ਸਵਾਲ: ਤੁਹਾਡੀ ਗ੍ਰਿਫਤਾਰੀ ਅਤੇ ਸਜ਼ਾ ਸੁਣਾਏ ਜਾਣ ਦੇ ਅਸਲ ਕਾਰਨ ਕੀ ਮੰਨਦੇ ਹੋ?
ਸੀਮਾ ਆਜ਼ਾਦ: ਦੇਖੋ, ਇਸ ਸਮੇਂ ਪੂਰੇ ਦੇਸ਼ ਵਿਚ ਜੋ ਮਹੌਲ ਬਣਿਆ ਹੋਇਆ ਹੈ ਕਿ ਜ਼ਮੀਨਾਂ ਅਤੇ ਖਾਨਾਂ ਲੋਕਾਂ ਤੋਂ ਖੋਹ ਕੇ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ ਪਰ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਹੋ ਰਿਹਾ ਹੈ। ਸਰਕਾਰ ਖ਼ਿਲਾਫ਼ ਉੱਠ ਰਹੇ ਇਸ ਵਿਰੋਧ ਦਾ ਬਹੁਤ ਸਾਰੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸਮਰਥਨ ਕਰ ਰਹੇ ਨੇ। ਅਜਿਹੇ ਵਿਚ ਸਰਕਾਰ ਨੇ ਇਹ ਨੀਤੀ ਬਣਾ ਰੱਖੀ ਹੈ ਕਿ ਬੋਲਣ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਉਹਨਾਂ ਨੂੰ ਡਰਾਇਆ, ਧਮਕਾਇਆ ਜਾਵੇ ਤਾਂ ਕਿ ਸਰਕਾਰ ਖ਼ਿਲਾਫ਼ ਅੰਦੋਲਨ ਵੱਧ ਨਾ ਸਕਣ। ਸੋ ਸਰਕਾਰ ਦੀ ਇਹ ਨੀਤੀ ਬਹੁਤ ਹੀ ਹਮਲਾਵਰ ਹੈ ਅਤੇ ਸਰਕਾਰ ਆਪਣੀਆਂ ਨੀਤੀਆਂ ਖ਼ਿਲਾਫ਼ ਬੋਲਣ ਵਾਲੇ ਲੋਕਾਂ ਨੂੰ ਜੇਲ੍ਹ ਵਿਚ ਬੰਦ ਕਰ ਰਹੀ ਹੈ। ਗ੍ਰਿਫ਼ਤਰੀਆਂ ਦਾ ਜੋ ਇਹ ਸਿਲਸਿਲਾ ਚੱਲਿਆ ਹੋਇਆ ਹੈ ਮੈਨੂੰ ਲੱਗਦਾ ਮੇਰੀ ਗ੍ਰਿਫ਼ਤਾਰੀ ਵੀ ਇਸੇ ਦਾ ਹਿੱਸਾ ਸੀ। ...ਜੇਕਰ ਬਿਲਕੁਲ ਵਿਅਕਤੀਗਤ ਗੱਲ ਕਰਨੀ ਹੋਵੇ ਤਾਂ \'ਗੰਗਾ ਐਕਸਪ੍ਰੈਸ ਵੇਅ\' ਉੱਤਰ ਪ੍ਰਦੇਸ਼ ਵਿਚ ਬਣ ਰਿਹਾ ਸੀ ਜਿਸ ਵਿਚ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਗਈਆਂ ਜਦਕਿ ਇਹ ਕਿਸਾਨ ਆਪਣੀਆਂ ਜ਼ਮੀਨਾਂ ਦੇਣਾ ਨਹੀਂ ਚਾਹੁੰਦੇ ਸੀ। ਇਸ ਨੂੰ ਲੈ ਕੇ ਮੈਂ ਇਕ ਬੁਕਲੈਟ ਕੱਢੀ, ਗ੍ਰਿਫ਼ਤਾਰੀ ਤੋਂ ਐਨ ਪਹਿਲਾਂ ਮੈਂ \'ਅਪਰੇਸ਼ਨ ਗ੍ਰੀਨ ਹੰਟ\' ਖ਼ਿਲਾਫ਼ ਇੱਕ ਪ੍ਰੋਗਰਾਮ ਕੀਤਾ ਅਤੇ ਉਸ ਉਪਰ ਇੱਕ ਬੁੱਕਲੈਟ ਵੀ ਕੱਢੀ। ਇਸ ਲਈ ਗ੍ਰਿਫ਼ਤਾਰੀ ਦੇ ਤਤਕਾਲੀ ਕਾਰਨਾਂ ਵਿਚ ਇਹ ਸਭ ਕਾਰਨ ਹੋ ਸਕਦੇ ਨੇ।
ਸਵਾਲ: ਇਹ ਇੱਕ ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਨੂੰ ਸਬਕ ਸਿਖਾਉਣ ਲਈ ਦਿੱਤੀ ਗਈ ਸਜ਼ਾ ਸੀ ?
ਸੀਮਾ ਆਜ਼ਾਦ: ਬਿਲਕੁਲ, ਇਹ ਇਕ ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਨੂੰ ਦਿੱਤੀ ਗਈ ਸਜ਼ਾ ਸੀ। ਮੈਂ ਪੀ.ਯੂ.ਸੀ.ਐਲ. (ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲਾ ਸੰਗਠਨ) ਨਾਲ ਵੀ ਜੁੜੀ ਹੋਈ ਹਾਂ। ਇਸੇ ਕਰਕੇ ਮੈਨੂੰ ਨਿਸ਼ਾਨਾ ਬਣਾਇਆ ਗਿਆ।
ਸਵਾਲ: ਪੁਲਿਸ ਵੱਲੋਂ ਤਸ਼ੱਦਦ ਵੀ ਕੀਤਾ ਗਿਆ?
ਸੀਮਾ ਆਜ਼ਾਦ: ਮਾਨਸਿਕ ਤੌਰ \'ਤੇ ਕਾਫੀ ਪ੍ਰੇਸ਼ਾਨ ਕੀਤਾ ਪਰ ਸਰੀਰਿਕ ਤਸ਼ੱਦਦ ਨਹੀਂ ਕੀਤਾ ਗਿਆ।
ਸਵਾਲ: ਜੇਲ੍ਹ ਵਿਚ 2 ਸਾਲ 6 ਮਹੀਨਿਆਂ ਦਾ ਅਨੁਭਵ ਕਿਹੋ ਜਿਹਾ ਰਿਹਾ?
ਸੀਮਾ ਆਜ਼ਾਦ: ਜੇਲ੍ਹ ਦਾ ਅਨੁਭਵ ਉਂਝ ਤਾਂ ਖਰਾਬ ਹੀ ਹੁੰਦਾ ਹੈ, ਮੇਰੇ ਲਈ ਵੀ ਖਰਾਬ ਹੀ ਰਿਹਾ, ਇਨਸਾਨ ਪੂਰੀ ਤਰ੍ਹਾਂ ਸਮਾਜ ਤੋਂ ਕੱਟ ਜਾਂਦਾ ਹੈ। ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਜੇਲ੍ਹ ਵੀ ਸਾਡੇ ਸਮਾਜ ਦਾ ਹਿੱਸਾ ਹੈ। ਮੈਨੂੰ ਲੱਗਦਾ ਹੈ ਕਿ ਮਨੁੱਖੀ ਅਧਿਕਾਰਾਂ ਦੇ ਕਿਸੇ ਵੀ ਕਾਰਕੁੰਨ ਨੂੰ ਇੱਕ ਵਾਰ ਜੇਲ੍ਹ ਜਰੂਰ ਜਾਣਾ ਚਾਹੀਦਾ ਹੈ ਤਾਂ ਹੀ ਉਹ ਜੇਲ੍ਹ ਵਿਚ ਹੁੰਦੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਚੰਗੀ ਤਰ੍ਹਾਂ ਸਮਝ ਅਤੇ ਮਹਿਸੂਸ ਕਰ ਸਕੇ। ਸਾਨੂੰ ਵੀ ਜੇਲ੍ਹ ਦੀ ਜ਼ਿੰਦਗੀ ਦੇਖਣ ਦਾ ਮੌਕਾ ਮਿਲਿਆ। ਜਿਵੇਂ ਕਿ ਕਹਿੰਦੇ ਨੇ ਜੇਕਰ ਬੁਰੇ ਵਿਚੋਂ ਵੀ ਚੰਗਾ ਲੱਭਣਾ ਹੋਵੇ ਤਾਂ ਮਿਲ ਜਾਂਦਾ ਹੈ। ਉਸੇ ਤਰ੍ਹਾਂ ਜੇਲ੍ਹ ਵਿਚ ਢਾਈ ਸਾਲਾਂ ਦੌਰਾਨ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ।
ਸਵਾਲ: ਸੁਣਿਐ ਜੇਲ੍ਹ \'ਚ ਤੁਸੀਂ ਡਾਇਰੀ ਵੀ ਲਿਖੀ ਹੈ? ਕੀ ਉਸ ਨੂੰ ਪ੍ਰਕਾਸ਼ਿਤ ਵੀ ਕਰਵਾਉਂਗੇ?
ਸੀਮਾ ਆਜ਼ਾਦ: ਹਾਂ, ਡਾਇਰੀ ਤਾਂ ਜਰੂਰ ਲਿਖੀ ਹੈ ਪਰ ਉਸ ਰੂਪ ਵਿਚ ਨਹੀਂ ਲਿਖੀ ਕਿ ਇਹ ਸੰਪੂਰਨ ਹੋਵੇ। ਮੈਂ ਕਦੇ-ਕਦੇ ਲਿਖਦੀ ਸੀ। ਹੁਣ ਬਹੁਤ ਸਾਰੇ ਦੋਸਤ ਇਸ ਨੂੰ ਛਪਵਾਉਣ ਲਈ ਕਹਿ ਰਹੇ ਨੇ ਪਰ ਇਹ ਤਦ ਹੀ ਸੰਭਵ ਹੋਵੇਗਾ ਜਦੋਂ ਇਹ ਕੰਪਲੀਟ ਹੋਵੇਗੀ।
ਸਵਾਲ: ਕੀ ਤੁਹਾਡੀ ਜਥੇਬੰਦੀ ਪੀਪਲਜ਼ ਯੂਨੀਅਨ ਫਾਰ ਸਿਵਲ ਲਿਵਰਟੀਜ਼(ਪੀ.ਯੂ.ਸੀ.ਐਲ਼.) ਨੇ ਵੀ ਤੁਹਾਡੀ ਕੋਈ ਮਦਦ ਕੀਤੀ ਜਾਂ ਉਹ ਵੀ ਔਖੇ ਸਮੇਂ ਸਾਥ ਛੱਡ ਗਏ?
ਸੀਮਾ ਆਜ਼ਾਦ: ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਕੇਸ ਪੀ.ਯੂ.ਸੀ.ਐਲ. ਦੇ ਲੋਕਾਂ ਨੇ ਹੀ ਦੇਖਿਆ । ਰਵੀ ਕਿਰਨ ਜੈਨ ਸਾਹਿਬ ਨੇ ਕਾਫੀ ਮੁਸ਼ੱਕਤ ਕੀਤੀ।ਰਵੀ ਕਿਰਨ ਜੈਨ ਸਾਡੇ ਆਲ ਇੰਡੀਆ ਦੇ ਉਪ ਪ੍ਰਧਾਨ ਨੇ ਅਤੇ ਹਾਈਕੋਰਟ ਦੇ ਵਕੀਲ ਨੇ। ਪਰਿਵਾਰ ਦੇ ਨਾਲ -ਨਾਲ ਉਹਨਾਂ ਨੇ ਹੀ ਮੇਰਾ ਪੂਰਾ ਕੇਸ ਹੈਂਡਲ ਕੀਤਾ।ਮੇਰੀ ਜ਼ਮਾਨਤ ਤੋਂ ਲੈ ਕੇ ਟਰਾਇਲ ਤੱਕ ਸਭ ਕੁਝ ਉਹਨਾਂ ਨੇ ਹੀ ਦੇਖਿਆ।
ਸਵਾਲ: ਗ੍ਰਿਫ਼ਤਾਰੀ ਤੋਂ ਲੈ ਕੇ ਰਿਹਾਈ ਤੱਕ ਮੀਡੀਆ ਦੀ ਭੂਮਿਕਾ ਬਾਰੇ ਦੱਸੋ?
ਸੀਮਾ ਆਜ਼ਾਦ: ਜੇਕਰ ਪ੍ਰਿੰਟ ਮੀਡੀਆ ਦੀ ਗੱਲ ਕਰਨੀ ਹੋਵੇ ਤਾਂ ਜਦੋਂ ਸਾਡੀ ਗ੍ਰਿਫਤਾਰੀ ਹੋਈ ਤਾਂ ਪ੍ਰਿੰਟ ਮੀਡੀਆ ਦੀ ਭੂਮਿਕਾ ਕਾਫੀ ਨਕਾਰਤਮਕ ਸੀ। ਲੋਕਲ \'ਹਿੰਦੁਸਤਾਨ\' ਵਗੈਰਾ ਨੇ ਕੁਝ ਠੀਕ-ਠੀਕ ਲਿਖਿਆ ਸੀ। ਪਰ ਓਵਰਆਲ ਦੇਖਿਆ ਜਾਵੇ ਤਾਂ ਮੀਡੀਆ ਦੀ ਭੂਮਿਕਾ ਠੀਕ ਨਹੀਂ ਸੀ। ਇਹ ਲੋਕ ਸਿਰਫ਼ ਉਹੀ ਪੱਖ ਲਿਖਦੇ ਸੀ ਜੋ ਪੁਲਿਸ ਵਾਲੇ ਉਹਨਾਂ ਨੂੰ ਦੱਸਦੇ ਸੀ। ਉਹ ਕਦੇ ਵੀ ਸਾਡੇ ਕੋਲ ਸਾਡਾ ਪੱਖ ਜਾਨਣ ਨਹੀਂ ਆਏ। ਹਾਂ, ਜਿਸ ਨੂੰ ਅਸੀਂ ਬਦਲਵਾਂ ਮੀਡੀਆ ਕਹਿੰਦੇ ਹਾਂ, ਉਸ ਨੇ ਸਾਡੀ ਗ੍ਰਿਫ਼ਤਾਰੀ ਖ਼ਿਲਾਫ਼ ਲਹਿਰ ਜਰੂਰ ਬਣਾਈ। ਬਹੁਤ ਸਾਰੇ ਲੋਕਾਂ ਨੇ ਆਪਣੇ ਬਲੋਗ \'ਤੇ ਅਤੇ ਹੋਰ ਇੰਟਰਨੈੱਟ ਸਾਈਟਾਂ \'ਤੇ ਪੁਲਿਸ ਦੀ ਧੱਕੇਸ਼ਾਹੀ ਖ਼ਿਲਾਫ਼ ਜਰੂਰ ਲਿਖਿਆ। ਇਸ ਤੋਂ ਇਲਾਵਾ \'ਤੀਸਰੀ ਦੁਨੀਆ\' ਅਤੇ \'ਫਿਲਹਾਲ\' ਮੈਗਜ਼ੀਨ ਵਿਚ ਵੀ ਕਾਫੀ ਚੰਗਾ ਲਿਖਿਆ ਗਿਆ। ਜਿੱਥੋਂ ਤੱਕ ਇਲੈਕਟ੍ਰਾਨਿਕ ਮੀਡੀਆ ਦੀ ਗੱਲ ਕਰਨੀ ਹੋਵੇ ਤਾਂ ਇਲੈਕਟ੍ਰਾਨਿਕ ਮੀਡੀਆ ਦੀ ਭੂਮਿਕਾ ਵੀ ਮੁੱਖ ਧਾਰਾ ਦੇ ਪ੍ਰਿੰਟ ਮੀਡੀਆ ਜਿਹੀ ਹੀ ਰਹੀ। ਪਰ ਜਦੋਂ ਸਜ਼ਾ ਸੁਣਾਈ ਗਈ ਤਾਂ ਬਹੁਤ ਸਾਰੇ ਲੋਕਾਂ ਦੇ ਵਿਚਾਰ ਬਦਲੇ ਕਿ ਕਿਸ ਤਰ੍ਹਾਂ ਮਾਓਵਾਦੀ ਸਾਹਿਤ ਰੱਖਣ \'ਤੇ ਐਨੀ ਵੱਡੀ ਸਜ਼ਾ ਹੋ ਗਈ। ਇਸ ਦੌਰਾਨ ਐੱਨ.ਡੀ.ਟੀ.ਵੀ. ਨੇ ਕੁਝ ਚੰਗਾ ਦਿਖਾਇਆ।
ਸਵਾਲ: ਗੈਰ ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ(ਯੂ.ਏ.ਪੀ.ਏ.) ਬਾਰੇ ਕੀ ਕਹੋਗੇ?
ਸੀਮਾ ਆਜ਼ਾਦ: ਬਹੁਤ ਹੀ ਬੁਰਾ ਕਾਨੂੰਨ ਹੈ। ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਕਾਨੂੰਨ ਅੱਜ ਵੀ ਚੱਲਿਆ ਆ ਰਿਹਾ ਹੈ ਜੋ ਉਸੇ ਕੜੀ ਦਾ ਇੱਕ ਰੂਪ ਹੈ।ਪੋਟਾ ਜਿਸ ਦਾ ਐਨਾ ਵਿਰੋਧ ਹੋਇਆ ਸੀ। ਦਰਅਸਲ ਇਹ ਪੋਟਾ ਦਾ ਹੀ ਇਕ ਬਦਲ ਹੈ। ਪੋਟਾ, ਟਾਡਾ ਦਾ ਵੱਡੇ ਪੱਧਰ \'ਤੇ ਵਿਰੋਧ ਹੋਣ ਕਾਰਨ ਉਸ ਨੂੰ ਨਵਾਂ ਰੂਪ ਦੇ ਕੇ ਇਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ। ਮੈਨੂੰ ਲੱਗਦਾ ਹੈ ਕਿ ਕਿਸੇ ਵੀ ਲੋਕਤੰਤਰੀ ਦੇਸ਼ ਵਿਚ ਇਸ ਕਾਨੂੰਨ ਦਾ ਹੋਣਾ ਗਲਤ ਹੈ ਸੋ ਇਸ ਨੂੰ ਖਤਮ ਕਰਨਾ ਚਾਹੀਦਾ ਹੈ।
ਸਵਾਲ: ਤੁਹਾਡੇ ਕੋਲੋਂ ਜੋ ਸਾਹਿਤ ਫੜਿਆ ਗਿਆ ਸੀ ਕੀ ਉਹ ਇਤਰਾਜਯੋਗ ਸੀ ?
ਸੀਮਾ ਆਜ਼ਾਦ: ਜੇਕਰ ਕੋਈ ਵੀ ਦੇਸ਼ ਆਪਣੇ ਆਪ ਨੂੰ ਲੋਕਤੰਤਰੀ ਦੇਸ਼ ਅਖਵਾਉਂਦਾ ਹੈ ਤਾਂ ਉਥੇ ਕੋਈ ਵੀ ਸਾਹਿਤ ਲਿਖਣ ਪੜਨ ਦੀ ਆਜ਼ਾਦੀ ਤਾਂ ਹੋਣੀ ਚਾਹੀਦੀ ਹੈ। ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਤਰ੍ਹਾਂ ਦਾ ਸਾਹਿਤ ਰੱਖਣਾ ਜਾਂ ਲਿਖਣਾ ਪੜਨਾ ਅਪਰਾਧ ਹੈ।
ਸਵਾਲ: ਤੁਹਾਡੀ ਨਜ਼ਰ ਵਿਚ ਦੇਸ਼-ਧ੍ਰੋਹ ਕੀ ਹੈ ?
ਸੀਮਾ ਆਜ਼ਾਦ: ਸਰਕਾਰਾਂ ਵੱਲੋਂ ਤੁਛ ਜਿਹੀਆਂ ਕੀਮਤਾਂ ਲਈ ਆਦਿ-ਵਾਸੀਆਂ ਦਾ ਉਜਾੜਾ ਕਰਨਾ, ਕੌਡੀਆਂ ਦੇ ਭਾਅ ਜਲ-ਜੰਗਲ-ਜ਼ਮੀਨ ਵੇਚਣਾ ਅਸਲ ਵਿਚ ਦੇਸ਼ ਧ੍ਰੋਹ ਹੈ। ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਦੀ ਸੰਪਤੀ ਵੇਚਣ ਵਾਲੇ ਲੋਕ ਦੇਸ਼-ਧ੍ਰੋਹੀ ਨੇ।
ਸਵਾਲ: ਤੁਹਾਡੀ ਗ੍ਰਿ੍ਰਫਤਾਰੀ ਬਸਪਾ ਦੀ ਸਰਕਾਰ ਸਮੇਂ ਹੋਈ ਸੀ ਉਸ ਵੇਲੇ, ਕੀ ਸਮਾਜਵਾਦੀ ਪਾਰਟੀ ਨੇ ਵੀ ਤੁਹਾਡੀ ਗ੍ਰਿਫਤਾਰੀ ਦਾ ਸਮਰਥਨ ਕੀਤਾ ਸੀ ?
ਸੀਮਾ ਆਜ਼ਾਦ: ਨਹੀਂ, ਸਮਰਥਨ ਨਹੀਂ ਕੀਤਾ ਸੀ ਬਲਕਿ ਸਮਾਜਵਾਦੀ ਪਾਰਟੀ ਨੇ ਤਾਂ ਸਾਡੀ ਗ੍ਰਿਫਤਾਰੀ ਖ਼ਿਲਾਫ਼ ਬਿਆਨ ਦਿੱਤਾ ਸੀ। ਮੇਰੀ ਜਾਣਕਾਰੀ ਵਿਚ ਅਜਿਹਾ ਕੁਝ ਨਹੀਂ ਹੈ ਕਿ ਸਮਾਜਵਾਦੀ ਪਾਰਟੀ ਨੇ ਆਪਣੀ ਸਰਕਾਰ ਆਉਣ ਤੋਂ ਬਾਅਦ ਇਸ ਮੁੱਦੇ ਬਾਰੇ ਕੁਝ ਵੀ ਬੋਲਿਆ ਹੋਵੇ। ਪਰ ਉਸ ਸਮੇਂ ਦਿੱਤਾ ਗਿਆ ਬਿਆਨ ਰਾਜਨੀਤਿਕ ਸੀ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਮਾਇਆ ਸਰਕਾਰ ਵੱਲੋਂ ਬਣਾਏ ਜਾ ਰਹੇ \'ਗੰਗਾ ਐਕਸਪੈੱ੍ਰਸ ਵੇਅ\' ਖ਼ਿਲਾਫ਼ ਲਿਖਿਆ ਹੈ ਜਿਸ ਕਾਰਨ ਮੇਰੀ ਗ੍ਰਿਫਤਾਰੀ ਹੋਈ ਸੀ।
ਸਵਾਲ: ਆਪਣੇ ਪਤੀ ਵਿਸ਼ਵ ਵਿਜੈ ਬਾਰੇ ਦੱਸੋ?
ਸੀਮਾ ਆਜ਼ਾਦ: ਵਿਸ਼ਵ ਵਿਜੇ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਵਿਦਿਆਰਥੀ ਰਾਜਨੀਤੀ ਕਰਦੇ ਸੀ। ਜਿਵੇਂ ਹੀ ਉਹਨਾਂ ਦਾ ਵਿਦਿਆਰਥੀ ਜੀਵਨ ਖਤਮ ਹੋਇਆ ਤਾਂ ਉਹਨਾਂ ਕਿਸਾਨਾਂ ਮਜ਼ਦੂਰਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਸਾਡੀ ਗ੍ਰਿਫ਼ਤਾਰੀ ਹੋਈ ਤਾਂ ਉਸ ਸਮੇਂ ਵੀ ਉਹ ਕਿਸਾਨਾਂ ਮਜ਼ਦੂਰਾਂ ਲਈ ਕੰਮ ਕਰਦੇ ਸੀ।
ਸਵਾਲ : ਜੇਲ੍ਹ \'ਚੋਂ ਰਿਹਾਈ ਹੋ ਗਈ ਹੈ, ਹੁਣ ਅਗਲੀ ਪਲੈਨਿੰਗ ਕੀ ਹੈ, \'ਦਸਤਕ\' ਮੈਗਜ਼ੀਨ ਪਾਠਕਾਂ ਨੂੰ ਦੁਬਾਰਾ ਪੜਨ ਨੂੰ ਮਿਲੇਗਾ?
ਸੀਮਾ ਆਜ਼ਾਦ: ਮੈਗਜ਼ੀਨ ਜਿੰਨੀ ਛੇਤੀ ਸੋਚ ਰਹੇ ਸੀ ਓਨੀ ਛੇਤੀ ਤਾਂ ਸੰਭਵ ਨਹੀਂ ਜਾਪ ਰਿਹਾ। ਕਿਉਂਕਿ ਹੁਣ ਬਹੁਤ ਥਾਂਵਾਂ \'ਤੇ ਬੁਲਾਇਆ ਜਾ ਰਿਹਾ ਹੈ। ਕੁਝ ਆਰਥਿਕ ਸਮੱਸਿਆ ਵੀ ਹੈ ਪਰ ਫਿਰ ਵੀ ਜਨਵਰੀ ਤੱਕ ਦਸਤਕ ਦੁਬਾਰਾ ਜਰੂਰ ਦਸਤਕ ਦੇਵੇਗਾ।
-
ਵਲੋਂ ਅਵਤਾਰ ਸਿੰਘ ਮੋ:09717540022 (ਲੋਕ ą,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.