(ਦਿੱਲੀ ਪੁਲਿਸ ਵੱਲੋਂ ਹਾਲ ਹੀ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਖਾਲਿਸਤਾਨੀ ਖਾੜਕੂ ਸੁਖਵਿੰਦਰ ਸਿੰਘ ਸੁੱਖੀ ਦੀ ਅਸਲੀਅਤ ਜਦੋਂ ਫ਼ਰਵਰੀ 2006 ਵਿਚ ਲੋਕਾਂ ਸਾਹਮਣੇ ਆਈ ਸੀ ਤਾਂ ਉਦੋਂ ਚੱਲ ਰਹੇ ਵਿਵਾਦ ਬਾਰੇ ਅਜੀਤ ਲਈ ਲਿਖਿਆ ਤਿਰਛੀ ਨਜ਼ਰ ਕਲਮ ਬਾਬੂਸ਼ਾਹੀ ਡਾਟ ਕਾਮ ਦੇ ਪਾਠਕਾਂ ਲਈ ਹਾਜ਼ਰ ਹੈ-)
\'ਸੁੱਖੀ ਤਾਂ ਬਿੱਟੂ ਦੇ ਵਿਆਹ \'ਚ ਵੀ ਆਇਆ ਸੀ। ਸਭ ਨੂੰ ਮਿਲਿਆ ਵੀ ਸੀ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਸੀ ਕਿ ਇਹ ਉਹੀ ਸੁੱਖੀ ਹੈ, ਜਿਸ ਨੂੰ ਮਰਿਆ ਦਿਖਾਇਆ ਗਿਆ ਸੀ ਤੇ ਉਹ ਫਰਜ਼ੀ ਨਾਂਅ \'ਤੇ ਰਹਿਾ ਹੈ। ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਤੁਹਾਡੀ ਐਡੀ ਵੱਡੀ ਖ਼ਬਰ ਹੈ,\' ਇਹ ਲਫਜ਼ ਇਕ ਗਰਮਖਿਆਲੀ ਸਿੱਖ ਜਥੈਬੰਦੀ ਦੇ ਇਕ ਸੀਨੀਅਰ ਨੇਤਾ ਨੇ ਕਹੇ। ਮੈਂ ਤਾਂ ਉਦੋਂ ਸੁੱਖੀ ਮਾਮਲੇ ਬਾਰੇ ਉਸਦਾ ਪ੍ਰਤੀਕਰਮ ਜਾਣਨ ਲਈ ਫੋਨ ਕੀਤਾ ਸੀ। ਅੱਗੋਂ ਉਸਨੇ ਇਹ ਜਵਾਬ ਦੇ ਕੇ ਹੈਰਾਨ ਕਰ ਦਿੱਤਾ ਕਿ ਖਾਲਿਸਤਾਨੀ ਲਹਿਰ ਤੇ ਖਾੜਕੂਵਾਦ ਨਾਲ ਸਬੰਧਤ ਰਹੇ ਕਾਫੀ ਮੌਜੂਦਾ ਨੇਤਾਵਾਂ ਨੂੰ ਸੁਖਵਿੰਦਰ ਸਿੰਘ ਸੁੱਖੀ ਉਰਫ ਹਰਜੀਤ ਸਿੰਘ ਕਾਹਲੋਂ ਦੇ ਪਿਛੋਕੜ ਬਾਰੇ ਪੂਰੀ ਜਾਣਕਾਰੀ ਸੀ। ਉਸਨੇ ਇਹ ਵੀ ਦੱਸਿਆ ਕਿ ਅਜਿਹੇ ਹੋਰ ਕਿੰਨੇ ਹੀ ਸਾਬਕਾ ਖਾੜਕੂ ਹਨ, ਜਿਹੜੇ ਇਸ ਤਰ੍ਹਾਂ ਪਛਾਣ ਬਦਲਕੇ ਜਾਂ ਚੁੱਪ-ਚੁਪੀਤੇ ਰਹਿ ਰਹੇ ਹਨ ਪਰ ਗਰਮਖਿਆਲੀ ਧੜਿਆਂ ਦੇ ਕਈ ਨੇਤਾਵਾਂ ਨੂੰ ਵੀ ਉਨ੍ਹਾਂ ਬਾਰੇ ਜਾਣਕਾਰੀ ਹੈ। ਉਹ ਗਾਹੇ-ਬਗਾਹੇ ਮਿਲ ਵੀ ਜਾਂਦੇ ਹਨ ਪਰ ਅਸੀਂ ਉਨ੍ਹਾਂ ਤੋਂ ਚੌਕਸ ਰਹਿੰਦੇ ਹਾਂ ਕਿਉਂਕਿ ਅਸੀਂ ਤਾਂ ਉਨ੍ਹਾਂ ਨੂੰ ਪੁਲਿਸ ਕੈਟ ਹੀ ਸਮਝਦੇ ਹਾਂ। ਇਸ ਨੇਤਾ ਨੇ ਜੋ ਗੱਲਾਂ ਸੁਣਾਈਆਂ, ਇਸ ਤੋਂ ਇਹ ਇਲਮ ਹੋਇਆ ਕਿ ਸਿਰਫ ਪੁਲਿਸ ਅਫਸਰਾਂ ਦੇ ਨਹੀਂ ਸਗੋਂ ਕਾਫੀ ਗਰਮਖਿਆਲੀ ਨੇਤਾਵਾਂ ਤੇ ਇਥੋਂ ਤਕ ਕਿ ਸਬੰਧਤ ਸਾਬਕਾ ਖਾੜਕੂਆਂ ਦੇ ਪਰਿਵਾਰਾਂ ਅਤੇ ਨੇੜਲੇ ਲੋਕਾਂ ਨੂੰ ਵੀ ਇਹ ਪਤਾ ਸੀ ਕਿ ਇਹ ਵਿਅਕਤੀ ਕਿਵੇਂ ਰਹਿ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਦਲਜੀਤ ਸਿੰਘ ਬਿੱਟੂ ਦੇ ਵਿਆਹ ਮੌਕੇ ਸੁੱਖੀ ਦੀ ਹਾਜ਼ਰੀ ਨੂੰ ਵੇਖਕੇ ਦੋਵਾਂ ਦੇ ਇਕ ਸਾਂਝੇ ਮਿੱਤਰ ਨੇ ਬੜੀ ਦਿਲਚਸਪ ਇਹ ਟਿੱਪਣੀ ਕੀਤੀ ਸੀ, \'ਦੇਖੋ ਪੰਜਾਬ ਦਾ ਮਹੌਲ ਕਿੰਨਾ ਸੁਧਰ ਗਿਆ ਹੈ ਕਿ ਇਕ ਚੋਟੀ ਦਾ ਕੈਟ ਇਕ ਚੋਟੀ ਦੇ ਖਾੜਕੂ ਨੂੰ ਵਧਾਈਆਂ ਦੇਣ ਲਈ ਪੁੱਜਾ ਹੈ।\'
ਉਂਝ ਮਰੇ ਜਾਂ ਮਾਰੇ ਦਿਖਾਏ ਗਏ ਖਾੜਕੂਆਂ ਜਾਂ ਹੋਰਨਾਂ ਵਿਅਕਤੀਆਂ ਸਬੰਧੀ ਇਹ ਵਰਤਾਰਾ ਕੋਈ ਪਹਿਲੀ ਵਾਰ ਸਾਹਮਣੇ ਨਹੀਂ ਆਇਆ। ਪਹਿਲਾਂ ਵੀ ਪਿਛਲੇ ਸਾਲਾਂ ਦੌਰਾਨ ਲਗਭਗ ਅੱਧੀ ਦਰਜਨ ਮਾਮਲੇ ਵੱਖ-ਵੱਖ ਰੂਪਾਂ \'ਚ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਇਸੇ ਤਰ੍ਹਾਂ ਹੀ ਮਾਰੇ ਗਏ ਜਾਂ ਮਰ ਗਏ ਦਿਖਾਏ ਖਾੜਕੂ ਜਾਂ ਕਥਿਤ ਕੈਟ ਸੁਰਖੀਆਂ ਬਣਦੇ ਰਹੇ ਹਨ। ਦਿਲਚਸਪ ਤੱਥ ਇਹ ਹੈ ਕਿ ਅੰਮ੍ਰਿਤਸਰ ਜੇਲ੍ਹ ਵਿਚ ਅੱਜ ਵੀ ਇਕ ਅਜਿਹਾ ਖਾੜਕੂ ਬੰਦ ਹੈ, ਜੋ ਇਕ ਵਾਰ ਪੁਲਿਸ ਵਲੋਂ ਮਾਰਿਆ ਗਿਆ ਦਿਖਾਇਆ ਜਾ ਚੁੱਕਾ ਸੀ। ਆਮ ਹਾਲਤ ਵਿਚ ਜਲੰਧਰ ਵਿਚ ਹਰਜੀਤ ਕਾਹਲੋਂ ਦੇ ਫਰਜ਼ੀ ਨਾਂਅ \'ਤੇ ਰਹਿ ਰਹੇ ਸੁਖਵਿੰਦਰ ਸਿੰਘ ਸੁੱਖੀ ਦਾ ਮਾਮਲਾ ਵੀ ਪਹਿਲਾਂ ਵਾਂਗ ਕੁਝ ਦਿਨਾਂ ਵਿਚ ਠੰਡੇ ਬਸਤੇ \'ਚ ਪੈ ਜਾਣਾ ਸੀ। ਇਸ ਮਾਮਲੇ ਨੂੰ ਤੂਲ ਦੋ ਕਾਰਨਾਂ ਕਰਕੇ ਮਿਲਿਆ, ਇਕ ਸੁੱਖੀ ਵਲੋਂ ਡੀ. ਜੀ. ਪੀ. ਸ. ਸਰਬਦੀਪ ਸਿੰਘ ਵਿਰਕ ਦਾ ਨਾਂਅ ਲੈਣ ਕਰਕੇ ਤੇ ਦੂਜਾ ਸ. ਵਿਰਕ ਵਲੋਂ ਇਸ ਬਾਰੇ ਦਿੱਤਾ ਇਕਬਾਲੀਆ ਬਿਆਨ। ਜੇਕਰ ਸ. ਵਿਰਕ, ਇਸ ਮਸਲੇ ਬਾਰੇ ਚੁੱਪ ਵੱਟ ਲੈਂਦੇ ਜਾਂ ਗੋਲਮੋਲ ਜਵਾਬ ਦੇ ਕੇ ਕੁਝ ਦਿਨ ਟਪਾ ਦਿੰਦੇ ਜਿਵੇਂ ਕਿ ਪਹਿਲਾਂ ਸਾਹਮਣੇ ਆਏ ਅਜਿਹੇ ਮਾਮਲਿਆਂ \'ਚ ਹੁੰਦਾ ਰਿਹਾ ਹੈ ਤਾਂ ਸ਼ਾਇਦ ਇਹ ਸਿਆਸੀ ਤੇ ਕਾਨੂੰਨੀ ਪਹਿਲੂਆਂ ਤੋਂ ਲੰਮੇ ਬਹਿਸ ਵਿਵਾਦ ਦਾ ਵਿਸ਼ਾ ਸ਼ਾਇਦ ਨਾ ਬਣਦਾ। ਪੰਜਾਬ ਦੇ ਲੋਕਾਂ ਨੇ ਲਗਭਗ ਦੋ ਦਹਾਕੇ ਦੋਵੇਂ ਤਰ੍ਹਾਂ ਦੇ ਦਹਿਸ਼ਤਵਾਦ ਦਾ ਭਿਆਨਕ ਦੌਰ ਆਪਣੇ ਹੱਡੀਂ ਹੰਢਾਇਆ ਹੈ। ਇਕ ਪਾਸੇ ਖਾਲਿਸਤਾਨੀ ਲਹਿਰ ਤੇ ਸਿੱਖੀ ਦੇ ਨਾਂਅ ਹੇਠ ਵੱਖ-ਵੱਖ ਵੰਨਗੀ ਦੇ ਖਾੜਕੂਆਂ ਤੇ ਹਥਿਆਰਬੰਦ ਗਰੋਹਾਂ ਵਲੋਂ ਮਾਸੂਮ ਲੋਕਾਂ ਦਾ ਕਤਲੇਆਮ, ਲੁੱਟਮਾਰ ਤੇ ਬਦਅਮਨੀ ਦਾ ਸ਼ਿਕਾਰ ਲੱਖਾਂ ਪਰਿਵਾਰ ਹੋਏ। ਸ਼ੁਰੂ ਵਿਚ ਇਸ ਲਹਿਰ ਦਾ ਕੁਝ ਹੱਦ ਤਕ ਸਿਧਾਂਤਕ ਤੇ ਵਿਚਾਰਧਾਰਕ ਅਧਾਰ ਸੀ ਤੇ ਸਿੱਖ ਵਸੋਂ ਦੇ ਇਕ ਤਕੜੇ ਹਿੱਸੇ ਦੀ ਹਮਦਰਦੀ ਤੇ ਹਮਾਇਤ ਵੀ ਲਹਿਰ ਦੇ ਮੋਹਰੀਆਂ ਵੱਲ ਸੀ ਪਰ ਹੌਲੀ-ਹੌਲੀ ਲੁੱਟਮਾਰ ਤੇ ਕਤਲੋਗਾਰਤ ਹਾਵੀ ਹੋ ਗਈ ਤੇ ਅਰਾਜਕਤਾ ਵਾਲਾ ਮਾਹੌਲ ਪੈਦਾ ਹੋ ਗਿਆ। ਦੇਸੀ-ਵਿਦੇਸ਼ੀ ਸੂਹੀਆ ਏਜੰਸੀਆਂ, ਪੁਲਿਸ ਤੇ ਸੁਰੱਖਿਆ ਦਸਤਿਆਂ ਨੇ ਵੀ ਇਸ ਸਥਿਤੀ ਦਾ ਖੂਬ ਲਾਹਾ ਲਿਆ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿਚ ਅਮਨ-ਕਾਨੂੰਨ ਦੇ ਨਾਲ-ਨਾਲ ਲੋਕਤੰਤਰ ਦੇ ਤਿੰਨੇ ਅਹਿਮ ਅੰਗ ਵਿਧਾਨ ਪਾਲਿਕਾ, ਕਾਰਜਪਾਲਕਾ ਭਾਵ ਸਰਕਾਰੀ ਤੰਤਰ ਤੇ ਨਿਆਂਪਾਲਿਕਾ ਤਕ ਵੀ ਬੇਅਸਰ ਜਾਂ ਕਾਫੀ ਹੱਦ ਤਕ ਠੱਪ ਹੋ ਗਏ ਸਨ। ਇਹ ਠੀਕ ਹੈ ਕਿ ਉਹ ਦੌਰ ਇਕ ਘਰੇਲੂ ਯੁੱਧ ਵਰਗਾ ਹੀ ਸੀ।
ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਬੇਹਿਸਾਬੀਆਂ ਤਾਕਤਾਂ ਦਿੱਤੀਆਂ ਗਈਆਂ ਸਨ। ਇਸ ਮਹੌਲ \'ਚ ਝੂਠੇ ਪੁਲਿਸ ਮੁਕਾਬਲੇ, ਖਾੜਕੂਆਂ ਜਾਂ ਉਨ੍ਹਾਂ ਦੇ ਹਮਾਇਤੀਆਂ ਦੇ ਮਾਪਿਆਂ, ਰਿਸ਼ਤੇਦਾਰਾਂ ਤੇ ਇਥੋਂ ਤਕ ਕਿ ਬੇਕਸੂਰ ਆਮ ਲੋਕਾਂ \'ਤੇ ਪੁਲਿਸ ਜ਼ਬਰ ਰੋਜ਼ਮਰ੍ਹਾਂ ਦੀ ਗੱਲ ਬਣ ਗਈ ਸੀ। ਪੁਲਿਸ ਹੱਥੋਂ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਲਵਾਰਸ ਕਰਾਰ ਦੇ ਕੇ ਇਨ੍ਹਾਂ ਦਾ ਅੰਤਮ ਸਸਕਾਰ ਕੀਤੇ ਜਾਣ ਦਾ ਘਿਨਾਉਣਾ ਅਪਰਾਧ ਵੀ ਇਸੇ ਦੀ ਹੀ ਇਕ ਕੜੀ ਸੀ। ਬੇਸ਼ੱਕ ਉਦੋਂ ਪੁਸਿ ਤੇ ਸੁਰੱਖਿਆ ਦਲਾਂ ਦੇ ਬਹੁਤ ਜਵਾਨ ਤੇ ਅਫਸਰ ਇਮਾਨਦਾਰੀ ਨਾਲ ਦਹਿਸ਼ਤਵਾਦ ਦੇ ਖਿਲਾਫ ਲੜੇ। ਉਨ੍ਹਾਂ ਦਾ ਬੇਹੱਦ ਜਾਨੀ ਨੁਕਸਾਨ ਵੀ ਹੋਇਆ। ਕਈਆਂ ਨੇ ਉਤਲਿਆਂ ਦੇ ਹੁਕਮ ਵੀ ਵਜਾਏ ਪਰ ਇਹ ਵੀ ਸੱਚ ਹੈ ਕਿ ਅਜਿਹੇ ਪੁਲਿਸ ਅਫਸਰ ਤੇ ਕਰਮਚਾਰੀ ਵੀ ਸਨ, ਜਿਨ੍ਹਾਂ ਦੇ ਮੂੰਹ ਨੂੰ ਮਨੁੱਖੀ ਲਹੂ ਲੱਗ ਗਿਆ ਸੀ ਅਤੇ ਉਹ ਸਿਰਫ ਲੁੱਟਮਾਰ ਕਰਨ, ਧਨ ਤੇ ਜ਼ਮੀਨ ਜਾਇਦਾਦ ਇਕੱਠੀ ਕਰਨ ਲੱਗ ਪਏ ਸਨ। ਅਜਿਹੇ ਅਫਸਰਾਂ ਨੇ ਪੁਲਿਸ ਕੈਟਾਂ ਨੂੰ ਵੀ ਆਪਣੇ ਚੰਦਰੇ ਇਰਾਦਿਆਂ ਲਈ ਵਰਤਿਆ।
ਵਿਰਕ ਦੀ ਸਾਫਗੋਈ
ਡੀ.ਜੀ.ਪੀ. ਪੰਜਾਬ ਸ. ਵਿਰਕ ਨੇ ਜਿਸ ਸਾਫਗੋਈ ਤੇ ਧੜ੍ਹੱਲੇ ਨਾਲ ਇਹ ਗੱਲ ਕਬੂਲ ਕੀਤੀ ਕਿ ਇਕ ਅਪ੍ਰੇਸ਼ਨਲ ਰਣਨੀਤੀ ਤਹਿਤ ਦਹਿਸ਼ਤਵਾਦ \'ਤੇ ਕਾਬੂ ਪਾਉਣ ਲਈ \'ਸੁੱਖੀ\' ਵਰਗੇ ਢੰਗ-ਤਰੀਕੇ ਵਰਤੇ ਗਏ, ਇਸ ਨੇ ਇਨ੍ਹਾਂ ਸਵਾਲਾਂ ਤੇ ਵਿਵਾਦਾਂ ਦੀ ਇਕ ਨਵੀਂ ਪਟਾਰੀ ਖੋਲ੍ਹ ਦਿੱਤੀ ਹੈ ਕਿ ਪਤਾ ਨਹੀਂ ਇਸ ਨੂੰ ਹੁਣ ਕਿਵੇਂ ਸਮੇਟਿਆ ਜਾਵੇਗਾ। ਸਰਕਾਰ, ਪੁਲਿਸ, ਸਿਆਸਤਦਾਨ ਅਤੇ ਮੀਡੀਆ ਦਾ ਵੱਡਾ ਹਿੱਸਾ ਹਿਸਾ ਇਹ ਸਮਝ ਰਿਹਾ ਹੈ ਕਿ ਸ. ਵਿਰਕ ਨੇ ਇਨ੍ਹਾਂ ਸਨਸਨੀਖੇਜ਼ ਇਕਬਾਲ ਕਰਕੇ ਸਿਆਣਪ ਨਹੀਂ ਕੀਤੀ। ਉਨ੍ਹਾਂ ਨੂੰ ਹੁਣ ਬਹੁਤ ਸਾਰੇ ਕਾਨੂੰਨੀ ਤੇ ਪ੍ਰਸ਼ਾਸਨਿਕ ਸਵਾਲਾਂ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਹ ਇਹ ਕਹਿਕੇ ਸੁੱਖੀ ਮਾਮਲੇ ਨੂੰ ਗਲੋਂ ਲਾਹ ਸਕਦੇ ਸਨ ਕਿ ਉਹ ਤਾਂ ਉਦੋਂ ਸੀ. ਆਰ. ਪੀ. ਐੱਫ. \'ਚ ਸਨ। ਇਸਨੂੰ ਉਸ ਵੇਲੇ ਦੇ ਪੰਜਾਬ ਪੁਲਿਸ ਦੇ ਅਫਸਰਾਂ \'ਤੇ ਛੱਡ ਸਕਦੇ ਸਨ। ਅਜੇ ਇਹ ਸਵਾਲ ਬਾਕੀ ਹੈ ਕਿ ਉਹ ਖੁਦ ਉਸਾਰੇ ਇਸ ਚੱਕਰਵਿਊ \'ਚੋਂ ਕਿਵੇਂ ਬਾਹਰ ਨਿਕਲਦੇ ਹਨ ਪਰ ਇਸ ਗੱਲੋਂ ਤਾਂ ਇਕ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਸ. ਵਿਰਕ ਦੀ ਸਾਫਗੋਈ ਦੀ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਸਿਰਫ ਸੁੱਖੀ ਦੀ ਹੀ ਨਹੀਂ ਸਗੋਂ ਹੋਰਨਾਂ ਅਜਿਹੇ ਬਹੁਤ ਸਾਰੇ ਮਾਮਲਿਆਂ ਦੀ ਵੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹਾਲਾਂਕਿ ਉਹ ਸਿੱਧੇ ਤੌਰ \'ਤੇ ਉਨ੍ਹਾਂ ਨਾਲ ਸਬੰਧਤ ਵੀ ਨਹੀਂ ਸਨ। ਇਸ ਵੇਲੇ ਜਿੰਨੇ ਡੀ. ਆਈ. ਜੀ. ਤੋਂ ਉਪਰ ਦੇ ਰੈਂਕ ਦੇ ਜਿੰਨੇ ਵੀ ਪੁਲਿਸ ਅਫਸਰ ਪੰਜਾਬ ਪੁਲਿਸ \'ਚ ਹਨ, ਇਹ ਸਾਰੇ ਹੀ ਖਾੜਕੂਵਾਦ ਦੇ ਦੌਰ \'ਚ ਅਜਿਹੇ ਮਾਮਲਿਆਂ \'ਚ ਸ਼ਰੀਕ ਸਨ। ਇਥੋਂ ਤਕ ਕਿ ਪੁਲਿਸ ਹੈੱਡਕੁਆਰਟਰ ਦੇ ਦੋ-ਤਿੰਨ ਸੀਨੀਅਰ ਅਧਿਕਾਰੀਆਂ ਨੂੰ ਤਾਂ ਸੁੱਖੀ ਬਾਰੇ ਵੀ ਪੂਰੀ ਜਾਣਕਾਰੀ ਸੀ। ਜੇਕਰ ਗੁਪਤ ਢੰਗ ਨਾਲ ਖਾੜਕੂਆਂ ਦੇ ਕੀਤੇ ਗਏ ਮੁੜ ਵਸੇਬੇ ਅਤੇ ਸੁੱਖੀ ਦੇ ਕੇਸ ਵਾਂਗ ਅਪਣਾਏ ਗਏ ਢੰਗ-ਤਰੀਕਿਆਂ ਦੀ ਕੋਈ ਵੱਡੀ ਜਾਂਚ ਹੋਵੇ ਤਾਂ ਲਗਭਗ ਸਾਰੇ ਹੀ ਸੀਨੀਅਰ ਪੁਲਿਸ ਅਧਿਕਾਰੀ (ਜਿਨ੍ਹਾਂ ਵਿਚ ਕਈ ਸੇਵਾਮੁਕਤ ਅਧਿਕਾਰੀ ਵੀ ਸ਼ਾਮਲ ਹਨ), ਇਸ ਦੇ ਘੇਰੇ ਵਿਚ ਆ ਸਕਦੇ ਹਨ। ਸ. ਵਿਰਕ ਦੇ ਬੇਦਾਗ ਲੰਮੇ ਸੇਵਾਕਾਲ ਨੂੰ ਦੇਖਦਿਆਂ ਉਨ੍ਹਾਂ ਦੀ ਨੀਅਤ ਤੇ ਇਰਾਦੇ \'ਤੇ ਸ਼ੱਕ ਵੀ ਨਾ ਕਰੀਏ ਅਤੇ ਉਨ੍ਹਾਂ ਵਲੋਂ ਖਾੜਕੂਆਂ ਦੇ ਇਕ ਹਿੱਸੇ ਨੂੰ ਖੁੱਲ੍ਹਦਿਲੀ ਵਾਲੇ ਵਤੀਰੇ ਰਾਹੀਂ ਮੁੱਖ ਧਾਰਾ \'ਚ ਲਿਆਉਣ ਦੇ ਸੰਜੀਦਾ ਯਤਨਾਂ \'ਤੇ ਕਿੰਤੂ ਵੀ ਨਾ ਕਰੀਏ ਤਾਂ ਵੀ ਇਹ ਨਿਤਾਰਾ ਕਰਨਾ ਮੁਸ਼ਕਲ ਹੋਵੇਗਾ ਕਿ ਕਿਹੜੇ ਪੁਲਿਸ ਅਫਸਰਾਂ ਨੇ ਅਜਿਹੇ ਸਾਬਕਾ ਖਾੜਕੂਆਂ ਨੂੰ ਦਹਿਸ਼ਤਵਾਦ ਖਤਮ ਕਰਨ ਲਈ ਵਰਤਿਆ ਤੇ ਕਿਨ੍ਹਾਂ ਨੇ ਉਨ੍ਹਾਂ ਨੂੰ ਸਿਰਫ ਕੈਟ ਬਣਾਕੇ ਬਦਲਾਲਊ ਕਾਰਵਾਈਆਂ, ਨਿੱਜੀ ਮੁਫਾਦਾਂ, ਧਨ ਤੇ ਜਾਇਦਾਦ ਬਟੋਰਨ ਜਾਂ ਇਥੋਂ ਤਕ ਕਿ ਸਿਆਸੀ ਮੰਤਵਾਂ ਲਈ ਵੀ ਵਰਤਿਆ। ਇਹ ਲਕੀਰ ਖਿੱਚਣੀ ਪਹਿਲਾਂ ਵੀ ਮੁਸ਼ਕਲ ਰਹੀ ਹੈ ਅਤੇ ਹੁਣ ਵੀ ਹੈ। ਇਸ ਦੇ ਨਾਲ ਹੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸੁਪਰੀਮ ਕੋਰਟ ਵਿਚ ਲਾਪਤਾ ਵਿਅਕਤੀਆਂ ਅਤੇ ਲਵਾਰਸ ਕਰਾਰ ਦਿੱਤੀਆਂ ਲਾਸ਼ਾਂ ਦੇ ਸੁਣਵਾਈ ਅਧੀਨ ਮਾਮਲੇ ਨਾਲ ਜੁੜੇ ਕਈ ਸਵਾਲ ਵੀ ਮੁੜ ਖੁੱਲ੍ਹ ਸਕਦੇ ਹਨ।
ਪੁਲਿਸ ਦੀ ਧੜੇਬੰਦੀ ਦਾ ਨਤੀਜਾ
ਪਿਛਲੇ 12 ਸਾਲਾਂ ਤੋਂ ਫਰਜ਼ੀ ਪਛਾਣ ਹੇਠ ਰਹਿਕੇ ਸੁੱਖੀ ਦਾ ਮਾਮਲਾ ਮੀਡੀਏ ਰਾਹੀਂ ਨਸ਼ਰ ਕੀਤੇ ਜਾਣ ਦਾ ਫੌਰੀ ਕਾਰਨ ਭਾਵੇਂ ਕੁਝ ਵੀ ਬਣਿਆ ਹੋਵੇ ਪਰ ਅਸਲ ਵਿਚ ਇਹ ਕਮਾਲ ਪੰਜਾਬ ਪੁਲਿਸ ਅੰਦਰਲੀ ਧੜ੍ਹੇਬੰਦੀ ਦਾ ਹੈ। ਚੰਡੀਗੜ੍ਹ ਦੇ ਸੈਕਟਰ 9 ਵਿਚਲੇ ਪੁਲਿਸ ਹੈੱਡਕੁਆਰਟਰ ਨਾਲ ਵਾਹ-ਵਾਸਤਾ ਰੱਖਣ ਵਾਲੇ ਬਹੁਤੇ ਲੋਕਾਂ \'ਚ ਇਹੀ ਚਰਚਾ ਹੈ ਕਿ ਡੀ. ਜੀ. ਪੀ. ਦੀ ਕੁਰਸੀ \'ਤੇ ਅੱਖ ਰੱਖੀਂ ਬੈਠੇ ਅਫਸਰਾਂ ਦੇ ਇਕ ਧੜੇ ਨੇ ਵਿਉਂਤਬੱਧ ਢੰਗ ਨਾਲ ਸੁੱਖੀ ਵਾਲੀ ਕਹਾਣੀ ਪ੍ਰੈੱਸ ਦੇ ਇਕ ਹਿੱਸੇ ਨੂੰ ਲੀਕ ਕੀਤੀ। ਦੂਜੇ ਪਾਸੇ ਪੱਤਰਕਾਰਾਂ ਨੂੰ ਤਾਂ ਖਬਰ ਚਾਹੀਦੀ ਹੈ। ਉਮੀਦ ਮੁਤਾਬਕ ਇਸ ਖਬਰ ਨੇ ਭੜਥੂ ਵੀ ਪਾਇਆ ਤੇ ਡੀ.ਜੀ.ਪੀ. ਨੂੰ ਵਿਵਾਦ ਦੇ ਘੇਰੇ \'ਚ ਵੀ ਲੈ ਆਂਦਾ। ਇਹ ਵੀ ਚਰਚਾ ਹੈ ਕਿ ਵਿਰਕ ਵਿਰੋਧੀ ਅਜੇ ਕਾਫੀ ਮਸਾਲਾ ਹੋਰ ਵੀ ਸਾਹਮਣੇ ਲਿਆਉਣ ਦੀ ਤਾਕ ਵਿਚ ਹਨ। ਸ਼ਾਇਦ ਸ. ਵਿਰਕ ਵਲੋਂ ਸੁੱਖੀ ਮਾਮਲੇ ਦੀ ਅਸਲੀਅਤ ਖੁਦ ਹੀ ਕਬੂਲ ਕਰਨ ਦਾ ਇਕ ਇਹ ਵੀ ਕਾਰਨ ਸੀ। ਮਹਾਰਾਸ਼ਟਰ ਕਾਡਰ ਦੇ ਆਈ.ਪੀ.ਐਸ. ਸ. ਵਿਰਕ ਦੇ ਪੰਜਾਬ ਵਿਚ ਡੈਪੂਟੇਸ਼ਨ ਦੀ ਮਿਆਦ ਤਕਨੀਕੀ ਤੌਰ \'ਤੇ 31 ਮਈ ਤਕ ਹੈ। ਉਮੀਦ ਹੈ ਉਦੋਂ ਤਕ ਪੁਲਿਸ ਅੰਦਰਲੀ ਧੜੇਬੰਦੀ ਤੇ ਡੀ. ਜੀ.ਪੀ. ਦੀ ਕੁਰਸੀ ਦਾ ਲਾਲਚ ਕਈ ਹੋਰ ਨਵੇਂ ਰੰਗ ਵੀ ਦਿਖਾਏਗਾ। ਚੇਤੇ ਰਹੇ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਪੂਰੀ ਤਰ੍ਹਾਂ ਅੜਕੇ ਸ. ਵਿਰਕ ਨੂੰ ਡੀ.ਜੀ.ਪੀ. ਲਾਇਆ ਸੀ ਤਾਂ ਉਦੋਂ ਵੀ ਇਸ ਧੜੇਬੰਦੀ ਦਾ ਇਜ਼ਹਾਰ ਹੋਇਆ ਸੀ।
ਸਿਆਸੀ ਰੰਗਤ \'ਤੇ ਲੋਕਾਂ ਦਾ ਰੁੱਖ
ਦਹਿਸ਼ਤਵਾਦ ਦੇ ਦਿਨਾਂ ਵਾਂਗ ਹੀ ਹੁਣ ਵੀ ਸੁੱਖੀ ਵਰਤਾਰੇ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਸਿਆਸੀ ਪਾਰਟੀਆਂ ਤੇ ਲੋਕਾਂ ਦੇ ਸਾਰੇ ਵਰਗ ਇਕਮੱਤ ਨਹੀਂ ਹਨ। ਇਸ ਮੁੱਦੇ ਨੂੰ ਕੈਪਟਨ ਤੇ ਵਿਰਕ ਦੇ ਖਿਲਾਫ ਸਿਆਸੀ ਏਜੰਡਾ ਬਣਾਉਣ ਦੇ ਮਾਮਲੇ \'ਤੇ ਅਕਾਲੀ ਦਲ ਅੰਦਰ ਵੀ ਮਤਭੇਦ ਹਨ। ਇਥੋਂ ਤਕ ਕਿ ਪੁਲਿਸ ਦੀ ਭੂਮਿਕਾ ਬਾਰੇ ਉਠੀ ਜਾਂਚ ਦੀ ਮੰਗ ਬਾਰੇ ਵੱਖ-ਵੱਖ ਰਾਵਾਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਚੋਣ ਵਰ੍ਹੇ ਦੌਰਾਨ ਸਿਆਸੀ ਤੌਰ \'ਤੇ ਕਸੂਤੀ ਸਥਿਤੀ ਜ਼ਰੂਰ ਬਣੀ ਹੈ ਪਰ ਉਨ੍ਹਾਂ ਦਾ ਪ੍ਰਤੀਕਰਮ ਅਜੇ ਸਾਹਮਣੇ ਨਹੀਂ ਆਇਆ। ਉਨ੍ਹਾਂ ਦੇ ਰੁੱਖ \'ਤੇ ਵੀ ਕਾਫੀ ਕੁਝ ਨਿਰਭਰ ਕਰੇਗਾ ਕਿ ਇਹ ਮਾਮਲਾ ਕਿਸ ਦਿਸ਼ਾ \'ਚ ਜਾਏਗਾ। ਇਸ ਦਾ ਸਬੰਧ ਦੇਸ਼ ਪੱਧਰੀ ਪੁਲਿਸ ਤੰਤਰ ਅਤੇ ਸੂਹੀਆ ਏਜੰਸੀਆਂ ਨਾਲ ਹੋਣ ਕਾਰਨ ਕੇਂਦਰ ਸਰਕਾਰ ਦੇ ਵਤੀਰੇ ਨੂੰ ਵੀ ਦੇਖਣਾ ਪਵੇਗਾ ਪਰ ਮੇਰੀ ਜਾਂਚੇ ਜੇਕਰ ਸੁੱਖੀ ਮਾਮਲਾ ਕਿਸੇ ਅਦਾਲਤੀ ਕਾਰਵਾਈ ਦੇ ਅਧੀਨ ਨਹੀਂ ਆਉਂਦਾ ਤਾਂ ਇਹ ਬਹੁਤਾ ਲੰਮਾ ਸਮਾਂ ਚਰਚਾ \'ਚ ਨਹੀਂ ਰਹਿ ਸਕਦਾ। ਬੇਸ਼ੱਕ ਦਹਿਸ਼ਤਵਾਦ ਦੌਰਾਨ ਚੱਕੀ ਦੇ ਦੋ ਪੁੜਾਂ \'ਚ ਪਿਸੇ ਬਹੁਤ ਸਾਰੇ ਪੀੜਤ ਪਰਿਵਾਰਾਂ ਦੇ ਜ਼ਖ਼ਮ ਅੱਲ੍ਹੇ ਹਨ ਪਰ ਇਸਦੇ ਬਾਵਜੂਦ ਪੰਜਾਬ ਦੇ ਆਮ ਲੋਕ ਮੁੜ ਉਸ ਕਾਲੇ ਦੌਰ \'ਚ ਨਹੀਂ ਪਰਤਣਾ ਚਾਹੁੰਦੇ। ਉਹ ਮੁੜ ਅਜਿਹਾ ਸੰਤਾਪ ਭੋਗਣ ਤੋਂ ਤਰਹਿੰਦੇ ਹਨ। ਇਸ ਲਈ ਉਨ੍ਹਾਂ ਦੀ ਇਹੀ ਇੱਛਾ ਹੈ ਕਿ ਕੋਈ ਵੀ ਅਜਿਹੀ ਕਾਰਵਾਈ ਨਾ ਹੋਵੇ, ਜਿਸ ਨਾਲ ਪੰਜਾਬ ਵਿਚਲਾ ਅਮਨ ਤੇ ਸਦਭਾਵਨਾ ਭੰਗ ਹੋਵੇ।
-ਬਲਜੀਤ ਬੱਲੀ-
9915177722
-
Tirchhi Nazar column on Sukhwinder Singh Sukhi issue written by Baljit Balli for Ajit in Feb.2006,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.