ਘਟਨਾ 12 ਅਗਸਤ 2012 ਦੀ ਹੈ।ਮੈਂ ਮਿਲਵਾਕੀ ਦੇ ਰੈਡੀਸਨ ਹੋਟਲ ਵਿਚ ਸਾਂ। ਬਾਅਦ ਦੁਪਹਿਰ ਇਕ ਵਜੇ ਮੇਰੀ ਫਲਾਈਟ ਸੀ।ਮੈਂ ਨਿਊ ਯਾਰਕ ਜਾਣਾ ਸੀ।ਏਅਰਪੋਰਟ ਤੇ ਛੱਡ ਕੇ ਆਉਣ ਲਈ ਜਿਸ ਨੇ ਵਾਅਦਾ ਕੀਤਾ ਸੀ ਉਹ ਪੌਣੇ ਸਾਢੇ 11 ਵਜੇ ਤੱਕ ਨਹੀਂ ਪੁੱਜਾ। ਮੈਂ ਹੋਟਲ ਦੇ ਫਰੰਟ ਡੈਸਕ ਤੇ ਗਿਆ।ਉਥੇ ਡਿਊਟੀ ਦੇ ਰਹੀ ਅੰਗਰੇਜ਼ ਕੁੜੀ ਨੂੰ ਟੈਕਸੀ ਬਾਰੇ ਪੁੱਛਿਆ । ਉਸਨੇ ਹੋਟਲ ਨਾਲ ਜੁੜੀ ਇੱਕ ਸ਼ੱਟਲ ਟੈਕਸੀ ਸਰਵਿਸ ਦਾ ਫ਼ੋਨ ਨੰਬਰ ਦੇ ਦਿੱਤਾ।ਨਾਲ ਕਿਹਾ ਕਿ ਇਹ ਬਾਕੀਆਂ ਨਾਲੋਂ ਸਸਤੇ ਨੇ।ਮੈਂ ਕਮਰੇ ਵਿਚ ਜਾ ਕੇ ਫ਼ੋਨ ਕੀਤਾ ਤਾਂ ਅੱਗੋਂ ਵੀ ਬੋਲਣ ਵਾਲੀ ਅੰਗਰੇਜ਼ ਔਰਤ ਨੇ ਦੱਸਿਆ ਕਿ ਟੈਕਸੀ ਏਅਰਪੋਰਟ ਜਾਂ ਲੈ ਤਿਆਰ ਖੜ੍ਹੀ ਹੈ।ਉਸਨੇ ਦੱਸਿਆ ਕਿ 34 ਡਾਲਰ ਕਿਰਾਇਆ ਲੱਗੇਗਾ।ਉਸਨੇ ਕਿਹਾ ਕਿ ਬਾਹਰ ਜਾ ਕੇ ਡਰਾਈਵਰ ਦਾ ਦਰਵਾਜ਼ਾ ਨਾਕ ਕਰੋ ਤੇ ਚਲੇ ਜਾਓ।ਮੈਂ ਇਹ ਸਮਝਿਆ ਕਿ ਡਰਾਈਵਰ ਆਕੇ ਮੇਰੇ ਕਮਰੇ ਦਾ ਦਰਵਾਜ਼ਾ ਨਾਕ ਕਰੇਗਾ।ਸਮਾਂ ਮੇਰਾ ਪੈਕ ਸੀ।ਮੈਂ ਦਰਵਾਜ਼ੇ ਤੇ ਦਸਤਕ ਦੀ ਉਡੀਕ ਕਰਦਾ ਰਿਹਾ । ਕੁਛ ਦੇਰ ਬਾਅਦ ਮੈਂ ਬੇਸਬਰਾ ਹੋ ਗਿਆ।ਫਲਾਈਟ ਲੰਘਣ ਦਾ ਖ਼ਤਰਾ ਸੀ।ਸ਼ੱਟਲ ਸਰਵਿਸ ਵਾਲੀ ਲੇਡੀ ਦਾ ਫ਼ੋਨ ਆ ਗਿਆ।ਉਸਨੇ ਦੱਸਿਆ ਕਿ ਡਰਾਈਵਰ ਬਾਹਰ ਗੱਡੀ ਲੈਕੇ ਤੁਹਾਡੀ ਵੇਟ ਕਰ ਰਿਹਾ ਹੈ ਤੁਸੀਂ ਗਏ ਨਹੀਂ।ਮੈਨੂੰ ਉਦੋਂ ਸਮਝ ਆਈ ਕਿ ਪਹਿਲਾ ਮੈਂ ਗ਼ਲਤ ਸਮਝ ਗਿਆ ਸੀ। ਮੈਂ ਉਸਨੂੰ ਕਿਹਾ ਕਿ ਮੈਂ ਤੁਰਤ ਹੀ ਬਾਹਰ ਗੱਡੀ ਕੋਲ ਜਾ ਰਿਹਾਂ ਹਾਂ। ਜਦੋਂ ਮੈਂ ਹੋਟਲ ਤੋਂ ਬਾਹਰ ਪੁੱਜਾ ਤਾਂ ਡਰਾਈਵਰ ਆਪਣੀ ਗੱਡੀ ਲੈਕੇ ਸਿਰਫ਼ 2 ਮਿੰਟ ਪਹਲਾਂ ਹੀ ਜਾ ਚੁੱਕਾ ਸੀ।ਮੈਂ ਬਹੁਤ ਪ੍ਰੇਸ਼ਾਨ ਹੋਇਆ।ਫੇਰ ਫਰੰਟ ਡੈਸਕ ਤੇ ਉਸੇ ਕੁੜੀ ਕੋਲ ਗਿਆ । ਉਸਨੇ ਸੌਰੀ ਕਹਿ ਕ ੇਉਸੇ ਸ਼ਟਲ ਸਰਵਿਸ ਵਾਲੇ ਨੂੰ ਅਤੇ ਫੇਰ ਇੱਕ ਹੋਰ ਟੈਕਸੀ ਵਾਲੇ ਨੂੰ ਸੰਪਰਕ ਕੀਤਾ। ਕਿਹਾ ਕਿ 20 ਮਿੰਟ ਵਿਚ ਟੈਕਸੀ ਆ ਰਹੀ ਹੈ ਉਸਨੇ ਹੋਰ ਲੋਕਾਂ ਨੂੰ ਲਿਜਾਣਾ ਹੈ, ਉਹੀ ਅੱਗੇ ਹਵਾਈ ਅੱਡੇ ਛੱਡ ਆਵੇਗਾ।ਅਸਲ ਵਿਚ ਉਹ ਟੈਕਸੀ ਜਿਨ੍ਹਾਂ ਲਈ ਆਉਣੀ ਸੀ ਉਨ੍ਹਾ ਵਿਚ ਕੈਨੇਡਾ ਦੇ ਸਾਬਕਾ ਐਮ ਪੀ ਗੁਰਬਖ਼ਸ਼ ਮੱਲ੍ਹੀ, ਗੁਰਮੰਤ ਗਰੇਵਾਲ ਅਤੇ ਹਮਦਰਦ ਅਖ਼ਬਾਰ ਦੇ ਮੁੱਖ ਸੰਪਾਦਕ ਅਮਰ ਭੁੱਲਰ ਵੀ ਸ਼ਾਮਲ ਸਨ।
ਫਰੰਟ ਡੈਸਕ ਤੇ ਦੂਜੇ ਕਾਊਂਟਰ ਤੇ ਕੰਮ ਕਰ ਰਹੀ ਇੱਕ ਹੋਰ ਗੋਰੀ ਔਰਤ ਸਾਰਾ ਕਿੱਸਾ ਸੁਣ ਰਹੀ ਸੀ। 25 ਕੁ ਮਿੰਟ ਬਾਅਦ ਟੈਕਸੀ ਵਾਲਾ ਆਇਆ ਪਰ ਸਵਾਰੀਆਂ 5 ਹੋ ਗਈਆਂ।ਇੰਨੇ ਨੂੰ ਉਹ ਗੋਰੀ ਔਰਤ ਬਾਹਰ ਆ ਗਈ। ਉਸਨੇ ਡਰਾਈਵਰ ਨੂੰ ਮੇਰੀ ਫਲਾਈਟ ਬਾਰੇ ਦੱਸਿਆ ਅਤੇ ਕਿਹਾ ਕਿ ਇਨ੍ਹਾ ਨੂੰ ਜਲਦੀ ਏਅਰਪੋਰਟ ਤੇ ਲੈ ਜਾਓ। ਉਹ ਕਹਿਣ ਲੱਗਾ ਕਿ ਮੇਰੇ ਕੋਲ ਲਾਇਸੈਂਸ 4 ਜਣਿਆਂ ਦਾ ਹੈ, ਮੈਂ 5 ਨਹੀਂ ਲਿਜਾ ਸਕਦਾ।
ਉਹ ਕਹਿਣ ਲੱਗੀ ਕਿ ਇਸ ਦਾ ਇਕੋ ਹੀ ਹੱਲ ਹੈ।ਮੈਂ ਪਿੱਛੇ ਆਪਣੀ ਗੱਡੀ ਲਾ ਲੈਂਦੀ ਹਾਂ,ਜਦੋਂ ਇਹ ਚਾਰ ਸਵਾਰੀਆਂ ਉੱਤਰ ਗਈਆਂ , ਅੱਗੋਂ ਮੈਨੂੰ ਏਅਰਪੋਰਟ ਲਈ ਉਹੀ ਟੈਕਸੀ ਡਰਾਈਵਰ ਲੈਜਾਵੇਗਾ।ਪਰ ਮੇਰੀ ਫਲਾਈਟ ਵਿਚ ਥੋੜ੍ਹੇ ਸਮੇਂ ਦੀ ਗੱਲ ਕਰਦਿਆਂ ਖ਼ੁਦ ਹੀ ਕਹਿਣ ਲੱਗੀ ,ਕਿ ਤੈਨੂੰ ਮੈਂ ਹੀ ਛੱਡ ਦਿੰਦੀ ਹਾਂ।ਪਰ ਫੇਰ ਇੱਕ ਦਮ ਰੁਕੀ ਤੇ ਬੋਲੀ,\'ਬੱਟ ਯੂ ਸ਼ੁਡ ਬੇਹੇਵ \'।ਉਸ ਦਾ ਭਾਵ ਸੀ ਕਿ ਬੰਦੇ ਦਾ ਪੁੱਤ ਬਣ ਕੇ ਬੈਠੀਂ।ਇੱਕ ਅਨਾਜਣ ਬੰਦੇ ਨੂੰ ਆਪਣੀ ਗੱਡੀ ਵਿਚ ਇਕੱਲੀ ਜੂ ਲਿਫ਼ਟ ਦੇ ਰਹੀ ਸੀ। ਪਤਾ ਨਹੀਂ ਮੈਨੂੰ ਦੇਖਕੇ ਉਸਦੇ ਮਨ ਵਿਚ ਇਹ ਖ਼ਦਸ਼ਾ ਕਿਓਂ ਪੈਦਾ ਹੋਇਆ।ਖ਼ੈਰ ਮੈਂ ਅਜੇ ਜਵਾਬ ਦੇਣ ਹੀ ਲੱਗਾ ਸੀ ਉਥੇ ਹੀ ਮੌਜੂਦ ਗੁਰਮੰਤ ਗਰੇਵਾਲ ਨੇ ਉਸਨੂੰ ਮੇਰੇ ਬਾਰੇ ਦੱਸਿਆ ਕਿ ਮੈਂ ਇੰਡੀਆ ਤੋਂ ਬੜਾ ਜ਼ਿੰਮੇਵਾਰ ਮੀਡੀਆ-ਕਰਮੀ ਹਾਂ। ਤੇ ਉਹ ਕੋਈ ਫ਼ਿਕਰ ਨਾ ਕਰੇ।ਮੈਂ ਵੀ ਕਿਹਾ ਕਿ ਉਹ ਇਸ ਗੱਲੋਂ ਨਿਸਚਿੰਤ ਹੋ ਜਾਵੇ ਕਿ ਮੈਂ ਕੋਈ ਪੰਗਾ ਲਵਾਂਗਾ।ਉਸਨੇ ਮੈਨੂੰ ਆਪਣੀ ਐਸ ਯੂ ਵੀ (ਜਿਸ ਨੂੰ ਸਾਰੇ ਉਥੇ ਟਰੱਕ ਕਹਿੰਦੇ ਨੇ) ਵਿਚ ਅਗਲੀ ਸੀਟ ਤੇ ਬਿਠਾਇਆ , ਮੇਰਾ ਸਮਾਨ ਵੀ ਖ਼ੁਦ ਹੀ ਗੱਡੀ ਵਿਚ ਰੱਖਿਆ। ਉਸਨੇ ਗੱਡੀ ਪੂਰੀ ਭਜਾਈ ਤਾਂਕਿ ਮੇਰੀ ਫਲਾਈਟ ਨਾ ਮਿਸ ਹੋ ਜਾਵੇ।ਦੇਖਣ ਨੂੰ ਉਹ ਜਵਾਨ ਲਗਦੀ ਸੀ ਪਰ ਮੈਂ ਗੱਲਬਾਤ ਤੋਂ ਹਿਸਾਬ ਲਾਇਆ ਕਿ ਉਹ 45 ਤੋਂ ਉੱਪਰ ਸੀ । ਮੈਂ ਰਸਤੇ ਵਿਚ ਕੰਮ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਹੋਟਲ ਵਿਚ ਪਾਰਟ ਟਾਈਮ ਕੰਮ ਕਰਦੀ ਹੈ ਅਤੇ ਦੋ ਥਾਵਾਂ ਤੇ ਹੋਰ ਵੀ ਕੰਮ ਕਰਦੀ ਹੈ।ਜਾਂਦੇ ਜਾਂਦੇ ਹੀ ਓਕ ਕਰੀਕ ਦੇ ਗੁਰਦਵਾਰੇ ਵਿਚ ਹੋਏ ਗੋਲੀ ਕਾਂਡ ਦੀ ਗੱਲ ਚੱਲੀ ਤਾਂ ਉਸ ਨੇ ਕਿਹਾ ਕਿ ਬਹੁਤ ਬੁਰਾ ਅਤੇ ਦੁਖਦਾਈ ਭਰਪੂਰ ਸੀ।ਦਰਸ਼ੰਨ ਧਾਲੀਵਾਲ ਪਰਿਵਾਰ ਵਿਚਲੇ ਵਿਆਹ ਦੀ ਗੱਲ ਚੱਲੀ ਤਾਂ ਉਹ ਧਾਲੀਵਾਲ ਦੀਆਂ ਸਿਫ਼ਤਾਂ ਕਰਨ ਲੱਗੀ। ਉਸਨੇ ਦੱਸਿਆ ਕਿ ਕੰਮ ਕਾਰ ਦੇ ਸਿਲਸਿਲੇ ਵਿਚ ਉਨ੍ਹਾ ਨਾਲ ਵਾਹ ਪੈਂਦਾ ਰਿਹਾ , ਉਹ ਬਹੁਤ ਅੱਛੇ ਲੋਕ ਹਨ।
ਮੈਂ ਸੋਚਿਆ ਕਿ ਉਸਦਾ ਇੱਕ ਕੰਮ ਉਸ ਟੈਕਸੀ ਸਰਵਿਸ ਨਾਲ ਹੀ ਹੋਣੈ, ਇਸੇ ਲਈ ਉਹ ਮੈਨੂੰ ਛੱਡਣ ਲਈ ਤਿਆਰ ਹੋਈ । ਲਗਭਗ ਪੌਣੇ ਘੰਟੇ ਦੀ ਡਰਾਈਵ ਤੋਂ ਬਾਅਦ ਅਸੀਂ ਮਿਲਵਾਕੀ ਏਅਰਪੋਰਟ ਪੁੱਜੇ।ਮੈਂ ਪੁੱਛਿਆ ਕਿੰਨੇ ਡਾਲਰ ਦੇਵਾਂ।ਜਵਾਬ ਮਿਲਿਆ ਨਹੀਂ ਵੀ ਨਹੀਂ।ਮੈਂ ਕਿਹਾ ਉਹ ਮੈਨੂੰ ਐਂਨੀ ਦੂਰ ਛੱਡਣ ਆਈ ਤੇ ਡਾਲਰ ਕਿਓਂ ਨਹੀਂ।ਉਹ ਕਹਿਣ ਲੱਗੀ ਉਹ ਸ਼ੱਟਲ ਵਾਲਾ ਤੈਨੂੰ ਛੱਡ ਗਿਆ ਸੀ।ਮੈਨੂੰ ਬਹੁਤ ਬੁਰਾ ਲੱਗਾ,ਇਸ ਮੈਂ ਤੈਨੂੰ ਛੱਡਣ ਆ ਗਈ ਹਾਂ। ਮੇਰਾ ਸਮਾਨ ਲਾਹੁਣ ਵਿੱਚ ਵੀ ਉਸਨੇ ਮਦਦ ਕੀਤੀ ।ਮੈਂ ਭਮੱਤਰੇ ਜਿਹੇ ਅੰਦਾਜ ਵਿਚ ਓਸ ਦਾ ਦੋ ਤਿੰਨ ਵਾਰ ਧੰਨਵਾਦ ਕੀਤਾ। ਧੰਨਵਾਦ ਸ਼ਬਦ ਮੈਨੂੰ ਕਾਫ਼ੀ ਛੋਟਾ ਲੱਗਾ।ਮੈਂ ਉਸਨੂੰ ਉਸਦਾ ਨਾਂ ਪੁੱਛਿਆ ਤਾਂ ਉਸ ਨੇ ਜਵਾਬ ਵਿਚ \'\' ਇਟ ਇਜ਼ ਓ ਕੇ\'\' ਕਿਹਾ ਤੇ ਮੁਸਕਰਾ ਕੇ ਆਪਣੇ ਟਰੱਕ ਵਿਚ ਬੈਠ ਕੇ ਚਲੀ ਗਈ।ਫਲਾਈਟ ਵਿਚ ਸਮਾ ਬਹੁਤ ਥੋੜ੍ਹਾ ਸੀ ਇਸ ਲਈ ਮੈਂ ਰੁਕ ਵੀ ਨਹੀਂ ਸੀ ਸਕਦਾ।ਇਹ ਘਟਨਾ ਓਕ ਕਰੀਕ ਦੇ ਓਸ ਗੁਰਦੁਆਰਾ ਸਾਹਿਬ ਤੋਂ ਸਿਰਫ਼ 30 ਮੀਲ ਦੂਰ ਦੀ ਹੈ ਜਿਥੇ ਇੱਕ ਅਗਰੇਜ਼ ਗੋਰੇ ਨੇ ਨਸਲੀ ਨਫ਼ਰਤ ਦੀ ਅੱਗ ਵਰ੍ਹਾਈ ਸੀ।ਦੋਵਾਂ ਦੀ ਤੁਲਨਾ ਹੋਣੀ ਸੁਭਾਵਕ ਸੀ।ਕਹਿਣ ਨੂੰ ਤਾਂ ਮੇਰੇ 34 ਡਾਲਰ ਬਚ ਗਏ ਸਨ ਪਰ ਉਹ ਔਰਤ ਆਪਣੇ ਸਭਿਅਕ ਸ਼ਿਸ਼ਟਾਚਾਰ ਦੀ ਜੋ ਝਲਕ ਦੇ ਗਈ, ਉਸ ਦੀ ਕੋਈ ਕੀਮਤ ਨਹੀਂ ਲਾਈ ਜਾ ਸਕਦੀ।
E-mail:tirshinazar@gmail.com
-
ਬਲਜੀਤ ਬੱਲੀ,ਸੰਪਾਦਕ,ਬਾਬੂਸ਼ਾ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.