸਰਕਾਰ ਸਮੇ ਐਕਸਟਰਨਲ ਇਫ਼ੇਅਰਜ਼ ਮਨਿਸਟਰ ਦਾ ਅਹੁਦਾ ਫਿਰ ਦਿੱਤਾ ਗਿਆ ਇਸ ‘ਤੇ ਉਹ ਪਹਿਲੀ ਜੂਨ 1996 ਤੋਂ 21 ਮਾਰਚ 1998 ਤੱਕ ਰਹੇ । ਇਸ ਅਹੁਦੇ ਤੋਂ ਇਲਾਵਾ ਉਹਨਾ ਕੁੱਝ ਹੋਰਨਾਂ ਖੇਤਰਾਂ ਦੇ ਕਾਰਜ ਵੀ ਸਫਲਤਾ ਸਹਿਤ ਨੇਪਰੇ ਚੜ੍ਹਾਏ । ਇਸ ਸਰਕਾਰ ਨੂੰ ਕਾਂਗਰਸ ਪਾਰਟੀ ਦਾ ਜੋ ਬਾਹਰੀ ਸਹਿਯੋਗ ਸੀ,ਉਸ ਨੇ ਉਹ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ,ਤਾਂ ਯੂਨਾਈਟਿਡ ਫਰੰਟ ਨੇ ਐਚ ਡੀ ਦੇਵਗੌੜਾ ਦੀ ਥਾਂ ਆਈ ਕੇ ਗੁਜਰਾਲ ਨੂੰ ਨੇਤਾ ਚੁਣ ਲਿਆ । ਕਾਂਗਰਸ ਵੀ ਸਹਿਮਤ ਹੋ ਗਈ ਅਤੇ ਗੁਜਰਾਲ ਜੀ ਨੇ ਪ੍ਰਧਾਨ ਮੰਤਰੀ ਵਜੋਂ 21 ਅਪ੍ਰੈਲ 1997 ਨੂੰ ਸਹੁੰ ਚੁੱਕੀ । ਪਰ ਕੁੱਝ ਹੀ ਹਫ਼ਤਿਆਂ ਬਾਅਦ ਉਹਨਾਂ ਦੁਆਲੇ ਸਮੱਸਿਆਵਾਂ ਘੇਰਾ ਘੱਤਣ ਲੱਗੀਆਂ । ਗੁਜਰਾਲ ਜੀ ਨੇ ਇਹ ਵੇਖਦਿਆਂ ਕੋਲਕਾਤਾ ਵਿਖੇ ਇੱਕ ਪਬਲਿਕ ਜਲਸੇ ਵਿੱਚ 23 ਨਵੰਬਰ 1997 ਨੂੰ ਮੱਧ ਕਾਲੀ ਚੋਣਾਂ ਦੇ ਸੰਕੇਤ ਵੀ ਦਿੱਤੇ । ਜਿਓਂ ਹੀ ਕਾਂਗਰਸ ਨੇ 28 ਨਵੰਬਰ 1997 ਨੂੰ ਸਹਿਯੋਗ ਵਾਪਸ ਲੈ ਲਿਆ ਅਤੇ ਗੁਜਰਾਲ ਜੀ ਨੇ ਅਸਤੀਫਾ ਦੇ ਦਿੱਤਾ ।
ਆਪਣੀ 516 ਪੇਜ਼ ਦੀ ਆਟੋਗਰਾਫ਼ੀ ਫਰਵਰੀ 2011 ਵਿੱਚ ਛਪਵਾਉਣ ਵਾਲੇ,ਖ਼ਜਾਨਾ ਮੰਤਰੀ ਵਰਗੇ ਵਕਾਰੀ ਅਹੁਦਿਆਂ ‘ਤੇ ਰਹਿਣ ਵਾਲੇ ਇੰਦਰ ਕੁਮਾਰ ਗੁਜਰਾਲ ਨੇ 5 ਨੁਕਾਤੀ ਫਾਰਮੂਲੇ ਤਹਿਤ,ਸ਼ਾਂਤੀ ਨਾਲ ਰਹਿਣ ਦੀ ਗੱਲ ਵੀ ਆਖੀ । ਅਜਿਹੀ ਸ਼ਵੀ ਸਦਕਾ ਇੰਦਰ ਕੁਮਾਰ ਗੁਜਰਾਲ ਨੇ ਫਰਵਰੀ-ਮਾਰਚ 1998 ਵਿੱਚ ਅਕਾਲੀ ਦਲ ਦੇ ਸਹਿਯੋਗ ਨਾਲ ਜਲੰਧਰ ਸੀਟ ਕਾਂਗਰਸ ਦੇ ਉਮਰਾਓ ਸਿੰਘ ਨੂੰ ਹਰਾ ਕੇ ਜਿੱਤੀ । ਪਰ ਜਦ ਉਹਨਾਂ ਦੀ ਪਤੱਨੀ ਸ਼ੀਲਾ ਗੁਜਰਾਲ 11 ਜੁਲਾਈ 2011 ਨੂੰ ਚੱਲ ਵਸੀ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ । ਉਹਨਾ ਦੇ ਦੋ ਬੇਟੇ ਹਨ । ਨਰੇਸ਼ ਗੁਜਰਾਲ ਰਾਜ ਸਭਾ ਦਾ ਮੈਂਬਰ ਹੈ,ਜਦੋਂ ਕਿ ਸਤੀਸ਼ ਗੁਜਰਾਲ ਨਾਮਵਰ ਪੇਂਟਰ ਅਤੇ ਆਰਕੀਟਿਕਟ ਹੈ । ਉਹਨਾਂ ਦੀ ਭਤੀਜੀ ਮੇਧਾ ਦੀ ਸ਼ਾਦੀ 25 ਜੁਲਾਈ 2012 ਨੂੰ ਭਜਨ ਸਮਰਾਟ ਅਨੂਪ ਜਲੋਟਾ ਨਾਲ ਹੋਈ ਹੈ । ਸ਼੍ਰੀ ਗੁਜਰਾਲ ਜੀ ਇੱਕ ਸਾਫ਼-ਸੁਥਰੀ ਸ਼ਵੀ ਵਾਲੇ ਪ੍ਰਧਾਨ ਮੰਤਰੀ ਵਜੋਂ ਹਮੇਸ਼ਾਂ ਭਾਰਤੀਆਂ ਦੇ ਦਿਲਾਂ ਉੱਤੇ ਰਾਜ ਕਰਦੇ ਰਹਿਣਗੇ ।
ਰਣਜੀਤ ਸਿੰਘ ਪ੍ਰੀਤ
-
ਰਣਜੀਤ ਸਿੰਘ ਪ੍ਰੀਤ,ਭਗਤਾ (ਬਠĆ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.