‘ਪੰਜਾਬ, ਪੰਜਾਬੀਅਤ ਅਤੇ ਪੰਜਾਬੀ’ ਲੇਖ ਰਾਹੀਂ ਅਸੀਂ ਪੰਜਾਬ ਦੇ ਖਿੱਤੇ ਦੇ ਇਤਿਹਾਸ, ਸੱਭਿਆਚਾਰ, ਰਸਮ-ਰਿਵਾਜ, ਵਿਰਸਾ-ਵਿਹਾਰ, ਪਰੰਪਰਾਵਾਂ ਅਤੇ ਬੋਲੀ ਬਾਰੇ ਜਾਨਣ ਤੇ ਸਮਝਣ ਦੀ ਇਕ ਕੋਸ਼ਿਸ ਕਰਾਂਗੇ | ਪੁਰਾਤਨ ਸਮੇਂ ਵਿੱਚ ਇਸ ਦਾ ਨਾਮ ‘ਸਪਤ ਸਿੰਧੂ’ (ਇੰਦੁਸ ਵੈਲੀ) ਹੋਇਆ ਕਰਦਾ ਸੀ | ਇਸ ਇਲਾਕੇ ਵਿੱਚ ਸੱਤ ਦਰਿਆ (ਸਤਲੁਜ, ਬਿਆਸ, ਰਾਵੀ, ਚਨਾਬ, ਜਿਹਲਮ , ਸਿੰਧ ਅਤੇ ਸਰਸਵਤੀ) ਵਗਿਆ ਕਰਦੇ ਸਨ | ਪਰ ਦਰਿਆ ਸਰਸਵਤੀ ਦੇ ਸੁੱਕਣ ਅਤੇ ਸਿੰਧ ਦੇ ਪੰਜਾਬ ਨਾਲੋਂ ਟੁੱਟਣ ਕਾਰਨ ਇਸ ਇਲਾਕੇ ਨੂੰ ਪੰਜਾਬ ਦੇ ਨਾਮ ਨਾਲ ਜਾਣਿਆ ਜਾਣ ਲਗ ਪਿਆ |‘ਪੰਜ-ਆਬ’ ਪਰਸ਼ਿਅਨ ਜ਼ੁਬਾਨ ਦਾ ਇਕ ਸ਼ਬਦ ਹੈ ਜੋ ਇਸ ਇਲਾਕੇ ਵਿੱਚ ਵਗਦੇ ਪੰਜ ਦਰਿਆਵਾਂ ਨੂੰ ਦਰਸਾਉਂਦਾ ਹੈ | ਇਸ ਇਲਾਕੇ ਵਿੱਚ ਹਿਮਾਲਿਆ ਅਤੇ ਸ਼ਿਵਾਲਿਕ ਪਹਾੜ, ਉਪਜਾਊ ਮੈਦਾਨੀ ਜ਼ਮੀਨ ਅਤੇ ਰੇਗਿਸਤਾਨ ਆਦਿ ਸੱਭ ਮੌਜ਼ੂਦ ਹਨ |
ਇਹ ਇਲਾਕਾ 3300 ਬੀ.ਸੀ. ਵਿੱਚ ਤਕਸ਼ਿਲਾ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਸੀ ਜਿਸ ਵਿਚੋਂ ਹੁਣ ਤੱਕ ਦੀ ਸੱਭ ਤੋਂ ਪੁਰਾਤਨ ਸੱਭਿਅਤਾ ਵਿਚੋਂ ਇਕ - ‘ਹੜਪਾ’-ਦੇ ਉਪਲਬਧ ਹੋਣ ਦੇ ਚਿੰਨ੍ਹ ਮਿਲੇ ਹਨ | ਇਹ ਇਲਾਕਾ ਅੱਜ ਤੱਕ ਭਾਰਤ ਤੇ ਹੋਣ ਵਾਲੇ ਹਰ ਵਿਦੇਸ਼ੀ ਹਮਲੇ ਦੀ ਢਾਲ ਬਣਦਾ ਰਿਹਾ ਹੈ | ਸਮੇਂ ਦੇ ਨਾਲ ਇਸ ਇਲਾਕੇ ਦੀ ਰੂਪ-ਰੇਖਾ ਬਦਲਦੀ ਰਹੀ ਅਤੇ ਇਸ ਇਲਾਕੇ ਤੇ ਵੱਖ-ਵੱਖ ਰਾਜਿਆਂ-ਮਹਾਰਾਜਿਆਂ ਵਲੋਂ ਸਤ੍ਹਾ ਅਤੇ ਸਿੰਘਾਸਨ ਹਥਿਆਉਣ ਲਈ ਭਾਰੀ ਯੁੱਧ ਵੀ ਕੀਤੇ ਗਏ ਸਨ | ਭਗਵਾਨ ਰਾਮ ਦੇ ਬੇਟਿਆਂ - ਲਵ ਅਤੇ ਕੁਸ਼ - ਦਾ ਜਨਮ ਸਥਾਨ ਰਾਮਤੀਰਥ ਵੀ ਇਸੇ ਧਰਤੀ ਉੱਤੇ ਹੈ ਅਤੇ ਮਹਾਂਭਾਰਤ ਦਾ ਕੌਰਵਾਂ ਅਤੇ ਪਾਂਡਵਾਂ ਦਾ ਯੁੱਧ ਵੀ ਪੰਜਾਬ (ਕੁਰੂਕਸ਼ੇਤਰ) ਦੀ ਧਰਤੀ ਉੱਤੇ ਹੀ ਹੋਇਆ ਸੀ |ਚੰਦਰ ਗੁਪਤ ਮੌਰਿਆ ਨੇ ਤਕਸ਼ਿਲਾ ਅਤੇ ਕੰਧਾਰ (ਦਰਿਆ ਬਿਆਸ ਤੋਂ ਕੰਧਾਰ ਤੱਕ)ਦੇ ਰਾਜਾਂ ਨੂੰ ਪਰਾਜਿਤ ਕਰਨ ਤੋਂ ਬਾਅਦ ਨੰਦਾ ਸਾਮਰਾਜ ਤੇ ਕਾਬਜ਼ ਹੋਕੇ ਆਪਣੇ ਗੁਰੂ ਆਚਾਰੀਆ ਚਾਣਕਿਆ ਦਾ ਸੰਯੁਕਤ ਭਾਰਤ ਦਾ ਸੁਪਨ ਵੀ ਇਸੇ ਧਰਤੀ ਉੱਤੇ ਰਹਿਕੇ ਬੁਣਿਆ ਅਤੇ ਭਾਰਤ ਦੇ ਛੋਟੇ-ਛੋਟੇ ਰਾਜਾਂ ਨੂੰ ਪਰਾਜਿਤ ਕਰ ਮੌਰਿਆ ਸਾਮਰਾਜ ਦੀ ਸਥਾਪਨਾ ਕਰਕੇ ਪੂਰਾ ਵੀ ਕੀਤਾ ਸੀ| ਇਸ ਇਲਾਕੇ ਨੂੰ ਪੋਰਸ, ਸਿਕੰਦਰ,ਚੰਦਰਗੁਪਤ ਮੌਰਿਆ, ਅਫਗਾਨੀਆਂ, ਮੁਗਲਾਂ, ਮਹਾਰਾਜਾ ਰਣਜੀਤ ਸਿੰਘ (ਸਿੱਖ ਰਾਜ) ਅਤੇ ਆਖਿਰ ਵਿੱਚ ਬਰਤਾਨੀਆਂ ਸਾਮਰਾਜ ਆਦਿ ਵਲੋਂ ਆਪਣੀ ਸੂਝ-ਬੂਝ ਅਤੇ ਸਮੇਂ ਦੀ ਲੋੜ੍ਹ ਮੁਤਾਬਿਕ ਤੋੜਿਆ ਜਾਂ ਜੋੜਿਆ ਗਿਆ ਸੀ | ਸਮੇਂ-ਸਮੇਂ ਦੇ ਵਿਦੇਸ਼ੀ ਮਹਾਰਾਜੇ ਇਸ ਇਲਾਕੇ ਤੇ ਰਾਜ ਕਰਨ ਦੇ ਬਾਵਜ਼ੂਦ ਵੀ ਇੱਥੇ ਵੱਸੇ ਲੋਕਾਂ ਦੇ ਸੱਭਿਆਚਾਰ, ਰਸਮਾਂ-ਰਿਵਾਜਾਂ, ਵਿਰਸਾ-ਵਿਹਾਰ, ਪਰੰਪਰਾਵਾਂ ਅਤੇ ਬੋਲੀ ਨੂੰ ਬਦਲਣ ਵਿੱਚ ਕਾਮਯਾਬ ਨਹੀਂ ਹੋ ਸਕੇ |
ਪੰਜਾਬ ਦੀ ਧਰਤੀ ਤੇ ਦੁੱਨੀਆਂ ਦੇ ਸੱਭ ਤੋਂ ਨਵੇਂਧਰਮ ਸਿੱਖ ਧਰਮ ਦੀ ਸਥਾਪਨਾ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਅਤੇ ਆਪਣੇ ਜੀਵਨ ਵਿੱਚ ਚਾਰ ਉਦਾਸੀਆਂ ਕਰਕੇ ਲੋਕਾਂ ਨੂੰ ਜਾਤ-ਪਾਤ, ਵਹਿਮਾਂ-ਭਰਮਾਂ ਵਿਚੋਂ ਕੱਢ “ਇੱਕ-ਓਅੰਕਾਰ ” ਦਾ ਸੁਨੇਹਾ ਦਿੱਤਾ| ਭਾਵ ਪਰਮਾਤਮਾ ਇਕ ਹੈ ਅਤੇ ਮਨੁੱਖ ਨੂੰ ਸਾਦਗੀ ਅਤੇ ਏਕਤਾ ਨਾਲ ਪ੍ਰਮਾਤਮਾਂ ਦੀ ਭਗਤੀ ਵਿੱਚ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ | ਸਿੱਖ ਧਰਮ ਨੇ ਔਰਤ ਨੂੰ ਸਮਾਜ ਵਿੱਚ ਉੱਚਾ ਦਰਜਾ ਦਿੱਤਾ ਹੈ ਅਤੇ ਜ਼ਬਰ ਵਿਰੁਧ ਪ੍ਰਚਾਰ ਅਤੇ ਹੱਕ-ਸੱਚ ਦੀ ਲੜਾਈ ਵਿੱਚ ਆਵਾਜ਼ ਉਠਾਉਣ ਲਈ ਪ੍ਰੇਰਿਆ ਹੈ |ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਕੇ ਖਾਲਸਾ ਪੰਥ ਦੀ ਸਥਾਪਨਾ ਕਰ ਸਿੱਖਾਂ ਨੂੰ ਵੱਖਰੀ ਪਹਿਚਾਨ ਦਿਤੀ ਅਤੇ ਜ਼ੁਲਮ ਦੇ ਖਿਲਾਫ਼ ਲੜਨ ਲਈ ਖਾਲਸਾ ਫੌਜ ਵੀ ਬਣੀ | ਜਿਸ ਦੀ ਬਦੌਲਤ ਮਹਾਰਾਜਾ ਰਣਜੀਤ ਸਿੰਘ ਨੇ ਛੋਟੀਆਂ-ਛੋਟੀਆਂ ਮਿਸਲਾਂ ਤੋਂ ਸਿੱਖ ਰਾਜ ਕਾਇਮ ਕੀਤਾ ਸੀ |
ਇੱਥੇ ਵੱਸੇ ਬਹੁਤ ਸਾਰੇ ਲੋਕਾਂ ਦਾ ਪਿਛੋਕੜ ਆਰਿਆ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ | ਜੋ ਕਿਸੇ ਸਮੇਂ ਵਿੱਚ ਮੱਧ ਏਸ਼ੀਆਂ ਵਿਚੋਂ ਉੱਜਲੇ ਭਵਿੱਖ ਦੀ ਆਸ ਵਿੱਚ ਇੱਥੇ ਆਕੇ ਵੱਸੇ ਸਨ | ਇਸ ਇਲਾਕੇ ਦੀ ਮੁੱਖ ਬੋਲੀ ਪੰਜਾਬੀ ਹੈ ਜੋ ਕਿ ਵੱਖ-ਵੱਖ ਖੇਤਰਾਂ ਵਿੱਚ ਤਿੰਨ ਲਿੱਪੀਆਂ – ਗੁਰਮੁੱਖੀ , ਸ਼ਾਹਮੁੱਖੀ ਅਤੇ ਦੇਵਨਾਗਰੀ - ਵਿੱਚ ਲਿੱਖੀ ਅਤੇ ਪੜੀ ਜਾਂਦੀ ਹੈ | ਭਾਰਤੀ ਪੰਜਾਬ ਵਿੱਚ ਗੁਰਮੁੱਖੀ (ਪੰਜਾਬ), ਪਾਕਿਸਤਾਨੀ ਪੰਜਾਬ ਵਿੱਚ ਸ਼ਾਹਮੁੱਖੀ (پنجابی), ਹਰਿਆਣਾ ਅਤੇ ਹਿਮਾਚਲ ਦੀਆਂ ਕੁੱਝ ਵਾਦੀਆਂ ਵਿੱਚ ਦੇਵਨਾਗਰੀ (पंजाबी) ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ | ਸੋਲਵੀਂ ਸਦੀ ਵਿੱਚ ਸਿੱਖਾਂ ਦੇ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਇਕ ਮਿਆਰ ਦਿੱਤਾ ਅਤੇ ਇਸ ਸਦਕਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਮੁੱਖੀ ਲਿਪੀ ਵਿਚ ਲਿਖੀ ਗਈ ਹੈ |
ਹਰ ਦਰਿਆ ਪਾਰ ਕਰਨ ਤੋਂ ਬਾਅਦ ਪੰਜਾਬੀ ਬੋਲਣ ਦਾ ਲਹਿਜ਼ਾ ਬਦਲ ਜਾਂਦਾ ਹੈ | ਦਰਿਆ ਰਾਵੀ ਅਤੇ ਬਿਆਸ ਦੇ ਦਰਮਿਆਨ ਦੇ ਇਲਾਕੇ ਨੂੰ ਮਾਝਾ ਕਿਹਾ ਜਾਂਦਾ ਹੈ ਅਤੇ ਇਸ ਇਲਾਕੇ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਨੂੰ ‘ਮਾਝੀ’ ਬੋਲੀ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਜਿਸ ਨੂੰ ਸੱਭ ਤੋਂ ਸ਼ੁਧ ਜਾਂ ਟਕਸਾਲੀ ਪੰਜਾਬੀ ਮੰਨਿਆਂ ਗਿਆ ਹੈ | ਗੁਰਬੱਖਸ਼ ਸਿੰਘ ਪ੍ਰੀਤ-ਲੜੀ ਅਤੇ ਨਾਨਕ ਸਿੰਘ (ਨਾਵਲਕਾਰ ) ਨੇ ਪੰਜਾਬੀਅਤ ਅਤੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਲਾਹੋਰ ਅਤੇ ਅੰਮ੍ਰਿਤਸਰ ਦੇ ਵਿਚਕਾਰ ਤਕਰੀਬਨ ਤਿੰਨ ਸੌ ਏਕੜ ਜਮੀਨ ਖਰੀਦ ਨਾਨਕ-ਸ਼ਾਹੀ ਇੱਟ ਨਾਲ 1937 ਵਿੱਚ ਆਧੁਨਿਕ ਪਿੰਡ ‘ਪ੍ਰੀਤ ਨਗਰ’ ਵਸਾਇਆ ਸੀ | ਇਸ ਪਿੰਡ ਦੇ ਕਿਸੇ ਵੀ ਘਰ ਦੀ ਕੋਈ ਚਾਰਦੁਆਰੀ ਨਹੀਂ ਸੀ ਹੁੰਦੀ| ਇਸ ਪਿੰਡ ਵਿੱਚ ਪੰਜਾਬੀ ਸਾਹਿਤ ਨਾਲ ਜੁੜੇ ਸਾਰੇ ਧਰਮਾਂ ਦੇ ਲੋਕ ਆਕੇ ਵੱਸੇਅਤੇ ਪਿੰਡ ਦੇ ਸੁਵਿਧਾਨ ਵਿੱਚ ਸਾਫ਼ ਲਿਖਿਆ ਗਿਆ ਸੀ ਕਿ ‘ਪਿੰਡ ਵਿੱਚ ਕੋਈ ਵੀ ਧਾਰਮਿਕ ਸਥਾਨ ਨਹੀਂ ਬਣਾਇਆ ਜਾਵੇਗਾ ਅਤੇ ਸੱਮੁਚੇ ਪੰਜਾਬੀ ਭਾਈਚਾਰੇ ਦੀ ਸੇਵਾ ਨਿਰਪੱਖ ਹੋ ਕੇ ਕਲਮ, ਨਾਟਕਾਂ ਅਤੇ ਕਵੀ ਦਰਬਾਰ ਆਦਿ ਦੇ ਰਾਹੀਂ ਕੀਤੀ ਜਾਵੇਗੀ’|
ਪੰਜਾਬ ਵਿੱਚ ਭਗਤ ਕਬੀਰ ਜੀ, ਬਾਬਾ ਬੁੱਲੇ ਸ਼ਾਹ, ਵਾਰਿਸ਼ ਸ਼ਾਹ, ਬਾਬਾ ਫਰੀਦ ਜੀ, ਭਾਈ ਵੀਰ ਸਿੰਘ, ਅਮ੍ਰਿਤਾ ਪ੍ਰੀਤਮ ਅਤੇ ਸ਼ਿਵ-ਕੁਮਾਰ ਬਟਾਲਵੀ ਆਦਿ ਨੇ ਪੰਜਾਬੀ ਬੋਲੀ ਦੀ ਵੱਖ-ਵੱਖ ਰੂਪਾਂ ਵਿੱਚ ਸੇਵਾ ਕਰਦਿਆਂ ਇੱਥੇ ਵੱਸੇ ਲੋਕਾਂ ਨੂੰ ਇਕ ਦੂਸਰੇ ਨੂੰ ਪੰਜਾਬੀ ਸੱਭਿਆਚਾਰ , ਰਸਮਾਂ – ਰਿਵਾਜਾਂ, ਵਿਰਸਾ-ਵਿਹਾਰ, ਪਰੰਪਰਾਵਾਂ ਨਾਲ ਜੋੜਿਆ ਅਤੇ ਅਮਨ-ਅਮਾਨ ਨਾਲ ਵੱਸਦਿਆਂ ਸਾਂਤੀ ਦਾ ਸੁਨੇਹਾ ਵੀ ਦਿੱਤਾ ਸੀ | ਉਸੇ ਹੀਤਰ੍ਹਾਂ ਮਿਰਜਾ ਸਾਹਿਬਾਂ – ਲੈਲਾ ਮਜ਼ਨੂੰ – ਹੀਰ ਰਾਂਝਾ ਆਦਿ ਕਿੱਸਿਆਂ ਨੇ ਸਮਾਜ ਨੂੰ ਪਿਆਰ ਅਤੇ ਮੁਹੱਬਤ ਦਾ ਸੁਨੇਹਾ ਦਿੱਤਾ ਸੀ | ਸੱਭ ਧਰਮਾਂ ਦੇ ਸਾਂਝੇ ਹੱਸਦੇ – ਵੱਸਦੇ ਪੰਜਾਬ ਦੇ ਗੀਤ-ਸੰਗੀਤ ਅਤੇ ਲੋਕ-ਨਾਚ ਭੰਗੜਾ-ਗਿੱਧਾ ਦੁੱਨੀਆਂ ਭਰ ਵਿੱਚ ਮਸ਼ਹੂਰ ਹਨ | ਇਸੇ ਹੀ ਕਾਰਨ ਅੱਜ ਬੌਲੀਵੂਡ ਦੀ ਕੋਈ ਵੀ ਫਿਲਮ ਪੰਜਾਬੀ ਗੀਤ, ਸੰਗੀਤ, ਅਤੇ ਨਾਚ ਤੋਂ ਬਗੈਰ ਪੂਰੀ ਨਹੀਂ ਹੁੰਦੀ ਹੈ |
ਅੱਜ ਪਾਕਿਸਤਾਨ ਅਤੇ ਭਾਰਤ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭੱਗ 105 ਮਿਲੀਅਨ (2008) ਹੈ ਜਿਸ ਵਿੱਚ ਤਕਰੀਬਨ 76 ਮਿਲੀਅਨ (2008) ਪਾਕਿਸਤਾਨ ਅਤੇ 29 ਮਿਲੀਅਨ (2001) ਭਾਰਤ ਪੰਜਾਬ ਵਿੱਚ ਰਹਿੰਦੇ ਹਨ | ਇੱਥੇ ਵੱਸੇ ਲੋਕਾਂ ਦਾ ਮੁੱਖ ਧੰਦਾ ਕਿਸਾਨੀ ਹੈ ਅਤੇ ਇਹ ਲੋਕ ਅੱਜ ਵੀ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਕੇ ਭਾਰਤ ਅਤੇ ਪਾਕਿਸਤਾਨ ਵਿੱਚ ਵੱਸੇ ਲੋਕਾਂ ਦਾ ਪੇਟ ਪਾਲ ਰਹੇ ਹਨ | ਕਿਸੇ ਜਮਾਨੇ ਵਿੱਚ ਇਥੋਂ ਦੇ ਵਪਾਰੀ ਅੰਮ੍ਰਿਤਸਰ, ਲਾਹੌਰ, ਅਫਗਾਨਿਸਤਾਨ, ਇਰਾਨ, ਤੁਰਕੀ, ਬਲਗੇਰਿਆ ਰਾਹੀਂ ਯੂਰਪੀ ਅਤੇ ਅਰਬ ਮੁਲਕਾਂ ਨਾਲ ਅੰਤਰਰਾਸ਼ਟਰੀ ਪੱਧਰ ਤੇ ਵਪਾਰ ਵੀ ਕਰਿਆ ਕਰਦੇ ਸਨ |
ਬਰਤਾਨੀਆਂ ਸਾਮਰਾਜ ਨੇ ਭਾਰਤ ਉੱਤੇ ਤਕਰੀਬਨ 200 ਸਾਲ ਰਾਜ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਦੀਆਂ ਬਹਾਦਰ ਫੌਜਾਂ ਦੀ ਬਦੌਲਤ ਬਰਤਾਨਵੀਂ ਹਕੂਮਤ ਪਹਿਲੇ ਸੌ ਸਾਲ ਪੰਜਾਬ ਨੂੰ ਗੁਲਾਮ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ ਸੀ | ਦੇਸ਼ਨੂੰ ਬਰਤਾਨੀਆਂ ਸਾਮਰਾਜ ਤੋਂ ਆਜ਼ਾਦਕਰਵਾਉਣ ਵਿੱਚਵੀ ਪੰਜਾਬੀਆਂ ਨੇ ਪੂਰਾ ਯੋਗਦਾਨ ਪਾਇਆ ਸੀ| ਗ਼ਦਰੀ ਬਾਬਿਆਂ ਨੇ ਬਰਤਾਨੀਆਂ ਸਰਕਾਰ ਖਿਲਾਫ਼ ਦੇਸ਼ ਦੀ ਆਜ਼ਾਦੀ ਦਾ ਮੋਰਚਾ ਖੋਲ੍ਹ ਕੇ ਕੁਰਬਾਨੀਆਂ ਦਿਤੀਆਂ ਅਤੇ ਆਜ਼ਾਦੀ ਦੀ ਲਹਿਰ ਨੂੰ ਦੇਸ਼-ਵਿਦੇਸ਼ ਵਿੱਚ ਜਾਗਰਿਤ ਕੀਤਾ ਸੀ | ਜਿਸ ਨੂੰ ਸ਼ਾਮ ਸਿੰਘ ਅਟਾਰੀ(1846), ਮਦਨ ਲਾਲ ਢੀਂਗਰਾ(1909), ਕਰਤਾਰ ਸਿੰਘ ਸਰਾਭਾ(1915), ਲਾਲਾ ਲਾਜਪਤਾਰਾਏ (1928), ਭਗਤ ਸਿੰਘ (1931), ਰਾਜਗੁਰੂ (1931), ਸੁਖਦੇਵ(1931) ਅਤੇ ਸ਼ਹੀਦ ਊਧਮ ਸਿੰਘ (1940) ਆਦਿ ਨੇ ਆਪਣੀਆਂ ਕੀਮਤੀ ਜਾਨਾਂ ਦੇਸ਼ ਤੋਂ ਕੁਰਬਾਨ ਕਰਕੇ ਦੇਸ਼ ਨੂੰ ਗੁਲਾਮੀ ਦੇ ਜੂਲੇ ਤੋਂ ਮੁਕਤ ਕਰਵਾਇਆ ਸੀ |
ਕਿਸੇ ਵੀ ਪੰਜਾਬੀ ਦੇ ਮਨ ਵਿੱਚ ਸੁਪਣਾ ਵੀ ਨਹੀਂ ਸੀ ਆਇਆ ਕਿ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਜਾਵੇਗਾ |ਕੁਰਸੀ ਦੇ ਲਾਲਚੀਆਂ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਦੇਸੀਨੇ ਵਿੱਚ ਛੁਰਾ ਮਾਰਕੇ ਦੇਸ਼ ਦੀ ਵੰਡ ਦੇ ਸਮੇਂ ਪੰਜਾਬ ਦਾ ਬਟਵਾਰਾ ਕਰ ਦਿੱਤਾ ਅਤੇ ਭਾਰਤ ਦੇ ਪੰਜਾਬ ਨੂੰ ਚੜਦੇ ਅਤੇ ਪਾਕਿਸਤਾਨ ਦੇ ਪੰਜਾਬ ਨੂੰ ਲਹਿੰਦੇ ਪੰਜਾਬ ਦੇ ਨਾਮ ਨਾਲ ਜਾਣਿਆਂ ਜਾਣ ਲਗ ਪਿਆ | ਇਸ ਨੁਕਸਾਨ ਸਦਕਾ ਪੰਜਾਬ ਦਾ ਭਾਈਚਾਰਾ, ਸਭਿਅਤਾ, ਦਰਿਆ, ਜ਼ਮੀਨ-ਜਾਇਦਾਦ ਅਤੇ ਉੱਥੇ ਵਸੇ ਲੋਕਾਂ ਦੀ ਤਾਕਤ ਵੰਡੀ ਗਈ ਅਤੇ ਸਦੀਆਂ ਤੋਂ ਹਰ ਹਮਲੇ ਦੀ ਢਾਲ ਬਣਿਆ ਪੰਜਾਬੀ ਆਪਣਿਆਂ ਹਥੋਂ ਹੀ ਕਮਜੋਰ ਹੋ ਗਿਆ |
ਭਾਰਤੀ ਪੰਜਾਬ ਵਿੱਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬੀ ਸੂਬੇ ਦੀ ਪਹਿਲੀ ਭਾਸ਼ਾ ਗੁਰਮੁੱਖੀ ਪੰਜਾਬੀ ਬਣੀ| ਇਕ ਖੇਤਰ ਵਿੱਚ ਇਕ ਲਿਪੀ ਦੀ ਬੋਲੀ ਪੱਖੋਂ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੈ ਪਰ ਗੁਰਮੁੱਖੀ ਦੀਆਂ ਦੋ ਭੈਣਾਂ ਸ਼ਾਹਮੁੱਖੀ(پنجابی) ਅਤੇ ਦੇਵਨਾਗਰੀ(पंजाबी) ਸਮੇਂ ਦੀ ਤੇਜ਼ ਰਫ਼ਤਾਰ ਵਿੱਚ ਇਕ ਦੂਜੇ ਨਾਲੋਂ ਵੱਖ ਹੋ ਗਈਆਂ ਹਨ | ਨਤੀਜੇ ਵਜੋ ਅੱਜ ਇਹਨਾਂ ਲੋਕਾਂ ਦੀ ਸਾਂਝੇ ਪੰਜਾਬ ਦੇ ਸੱਭਿਆਚਾਰ, ਰਸਮ-ਰਿਵਾਜ, ਵਿਰਸਾ-ਵਿਹਾਰ, ਪਰੰਪਰਾਵਾਂ ਅਤੇ ਬੋਲੀ ਨਾਲੋਂ ਦੂਰ ਹੁੰਦੀ ਜਾ ਰਹੀ ਹੈ |
ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਪੰਜਾਬ ਵਿੱਚ ਬਹੁਤੇ ਕਾਰੋਬਾਰ ਨਹੀਂ ਆ ਸਕੇ ਅਤੇ ਇੱਥੇ ਵੱਸੇ ਲੋਕ ਅੱਜ ਵੀ ਭਾਰੀ ਗਿਣਤੀ ਵਿੱਚ ਕਿਸਾਨੀ ਦੇ ਧੰਦੇ ਨਾਲ ਹੋਏ ਜੁੜੇ ਹੋਏ ਹਨ ਅਤੇ ਬਹੁਤ ਵੱਡੀ ਗਿਣਤੀ ਵਿੱਚ ਨੌਜ਼ਵਾਨ ਬੇਰੁਜ਼ਗਾਰ ਹਨ | ਸਮੇਂ ਦੀ ਲੋੜ ਕਾਰਨ ਅੱਜ ਹਰ ਵਿਦਿਆਰਥੀ ਨੂੰ ਆਪਣੀ ਮੁੱਢਲੀ ਸਿਖਿਆ ਤਿੰਨ ਭਸ਼ਾਵਾਂ – ਪੰਜਾਬੀ, ਹਿੰਦੀ ਅਤੇ ਇੰਗਲਿਸ਼ – ਵਿਚ ਹਾਸਲ ਕਰਨੀ ਪੈਂਦੀ ਹੈ | ਪੰਜਾਬੀ ਸੂਬੇ ਵਿੱਚ ਨੌਕਰੀਆਂ ਦੀ ਕਮੀ ਹੋਣ ਕਾਰਨ ਬਹੁਤ ਸਾਰੇ ਬੱਚੇ ਆਪਣੀ ਮੁੱਢਲੀ ਅਤੇ ਉੱਚ ਸਿਖਿਆ ਪੂਰੀ ਕਰਨ ਤੋਂ ਬਾਅਦ ਪੰਜਾਬ ਵਿਚੋਂ ਉਡਾਰੀ ਮਾਰ ਦੂਸਰਿਆਂ ਸੂਬਿਆਂ ਜਾਂ ਵਿਦੇਸ਼ਾਂ ਵਿੱਚ ਕੰਮ ਦੀ ਤਾਲਾਸ਼ ਵਿੱਚ ਨਿਕਲ ਜਾਂਦੇ ਹਨ ਅਤੇ ਸਦਾ ਲਈ ਆਪਣੀ ਮਿੱਟੀ ਅਤੇ ਜੜਾਂ - ‘ਪੰਜਾਬ’, ‘ਪੰਜਾਬੀਅਤ’ ਅਤੇ ‘ਪੰਜਾਬੀ’ – ਤੋਂ ਦੂਰ ਹੋ ਜਾਂਦੇ ਹਨ | ਜਿਸ ਸਦਕਾ ਪੰਜਾਬ ਨੂੰ ਦੋਹਰੀ ਮਾਰ ਪੈ ਰਹੀ ਹੈ ਇਕ ਇੱਥੇ ਵੱਸੇ ਲੋਕ ਭਾਰੀ ਗਿਣਤੀ ਵਿੱਚ ਪੱਕੇ ਤੌਰ ਤੇ ਦੂਸਰਿਆਂ ਸੂਬਿਆਂ ਜਾਂ ਵਿਦੇਸ਼ਾਂ ਵਿੱਚ ਚਲੇ ਜਾ ਰਹੇ ਹਨ | ਦੂਸਰਾ ਜਿੰਨਾਂ ਪੜੇ-ਲਿਖੇ ਨੌਜ਼ਵਾਨਾਂ ਨੇ ਪੰਜਾਬ ਵਿੱਚ ਰਹਿਕੇ ਪੰਜਾਬ ਦੀ ਤਕਦੀਰ ਅਤੇ ਤਸਵੀਰ ਬਦਲਨੀ ਸੀ ਉਹ ਨੌਕਰੀਆਂ ਨਾ ਮਿਲਣ ਕਰਨ ਆਪਣੀ ਮਿੱਟੀ ਤੋਂ ਦੂਰ ਜਾ ਰਹੇ ਹਨ ਅਤੇ ਪੰਜਾਬ ਇਹਨਾਂ ਅਣਮੋਲ ਹੀਰਿਆਂ ਦੇ ਖਜ਼ਾਨੇ ਤੋਂ ਸਦਾ ਲਈ ਹੱਥ ਧੋਈ ਜਾ ਰਿਹਾ ਹੈ |
ਭਾਰਤ-ਪਾਕਿਸਤਾਨ ਦੀ ਵੰਡ ਪਿਛੋਂ ਇੱਥੇ ਵੱਸੇਦੇ ਉੱਜੜ ਕੇ ਗਏ ਪੰਜਾਬੀਆਂ ਨੇ ਆਪਣੇ-ਆਪ ਨੂੰ ਦੁਬਾਰਾ ਪੈਰਾਂ ਸਿਰ ਖੜਾ ਕਰਨ ਲਈ ਸਖ਼ਤ ਮਿਹਨਤ ਕੀਤੀ ਅਤੇ ਅੱਜ ਪੰਜਾਬੀ ਸਿਰਫ਼ ਇੰਦੁਸ ਵੈਲੀ ਵਿੱਚ ਹੀ ਨਹੀਂ ਬਲਕਿ ਦੁੱਨੀਆਂ ਭਰ ਵਿੱਚ ਫੈਲ ਗਿਆ ਹੈ | ਭਾਰਤ ਪਾਕਿਸਤਾਨ ਤੋਂ ਬਾਅਦ ਇੰਗਲੈਂਡ ਵਿੱਚ ਤਕਰੀਬਨ 23 ਲੱਖ ਪੰਜਾਬੀ ਬੋਲਣ ਵਾਲੇ ਪੰਜਾਬੀ ਲੋਕ ਵੱਸੇ ਹਨ | ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲੀਆਂ ਦੀ ਗਿਣਤੀ ਅੱਠ ਲੱਖ ਹੈ ਅਤੇ ਪੰਜਾਬੀ ਇਥੋਂ ਦੀ ਚੌਥੀ ਜ਼ੁਬਾਨ ਹੈ|ਇਸੇ ਹੀ ਤਰ੍ਹਾਂ ਦੁੱਬਈ (ਸਤ ਲੱਖ), ਅਮਰੀਕਾ (ਛੇ ਲੱਖ ਚਾਲੀ ਹਜ਼ਾਰ), ਸਾਊਦੀ ਅਰਬ (ਛੇ ਲੱਖ ਵੀਹ ਹਜ਼ਾਰ), ਹਾਂਗ ਕਾਂਗ (ਦੋ ਲੱਖ ਸੱਠ ਹਜ਼ਾਰ), ਮਲੇਸ਼ੀਆਂ (ਇਕ ਲੱਖ ਪਚਾਸੀ ਹਜ਼ਾਰ), ਸਾਊਥ ਅਫ੍ਰੀਕਾ (ਇਕ ਲੱਖ ਚਾਲੀ ਹਜ਼ਾਰ), ਰੂਸ (ਇਕ ਲੱਖ ਵੀਹ ਹਜ਼ਾਰ), ਬਰਮਾਂ (ਇਕ ਲੱਖ ਵੀਹ ਹਜ਼ਾਰ), ਫ੍ਰਾਂਸ (ਨਬੇ ਹਜ਼ਾਰ), ਇਟਲੀ (ਅੱਸੀ ਹਜ਼ਾਰ), ਥਾਈਲੈੰਡ, ਜਪਾਨ, ਸਿੰਗਾਪੁਰ, ਓਮਾਨ, ਲੀਬਿਆ, ਬੇਹਰੀਨ, ਕੀਨੀਆਂ , ਆਸਟ੍ਰੇਲਿਆ, ਨਿਊਜੀਲੈਂਡ, ਤਨਜਾਨੀਆਂ, ਕੁਵੈਤ, ਨਾਰਵੇ ਅਤੇ ਡੈਨਮਾਰਕ ਵਿੱਚ ਪੰਜਾਬੀ ਆਪਣੀ ਸਭਿਆਚਾਰ ਅਤੇ ਬੋਲੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ|ਦੁੱਨੀਆਂ ਭਰ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਅੱਜ ਤਕਰੀਬਨ 120 ਮਿਲਿਅਨ ਦੇ ਕਰੀਬ ਹੋ ਚੁੱਕੀ ਹੈ|
ਪੰਜਾਬੀਆਂ ਦੇ ਦੁੱਨੀਆਂ ਵਿੱਚ ਫੈਲਣ ਕਾਰਨ ਪੰਜਾਬੀ ਦੀ ਚੌਥੀ ਲਿਪੀ – ‘ਰੋਮਨ ਪੰਜਾਬੀ’- ‘Roman Panjabi’ - ਨੇ ਜਨਮ ਲਿਆ |ਭਾਵੇ ਕਿ ਇਸ ਲਿਪੀ ਦਾ ਉਪਯੋਗ ਸਿੱਖ ਸਾਮਰਾਜ ਅਤੇ ਗੋਰਿਆਂ ਵਿੱਚ ਹੋਈ ਸਭਰਾਵਾਂ ਵਿਖੇ ਆਖਰੀ ਲੜਾਈ ਤੋਂ ਬਾਅਦ ਹੀ ਹੋਣ ਲੱਗ ਪਿਆ ਸੀ | ਪਰ ਉਸ ਸਮੇਂ ਵਿੱਚ ਇਹ ਲਿਪੀ ਆਮ-ਆਦਮੀ ਤੱਕ ਪਹੁੰਚ ਨਾ ਬਣਾ ਸਕੀ | ਇਹ ਇਕ ਮੰਦਭਾਗੀ ਗੱਲ ਸੀ ਕਿ ਗੁਰਮੁੱਖੀ, ਸ਼ਾਹਮੁੱਖੀ(پنجابی) ਅਤੇ ਦੇਵਨਾਗਰੀ(पंजाबी) ਆਜ਼ਾਦੀ ਤੋਂ ਪਹਿਲਾਂ ਇਕ ਨਹੀਂ ਹੋ ਸਕੀਆਂ ਪਰ ਆਜ਼ਾਦੀ ਤੋਂ ਬਾਅਦ ਸਾਰੀਆਂ ਲਿਪੀਆਂ ਦੀ ਵਰਤੋਂ ਕਰਨ ਵਾਲੇ ਵਿਦੇਸ਼ੀ ਪੰਜਾਬੀ ਅੱਜ ਰੋਮਨ ਲਿਪੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਅਪਣਾ ਚੁੱਕੇ ਹਨ |ਅੱਜ ਪ੍ਰਦੇਸ਼ਾ ਵਿੱਚ ਵੱਸੇ ਪੰਜਾਬੀਆਂ ਨੇ ਇੰਟਰਨੈਟ ਤੇ ਰੋਮਨ ਲਿਪੀ ਦਾ ਉਪਯੋਗ ਕਰਦਿਆਂ ਆਪਣੇ ਰਿਸ਼ਤੇਦਾਰਾਂ ਅਤੇ ਸੱਜਣਾ ਮਿੱਤਰਾਂ ਨਾਲ ਈ-ਮੇਲ ਜਾਂ ਫੇਸਬੁੱਕ ਰਾਹੀਂ ਆਪਣਾ ਮੇਲ ਜੋਲ ਵਧਾਇਆ ਹੈ | ਸਮੇਂ ਦੀ ਲੋੜ ਸਦਕਾ ਗੂਗਲ ਨੇ ਪੰਜਾਬੀ ਦੀ ਮਹੱਤਤਾ ਨੂੰ ਸਮਝਦਿਆਂ ਇੰਟਰਨੈਟ ਤੇ ਪੰਜਾਬੀ ਦੀਆਂ ਸਾਰੀਆਂ ਲਿਪੀਆਂ (ਗੁਰਮੁੱਖੀ, ਸ਼ਾਹਮੁੱਖੀ(پنجابی) ਅਤੇ ਦੇਵਨਾਗਰੀ(पंजाबी)) ਨੂੰ ਦੁੱਨੀਆਂ ਭਰ ਦੇ ਪੰਜਾਬੀਆਂ ਨਾਲ ਜੋੜ੍ਹ ਦਿੱਤਾ ਹੈ | ਇਸ ਨਾਲ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਨੂੰ ਚਾਰਾਂ ਲਿਪੀਆਂ ਰਾਹੀਂ ਦੁੱਨੀਆਂ ਭਰ ਵਿੱਚ ਵਧਾਉਣ ਅਤੇ ਫੈਲਾਉਣ ਦਾ ਖਾਸ ਮੌਕਾ ਮਿਲਿਆ ਹੈ|
ਬੋਲੀ ਦਰਿਆ ਦੇ ਵਹਾ ਵਾਂਗ ਹੁੰਦੀ ਹੈ ਜੋ ਸਮੇਂ–ਸਮੇਂ ਤੇ ਆਪਣਾ ਰੂਪ ਬਦਲਦੀ ਰਹਿੰਦੀ ਹੈ | ਜੇ ਅਸੀਂ ਆਪਣੀ ਬੋਲੀ ਬੋਲਣੀ ਅਤੇ ਲਿਖਣੀ ਬੰਦ ਕਰ ਦਿੰਦੇ ਹਾਂ ਤਾਂ ਇਹ ਅਲੋਪ ਹੋ ਜਾਂਦੀ ਹੈ | ਜਿਸ ਨਾਲ ਦੁੱਨੀਆਂ ਤਾਂ ਨਹੀਂ ਰੁਕਦੀ ਪਰ ਇਸ ਦਾ ਭਾਰੀ ਅਸਰ ਉਥੋਂ ਦੇ ਸਦੀਆਂ ਪੁਰਾਣੇ ਸੱਭਿਆਚਾਰ , ਰਸਮਾਂ –ਰਿਵਾਜਾਂ, ਵਿਰਸਾ-ਵਿਹਾਰ ਅਤੇ ਪਰੰਪਰਾਵਾਂ ਤੇ ਪੈਂਦਾ ਹੈ | ਆਪਣੀ ਮਾਂ ਬੋਲੀ ਨੂੰ ਜਿੰਦਾ ਰੱਖਣਾ ਹਰ ਇਨਸਾਨ ਦਾ ਫ਼ਰਜ਼ ਹੈ | ਕਹਿੰਦੇ ਹਨ ਕਿ ਹਰ ਇਨਸਾਨ ਦੀ ਸੱਭ ਨਾਲੋਂ ਵੱਧ ਇਸ ਦੁੱਨੀਆਂ ਵਿੱਚ ਸਾਂਝ ਉਸ ਦੀ ਢਿਡੋਂ ਸਿੱਖੀ ਮਾਂ ਬੋਲੀ ਨਾਲ ਹੁੰਦੀ ਹੈ | ਮਾਂ ਬੋਲੀ ਹਰ ਇਨਸਾਨ ਦੇ ਜੰਮਣ ਤੋਂ ਲੈ ਕੈ ਉਸ ਦੇ ਆਖਰੀ ਸਾਹਵਾਂ ਤੱਕ ਉਸ ਦਾ ਸਾਥ ਦੇਂਦੀ ਹੈ | ਇਸ ਕਰਕੇ ਦੁੱਨੀਆਂ ਵਿੱਚ ਮਾਂ ਨੂੰ ਰੱਬ ਜਿੰਨਾਂ ਅਤੇ ਮਾਂ ਬੋਲੀ ਨੂੰ ਸੱਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ | ਦੇਸ਼- ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਨੂੰ ਸੱਭ ਤੋਂ ਵੱਧ ਤਰਜ਼ੀਹ ਦੇਣੀ ਚਾਹੀਦੀ ਹੈ ਤਾਂ ਜੋ ਉਹਨਾਂ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਦਾ ਸਬੰਧ ਆਪਣੀ ਜਨਮ-ਭੂਮੀ, ਧਰਮ, ਸੱਭਿਆਚਾਰ, ਰਸਮਾਂ-ਰਿਵਾਜਾਂ, ਵਿਰਸਾ-ਵਿਹਾਰ, ਪਰੰਪਰਾਵਾਂ ਅਤੇ ਜੜਾਂ ਦੇ ਨਾਲ ਆਖਰੀ ਸਾਹਵਾਂ ਤੱਕ ਬਣਿਆ ਰਹਵੇ |
ਪੰਜਾਬ ਦੀ ਧਰਤੀ ਤੇ ਕਬਜ਼ਾ ਕਰ ਆਪਣੀ ਹਕੂਮਤ ਚਲਾਉਣ ਵਾਲੇ ਹਜਾਰਾਂ ਰਾਜੇ-ਮਹਾਰਾਜੇ, ਚੋਰ ਅਤੇ ਠੱਗ ਆਏ ਅਤੇ ਦੁੱਨੀਆਂ ਤੋਂ ਤੁਰ ਗਏ ਜਾਂ ਤੁਰ ਜਾਣਗੇ, ਜਿਨ੍ਹਾਂ ਦੀ ਯਾਦ ਵਿੱਚ ਅੱਜ ਕੋਈ ਦੀਵਾ ਵੀ ਨਹੀਂ ਬਾਲਦਾ ਅਤੇ ਨਾ ਹੀ ਬਾਲੇਗਾ| ਪਰ ਇਤਿਹਾਸ ਗਵਾਹ ਹੈ ਜਿਨ੍ਹਾਂ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਦੀ ਸੇਵਾ ਕੀਤੀ ਹੈ ਲੋਕ ਉਹਨਾਂ ਅੱਗੇ ਹਮੇਸ਼ਾਂ ਸਿਰ ਨਿਵਾਉਂਦੇ ਰਹੇ ਹਨ ਅਤੇ ਰਹਿੰਦੀ ਦੁੱਨੀਆਂ ਤੱਕ ਨਿਵਾਉਂਦੇ ਰਹਿਣਗੇ |ਪੰਜਾਬ ਸਰਕਾਰ ਨੂੰ ਪੰਜਾਬ ਦੀ ਧਰਤੀ ਉੱਤੇ ਬੱਚਿਆਂ ਨੂੰ ਚੰਗੀ ਤਾਲੀਮ, ਹਰ ਵਸਨੀਕ ਨੂੰ ਬਣਦਾ ਰੁਜ਼ਗਾਰ, ਪਿੰਡਾਂ ਵਿੱਚ ਕਾਰਖਾਨੇ, ਕਿਸਾਨੀ ਨਾਲ ਜੁੜੇ ਧੰਦੇ, ਸੂਬੇ ਦਾ ਆਯਾਤ-ਨਿਰਯਾਤ ਅਤੇ ਉਤਪਾਦਨ ਵਧਾਉਣ, ਚੰਗੀਆਂ ਸਿਹਤ ਸੁਵਿਧਾਵਾਂ, ਸਾਫ਼-ਸੁਥਰਾ ਵਾਤਾਵਰਨ, ਕਾਨੂੰਨ ਦਾ ਰਾਜ ਅਤੇ ਅਮਨ-ਸ਼ਾਂਤੀ ਦਾ ਮਾਹੌਲ ਦੇਣਾ ਪੈਣਾ ਹੈ ਤਾਂ ਜੋ ਪੰਜਾਬ ਵਿੱਚ ਵੱਸੇ ਹਰ ਪੰਜਾਬੀ ਨੂੰ ਉਸ ਦੀ ਜਨਮ-ਭੂਮੀ ਉੱਤੇ ਰਹਿ ਕੇ ਹੀ ਕੰਮ ਮਿਲ ਸਕੇ ਅਤੇ ਉਸ ਨੂੰ ਪਰਿਵਾਰ ਦੀ ਚੰਗੀ ਪਰਵਰਿਸ਼ ਖਾਤਿਰ ਫਿਰ ਤੋਂ ਉੱਜੜ ਕੇ ਦੂਸਰਿਆਂ ਸੂਬਿਆਂ ਜਾਂ ਵਿਦੇਸ਼ਾਂ ਵਿਚ ਨਾ ਜਾਣਾ ਪਵੇ | ਜੇ ਸਰਕਾਰ ਆਪਣੇ ਫਰਜ਼ ਨਬਾਉਣ ਵਿੱਚ ਅਸਮਰਥ ਰਹੀ ਤਾਂ ਪੰਜਾਬੀ ਸੂਬਾ ਸਮਾਂ ਪਾ ਕੇ ਇਕ ਹੋਰ ਭਾਰੀ ਨੁਕਸਾਨ ਉੱਠਾ ਸਕਦਾ ਹੈ |
ਅਮਨਪ੍ਰੀਤ ਸਿੰਘ ਛੀਨਾ (M.Sc. ਆੱਕਸਫੋਰਡ ਯੁਨੀਵਰਸਿਟੀ )
M: 0044 788 622 9063 (UK)
-
ਅਮਨਪ੍ਰੀਤ ਸਿੰਘ ਛੀਨਾ (M.Sc. ਆੱਕਸ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.