ਕਨੇਡਾ ਦੀ 2011 ਦੀ ਮਰਦਮ ਸ਼ੁਮਾਰੀ ਤੋਂ ਇਕੱਤਰ ਕੀਤੀ ਜਾਣਕਾਰੀ ਕੁਝ ਦਿਨ ਪਹਿਲਾਂ ਮੀਡੀਏ ਰਾਹੀਂ ਆਮ ਕਨੇਡੀਅਨ ਸ਼ਹਿਰੀਆਂ ਤੱਕ ਪਹੁੰਚੀ। ਕਨੇਡਾ ਵਿਚ ਬੋਲੀਆਂ ਜਾਂਦੀਆਂ 200 ਦੇ ਕਰੀਬ ਭਾਸ਼ਾਵਾਂ ਬਾਰੇ ਜਾਣਕਾਰੀ ਪੰਜਾਬੀ ਭਾਈਚਾਰੇ ਲਈ ਵੀ ਕਾਫੀ ਦਿਲਚਸਪੀ ਵਾਲੀ ਸੀ। ਇਸ ਵਾਰ 460,000 ਪੰਜਾਬੀਆਂ ਨੇ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਈ ਜਦ ਕਿ 2006 ਦੀ ਮਰਦਮ ਸ਼ੁਮਾਰੀ ਵਿਚ ਇਹ ਨੰਬਰ 367,000 ਸੀ। ਅੰਗ੍ਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ ਪੰਜਾਬੀ ਤੀਜੇ ਨੰਬਰ ’ਤੇ ਆ ਗਈ ਹੈ। ਕਨੇਡਾ ਵਿਚ ਬੋਲੀਆਂ ਜਾਂਦੀਆਂ ਏਨੀ ਵੱਡੀ ਗਿਣਤੀ ਬੋਲੀਆਂ ਵਿੱਚੋਂ ਤੀਜੇ ਨੰਬਰ ’ਤੇ ਆਉਣਾ ਕੋਈ ਛੋਟੀ ਗੱਲ ਨਹੀਂ। ਇਹ ਸਾਡੇ ਲਈ ਇਕ ਬਹੁਤ ਵਧੀਆ ਖਬਰ ਹੈ ਤੇ ਇਸ ’ਤੇ ਸਾਨੂੰ ਸਾਰਿਆਂ ਨੂੰ ਖੁਸ਼ ਵੀ ਹੋਣਾ ਚਾਹੀਦਾ ਹੈ ਤੇ ਮਾਣ ਵੀ ਮਹਿਸੂਸ ਕਰਨਾ ਚਾਹੀਦਾ ਹੈ।
ਇਹ ਇਕ ਵਧੀਆ ਮੌਕਾ ਹੈ ਕਿ ਅਸੀਂ ਕਨੇਡਾ ਵਿਚ ਪੰਜਾਬੀ ਸੰਬੰਧੀ ਹੋਈ ਇਸ ਵਧੀਆ ਤਬਦੀਲੀ ਨੂੰ ਆਧਾਰ ਬਣਾ ਕੇ ਪੰਜਾਬੀ ਦੇ ਹੁਣ ਤੇ ਭਵਿੱਖ ਬਾਰੇ ਕੁਝ ਵਿਚਾਰ ਚਰਚਾ ਕਰੀਏ। ਸਾਡੇ ਨੰਬਰਾਂ ਵਿਚ ਇਹ ਵਾਧਾ ਦੋ ਗੱਲਾਂ ਕਰਕੇ ਹੋਇਆ ਜਾਪਦਾ ਹੈ। ਇਕ ਤਾਂ ਨਵੇਂ ਇੰਮੀਗਰੈਂਟ ਆ ਰਹੇ ਹਨ ਤੇ ਦੂਜਾ ਕੁਝ ਉਨ੍ਹਾਂ ਲੋਕਾਂ ਨੇ ਵੀ ਪੰਜਾਬੀ ਨੂੰ ਮਾਂ-ਬੋਲੀ ਵਜੋਂ ਦਰਜ ਕਰਵਾਇਆ ਹੈ ਜੋ ਸ਼ਾਇਦ ਪਹਿਲਾਂ ਅਜਿਹਾ ਨਹੀਂ ਸੀ ਕਰ ਰਹੇ। ਇਹ ਗੱਲ ਆਪਣੇ ਆਪ ਵਿਚ ਬਹੁਤ ਹੋਂਸਲਾ ਦੇਣ ਵਾਲੀ ਹੈ। ਇਸ ਨਾਲ ਆਸ ਬੱਝਦੀ ਹੈ ਕਿ ਪੰਜਾਬੀ ਦੇ ਨੰਬਰ ਹੋਰ ਵੀ ਵਧਣਗੇ ਕਿਉਂਕਿ ਅਸਲ ਵਿਚ ਏਥੇ ਪੰਜਾਬੀ ਬੋਲਣ ਵਾਲੇ ਲੋਕ ਚਾਰ ਲੱਖ ਸੱਠ ਹਜ਼ਾਰ ਤੋਂ ਵੱਧ ਹਨ। ਪੰਜਾਬੀ ਜਿਸ ਵੱਡੇ ਗਰੁੱਪ -ਇੰਡੋ-ਇਰਾਨੀਅਨ ਲੈਂਗੁਏਜ - ਦਾ ਹਿੱਸਾ ਹੈ ਉਸ ਵਿਚ ਪੰਜਾਬੀ, ਉਰਦੂ, ਪਰਸ਼ੀਅਨ, ਗੁਜਰਾਤੀ ਤੇ ਹਿੰਦੀ ਜ਼ਬਾਨਾਂ ਸ਼ਾਮਲ ਹਨ। ਇਸ ਗਰੁੱਪ ਵਿਚ ਇਹ ਬੋਲੀਆਂ ਬੋਲਣ ਵਾਲਿਆ ਦਾ ਗਿਣਤੀ 1,179,990 ਹੈ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਗਰੁੱਪ ਵਿਚ ਕਾਫੀ ਲੋਕ ਹੋਣਗੇ ਜਿਹੜੇ ਅਸਲ ਵਿਚ ਪੰਜਾਬੀ ਬੋਲਣ ਵਾਲੇ ਹਨ।
ਪੰਜਾਬੀ ਸੰਬੰਧੀ ਇਨ੍ਹਾਂ ਅੰਕੜਿਆਂ ਵਿਚ ਇਕ ਹੋਰ ਵੀ ਵਧੀਆ ਗੱਲ ਸਾਹਮਣੇ ਆਈ ਹੈ। ਉਹ ਇਹ ਕਿ ਕਨੇਡਾ ਵਿਚ ਜਿਹੜੀਆਂ ਬੋਲੀਆਂ ਦੇ ਲੋਕ ਆਪਣੀਆਂ ਬੋਲੀਆਂ ਨੂੰ ਕਾਇਮ ਰੱਖ ਰਹੇ ਹਨ (ਰੀਟੇਨ ਕਰ ਰਹੇ ਹਨ) ਉਨ੍ਹਾਂ ਵਿਚ ਵੀ ਪੰਜਾਬੀ ਸਿਰੇ ’ਤੇ ਹੈ। ਪੰਜਾਬੀ ਨੂੰ ਆਪਣੀ ਮਾਂ-ਬੋਲੀ ਦਰਜ ਕਰਵਾਉਣ ਵਾਲੇ ਲੋਕਾਂ ਵਿੱਚੋਂ 80% ਲੋਕ ਇਸ ਨੂੰ ਬੋਲਚਾਲ ਲਈ ਵਰਤ ਵੀ ਰਹੇ ਹਨ। ਇਹ ਬਹੁਤ ਵਧੀਆ ਗੱਲ ਹੈ। ਪਰ ਸਾਨੂੰ ਇਸ ਅੰਕੜੇ ਦੀ ਖੁਸ਼ੀ ਮੰਨਾਉਂਦਿਆਂ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਪੰਜਾਬੀ ਬੋਲਣ ਤੋਂ ਅੱਗੇ ਪੜ੍ਹਨ ਲਿਖਣ ਦੀ ਸਿੱਖਿਆ ਨਾ ਦਿੱਤੀ ਗਈ ਤਾਂ ਇਹ ਖੁਸ਼ੀ ਵੀ ਥੋੜ੍ਹ ਚਿਰੀ ਹੋਵੇਗੀ।
ਗਿਣਤੀ ਦੇ ਸੰਬੰਧ ਵਿਚ ਇਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਦੂਜੀਆਂ ਬਹੁਤ ਸਾਰੀਆਂ ਬੋਲੀਆਂ ਵਿਚ ਵਾਧੇ ਦੀ ਦਰ ਪੰਜਾਬੀ ਨਾਲੋਂ ਕਿਤੇ ਜ਼ਿਆਦਾ ਹੈ। ਇਸ ਸੰਬੰਧ ਵਿਚ ਉੱਪਰਲੀਆਂ ਸੱਤ ਬੋਲੀਆਂ ਹਨ ਜਿਨ੍ਹਾਂ ਵਿਚਲਾ ਵਾਧਾ 30% ਤੋਂ ਉੱਪਰ ਹੈ: ਮੈਂਡਾਰਿਨ (+50%), ਅਰਬੀ (+47%), ਹਿੰਦੀ (+44%), ਕਰੀਓਲ ਭਾਸ਼ਾ (+42%), ਬੰਗਾਲੀ (+40%), ਪਰਸ਼ੀਅਨ (+33%) ਅਤੇ ਸਪੇਨੀ (+32%)। ਸਾਨੂੰ ਦੂਜੀਆਂ ਬੋਲੀਆਂ ਦੇ ਵਿਕਾਸ ਦੀ ਵੀ ਖੁਸ਼ੀ ਹੋਣੀ ਚਾਹੀਦੀ ਹੈ। ਪਰ ਨਾਲ ਹੀ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਨੰਬਰਾਂ ਵਿਚਲਾ ਇਹ ਵਾਧਾ ਕੋਈ ਸਦਾ ਰਹਿਣ ਵਾਲੀ ਸਥਿਤੀ ਨਹੀਂ ਹੈ। ਇਸ ਵੇਲੇ ਪੰਜਾਬੀ ਕਨੇਡਾ ਵਿਚ ਤੀਜੇ ਨੰਬਰ ’ਤੇ ਹੈ ਇਹ ਸਥਿਤੀ ਬੜੀ ਛੇਤੀ ਬਦਲ ਸਕਦੀ ਹੈ। ਬਹੁਤ ਕੁਛ ਇਮੀਗਰੇਸ਼ਨ ’ਤੇ ਨਿਰਭਰ ਕਰਦਾ ਹੈ। ਪਹਿਲਾਂ ਵੀ ਪੰਜਾਬੀ ਕਨੇਡਾ ਵਿਚ ਆਪਣੇ 115 ਸਾਲ ਦੇ ਸਮੇਂ ਦੌਰਾਨ ਕਈ ਵਾਧੇ ਘਾਟੇ ਦੇਖ ਚੁੱਕੀ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿਚ ਸਾਡੀ ਗਿਣਤੀ ਪੰਜ ਹਜ਼ਾਰ ਤੋਂ ਉੱਪਰ ਹੋ ਗਈ ਸੀ ਪਰ ਇਮੀਗਰੇਸ਼ਨ ਵਿਚ ਲੱਗੀਆਂ ਪਾਬੰਦੀਆਂ ਕਾਰਨ ਦੂਜੀ ਵੱਡੀ ਸੰਸਾਰ ਜੰਗ ਦੌਰਾਨ ਇਹ ਗਿਣਤੀ ਇਕ ਹਜ਼ਾਰ ਦੇ ਦੁਆਲੇ ਰਹਿ ਗਈ ਸੀ।
ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਪੰਜਾਬੀ ਦੀ ਬਣੀ ਇਸ ਨਵੀਂ ਪੁਜ਼ੀਸ਼ਨ ਨਾਲ ਆਪਣੀ ਬੋਲੀ ਲਈ ਇਸ ਦੇ ਵਿਕਾਸ ਵਾਸਤੇ ਕੁਝ ਕਰ ਸਕਦੇ ਹਾਂ? ਪੰਜਾਬੀ ਨੂੰ ਪਹਿਲਾਂ ਵੀ ਜ਼ਿਕਰਯੋਗ ਸਥਾਨ ਹਾਸਲ ਹੋਏ ਹਨ ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦਾ ਇੰਨਾ ਜ਼ਿਕਰ ਨਹੀਂ ਹੋਇਆ। ਜਿਵੇਂ ਕਿ ਬੀ ਸੀ ਦੀ ਲੈਜਿਸਲੇਚਰ ਵਿਚ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਪਿਛੋਕੜ ਦੇ ਵਿਧਾਇਕ ਅੰਗ੍ਰੇਜ਼ੀ ਤੋਂ ਬਾਅਦ ਦੂਜੇ ਨੰਬਰ ’ਤੇ ਹੁੰਦੇ ਹਨ। ਪਰ ਇਸ ਨਾਲ ਪੰਜਾਬੀ ਵਾਸਤੇ ਕੋਈ ਨਵੀਂ (1994 ਵਿੱਚ ਹਾਸਿਲ ਹੋਏ ਹੱਕ ਤੋਂ ਬਾਅਦ) ਪ੍ਰਾਪਤੀ ਨਹੀਂ ਹੋ ਸਕੀ। ਇਸੇ ਤਰ੍ਹਾਂ ਓਟਾਵਾ ਵਿਚ ਵੀ ਕਾਫੀ ਸਮੇਂ ਤੋਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸ਼ਾਇਦ ਅੰਗ੍ਰੇਜ਼ੀ ਤੇ ਫਰਾਂਸੀਸੀ ਤੋਂ ਬਾਅਦ ਤੀਜੇ ਨੰਬਰ ’ਤੇ ਹੋਵੇ ਪਰ ਇਸ ਨਾਲ ਪੰਜਾਬੀ ਵਾਸਤੇ ਕੋਈ ਵਿਸ਼ੇਸ਼ ਪ੍ਰਾਪਤੀ ਹੋਈ ਨਹੀਂ ਜਾਪਦੀ।
ਅਸੀਂ ਜਾਣਦੇ ਹਾਂ ਕਿ ਪੰਜਾਬੀ (ਸਣੇ ਬਾਕੀ ਦੀਆਂ 197 ਬੋਲੀਆਂ ਦੇ) ਕਨੇਡਾ ਵਿਚ ਇਕ ਵਿਦੇਸ਼ੀ ਬੋਲੀ ਹੈ। ਕਨੇਡਾ ਵਿਚ ਸਿਰਫ ਦੋ ਆਫੀਸ਼ੀਅਲ ਬੋਲੀਆਂ ਹੀ ਕਨੇਡੀਅਨ ਮੰਨੀਆਂ ਜਾਂਦੀਆਂ ਹਨ। ਬਾਕੀ ਬੋਲੀਆਂ ਬਾਰੇ ਗੱਲ ਕਰਨ ਲਈ ਕਦੇ \'ਫਾਰਨ ਲੈਂਗੂਏਜਜ਼\', ਕਦੇ \'ਮਾਡਰਨ ਲੈਂਗੂਏਜਜ਼\', ਕਦੇ \'ਇੰਟਰਨੈਸ਼ਨਲ ਲੈਂਗੁਏਜਜ਼\', ਕਦੇ \'ਹੋਮ ਲੈਂਗੂਏਜਜ਼\', ਕਦੇ \'ਮਦਰ ਟੰਗ\' ਅਤੇ ਕਦੇ \'ਹੈਰੀਟੇਜ ਲੈਂਗੁਏਜਜ਼\' ਤੇ ਕਦੇ ‘ਇਮੀਗਰੈਂਟ ਲੈਂਗੂਏਜ’ ਦੇ ਨਾਂ ਨਾਲ਼ ਮੁਖਾਤਬ ਕੀਤਾ ਜਾਂਦਾ ਹੈ ਪਰ ਕਨੇਡੀਅਨ ਭਾਸ਼ਾਵਾਂ ਨਹੀਂ। ਕਨੇਡਾ ਵਿਚ ਸਿਰਫ ਉਸੇ ਵਿਅਕਤੀ ਨੂੰ ‘ਆਫੀਸ਼ੀਅਲੀ ਦੋਭਾਸ਼ੀਆ’ ਸਮਝਿਆ ਜਾਂਦਾ ਹੈ ਜੋ ਅੰਗ੍ਰੇਜ਼ੀ ਅਤੇ ਫਰਾਂਸੀਸੀ ਬੋਲਦਾ ਹੋਵੇ। ਇਸ ਤੋਂ ਬਿਨਾਂ ਤੁਸੀਂ ਅੰਗ੍ਰੇਜ਼ੀ ਜਾਂ ਫਰਾਂਸੀਸੀ ਦੇ ਨਾਲ ਭਾਵੇਂ ਦਸ ਬੋਲੀਆਂ ਬੋਲਦੇ ਹੋਵੋ ਕਨੇਡਾ ਦੀਆਂ ਨਜ਼ਰਾਂ ਵਿਚ ਤੁਸੀਂ ਇੱਕੋ ਬੋਲੀ ਬੋਲਦੇ ਹੋ, ਭਾਵ ਕਿ ‘ਯੂਨੀਲਿੰਗੁਅਲ’ ਹੋ।
ਪੰਜਾਬੀ ਨੂੰ ਮਿਲੇ ਤੀਜੇ ਸਥਾਨ ਨਾਲ ਪੰਜਾਬੀਆਂ ਦੀ ਹੁਣ ਇਹ ਪਹਿਲਾਂ ਨਾਲੋਂ ਵੀ ਵਧ ਜ਼ਿੰਮੇਂਦਾਰੀ ਬਣ ਜਾਂਦੀ ਹੈ ਕਿ ਇਸ ਉੱਪਰਲੀ ਸਥਿਤੀ ਨੂੰ ਚੈਲੰਜ ਕਰਨ ਦਾ ਹੌਂਸਲਾ ਕਰਨ। ਅਸੀਂ ਬੀ ਸੀ ਵਿਚ ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀ) ਵਲੋਂ ਇਹ ਮਸਲਾ ਪਿਛਲੇ ਅੱਠ ਨੌਂ ਸਾਲ ਤੋਂ ਹਰ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ’ਤੇ ਉਠਾਉਂਦੇ ਆ ਰਹੇ ਹਾਂ। (ਸਾਲ 2009 ਵਿਚ ਪੰਜਾਬੀ ਲੇਖਕ ਮੰਚ ਵਲੋਂ ਕਰਵਾਈ ਗਈ ਕਾਨਫਰੰਸ ਵਿਚ ਮੈਂ ਪਰਚਾ ਪੇਸ਼ ਕੀਤਾ ਸੀ ‘ਕਨੇਡਾ ਵਿਚ ਪੰਜਾਬੀ ਭਾਸ਼ਾ ਦੀ ਮਾਨਤਾ ਦਾ ਮਸਲਾ’ ਜੋ ਏਥੇ http://plea4punjabi.wordpress.com/documents ਪੜ੍ਹਿਆ ਜਾ ਸਕਦਾ ਹੈ।) ਹੋਰ ਵੀ ਕੁਝ ਵਿਅਕਤੀ ਇਹ ਮਸਲਾ ਉਠਾਲਦੇ ਰਹੇ ਹਨ ਅਤੇ ਇਸ ਦਾ ਮੀਡੀਏ ਵਿਚ ਵੀ ਚਰਚਾ ਚਲਦਾ ਰਿਹਾ ਹੈ। ਪਰ ਅਜੇ ਤੱਕ ਕਿਸੇ ਵੀ ਪੰਜਾਬੀ ਪਿਛੋਕੜ ਦੇ ਸਿਆਸੀ ਨੇਤਾ ਨੇ ਇਹ ਮਸਲਾ ਨਹੀਂ ਉਠਾਇਆ। ਇਸ ਦਾ ਇਕ ਕਾਰਨ ਤਾਂ ਇਹ ਵੀ ਹੈ ਕਿ ਇਹ ਕੋਈ ਸੁਖਾਲਾ ਜਾਂ ਸਾਧਾਰਨ ਮਸਲਾ ਨਹੀਂ ਹੈ। ਦੋਵਾਂ ਸਰਕਾਰੀ ਬੋਲੀਆਂ ਦੇ ਅਧਿਕਾਰ ਕਨੇਡਾ ਦੇ ਸਵਿਧਾਨ ਵਿਚ ਸੁਰੱਖਿਅਤ ਹਨ ਤੇ ਇਸ ਮਸਲੇ ਨੂੰ ਉਠਾਉਣ ਦਾ ਅਰਥ ਹੈ ਕਨੇਡਾ ਦੇ ਸਵਿਧਾਨ ਨੂੰ ਚੈਲੰਜ ਕਰਨਾ। ਦੂਜਾ ਕਾਰਨ ਇਹ ਹੈ ਕਿ ਸਿਆਸੀ ਲੋਕ ਉਹ ਹੀ ਕਰਦੇ ਹਨ ਜੋ ਉਨ੍ਹਾਂ ਨੂੰ ਵੋਟ ਤੇ ਆਰਥਿਕ ਮਦਦ ਦੇਣ ਵਾਲੇ ਲੋਕ ਚਾਹੁੰਦੇ ਹੋਣ। ਪੰਜਾਬੀ ਬੋਲੀ ਲਈ ਕਨੇਡੀਅਨ ਬੋਲੀ ਵਜੋਂ ਮਾਨਤਾ ਦਾ ਮਸਲਾ ਅਜੇ ਤੱਕ ਆਮ ਪੰਜਾਬੀ ਨੇ ਉਠਾਉਣ ਬਾਰੇ ਸੋਚਿਆ ਤੱਕ ਨਹੀਂ। ਸੋ ਜਿੰਨਾ ਚਿਰ ਕਨੇਡਾ ਭਰ ਵਿੱਚੋਂ ਪੰਜਾਬੀਆਂ ਵਲੋਂ ਇਹ ਆਵਾਜ਼ ਨਹੀਂ ਆਉਂਦੀ ਉਨਾਂ ਚਿਰ ਅਸੀਂ ਆਪਣੇ ਸਿਆਸੀ ਆਗੂਆਂ ਨੂੰ ਬੇਵਜਾ ਗਲਤ ਨਹੀਂ ਕਹਿ ਸਕਦੇ।
ਇਸ ਵੱਡੇ ਮਸਲੇ ਦੇ ਨਾਲ ਨਾਲ ਸਾਨੂੰ ਹਰ ਜਗ੍ਹਾ ਅਗਲੀਆਂ ਪੀੜ੍ਹੀਆਂ ਨੂੰ ਪੰਜਾਬੀ ਦੀ ਪੜ੍ਹਨ ਲਿਖਣ ਦੀ ਸਿੱਖਿਆ ਦੇਣ ਬਾਰੇ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਜਿੱਥੇ ਵੀ ਸੰਭਵ ਹੋਵੇ ਇਸ ਨੂੰ ਵਿਦਿਆਰਥੀਆਂ ਦੀ ਰੈਗੂਲਰ ਵਿੱਦਿਆ ਦੇ ਹਿੱਸੇ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪੰਜਾਬੀ ਸਾਹਿਤ ਨਾਲ ਸੰਬੰਧਤ ਵੀ ਅਜਿਹੇ ਹੀ ਮਸਲੇ ਹਨ ਜਿਨ੍ਹਾਂ ਵਲ ਸਾਨੂੰ ਇਕ ਭਾਈਚਾਰੇ ਦੇ ਤੌਰ ’ਤੇ ਧਿਆਨ ਦੇਣ ਦੀ ਲੋੜ ਹੈ। ਸਾਡਾ ਸਾਹਿਤ (ਹੁਣ ਹਜ਼ਾਰਾਂ ਦੀ ਗਿਣਤੀ ਵਿਚ ਛਪੀਆਂ ਪੁਸਤਕਾਂ) ਵੀ ਕਨੇਡੀਅਨ ਸਾਹਿਤ ਦਾ ਆਫੀਸ਼ੀਅਲ ਹਿੱਸਾ ਨਹੀਂ ਹਨ। ਨਾ ਕਨੇਡੇ ਦੀ ਕਿਸੇ ਯੂਨੀਵਰਸਿਟੀ ਵਿਚ ਸਾਡਾ ਸਾਹਿਤ ਪੜ੍ਹਾਇਆ ਜਾ ਰਿਹਾ ਹੈ। ਸਿਰਫ ਬੀ ਸੀ ਵਿਚ ਯੂ ਬੀ ਸੀ ਤੇ ਸਰੀ ਸਥਿੱਤ ਕਵਾਂਟਲਿਨ ਯੂਨੀਵਰਸਿਟੀ ਵਿਚ ਹੁਣ ਇਸ ਪਾਸੇ ਇੱਕਾ ਦੁੱਕਾ ਕੋਸ਼ਿਸ਼ਾਂ ਸ਼ੁਰੂ ਹੋਈਆਂ ਹਨ।
ਅਜਿਹੇ ਹੋਰ ਵੀ ਅਨੇਕਾਂ ਮਸਲੇ ਹਨ ਜਿਨ੍ਹਾਂ ਵਲ ਧਿਆਨ ਦੇਣ ਦੀ ਲੋੜ ਹੈ। ਜਿੰਨਾ ਕੁ ਚਿਰ ਪੰਜਾਬੀ ਇਸ ਵਧੀਆ ਪੁਜ਼ੀਸ਼ਨ ਵਿਚ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਵਾਸਤੇ ਕੋਈ ਚੰਗੀਆਂ ਪ੍ਰਾਪਤੀਆਂ ਕਰਨ ਦੀ ਕੋਸ਼ਿਸ਼ ਕਰੀਏ।
-
Sadhu Binning - sadhu.binning@gmail.com,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.