ਪੁਸਤਕ ਦਾ ਲੇਖ ਅਲੀ ਰਾਜਪੁਰਾ ਲੋਕ ਸਾਹਿਤ ਪ੍ਰਤੀ ਸਿਰੜੀ ਤੇ ਮਿਹਨਤੀ ਹੋਣ ਦੇ ਨਾਲ-ਨਾਲ ਲੋਕ-ਗੀਤ ਗਾਇਕਾਂ ਅਤੇ ਲੋਕ-ਸਾਹਿਤ ਦੇ ਲੇਖਕਾਂ ਨੂੰ ਪੰਜਾਬ ਦੀ ਧਰਤੀ ਦੇ ਅਸਲੀ ਵਾਰਸ ਸਮਝਦਾ ਹੈ। ਉਸ ਨੇ ਹੁਣ ਤੱਕ ਇਸੇ ਵਿਧਾ ਉੱਪਰ ਦਰਜਨ ਤੋਂ ਵੱਧ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਉਸ ਨੇ ਲੋਕ ਸਾਹਿਤ ਨੂੰ ਘਰ-ਘਰ ਪਹੁੰਚਾਉਣ ਦੀ ਗੁੜ੍ਹਤੀ ਇਕਬਾਲ ਰਾਮੂਵਾਲੀਆ ਤੋਂ ਲਈ ਹੈ। ਇਹ ਪੁਸਤਕ ਉਸ ਦੀ ਸਖਤ ਘਾਲਣਾ ਦਾ ਨਤੀਜਾ ਹੈ। ਉਸ ਨੇ ਪੰਜਾਬ ਦੇ ਪ੍ਰਤਿਭਾਵਾਨ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਨੂੰ ਨਵੀਂ ਪੀੜ੍ਹੀ ਦੇ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਹੈ। ਕਵੀਸ਼ਰ ਸਿੱਧਵਾਂ ਦੀ ਗਾਇਨ ਸ਼ੈਲੀ ਤੋਂ ਮੌਜੂਦਾ ਪੀੜ੍ਹੀ ਦੇ ਕਵੀਸ਼ਰ ਬਹੁਤ ਕੁਝ ਨਵਾਂ ਸਿੱਖ ਸਕਦੇ ਹਨ। ਅਸਲ ਵਿਚ ਮਾਲਵਾ ਖੇਤਰ ਤੋਂ ਸ਼ੁਰੂ ਹੋਈ ਕਵੀਸ਼ਰੀ ਪੰਜਾਬੀ ਲੋਕ-ਗਾਇਕੀ ਦੀ ਇਕ ਅਲੌਕਿਕ ਵੰਨਗੀ ਹੈ, ਜਿਹੜੀ ਬਾਬੂ ਰਜਬ ਅਲੀ ਤੋਂ ਬਾਪੂ ਕਰਨੈਲ ਸਿੰਘ ਪਾਰਸ ਤੱਕ ਦਾ ਸਫਰ ਤੈਅ ਕਰਕੇ ਸਾਹਿਤਕ ਰੰਗ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਸਫਲ ਹੋਈ। ਅੱਜ ਤੋਂ ਪੰਜ-ਛੇ ਦਹਾਕੇ ਪਹਿਲਾਂ ਪੰਜਾਬ ਦੀ ਧਰਤੀ \'ਤੇ ਲੱਗਣ ਵਾਲੇ ਮੇਲਿਆਂ ਵਿਚ ਲਾਊਡ ਸਪੀਕਰ ਤੋਂ ਬਗੈਰ ਹੀ ਸਰੰਗੀਆਂ, ਅਲਗੋਜ਼ਿਆਂ ਅਤੇ ਤੂੰਬਿਆਂ ਨਾਲ ਕੀਤੀ ਜਾਂਦੀ ਗਾਇਕੀ ਦੇ ਅਖਾੜੇ ਲਗਦੇ ਸਨ। ਜਦੋਂ ਅਖਾੜੇ ਵਿਚ ਘੁੰਮ ਕੇ ਕਵੀਸ਼ਰੀ ਦੇ ਬਾਬਾ ਬੋਹੜ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਤੁਰਦੇ ਤਾਂ ਸਰੋਤਿਆਂ ਦਾ ਵੱਡਾ ਹਜ਼ੂਮ ਉਨ੍ਹਾਂ ਦੁਆਲੇ ਇਕੱਠਾ ਹੋ ਜਾਂਦਾ ਅਤੇ ਉਨ੍ਹਾਂ ਦੇ ਨਾਲ-ਨਾਲ ਹੀ ਤੁਰਦਾ। ਪੁਸਤਕ ਦੇ ਪਹਿਲੇ ਹਿੱਸੇ ਵਿਚ ਇਕਬਾਲ ਸਿੰਘ ਰਾਮੂਵਾਲੀਆ ਟੋਰਾਂਟੋ (ਕੈਨੇਡਾ), ਡਾ: ਲਾਭ ਸਿੰਘ ਖੀਵਾ ਅਤੇ ਲੇਖਕ ਵਲੋਂ ਕਵੀਸ਼ਰ ਸਿੱਧਵਾਂ ਦੀ ਲਾਸਾਨੀ ਗਾਇਕੀ ਦਾ ਜ਼ਿਕਰ ਸੰਖੇਪ ਵਿਚ ਕੀਤਾ ਗਿਆ ਹੈ। ਅਗਲੇ ਪੰਨਿਆਂ ਵਿਚ ਕਵੀਸ਼ਰ ਸਿੱਧਵਾਂ ਦੀ \'ਜੀਵਨ ਗਾਥਾ\' \'ਚ ਉਨ੍ਹਾਂ ਦੀ ਧਰਮ ਪਤਨੀ ਬੀਬੀ ਗੁਰਦੇਵ ਕੌਰ ਅਤੇ ਸਪੁੱਤਰ ਸਤਿੰਦਰਪਾਲ ਨਾਲ ਮੁਲਾਕਾਤ ਦੇ ਰੂਪ ਵਿਚ ਕਵੀਸ਼ਰ ਸਿੱਧਵਾਂ ਦੀ ਸ਼ਖ਼ਸੀਅਤ ਨੂੰ ਉਘਾੜਨ ਦਾ ਯਤਨ ਕੀਤਾ ਹੈ। ਪੁਸਤਕ ਦੇ ਇਸ ਤੋਂ ਅਗਲੇ ਹਿੱਸੇ ਵਿਚ ਕਵੀਸ਼ਰ ਸਿੱਧਵਾਂ ਦੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਅੱਗੇ ਸ: ਜਗਦੇਵ ਸਿੰਘ ਜੱਸੋਵਾਲ, ਸ: ਕਰਨੈਲ ਸਿੰਘ ਪਾਰਸ, ਕਵੀਸ਼ਰ ਜੋਗਾ ਸਿੰਘ ਜੋਗੀ, ਕਵੀਸ਼ਰ ਜਰਨੈਲ ਸਭਰਾਵਾਂ, ਕਵੀਸ਼ਰ ਬਲਦੇਵ ਸਿੰਘ ਬੈਂਕਾ, ਡਾ: ਸੰਪੂਰਨ ਸਿੰਘ ਟੱਲੇਵਾਲੀਆ, ਕਵੀਸ਼ਰ ਮੁਖਤਿਆਰ ਸਿੰਘ ਜ਼ਫ਼ਰ, ਮਾਸਟਰ ਯੁੱਧਵੀਰ ਸਿੰਘ ਨਥਾਣਾ, ਕੁਲਦੀਪ ਮਾਣਕ, ਸਾਧੂ ਸਿੰਘ ਹੱਡਾਂਵਾਲੀ, ਹਰਚਰਨ ਸਿੰਘ ਗਿੱਲ ਰਾਮੂਵਾਲੀਆ, ਭਜਨ ਸਿੰਘ ਇੰਗਲੈਂਡ, ਬਲਜਿੰਦਰ ਸਿੰਘ ਅਟਵਾਲ ਕੈਨੇਡਾ, ਮਾਸਟਰ ਬੋਹੜ ਸਿੰਘ ਮੱਲ੍ਹਣ ਨੇ ਆਪਣੀ-ਆਪਣੀ ਲੇਖਣੀ ਵਿਚ ਕਵੀਸ਼ਰ ਸਿੱਧਵਾਂ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਯਾਦ ਕੀਤਾ ਹੈ। ਪੁਸਤਕ ਦੇ ਅੰਤਿਮ ਭਾਗ ਵਿਚ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਦੇ ਅੰਤਿਮ ਸਮੇਂ ਉਨ੍ਹਾਂ ਦੇ ਯੋਗ ਸਪੁੱਤਰ ਸਤਿੰਦਰਪਾਲ ਸਿੰਘ ਸਿੱਧਵਾਂ ਨੂੰ ਜਿਹੜੇ ਪੱਤਰ ਸ਼ਰਧਾਂਜਲੀ ਵਜੋਂ ਪ੍ਰਾਪਤ ਹੋਏ, ਨੂੰ ਸ਼ਾਮਲ ਕੀਤਾ ਗਿਆ ਹੈ। ਲੇਖਕ ਨੇ ਪੁਸਤਕ ਦੇ 10-12 ਸਫਿਆਂ ਵਿਚ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਦੀਆਂ ਯਾਦਗਾਰੀ ਤਸਵੀਰਾਂ ਛਾਪ ਕੇ ਚਿੱਤਰ-ਦਰਸ਼ਨ ਕਰਵਾਉਣ ਦਾ ਵੀ ਵਧੀਆ ਉੱਦਮ ਕੀਤਾ ਹੈ। ਲੇਖਕ ਦਾ ਲੋਕ-ਗਾਇਕੀ ਪ੍ਰਤੀ ਮੋਹ ਅਤੇ ਅਲੋਪ ਹੋ ਰਹੀ ਇਸ ਵੰਨਗੀ ਨੂੰ ਕਿਤਾਬ ਦੇ ਰੂਪ ਵਿਚ ਪੇਸ਼ ਕਰਨਾ ਲੀਹ ਤੋਂ ਲੱਥੀ ਨਵੀਂ ਪੀੜ੍ਹੀ ਦੇ ਗਾਇਕਾਂ ਲਈ ਵੰਗਾਰ ਵੀ ਹੈ ਅਤੇ ਪ੍ਰੇਰਨਾ ਵੀ।
-
ਭਗਵਾਨ ਸਿੰਘ ਜੌਹਲ 98143-24040,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.