ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਡੇ ਸਮਿਆਂ ਦੇ ਉਹ ਵਾਹਦ ਸਿੱਖ ਆਗੂ ਹੋ ਗੁਜ਼ਰੇ ਜਿਹੜੇ ਆਪਣੀ ਸਾਰੀ ਜ਼ਿੰਦਗੀ ਪੰਥਕ ਹਿੱਤਾਂ ਲਈ ਜੂਝਣ ਦੇ ਨਾਲ ਆਪਣੇ ਸੰਗੀਆਂ-ਸਾਥੀਆਂ ਤੇ ਪਾਰਟੀ ਦੇ ਸਾਧਾਰਨ ਤੋਂ ਸਾਧਾਰਨ ਵਰਕਰ ਦੇ ਦੁੱਖ-ਸੁੱਖ ਦੇ ਭਾਈਵਾਲ ਵੀ ਬਣੇ ਰਹੇ। ਮਾੜੇ ਤੋਂ ਮਾੜੇ ਅਤੇ ਚੰਗੇ ਤੋਂ ਚੰਗੇ ਦਿਨਾਂ ਵਿੱਚ ਵੀ ਆਪਣਾ ਵਸੇਬਾ ਪਿੰਡ ਵਿਚਲੇ ਨਿੱਕੇ ਜਿਹੇ ਘਰ ਵਿੱਚ ਹੀ ਰੱਖ ਕੇ ਉਹ ਸਾਰੀ ਉਮਰ ਆਮ ਲੋਕਾਂ ਨਾਲ ਜੁੜੇ ਰਹੇ। ਸਵੇਰੇ ਮੂੰਹ ਹਨੇਰੇ ਹੀ ਉਨ੍ਹਾਂ ਦੇ ਘਰ ਮਿਲਣ ਵਾਲੇ ਲੋਕਾਂ ਦਾ ਤਾਂਤਾ ਲੱਗ ਜਾਂਦਾ ਤੇ ਉਹ ਵਾਹ ਲੱਗਦੀ ਹਰ ਇੱਕ ਦੀ ਗੱਲ ਸੁਣ ਕੇ ਅਤੇ ਉਸ ਦਾ ਮਸਲਾ ਹੱਲ ਕਰਕੇ ਹੀ ਪਿੰਡੋਂ ਨਿਕਲਦੇ।
ਲੋਕਾਂ ਦਾ ਦੁੱਖ-ਦਰਦ ਅਤੇ ਪਿਆਰ-ਸਤਿਕਾਰ ਉਨ੍ਹਾਂ ਦੇ ਰੋਮ-ਰੋਮ ਵਿੱਚ ਸਮਾਇਆ ਹੋਇਆ ਸੀ। ਉਨ੍ਹਾਂ ਦੇ ਲੰਮੇ ਧਾਰਮਿਕ ਅਤੇ ਸਿਆਸੀ ਸਫ਼ਰ ਦੀਆਂ ਅਨੇਕਾਂ ਕਥਾ-ਕਹਾਣੀਆਂ ਹਨ ਜੋ ਉਨ੍ਹਾਂ ਦੇ ਕੋਮਲ-ਭਾਵੀ ਅਤੇ ਲੋਕ ਪੱਖੀ ਕਿਰਦਾਰ ਨੂੰ ਉਜਾਗਰ ਕਰਦੀਆਂ ਹਨ। ਅਜਿਹੀਆਂ ਅਭੁੱਲ ਯਾਦਾਂ ਉਨ੍ਹਾਂ ਦੇ ਜਨਮ ਦਿਨ ਮੌਕੇ ਪਾਠਕਾਂ ਦੇ ਸਨਮੁੱਖ ਹਨ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਵਿਦਿਅਕ ਟਰੱਸਟਾਂ ਦੇ ਨਾਲ ਚੰਡੀਗੜ੍ਹ ਦੀ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਲੰਮਾ ਸਮਾਂ ਪ੍ਰਧਾਨ ਰਹਿਣ ਕਰਕੇ ਉਨ੍ਹਾਂ ਨੂੰ ਅਕਸਰ ਹੀ ਆਪਣੇ ਕਾਲਜਾਂ ਵਿੱਚ ਪ੍ਰਿੰਸੀਪਲਾਂ ਜਾਂ ਲੈਕਚਰਾਰਾਂ ਦੀਆਂ ਆਸਾਮੀਆਂ ਲਈ ਹੋਣ ਵਾਲੀਆਂ ਇੰਟਰਵਿਊਆਂ ਲਈ ਜਾਣਾ ਪੈਂਦਾ ਸੀ। ਅਜਿਹੇ ਸਮਿਆਂ ਉੱਤੇ ਉਮੀਦਵਾਰ ਦੀ ਮੈਰਿਟ ਤੋਂ ਬਾਅਦ ਉਨ੍ਹਾਂ ਦੀ ਜੇ ਕੋਈ ਹੋਰ ਤਰਜੀਹ ਹੁੰਦੀ ਤਾਂ ਉਹ ਉਮੀਦਵਾਰ ਦਾ ਪੇਂਡੂ ਤੇ ਪਰਿਵਾਰਕ ਪਿਛੋਕੜ ਪੰਥਕ ਹੋਣਾ ਹੁੰਦੀ। ਅਜਿਹੀਆਂ ਦੋ ਉਦਾਹਰਣਾਂ ਮੇਰੇ ਚੇਤੇ ਵਿੱਚ ਸਦਾ ਵਸਦੀਆਂ ਰਹਿਣਗੀਆਂ ਜਦੋਂ ਉਨ੍ਹਾਂ ਲੋੜਵੰਦ ਤੇ ਪੰਥਕ ਪਿਛੋਕੜ ਤੇ ਉੱਚੀ ਮੈਰਿਟ ਵਾਲੇ ਉਮੀਦਵਾਰਾਂ ਲਈ ਵੱਡੀਆਂ-ਵੱਡੀਆਂ ਸਿਫ਼ਾਰਸ਼ਾਂ ਵੀ ਨਜ਼ਰਅੰਦਾਜ ਕਰ ਦਿੱਤੀਆਂ। ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਵਿੱਚ ਪੰਜਾਬੀ ਦੇ ਲੈਕਚਰਾਰ ਦੀ ਚੋਣ ਵਾਸਤੇ ਇੰਟਰਵਿਊ ਲਈ ਜਾਂਦਿਆਂ ਉਨ੍ਹਾਂ ਮੇਰੇ ਕੋਲੋਂ ਉਮੀਦਵਾਰਾਂ ਸਬੰਧੀ ਜਾਣਕਾਰੀ ਮੰਗੀ। ਮੈਂ ਪਾਰਟੀ ਦੇ ਤਿੰਨ ਚੋਟੀ ਦੇ ਆਗੂਆਂ ਵੱਲੋਂ ਸਿਫ਼ਾਰਸ਼ ਕੀਤੇ ਗਏ ਉਮੀਦਵਾਰਾਂ ਦੀ ਮੈਰਿਟ ਸਬੰਧੀ ਜਾਣਕਾਰੀ ਦੇ ਦਿੱਤੀ ਤੇ ਨਾਲ ਹੀ ਰਾਜਨੀਤੀ ਵਿੱਚ ਨਵੇਂ ਆਏ ਉਨ੍ਹਾਂ ਦੇ ਇੱਕ ਨੇੜਲੇ ਰਿਸ਼ਤੇਦਾਰ ਦੀ ਸਿਫ਼ਾਰਸ਼ ਬਾਰੇ ਵੀ ਦੱਸ ਦਿੱਤਾ। ਮੈਂ ਇਹ ਵੀ ਦੱਸ ਦਿੱਤਾ ਕਿ ਇੱਕ ਉਮੀਦਵਾਰ ਜਿਸ ਦਾ ਮੈਰਿਟ ਵਿੱਚ ਪਹਿਲਾਂ ਥਾਂ ਹੈ, ਦੀ ਕੋਈ ਸਿਫ਼ਾਰਸ਼ ਨਹੀਂ ਪਰ ਮੈਨੂੰ ਨਿੱਜੀ ਜਾਣਕਾਰੀ ਹੈ ਕਿ ਇਹ ਨਾਭੇ ਦੇ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਦਾ ਹੋਣਹਾਰ ਲੜਕਾ ਹੈ ਜਿਸਦੀ ਮਾਂ ਨੇ ਇਸ ਨੂੰ ਘਰ ਦੇ ਭਾਂਡੇ ਵੇਚ ਕੇ ਪੜਾਇਆ ਹੈ। ਝੱਟ ਕਹਿਣ ਲੱਗੇ ਕਿ ਬਾਕੀ ਸਾਰੀਆਂ ਸਿਫ਼ਾਰਸ਼ੀ ਪਰਚੀਆਂ ਪਾੜ ਦੇ ਅਤੇ ਇੱਕ ਚਿੱਟ ਉੱਤੇ ਇਸ ਲੜਕੇ ਦਾ ਨਾਂ ਲਿਖ ਕੇ ਮੇਰੀ ਜੇਬ ਵਿੱਚ ਪਾ ਦੇ। ਯੂਨੀਵਰਸਿਟੀ ਤੇ ਸਰਕਾਰ ਦੇ ਪ੍ਰਤੀਨਿਧੀ ਕਿਸੇ ਹੋਰ ਉਮੀਦਵਾਰ ਵਿੱਚ ਦਿਲਚਸਪੀ ਰੱਖਦੇ ਹੋਣ ਦੇ ਬਾਵਜੂਦ ਉਸ ਲੜਕੇ ਦੀ ਚੋਣ ਹੋ ਗਈ। ਅਜਿਹਾ ਹੀ ਇੱਕ ਵਾਰੀ ਚੰਡੀਗੜ੍ਹ ਦੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਕਾਮਰਸ ਵਿਸ਼ੇ ਦੀ ਲੈਕਚਰਾਰ ਦੀ ਚੋਣ ਲਈ ਹੋਈ ਇੱਕ ਇੰਟਰਵਿਊ ਸਮੇਂ ਵਾਪਰਿਆ। ਇੰਟਰਵਿਊ ਵਿੱਚ ਗੁਰਦੁਆਰਾ ਗੋਇੰਦਵਾਲ ਸਾਹਿਬ ਵਿੱਚ ਲੰਮਾ ਸਮਾਂ ਬਹੁਤ ਹੀ ਸੇਵਾ ਭਾਵਨਾ ਵਾਲੇ ਮੈਨੇਜਰ ਰਹੇ ਸਰਦਾਰ ਬਲੀ ਸਿੰਘ ਦੀ ਇੱਕ ਲਾਇਕ ਪੋਤਰੀ ਵੀ ਆ ਰਹੀ ਸੀ ਤੇ ਪ੍ਰਧਾਨ ਸਾਹਿਬ ਨੇ ਉਸ ਦੀ ਚੋਣ ਦਾ ਵਚਨ ਵੀ ਦੇ ਦਿੱਤਾ ਸੀ। ਇੰਟਰਵਿਊ ਤੋਂ ਇੱਕ ਰਾਤ ਪਹਿਲਾਂ ਤਕਰੀਬਨ ਉਨ੍ਹੀਂ ਹੀ ਮੈਰਿਟ ਵਾਲੀ ਲੜਕੀ ਦੀ ਸਿਫ਼ਾਰਸ਼ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਿਸੇ ਅਹਿਮ ਵਜ਼ੀਰ ਦੀ ਵੀ ਆ ਗਈ। ਪ੍ਰਧਾਨ ਜੀ ਇੱਕ ਪਲ ਲਈ ਤਾਂ ਦੁਬਿਧਾ ਵਿੱਚ ਪਏ ਪਰ ਦੂਜੇ ਹੀ ਪਲ ਕਹਿਣ ਲੱਗੇ ਕਿ ਵਜ਼ੀਰ ਸਾਹਿਬ ਤੋਂ ਤਾਂ ਮੈਂ ਖ਼ੁਦ ਜਾ ਕੇ ਮੁਆਫੀ ਮੰਗ ਲਵਾਂਗਾ ਪਰ ਬਲੀ ਸਿੰਘ ਵੱਲੋਂ ਗੁਰੂ ਘਰ ਦੀ ਸਾਰੀ ਉਮਰ ਕੀਤੀ ਗਈ ਸੇਵਾ ਨਜ਼ਰਅੰਦਾਜ ਨਹੀਂ ਕੀਤੀ ਜਾ ਸਕਦੀ। ਦੂਜੇ ਦਿਨ ਉਹ ਖ਼ੁਦ ਇੰਟਰਵਿਊ ਵਿੱਚ ਗਏ ਅਤੇ ਉਸ ਲੜਕੀ ਦੀ ਚੋਣ ਕਰਾ ਕੇ ਆਏ।
ਇਸ ਤਰ੍ਹਾਂ ਹੀ ਚੰਡੀਗੜ੍ਹ ਤੋਂ ਪਟਿਆਲੇ ਜਾਂਦਿਆਂ ਇੱਕ ਦਿਨ ਅਸੀਂ ਬਨੂੜ ਤੇ ਰਾਜਪੁਰੇ ਦੇ ਵਿਚਕਾਰ ਜਿਹੇ ਸਾਂ ਕਿ ਉਨ੍ਹਾਂ ਡਰਾਈਵਰ ਦੀਦਾਰ ਸਿੰਘ ਨੂੰ ਗੱਡੀ ਰੋਕਣ ਲਈ ਕਿਹਾ। ਗੱਡੀ ਰੁਕਦਿਆਂ ਹੀ ਉਹ ਉਤਰ ਕੇ ਪਿਸ਼ਾਬ ਕਰਨ ਲਈ ਖੇਤਾਂ ਵੱਲ ਚਲੇ ਗਏ। ਮੈਂ ਤੇ ਉਹਨਾਂ ਦਾ ਗੰਨਮੈਨ ਰੂਪ ਸਿੰਘ ਸੜਕ ’ਤੇ ਖੜੇ ਸਾਂ ਕਿ ਸਾਈਕਲ ਉੱਤੇ ਉੱਧਰੋਂ ਲੰਘ ਰਿਹਾ ਇੱਕ ਨੌਜਵਾਨ ਸਾਡੇ ਕੋਲ ਆ ਕੇ ਰੁਕ ਗਿਆ ਤੇ ਕਹਿਣ ਲੱਗਿਆ ਕਿ ਮੈਂ ਜਥੇਦਾਰ ਜੀ ਨੂੰ ਫਤਹਿ ਬੁਲਾਉਣੀ ਹੈ। ਜਦੋਂ ਟੌਹੜਾ ਸਾਹਿਬ ਸਾਡੇ ਕੋਲ ਆਏ ਤਾਂ ਉਸ ਨੌਜਵਾਨ ਨੇ ਗੋਡੀਂ ਹੱਥ ਲਾ ਕੇ ਆਪਣੀ ਪਛਾਣ ਦੱਸੀ। ਟੌਹੜਾ ਸਾਹਿਬ ਨੇ ਪਿਆਰ ਨਾਲ ਪਿੱਠ ਥਾਪੜੀ। ਪਰਿਵਾਰ ਦਾ ਹਾਲ-ਚਾਲ ਜਾਨਣ ਤੋਂ ਬਾਅਦ ਪੁੱਛਿਆ ਕਿ ਉਹ ਕੀ ਕਰਦਾ ਹੈ। ਮੁੰਡੇ ਨੇ ਦੱਸਿਆ ਕਿ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਕੋਈ ਨੌਕਰੀ ਨਾ ਮਿਲਣ ਕਰਕੇ ਉਹ ਵਿਹਲਾ ਹੈ। ਟੌਹੜਾ ਸਾਹਿਬ ਨੇ ਕਾਰ ਵਿੱਚੋਂ ਕਾਗਜ਼ ਮੰਗਵਾ ਕੇ ਉਸ ਮੁੰਡੇ ਤੋਂ ਉੱਥੇ ਹੀ ਇੱਕ ਅਰਜ਼ੀ ਲਿਖਵਾਈ ਤੇ ਮੈਨੂੰ ਸੌਂਪਦਿਆਂ ਉਨ੍ਹਾਂ ਕਿਹਾ ਕਿ ਜਦੋਂ ਆਪਾਂ ਦਿੱਲੀ ਗਏ ਤਾਂ ਯਾਦ ਕਰਵਾ ਦੇਈਂ। ਗੱਡੀ ਵਿੱਚ ਬੈਠ ਕੇ ਉਨ੍ਹਾਂ ਮੈਨੂੰ ਦੱਸਿਆ ਕਿ ਇਸ ਲੜਕੇ ਦਾ ਸਬੰਧ ਇੱਕ ਪੰਥਕ ਪਰਿਵਾਰ ਨਾਲ ਹੈ। ਇਸ ਦੇ ਦਾਦਾ ਜੀ ਮੇਰੇ ਸਾਥੀ ਰਹੇ ਹਨ ਅਤੇ ਉਨ੍ਹਾਂ ਹਰ ਪੰਥਕ ਮੋਰਚੇ ਵਿੱਚ ਜੇਲ੍ਹ ਕੱਟੀ ਹੈ। ਥੋੜ੍ਹੇ ਹੀ ਦਿਨਾਂ ਬਾਅਦ ਦਿੱਲੀ ਗਿਆਂ ਨੂੰ ਜਦੋਂ ਮੈਂ ਇਸ ਅਰਜ਼ੀ ਬਾਰੇ ਚੇਤਾ ਕਰਾਇਆ ਤਾਂ ਉਹ ਦੂਜੇ ਦਿਨ ਸਵੇਰੇ ਹੀ ਸਵਰਗਵਾਸੀ ਡਾ. ਇੰਦਰਜੀਤ ਸਿੰਘ ਦੇ ਘਰ ਗਏ ਤੇ ਉਸ ਨੌਜਵਾਨ ਲਈ ਬੈਂਕ ਵਿੱਚ ਨੌਕਰੀ ਦਾ ਨਿਯੁਕਤੀ ਪੱਤਰ ਲੈ ਆਏ ਜੋ ਪਿੰਡ ਪਹੁੰਚ ਕੇ ਸੁਨੇਹਾ ਭੇਜ ਕੇ ਉਸ ਮੁੰਡੇ ਨੂੰ ਬੁਲਾ ਕੇ ਸੌਂਪਿਆ।
ਆਪਣੇ ਛੋਟੇ ਤੋਂ ਛੋਟੇ ਸਾਥੀ ਦੀਆਂ ਲੋੜਾਂ ਦਾ ਵੀ ਉਹ ਕਿੰਨਾ ਖਿਆਲ ਰੱਖਦੇ ਸਨ, ਇਸ ਦੀ ਉਦਾਹਰਣ ਮੇਰੇ ਨਾਲ ਉਨ੍ਹਾਂ ਦਿਨਾਂ ਵਿੱਚ ਵਾਪਰੀ ਇੱਕ ਘਟਨਾ ਹੈ ਜਦੋਂ ਮੈਂ ਉਨ੍ਹਾਂ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਵਜੋਂ ਕੰਮ ਕਰਦਾ ਸਾਂ। ਅਸੀਂ ਇੱਕ ਦਿਨ ਸ਼ਾਮ ਨੂੰ ਮਲੋਟ ਤੋਂ ਵਾਪਸ ਆ ਰਹੇ ਸਾਂ ਤਾਂ ਤਪੇ ਮੰਡੀ ਨੇੜੇ ਆ ਕੇ ਉਨ੍ਹਾਂ ਮੈਨੂੰ ਧਨੌਲੇ ਵਿਖੇ ਇੱਕ ਪੰਥਕ ਦਰਦੀ ਬਾਰੇ ਪਤਾ ਕਰਨ ਲਈ ਕਿਹਾ ਤੇ ਨਾਲ ਹੀ ਕਿਹਾ ਜੇਕਰ ਉਹ ਘਰੇ ਹੋਣ ਤਾਂ ਕਹਿਣਾ ਕਿ ਉੱਥੇ ਹੀ ਰੁਕਣ ਅਸੀਂ ਆ ਰਹੇ ਹਾਂ, ਇੱਥੇ ਹੀ ਰਹਿਣ। ਮੈਂ ਉਨ੍ਹਾਂ ਨੂੰ ਸਾਡੇ ਆਉਣ ਦੀ ਇਤਲਾਹ ਤਾਂ ਦੇ ਦਿੱਤੀ ਪਰ ਥੋੜ੍ਹਾ ਹੈਰਾਨ ਇਸ ਕਰਕੇ ਹੋਇਆ ਕਿ ਟੌਹੜਾ ਸਾਹਿਬ ਸ਼ਾਮ ਵੇਲੇ ਪਿੰਡ ਨੂੰ ਮੁੜਣ ਵੇਲੇ ਤਾਂ ਕਿਸੇ ਦੇ ਰੋਕੇ ਤੋਂ ਵੀ ਨਹੀਂ ਰੁਕਦੇ ਹੁੰਦੇ ਸੀ, ਅੱਜ ਕੀ ਗੱਲ ਹੋ ਗਈ। ਖ਼ੈਰ, ਅਸੀਂ ਧਨੌਲੇ ਪਹੁੰਚੇ, ਥੋੜ੍ਹਾ ਚਿਰ ਰੁਕੇ ਤੇ ਚਾਹ ਪੀ ਕੇ ਫਿਰ ਟੌਹੜੇ ਲਈ ਚੱਲ ਪਏ। ਜਦੋਂ ਅਸੀਂ ਟੌਹੜੇ ਤੋਂ ਤਿੰਨ-ਚਾਰ ਕਿਲੋਮੀਟਰ ਪਹਿਲਾਂ ਪਿੰਡ ਤਰਖੇੜੀ ਪਹੁੰਚੇ ਤਾਂ ਕਾਫੀ ਹਨੇਰਾ ਹੋ ਚੁੱਕਿਆ ਸੀ। ਟੌਹੜਾ ਸਾਹਿਬ ਬੈਠੇ-ਬੈਠੇ ਮੇਰੇ ਨੇੜੇ ਸਰਕੇ ਅਤੇ ਮੇਰੇ ਹੱਥ ਵਿੱਚ ਇੱਕ ਪੈਕੇਟ ਫੜਾ ਕੇ ਐਨ੍ਹੀਂ ਹੌਲੀ ਆਵਾਜ਼ ਵਿੱਚ ਬੋਲੇ ਕਿ ਡਰਾਈਵਰ ਤੇ ਉਸ ਦੇ ਨਾਲ ਬੈਠੇ ਗੰਨਮੈਨ ਨੂੰ ਵੀ ਨਾ ਸੁਣੇ। ਕਹਿਣ ਲੱਗੇ, ‘‘ਆਹ ਬੀਬੀ ਦੇ ਖਰਚ ਲਈ ਰੱਖ ਲੈ।’’ ਉਦੋਂ ਸਾਡੇ ਘਰ ਸਾਡੇ ਬੇਟੇ ਸਿਮਰ ਦੀ ਆਮਦ ਹੋਣ ਵਾਲੀ ਸੀ। ਪਟਿਆਲੇ ਘਰੇ ਆ ਕੇ ਜਦੋਂ ਮੈਂ ਉਹ ਪੈਕੇਟ ਖੋਲਿਆ ਤਾਂ ਵਿਚੋਂ ਦਸ ਦਸ ਹਜ਼ਾਰ ਰੁਪਏ ਦੇ ਦੋ ਪੈਕੇਟ ਨਿਕਲੇ ਜਿਨ੍ਹਾਂ ਉੱਤੇ ਪੰਜਾਬ ਨੈਸ਼ਨਲ ਬੈਂਕ ਧਨੌਲੇ ਦੀਆਂ ਮੋਹਰਾਂ ਲੱਗੀਆਂ ਹੋਈਆਂ ਸਨ। ਮੈਨੂੰ ਹੁਣ ਸਮਝ ਆਈ ਕਿ ਟੌਹੜਾ ਸਾਹਿਬ ਆਪਣੇ ਸੁਭਾਅ ਤੋਂ ਉਲਟ ਸ਼ਾਮ ਵੇਲੇ ਧਨੌਲੇ ਕਿਉਂ ਰੁਕੇ ਸਨ। ਉਸ ਵੇਲੇ ਮੈਂ ਤੇ ਮੇਰੀ ਧਰਮ ਪਤਨੀ ਗੁਰਪ੍ਰੀਤ ਦੋਵੇਂ ਹੀ ਬੇਰੁਜ਼ਗਾਰ ਹੋਣ ਕਰਕੇ ਆ ਰਹੇ ਖਰਚੇ ਤੋਂ ਚਿੰਤਤ ਵੀ ਸਾਂ। ਹੁਣ ਵੀ ਜਦੋਂ ਮੈਂ ਤਰਖੇੜੀ ਵਿੱਚੋਂ ਲੰਘਦਾ ਹਾਂ ਤਾਂ ਜਥੇਦਾਰ ਟੌਹੜਾ ਦੀ ਆਉਂਦੀ ਯਾਦ ਅੱਖਾਂ ਨਮ ਕਰ ਦਿੰਦੀ ਹੈ। ਜਥੇਦਾਰ ਟੌਹੜਾ ਨਾਲ ਸਬੰਧਤ ਅਜਿਹੀਆਂ ਕੁਝ ਕੁ ਉਦਾਹਰਣਾਂ ਜਦੋਂ ਉਨ੍ਹਾਂ ਦੀ ਪਿਛਲੀ ਬਰਸੀ ਮੌਕੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਸੁਣਾਈਆਂ ਤਾਂ ਉੱਥੇ ਮੌਜੂਦ ਨਵੀਂ ਪੌਦ ਦੇ ਸਿਆਸੀ ਆਗੂਆਂ ਨੂੰ ਇਹ ਗੱਲਾਂ ਪਰੀ ਕਹਾਣੀਆਂ ਵਾਂਗ ਜਾਪੀਆਂ।
-
ਗੁਰਦਰਸ਼ਨ ਸਿੰਘ ਬਾਹੀਆ, ਸੰਪਰਕ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.