ਅੱਜ 14 ਅਕਤੂਬਰ ਦੇ ਸਾਰੇ ਅਖ਼ਬਾਰਾਂ ਦੇ ਫਰੰਟ ਪੇਜ਼ \'ਤੇ ਦਿਲ ਹਿਲਾ ਦੇਣ ਵਾਲੀ ਖਬਰ ਲੱਗੀ ਹੋਈ ਸੀ। ਆਸਟ੍ਰੇਲੀਆ ਤੋਂ ਆ ਰਹੇ ਪਰਿਵਾਰ ਦੇ 4 ਜੀਅ ਸੜਕ ਹਾਦਸੇ ਵਿੱਚ ਹਲਾਕ। ਪਿਛਲੇਂ ਸਾਲਾਂ ਦੌਰਾਨ ਬਹੁਤ ਸਾਰੀਆਂ ਇਹੋਂ ਜਿਹੀਆਂ ਖ਼ਬਰਾਂ ਪੜਨ ਨੂੰ ਮਿਲੀਆਂ ਨੇ ਕਿ ਅੰਮ੍ਰਿਤਸਰ ਜਾਂ ਦਿੱਲੀ ਏਅਰਪੋਰਟ \'ਤੇ ਜਾਣ ਵਾਲੀਆਂ ਗੱਡੀਆਂ ਐਕਸੀਡੈਂਟ ਦਾ ਸ਼ਿਕਾਰ ਹੋਈਆਂ ਨੇ, ਜਿੰਨਾਂ \'ਚ ਪ੍ਰਦੇਸਾਂ ਨੂੰ ਜਾਣ ਵਾਲੇ ਜਾਂ ਆਉਣ ਵਾਲੇ ਮੌਤ ਦੇ ਮੂੰਹ ਵਿੱਚ ਜਾ ਪਏ। ਇਸ ਪਿੱਛੇ ਵੱਡਾ ਕਾਰਨ ਇਹ ਹੁੰਦਾ ਹੈ ਕਿ ਗੱਡੀਆਂ ਦੇ ਡਰਾਈਵਰ ਉਣੀਦੇ ਹੁੰਦੇ ਨੇ। ਏਅਰਪੋਰਟ ਨੂੰ ਜਾਣ ਖ਼ਾਤਰ ਪ੍ਰਦੇਸੀ ਭਰਾ ਜਾਂ ਉਨਾਂ ਦੇ ਇੱਥੇ ਰਹਿੰਦੇ ਸੰਬੰਧੀ ਟੈਕਸੀ ਨੂੰ ਤਰਜੀਹ ਦਿੰਦੇ ਨੇ। ਟੈਕਸੀ ਤੋਂ ਬਿਨਾਂ ਬਦਲਵੇਂ ਸਾਧਨਾਂ ਦੇ ਅਤੇ ਪਤੇ ਬਾਰੇ ਜਾਣਕਾਰੀ ਦੀ ਅਣਹੋਂਦ ਕਰਕੇ ਹੀ ਟੈਕਸੀਆਂ ਕੀਤੀਆਂ ਜਾਂਦੀਆਂ ਨੇ। ਆਮ ਤੌਰ \'ਤੇ ਇਹ ਵੇਖਿਆ ਗਿਆ ਹੈ ਕਿ ਜਿਹੜਾ ਡਰਾਈਵਰ ਦਿੱਲੀਓਂ ਗੇੜਾ ਲਾ ਕੇ ਮੁੜਦਾ ਹੈ, ਉਹਦੇ ਆਉਂਦੇ ਨੂੰ ਨਵਾਂ ਗੇੜਾ ਤਿਆਰ ਹੁੰਦਾ ਹੈ। ਇਹ ਇੱਕ ਅੱਧੇ ਦਿਨ ਦੀ ਗੱਲ ਨਹੀਂ ਹੁੰਦੀ, ਬਲਕਿ ਨਿੱਤ ਦਾ ਹੀ ਦਸਤੂਰ ਹੁੰਦਾ ਹੈ। ਜੇ ਮੁੜਦੇ ਗੇੜੇ ਦੀ ਗੱਲ ਨਾ ਵੀ ਕਰੀਏ ਤਾਂ ਵੀ ਇੱਕੋ ਗੇੜੇ ਵਿੱਚ ਡਰਾਈਵਰ ਨੂੰ ਨੀਂਦ ਗੇੜਾ ਦੇ ਦਿੰਦੀ ਹੈ। ਪੰਜਾਬ ਦੇ ਕੇਂਦਰ ਲੁਧਿਆਣਾ ਦੀ ਜੇ ਮਿਸਾਲ ਲੈ ਲਈਏ ਤਾਂ ਦੁਪਹਿਰੇ ਤੁਰ ਕੇ ਡਰਾਈਵਰ ਅਗਲੇ ਦਿਨ ਦੁਪਹਿਰੇ ਦਿੱਲੀਓਂ ਮੁੜਦਾ ਹੈ, ਕਿਉਂਕਿ ਆਪਣੇ ਸੰਬੰਧੀ ਨੂੰ ਜਹਾਜ਼ ਚੜਾਉਣ ਗਿਆ ਬੰਦਾ ਮੁਸਾਫ਼ਿਰ ਦੀ ਏਅਰਪੋਰਟ ਵਿੱਚ ਐਂਟਰੀ ਹੋਣ ਤੋਂ ਬਾਅਦ ਹੀ ਉਥੋਂ ਵਾਪਸ ਆਉਣ ਦੀ ਸੋਚਦਾ ਹੈ। ਓਹੀ 2-3 ਘੰਟੇ ਦਾ ਟਾਈਮ ਡਰਾਈਵਰ ਨੂੰ ਸੌਂਣ ਲਈ ਤਾਂ ਬੇਸ਼ੱਕ ਦੇ ਦਿੱਤਾ ਜਾਂਦਾ ਹੈ, ਪਰ ਗਰਮੀ ਜਾਂ ਹੋਰ ਕਾਰਨਾਂ ਕਰਕੇ ਉਹ ਪੂਰਾ ਸੌਂ ਨਹੀਂ ਸਕਦਾ। ਜੋ ਕਿ ਐਕਸੀਡੈਂਟ ਦੀ ਵਜਾ ਬਣਦਾ ਹੈ। ਬੀਤੇ 2-3 ਸਾਲਾਂ ਵਿੱਚ ੌਫਰੀਦਕੋਟ ਤੋਂ ਅੰਮ੍ਰਿਤਸਰ ਦੇ ਰਾਸਤੇ ਵਿੱਚ ਇਸੇ ਵਜਾ ਕਰਕੇ ਦੋ ਵੱਡੇ ਐਕਸੀਡੈਂਟ ਹੋਏ ਨੇ, ਜੀਹਦੇ ਵਿੱਚ ਸਾਰੇ ਮੁਸਾਫ਼ਿਰ ਮਾਰੇ ਗਏ ਸੀ। ਵੱਡੇ-ਵੱਡੇ ਹਾਦਸੇ ਤਾਂ ਸੁਰਖੀਆਂ ਵਿੱਚ ਆ ਜਾਂਦੇ ਹਨ, ਪਰ ਛੋਟੀਆਂ ਮੋਟੀਆਂ ਘਟਨਾਵਾਂ ਜ਼ਾਹਰ ਨਹੀਂ ਹੁੰਦੀਆਂ। ਦਿੱਲੀ ਏਅਰਪੋਰਟ ਤੇ ਜਾਣ-ਆਉਣ ਵਾਲੇ ਮੁਸਾਫ਼ਿਰ ਅਕਸਰ ਹੀ ਟੈਕਸੀ ਡਰਾਈਵਰਾਂ ਦੀ ਅੱਖ ਲੱਗਣ ਦਾ ਜ਼ਿਕਰ ਕਰਦੇ ਨੇ। ਸੋ ਦਿੱਲੀਓਂ ਆਉਣ ਜਾਣ ਵਾਲਿਆਂ ਨੂੰ ਬਦਲਵੇਂ ਸਾਧਨ ਬਾਰੇ ਸੋਚਣਾ ਚਾਹੀਦਾ ਹੈ।
ਕੀ ਹੈ ਬਦਲਵਾਂ ਪ੍ਰਬੰਧ
ਦਿੱਲੀ ਜਾਣ ਲਈ ਸਭ ਤੋਂ ਸੁਖਾਲਾ ਹੱਲ ਰੇਲ ਗੱਡੀ ਹੈ। ਰੇਲ ਗੱਡੀਆਂ ਦੇ ਟਾਈਮ ਬਾਰੇ ਬਹੁਤ ਜਾਣਕਾਰੀ ਨਾ ਹੋਣ ਕਰਕੇ ਲੋਕ ਇਸਦੀ ਵਰਤੋਂ ਨਹੀਂ ਕਰਦੇ। ਅੱਜ ਕਲ ਇੰਟਰਨੈਂਟ \'ਤੋਂ ਇਸ ਸੰਬੰਧੀ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ। ਗੂਗਲ ਤੇ ਇੰਡੀਅਨ ਰੇਲਵੇਜ਼ \'ਤੇ ਸਰਚ ਮਾਰਿਆਂ ਭਾਰਤੀ ਰੇਲਵੇ ਦੀ ਵੈਬਸਾਈਟ ਖੁੱਲ ਜਾਂਦੀ ਹੈ। ਜਿੱਥੋਂ ਰੇਲਾਂ ਸੰਬੰਧੀ ਹਰ ਕਿਸਮ ਦੀ ਜਾਣਕਾਰੀ ਲੈਣੀ ਚਾਹੀਦੀ ਹੈ। ਮਿਸਾਲ ਦੇ ਤੌਰ \'ਤੇ ਅੰਮ੍ਰਿਤਸਰ ਤੋਂ ਬਰਾਸਤਾ ਜਲੰਧਰ, ਲੁਧਿਆਣਾ, ਨਵੀਂ ਦਿੱਲੀ ਤੱਕ ਜਾਣ ਲਈ ਦੋ ਰੇਲਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇੱਕ ਰੇਲ ਪਸ਼ਚਿੱਮ ਐਕਸਪ੍ਰੈਕਸ, ਜਿਸਦਾ ਨੰਬਰ 12926 ਹੈ, ਅੰਮ੍ਰਿਤਸਰੋਂ ਸਵੇਰੇ ਸਵਾ 8 ਵਜੇ ਤੁਰਦੀ ਹੈ, ਲੁਧਿਆਣੇ ਸਾਢੇ 10 ਵਜੇ, ਜਦੋਂ ਕਿ ਨਵੀਂ ਦਿੱਲੀ ਸ਼ਾਮ ਸਾਢੇ 4 ਵਜੇ ਪੁੱਜਦੀ ਹੈ। ਇਸ ਵਿੱਚ ਆਮ ਕਲਾਸ ਤੋਂ ਇਲਾਵਾ ਏ.ਸੀ ਫਸਟ ਕਲਾਸ, ਏ.ਸੀ. ਸੈਕਿੰਡ ਅਤੇ ਏ.ਸੀ.ਥਰਡ ਕਲਾਸ ਦੇ ਸਲੀਪਰ (ਸੌਂਣ ਵਾਲੇ) ਕੋਚ ਹਨ। ਅੰਮ੍ਰਿਤਸਰ ਤੋਂ ਏ.ਸੀ ਫਸਟ, ਸੈਕਿੰਡ, ਥਰਡ ਕਲਾਸ ਦਾ ਦਿੱਲੀ ਤੱਕ ਦਾ ਕਿਰਾਇਆ ਕ੍ਰਮਵਾਰ 1305, 845, 572 ਰੁਪਏ ਹੈ। ਇਸੇ ਤਰਾ ਲੁਧਿਆਣੇ ਤੋਂ ਇਸਦਾ ਭਾੜਾ ਉਪਰ ਵਾਂਗ 1130, 665, 459 ਰੁਪਏ ਹੈ। ਇਸੇ ਤਰਾ ਸ਼ਤਾਬਦੀ ਰੇਲ ਅੰਮ੍ਰਿਤਸਰੋਂ ਸਵੇਰੇ 5 ਵਜੇ ਤੁਰ ਕੇ ਲੁਧਿਆਣੇ 7 ਅਤੇ ਦਿੱਲੀ ਸਵਾ 11 ਵਜੇ ਪਹੁੰਚਦੀ ਹੈ। ਇਸਦੇ ਏ.ਸੀ. ਚੇਅਰ ਕਾਰ ਦਾ ਅੰਮ੍ਰਿਤਸਰੋਂ ਦਿੱਲੀ ਦਾ ਭਾੜਾ 591 ਰੁਪਏ ਅਤੇ ਲੁਧਿਆਣੇ ਤੋਂ 487 ਰੁਪਏ ਹੈ। ਸ਼ਤਾਬਦੀ ਵਿੱਚ ਸੀਟ ਲਗਭਗ 10 ਦਿਨ ਪਹਿਲਾਂ ਆਸਾਨੀ ਨਾਲ ਮਿਲ ਜਾਂਦੀ ਹੈ, ਜਦੋਂ ਕਿ ਪਸ਼ਚਿਮ ਐਕਸਪ੍ਰੈਕਸ ਵਿੱਚ ਸੀਟ ਮੌਕੇ \'ਤੇ ਵੀ ਮਿਲ ਜਾਂਦੀ ਹੈ। ਇਸੇ ਤਰਾਂ ਦਿੱਲੀਓਂ ਪੰਜਾਬ ਨੂੰ ਵੀ ਰੇਲਾਂ ਆਉਂਦੀਆਂ ਹੀ ਰਹਿੰਦੀਆਂ ਨੇ। ਇੱਥੇ ਇਹ ਦੱਸਣਯੋਗ ਹੈ ਕਿ ਤੁਹਾਡੇ ਕੋਲੇ ਆਮ ਕਲਾਸ ਸਿਟਿੰਗ ਦਾ ਟਿਕਟ ਹੋਣਾ ਚਾਹੀਦਾ ਹੈ। ਤੁਸੀਂ ਜਿਹੜੀ ਮਰਜ਼ੀ ਕਲਾਸ ਵਿੱਚ ਚੜ ਸਕਦੇ ਹੋ। ਓਸ ਕਲਾਸ ਦਾ ਭਾੜਾ ਲੈ ਕੇ ਰੇਲਵੇ ਟੀ.ਟੀ. ਤੁਹਾਨੂੰ ਸੀਟ ਦੇਣ ਲਈ ਪਾਬੰਦ ਹੈ। ਜੇ ਉਥੇ ਸੀਟ ਨਹੀਂ ਹੈ ਤਾਂ ਤੁਹਾਨੂੰ ਉਪਰਲੀ ਕਲਾਸ ਦੇ ਭਾੜੇ ਤੋਂ ਇਲਾਵਾਂ ਵੱਧ ਤੋਂ ਵੱਧ 200 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ।
ਪ੍ਰਦੇਸੀਆਂ ਵਾਸਤੇ ਇਹ ਵੀ ਸੁਝਾਅ ਹੈ ਕਿ ਜੇ ਉਹਨਾਂ ਨੂੰ ਰੇਲਵੇ ਦਾ ਟਾਈਮ ਸੂਟ ਨਹੀਂ ਕਰਦਾ ਤਾਂ ਉਹਨਾਂ ਨੂੰ ਇੱਕ ਰਾਤ ਦੇ ਲਈ ਹੋਟਲ ਵਿੱਚ ਕੱਟ ਲੈਣੀ ਚਾਹੀਦੀ ਹੈ। ਨਵੀਂ ਦਿੱਲੀ ਵਿੱਚ ਇੱਕ ਸਰਕਾਰੀ ਹੋਟਲ ਹੈ, ਜਿਹਨੂੰ ਅਸ਼ੋਕ ਯਾਤਰੀ ਨਿਵਾਸ ਕਿਹਾ ਜਾਂਦਾ ਹੈ। ਕਹਿਣ ਨੂੰ ਤਾਂ ਭਾਵੇਂ ਇਹ ਇੱਕ ਸਰਾਂ ਵਰਗਾ ਨਾਅ ਹੈ, ਪਰ ਇੱਕ ਵਧੀਆ ਲਿਸ਼ਕਿਆ ਪੁਸ਼ਕਿਆ ਬਹੁ ਮੰਜ਼ਿਲਾਂ ਹੋਟਲ ਹੈ। ਇਸ ਵਿੱਚ ਇੱਕ ਬੰਦੇ ਦੇ ਰਹਿਣ ਦਾ ਭਾੜਾ 1200 ਅਤੇ ਡਬਲ ਬੈੱਡ ਕਮਰੇ ਦਾ ਕਿਰਾਇਆ 1800 ਰੁਪਏ ਹੈ। ਚਾਹੇ ਆਮ ਤੌਰ \'ਤੇ ਦਿੱਲੀ ਤੱਕ ਦਾ ਰੇਲਵੇ ਸਫ਼ਰ ਅਤੇ ਉਸਤੋਂ ਅਗਾਂਹ ਟੈਕਸੀ ਕਰਕੇ ਏਅਰਪੋਰਟ \'ਤੇ ਜਾਣਾ ਭਾਵੇਂ ਔਖਾ ਕੰਮ ਲੱਗੇ, ਪਰ ਇਹ ਜਾਨ ਦੇ ਰਿਸਕ ਦੇ ਮੁਕਾਬਲੇ ਸੌਖਾ ਹੈ।
-
ਗੁਰਪ੍ਰੀਤ ਸਿੰਘ ਮੰਡਿਆਣੀ, 88726-64000,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.