ਗੁਰੂ ਘਰ ਦੇ ਚੌਕੀਦਾਰ ਅਤੇ ਸਪਤਾਹਿਕ \'ਪੰਥ ਪ੍ਰਕਾਸ਼\' ਦੇ ਸੰਸਥਾਪਕ ਸੰਪਾਦਕ ਬਖਸ਼ੀ ਇੰਦਰਜੀਤ ਸਿੰਘ 91 ਸਾਲ ਦੀ ਉਮਰ ਬਿਤਾ ਕੇ 22 ਸਤੰਬਰ 2009 ਨੂੰ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ ਸਨ। ਦਰਵੇਸ਼ਾਂ ਵਾਲਾ ਜੀਵਨ ਬਤੀਤ ਕਰਨ ਵਾਲੇ ਬਖਸ਼ੀ ਇੰਦਰਜੀਤ ਸਿੰਘ ਨੇ ਸਮੁਚੇ ਜਨਤਕ ਜੀਵਨ ਤੇ ਪੰਥਕ ਸਿਆਸਤ ਵਿਚੋਂ ਕੋਈ ਜ਼ਮੀਨ-ਜਾਇਦਾਦ ਨਹੀਂ ਬਣਾਈ।
ਦਿੱਲੀ ਦੇ ਪੰਥਕ ਪਰਿਵਾਰ ਨਾਲ ਸਬੰਧਿਤ ਬਖਸ਼ੀ ਇੰਦਰਜੀਤ ਸਿੰਘ ਦੇ ਪਿਤਾ ਜੀ ਬਖਸ਼ੀ ਅਵਤਾਰ ਸਿੰਘ ਜੀ ਵੀ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਰਹੇ ਤੇ ਦੇਸ਼ ਦੀ ਵੰਡ ਮਗਰੋਂ ਉਨ੍ਹਾਂ ਨੇ ਦਿੱਲੀ \'ਚ ਆਉਣ ਵਾਲੇ ਸਿੱਖਾਂ ਤੇ ਪੰਜਾਬੀ ਸ਼ਰਨਾਰਥੀਆਂ ਨੂੰ ਦਿੱਲੀ \'ਚ ਵਸਾਉਣ ਵਿੱਚ ਉ_ਘਾ ਹਿੱਸਾ ਪਾਇਆ। ਚੜ੍ਹਦੀ ਜਵਾਨੀ ਵਿਚ ਹੀ ਬਖਸ਼ੀ ਇੰਦਰਜੀਤ ਸਿੰਘ ਨੇ ਸਰਦਾਰ ਬਹਾਦਰ ਨਰੈਣ ਸਿੰਘ ਦਾ ਸਾਥ ਦੇ ਕੇ ਟੀਨਾਂ ਦੇ ਸ਼ੈ_ਡ ਤੋਂ ਮੌਜੂਦਾ ਗੁਰਦੁਆਰਾ ਸੀਸ ਗੰਜ ਦੀ ਇਮਾਰਤ ਦੀ ਉਸਾਰੀ ਵਿੱਚ ਯੋਗਦਾਨ ਪਾਇਆ ਸੀ।
ਪਹਿਲਾਂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ \'ਤੇ ਮਹੰਤਾਂ ਦਾ ਕਬਜ਼ਾ ਸੀ। ਬਖਸ਼ੀ ਇੰਦਰਜੀਤ ਸਿੰਘ ਨੇ ਸਖਤ ਮਿਹਨਤ ਕਰਕੇ ਕਾਬਜ਼ ਮਹੰਤ ਨੂੰ ਕੁੱਝ ਪੈਸਾ ਦਿਵਾ ਕੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਦਾ ਕਬਜ਼ਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਵਾਲੇ ਕਰਵਾਇਆ ਸੀ।
ਬਖਸ਼ੀ ਇੰਦਰਜੀਤ ਸਿੰਘ 1964-65 ਤਕ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਤੇ ਸਕੱਤਰ ਰਹੇ ਅਤੇ ਅਨੇਕਾਂ ਸਭਾ-ਸੁਸਾਇਟੀਆਂ ਨਾਲ ਜੁੜੇ ਰਹੇ। ਗੁਰਦੁਆਰਾ ਪ੍ਰਬੰਧ ਵਿਚ ਲੁੱਟ, ਭ੍ਰਿਸ਼ਟਾਚਾਰ ਅਤੇ ਗੋਲਕ ਚੋਰਾਂ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਮੈਂਬਰੀ ਤੋਂ ਹੀ ਅਸਤੀਫਾ ਦੇ ਦਿੱਤਾ ਤੇ ਆਪਣੀ ਪੰਜਾਬੀ ਸਪਤਾਹਿਕ ਅਖਬਾਰ \'ਪੰਥ ਪ੍ਰਕਾਸ਼\' ਰਾਹੀਂ ਭ੍ਰਿਸ਼ਟਾਚਾਰ ਖਿਲਾਫ ਨਿਧੜਕ ਹੋ ਕੇ ਆਵਾਜ਼ ਬੁਲੰਦ ਕੀਤੀ। ਸਿੱਟੇ ਵਜੋਂ ਉਨ੍ਹਾਂ ਨੂੰ ਕਮੇਟੀ \'ਤੇ ਕਾਬਿਜ਼ ਪ੍ਰਬੰਧਕਾਂ ਵਲੋਂ 30-35 ਮੁਕਦਮਿਆਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਝੁੱਕੇ ਨਹੀਂ ਤੇ ਵਿਕੇ ਵੀ ਨਹੀਂ। ਕਈ ਵਾਰ ਪ੍ਰਬੰਧਕਾਂ ਦੇ ਗੁੰਡਿਆਂ ਨੇ ਉਨ੍ਹਾਂ \'ਤੇ ਹਮਲੇ ਕੀਤੇ ਪਰ ਉਹ ਡਰੇ ਨਹੀਂ ਤੇ ਨਿਧੜਕ ਹੋ ਕੇ ਦਿੱਲੀ ਦੇ ਗੁਰਦੁਆਰਾ ਪ੍ਰਬੰਧ ਤੇ ਗੁਰੂ ਘਰ ਦੀ ਚੌਕੀਦਾਰੀ ਕਰਦੇ ਰਹੇ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਜਨਰਲ ਸਕੱਤਰ ਜ. ਅਵਤਾਰ ਸਿੰਘ ਹਿੱਤ ਅਨੁਸਾਰ ਬਖਸ਼ੀ ਇੰਦਰਜੀਤ ਸਿੰਘ ਜੀ ਦਿੱਲੀ ਵਿਚੋਂ ਇਕੱਲੇ ਹੀ ਅਜਿਹੇ ਜਰਨੈਲ ਸਨ, ਜਿਨ੍ਹਾਂ ਨੇ ਗੁਰਧਾਮਾਂ ਵਿਚ ਲੁੱਟ ਤੇ ਭ੍ਰਿਸ਼ਟਾਚਾਰ ਖਿਲਾਫ ਸੰਘਰਸ਼ ਦੌਰਾਨ ਪ੍ਰਬੰਧਕਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਤੇ ਆਪਣੇ ਪੰਥਕ ਸਿਧਾਂਤਾਂ \'ਤੇ ਅਡਿਗ ਖੜ੍ਹੇ ਰਹੇ ਜਦੋਂ ਕਿ ਉਨ੍ਹਾਂ ਦੇ ਸਾਰੇ ਸਾਥੀ ਵਿਕਦੇ ਰਹੇ।
ਬਖਸ਼ੀ ਇੰਦਰਜੀਤ ਸਿੰਘ ਨੇ ਬੀਬੀ ਨਿਰਲੇਪ ਕੌਰ, ਸ੍ਰ. ਮਨਜੀਤ ਸਿੰਘ ਕਲਕੱਤਾ, ਰਾਜਾ ਗੁਰਚਰਨ ਸਿੰਘ ਸੇਠੀ, ਸ੍ਰ. ਸਤਵੰਤ ਸਿੰਘ ਅਨੰਦਪੁਰੀ, ਜ. ਰਜਿੰਦਰ ਸਿੰਘ ਡੋਲੀ, ਜ. ਬਲਬੀਰ ਸਿੰਘ, ਸ੍ਰ. ਹਰਬੰਸ ਸਿੰਘ ਲਾਂਬਾ, ਗਿਆਨੀ ਗੁਰਚਰਨ ਸਿੰਘ (ਗਿਆਨੀ ਆਈਸ-ਕ੍ਰੀਮ), ਜ. ਅਜਬ ਸਿੰਘ ਦਲੇਰ ਆਦਿ ਨਾਲ ਮਿਲ ਕੇ ਗੁਰਦੁਆਰਾ ਸੁਧਾਰ ਮੋਰਚਾ ਲਾਇਆ। ਕਈ ਸਾਲ ਜ਼ਬਰਦਸਤ ਜੱਦੋਜਹਿਦ ਮਗਰੋਂ ਦਿੱਲੀ ਗੁਰਦੁਆਰਾ ਐਕਟ ਬਣਵਾਉਣ ਵਿਚ ਸਫਲਤਾ ਹਾਸਿਲ ਕੀਤੀ।
ਆਪ ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ, ਗਿਆਨੀ ਕਰਤਾਰ ਸਿੰਘ, ਸ੍ਰ. ਮੋਹਨ ਸਿੰਘ ਤੁੜ੍ਹ, ਜ. ਗੁਰਚਰਨ ਸਿੰਘ ਟੌਹੜਾ, ਸ੍ਰ. ਬੂਟਾ ਸਿੰਘ, ਸ੍ਰ. ਸੁਰਜੀਤ ਸਿੰਘ ਬਰਨਾਲਾ, ਜ. ਰਛਪਾਲ ਸਿੰਘ, ਸਿਰਦਾਰ ਕਪੂਰ ਸਿੰਘ, ਗਵਰਨਰ ਸਰ ਜੋਗਿੰਦਰਾ ਸਿੰਘ, ਗਵਰਨਰ ਡਾ. ਗੋਪਾਲ ਸਿੰਘ ਦਰਦੀ, ਸ੍ਰ. ਤਰਲੋਚਨ ਸਿੰਘ ਸਰਨਾ, ਸ੍ਰ. ਗੁਰਦਿਆਲ ਸਿੰਘ ਹੋੜਾ, ਬਖਸ਼ੀ ਜਗਦੇਵ ਸਿੰਘ, ਸ੍ਰ. ਇੰਦਰਜੀਤ ਸਿੰਘ ਪ੍ਰਧਾਨ ਲੁਧਿਆਣਾ, ਸ੍ਰ. ਸਜਣ ਸਿੰਘ ਸੇਠੀ, ਸ੍ਰ. ਸੁਰਜੀਤ ਸਿੰਘ ਮਿਨਹਾਸ (ਜਲੰਧਰ), ਪ੍ਰਸਿੱਧ ਵਕੀਲ ਤੇ ਹਾਈਕੋਰਟ ਦੇ ਜੱਜ ਜਸਟਿਸ ਪ੍ਰੀਤਮ ਸਿੰਘ ਸਫੀਰ, ਬਖਸ਼ੀ ਲੋਚਨ ਸਿੰਘ, ਸ੍ਰ. ਮਹਿਤਾਬ ਸਿੰਘ (ਹਿੰਦੁਸਤਾਨ ਰੈਫ੍ਰੀਜਿਰੇਸ਼ਨ), ਜ. ਮਹਿਤਾਬ ਸਿੰਘ ਨਈਅਰ, ਪ੍ਰਸਿਧ ਉਰਦੂ-ਪੰਜਾਬੀ ਪੱਤਰਕਾਰ ਸ੍ਰ. ਜੰਗ ਬਹਾਦਰ ਸਿੰਘ, ਉ_ਘੇ ਪ੍ਰਸਿਧ ਪੰਜਾਬੀ ਪੱਤਰਕਾਰ ਡਾ. ਸਾਧੂ ਸਿੰਘ ਹਮਦਰਦ, ਪ੍ਰਸਿੱਧ ਪੰਜਾਬੀ-ਉਰਦੂ ਪੱਤਰਕਾਰ ਲਾਲਾ ਜਗਤ ਨਾਰਾਇਣ, ਉ_ਘੇ ਪੰਜਾਬੀ ਸਾਹਿਤਕਾਰ ਡਾ. ਮੋਹਨ ਸਿੰਘ ਦੀਵਾਨਾ ਆਦਿ ਦੇ ਨਜ਼ਦੀਕੀ ਸਾਥੀ ਸਨ।
ਦਿੱਲੀ ਵਿਚ 12 ਜੂਨ 1960 ਵਿੱਚ ਲੱਗੇ ਪੰਜਾਬੀ ਸੂਬਾ ਮੋਰਚੇ ਵਿਚ ਦੂਸਰੇ ਜੱਥੇ ਦੀ ਅਗਵਾਈ ਕਰਕੇ 2 ਮਹੀਨੇ 20 ਦਿਨ ਤਿਹਾੜ ਜੇਲ੍ਹ ਵਿਚ ਰਹੇ, ਗੁਰਦੁਆਰਾ ਸੀਸ ਗੰਜ ਨਾਲ ਲਗਦੀ ਕੋਤਵਾਲੀ ਗੁਰਦੁਆਰਾ ਕਮੇਟੀ ਨੂੰ ਦਿਵਾਉਣ ਲਈ, ਨਕਲੀ ਨਿਰੰਕਾਰੀ ਬਾਬੇ ਵਿਰੁਧ, ਦਿੱਲੀ ਗੁਰਦੁਆਰਾ ਸੁਧਾਰ ਮੋਰਚੇ ਅਤੇ ਹੋਰ ਅਨੇਕਾਂ ਪੰਥਕ ਮੋਰਚਿਆਂ ਵਿਚ ਆਪ ਨੇ ਕਈ ਵਾਰ ਗ੍ਰਿਫਤਾਰੀਆਂ ਦਿੱਤੀਆਂ ਤੇ ਜੇਲ੍ਹਾਂ ਕਟੀਆਂ। ਅਕਾਲੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਬਖਸ਼ੀ ਇੰਦਰਜੀਤ ਸਿੰਘ ਨੇ ਸਾਰੀ ਉਮਰ ਕਾਲੇ ਤੇ ਨੀਲੇ ਰੰਗ ਦੀ ਪਗੜੀ ਹੀ ਬੰਨ੍ਹੀ।
ਆਪ ਦਿੱਲੀ ਦੀ ਸਭ ਤੋਂ ਵੱਡੀ ਸਿੰਘ ਸਭਾ ਗੁਰਦੁਆਰਾ ਕਰੋਲ ਬਾਗ ਦੇ ਕਈ ਸਾਲ ਅਹੁਦੇਦਾਰ ਤੇ ਪ੍ਰਧਾਨ ਵੀ ਰਹੇ। ਪੰਜਾਬੀ ਪੱਤਰਕਾਰੀ ਵਿੱਚ ਵਿਸ਼ੇਸ਼ ਯੋਗਦਾਨ ਦੇਣ ਵਜੋਂ ਦਿੱਲੀ ਦੀ ਪੰਜਾਬੀ ਅਕਾਦਮੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਨੂੰ \'ਵਧੀਆ ਪੰਜਾਬੀ ਪੱਤਰਕਾਰ\' ਦੇ ਸਨਮਾਨ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 9 ਸਤੰਬਰ 2006 ਨੂੰ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਵਿਚ ਆਪ ਜੀ ਨੂੰ ਮਾਸਟਰ ਤਾਰਾ ਸਿੰਘ ਜੀ ਦੇ ਨਿਕਟ ਸਹਿਯੋਗੀ ਹੋਣ ਵਜੋਂ ਵੀ ਸਨਮਾਨਿਤ ਕੀਤਾ ਗਿਆ। ਆਪ ਦਿੱਲੀ ਦੀਆਂ ਕਈ ਸਭਾ ਸੁਸਾਇਟੀਆਂ ਨਾਲ ਜੁੜੇ ਰਹੇ। ਜੀਵਨ ਦੇ ਆਖਰੀ ਕੁਝ ਦਿਨ ਬਿਮਾਰ ਰਹਿਣ ਉਪਰੰਤ ਆਪ 22 ਸਤੰਬਰ, 2009 ਨੂੰ ਅਕਾਲ ਚਲਾਣਾ ਕਰ ਗਏ ਸਨ।
ਆਪ ਜੀ ਦੇ ਸ਼ੋਕ ਸਮਾਗਮ ਸਮੇਂ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸ੍ਰ. ਬੂਟਾ ਸਿੰਘ, ਪੁੰਡੂਚਰੀ ਦੇ ਗਵਰਨਰ ਸ੍ਰ. ਇਕਬਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ੍ਰ. ਹਰਵਿੰਦਰ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਜ. ਅਵਤਾਰ ਸਿੰਘ ਹਿਤ, ਕੌਮੀ ਜਨਰਲ ਸਕੱਤਰ ਤੇ ਪੀਐਸਆਈਡੀਸੀ ਦੇ ਚੇਅਰਮੈਨ ਜ. ਉਂਕਾਰ ਸਿੰਘ ਥਾਪਰ, ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਪ੍ਰਧਾਨ ਜ. ਰਛਪਾਲ ਸਿੰਘ ਤੋਂ ਇਲਾਵਾ ਦਿੱਲੀ ਦੇ ਹਰ ਹਲਕੇ ਤੋਂ ਪਤਵੰਤੇ, ਧਾਰਮਿਕ, ਰਾਜਸੀ ਤੇ ਸਮਾਜਕ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
(ਲੇਖ ਦੇ ਵਿਚਾਰ ਲੇਖਕ ਦੇ ਨਿਜੀ ਹਨ)
-
ਪ੍ਰੋ. ਭੂਪਿੰਦਰਪਾਲ ਸਿੰਘ ਬਖਸ਼,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.