ਅੱਜ 14 ਸਤੰਬਰ ਦੀ ਦੁਪਹਿਰ ਨੂੰ ਸਾਫ਼-ਸੁਥਰੀ ਗਾਇਕੀ ਦੇ ਸ਼ਾਹ ਸਵਾਰ ਹਾਕਮ ਸੂਫ਼ੀ ਨੂੰ ਸ਼ਰਧਾਂਜਲੀ ਸਮਾਗਮ ਮੌਕੇ ਕੁੱਝ ਉਹ ਲੋਕ ਵੀ ਸਪੀਕਰ ਦਾ ਅੜਾਟ ਪਵਾਉਂਣਗੇ ,ਜਿੰਨ੍ਹਾਂ ਨੇ ਨਿੱਜੀ ਵੱਡੇ ਸਰਮਾਇ ਦੇ ਬਾਵਜੂਦ ਵੀ ਬਿਮਾਰੀ ਸਮੇ ਹਾਕਮ ਸੂਫ਼ੀ ਦੀ ਮਦਦ ਲਈ ਹੱਥ ਨਹੀਂ ਵਧਾਇਆ । ਇਹਨਾਂ ਦੇ ਮਗਰਮੱਛੀ ਹੰਝੂ ਅੱਜ ਵੇਖਣ ਵਾਲੇ ਹੋਣਗੇ । ਗਾਇਕੀ ਦੇ ਸਿਖ਼ਰ ’ਤੇ ਬੈਠੇ ਅਤੇ ਹਾਕਮ ਸੂਫ਼ੀ ਨੂੰ ਆਪਣਾ ਉਸਤਾਦ ਕਹਿਣ ਵਾਲਿਆਂ ਨੇ ਵੀ ਮੁਸ਼ਕਲਾਂ ਸਮੇ ਘੇਸਲ ਵੱਟੀ ਰੱਖੀ । ਅੱਜ ਦੁੱਖ ਜੇ ਹੈ ਤਾਂ ਪੰਜਾਬੀ ਮਾਂ ਬੋਲੀ ਨੂੰ ,ਅੱਜ ਜੇ ਦੁੱਖ ਹੈ ਤਾਂ ਪੰਜਾਬੀਅਤ ਨੂੰ,ਅੱਜ ਜੇ ਦੁੱਖ ਹੈ ਤਾਂ ਉਹਦੇ ਭਰਾਵਾਂ ਹਰਚਰਨ ਚੀਨਾ,ਨਛੱਤਰ ਬਾਬਾ,ਭੈਣਾਂ ਸ਼ਾਤੀ,ਇੰਦਰਜੀਤ ਅਤੇ ਜਗਦੀਪ ਨੂੰ ,ਜਾਂ ਉਹਦੇ ਪਾਗੀ ਭਰਾਵਾਂ ਵਰਗੇ ਦੋਸਤਾਂ ਨੂੰ ਅਤੇ ਸਾਫ਼ ਸੁਥਰੀ ਲੇਖਣੀ ਵਾਲੀਆਂ ਕਲਮਾਂ ਨੂੰ,ਬਾਕੀ ਸੱਭ ਲੋਕ ਵਿਖਾਵਾ-ਡਰਾਮੇਬਾਜ਼ੀ-ਰਾਜਨੀਤੀ ਅਤੇ ਭਾਸ਼ਨ ਦੇਣ ਦਾ ਚਾਅ ਪੂਰਾ ਕਰਨ ਵਾਲੀਆਂ ਗੱਲਾਂ ਹਨ । ਅਜਿਹਾ ਕਿਸੇ ਨੇਤਾ ਜਾਂ ਪੈਸੇ ਦੇ ਪੁੱਤ ਨਾਲ ਵਾਪਰਿਆ ਹੁੰਦਾ,ਤਾਂ ਅੱਜ ਦੁਨੀਆਂ ਦੇ ਵੱਡੇ ਵੱਡੇ ਨੇਤਾਵਾਂ ਦੇ ਵੀ ਸ਼ੋਕ ਸੁਨੇਹੇਂ ਪਹੁੰਚਣੇ ਸਨ । ਦੇਸ਼ ਦੇ ਵੱਡੇ ਵੱਡੇ ਮੰਤਰੀਆਂ,ਨੇਤਾਵਾਂ ਦੀਆਂ ਗੱਡੀਆਂ ਨੇ ਗਿੱਦੜਬਹਾ ਦੇ ਰਾਹਾਂ ਨੂੰ ਗਰਦਾਗੋਰ ਕਰ ਦੇਣਾ ਸੀ । ਪਰ ਉਹ ਇੱਕ ਗਰੀਬੜਾ ਜਿਹਾ ਅਧਿਆਪਕ ਸੀ । ਕਾਲੀ ਕੰਬਲੀ ਅਤੇ ਡੱਫਲੀ ਉਹਦੀਆਂ ਸਾਥਣਾਂ ਸਨ । ਟੁੱਟਿਆ-ਭੱਜਿਆ ਸਾਇਕਲ ਉਹਦੇ ਔਖੇ ਸੌਖੇ ਰਾਹਾਂ ਦਾ ਸਾਥੀ ਸੀ । ਇਸ ਮੌਕੇ ਉਸ ਨੂੰ ਯਾਦ ਕਰਨਾ ਅਤੇ ਜੀਵਨ ਕਹਾਣੀ ਜਾਨਣਾ ਅਤੇ ਸਾਰਿਆਂ ਨਾਲ ਸਾਂਝੀ ਕਰਨਾ ਵੀ ਜ਼ਰੂਰੀ ਜਾਪਦਾ ਹੈ ।
ਪੰਜਾਬ ਦੇ ਨਾਮਵਰ ਸੂਫ਼ੀ ਗਾਇਕ,ਗਿਦੜਬਹਾ ਇਲਾਕੇ ਦੇ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਵਾਲੇ,ਸੁਰੀਲੇ,ਸਾਰੀ ਉਮਰ ਵਿਆਹ ਨਾ ਕਰਵਾਉਂਣ ਵਾਲੇ,ਕਿਸੇ ਗੁੱਝੀ ਦਾਸਤਾਂ ਦਾ ਸੇਕ ਅੰਦਰੇ- ਅੰਦਰ ਹੰਢਾਉਣ ਵਾਲੇ,ਨਾਭੇ ਤੋਂ ਆਰਟ ਐਂਡ ਕਰਾਫਟ ਦਾ ਕੋਰਸ ਕਰਕੇ 22 ਜਨਵਰੀ 1976 ਨੂੰ ਅਧਿਆਪਕ ਵਜੋਂ ਜੰਗੀਰਾਣਾ ਸਕੂਲ ਵਿੱਚ ਹਾਜ਼ਰ ਹੋਣ ਅਤੇ ਏਥੋਂ ਹੀ 34 ਸਾਲਾਂ ਬਾਅਦ 31 ਮਾਰਚ 2010 ਨੂੰ ਸੇਵਾ ਮੁਕਤ ਹੋਣ ਵਾਲੇ,ਗੁਰਦਾਸ ਮਾਨ ਤੋਂ ਦੋ ਕੁ ਸਾਲ ਪਿੱਛੇ ਪੜ੍ਹਨ ਵਾਲੇ ਅਤੇ ਉਹ ਨੂੰ ਹਰ ਸਮੇ ਨੇਕ ਸਲਾਹ ਦੇਣ ਵਾਲੇ ਅਧਿਆਪਕ ਹਾਕਮ ਸੂਫ਼ੀ ਦਾ 4 ਸਤੰਬਰ ਮੰਗਲਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ । ਉਹ ਪਿਛਲੇ ਕੁੱਝ ਸਾਲਾਂ ਤੋਂ ਦਿਲ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ । ਇੱਕ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਵੰਡੇ ਜਾ ਰਹੇ ਸਨ ਅਤੇ ਦੂਜੇ ਪਾਸੇ ਗਿੱਦੜਬਹਾ ਦੇ ਸਿਵਿਆਂ ਵਿੱਚ ਹਾਕਮ ਦੇ ਅੰਤਮ ਸੰਸਕਾਰ ਲਈ ਚਿਖਾ ਚਿਣੀ ਜਾ ਰਹੀ ਸੀ । ਜਿੱਥੇ ਬਾਅਦ ਦੁਪਹਿਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਉਹਦੀ ਚਿਖਾ ਨੂੰ ਨਮ ਅੱਖਾਂ ਨਾਲ ਉਹਦੇ ਭਰਾਵਾਂ ਨਛੱਤਰ ਸਿੰਘ ਬਾਬਾ ਅਤੇ ਹਰਚਰਨ ਚੀਨਾ ਨੇ ਅਗਨੀ ਦਿੱਤੀ । ਉਹ ਹੱਥ ਜੋ ਬਲੈਕ ਬੋਰਡ ਉੱਤੇ ਸਕੂਲੀ ਬੱਚਿਆਂ ਨੂੰ ਚਾਕ ਦੀ ਮਦਦ ਨਾਲ ਲਕੀਰਾਂ ਵਾਹ ਕੇ ਡਰਾਇੰਗ ਸਿਖਾਇਆ ਕਰਦੇ ਸਨ । ਅੱਜ ਉਹੀ ਹੱਥ ਅਤੇ ਹੱਥਾਂ ਦੀਆਂ ਲਕੀਰਾਂ ਜਲ ਕਿ ਰਾਖ਼ ਬਣ ਰਹੀਆਂ ਸਨ । ਚਕਾਚੌਂਧ ਭਰੀ ਜ਼ਿੰਦਗੀ ਤੋਂ ਲਾਂਭੇ ਰਹਿਣ ਵਾਲੇ ਅਤੇ 1985 ਤੋਂ 1995 ਤੱਕ ਸਾਫ-ਸੁਥਰੀ ਗਾਇਕੀ ਨਾਲ ਸਿਖਰਾਂ ਛੁਹਣ ਵਾਲੇ ਇਸ ਸਾਧੂ ਸੁਭਾਅ ਦੇ ਫੱਕਰ ਦਾ ਜਨਮ 3 ਮਾਰਚ, 1952 ਨੂੰ ਜ਼ਿਲਾ-ਮੁਕਤਸਰ ਦੇ ਸ਼ਹਿਰ ਗਿੱਦੜਬਾਹਾ ਵਿਖੇ ਪਿਤਾ ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇੱਕ ਅਤੀ ਗਰੀਬ ਪਰਿਵਾਰ ਵਿੱਚ ਹੋਇਆ | ਇਸ ਪਰਿਵਾਰ ਵਿੱਚ ਹਾਕਮ ਸਮੇਤ 4 ਲੜਕੇ ਅਤੇ 4 ਲੜਕੀਆਂ ਨੇ ਜਨਮ ਲਿਆ । ਇਹਨਾਂ ਵਿੱਚੋਂ ਇੱਕ ਭਰਾ ਮੇਜਰ ਸਿੰਘ ਅਤੇ ਇੱਕ ਭੈਣ ਬਲਵਿੰਦਰ ਕੌਰ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ ਹਨ ।
ਉਹ ਸਾਈਂ ਫਰੀਦ ਮੁਹੰਮਦ ਫਰੀਦ ਨੂੰ ਆਪਣਾ ਆਦਰਸ਼ ਮੰਨਿਆਂ ਕਰਦੇ ਸਨ । ਸੰਗੀਤ ਸਿਖਿਆ ਮਗਰੋਂ 1970 ਵਿੱਚ ਹਾਕਮ ਨੇ ਗਾਇਕੀ ਵਿੱਚ ਕਦਮ ਰੱਖਿਆ । ਹਾਕਮ ਸੂਫੀ ਨੇ ਜੀ ਟੀ. ਵੀ. ਤੋਂ ਪਹਿਲੀ ਵਾਰ \'ਸੁਰਮਈ ਸ਼ਾਮ\' ਪ੍ਰੋਗਰਾਮ ਰਾਹੀ ਸਰੋਤਿਆਂ ਨੂੰ ਕੀਲਿਆ | ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਜਲੰਧਰ ਦੂਰਦਰਸ਼ਨ ਤੋਂ ਵੀ ਦੋ ਗੀਤ ਪੇਸ਼ ਕੀਤੇ । ਪਰ ਉਸ ਦਾ ਸੰਗੀਤ ਬਜ਼ਾਰ ਵਿੱਚ ਸਭ ਤੋਂ ਪਹਿਲਾ ਤਵਾ \"ਮੇਲਾ ਯਾਰਾ ਦਾ(1984)\" ਨੂੰ ਐਚ ਐਮ ਵੀ ਕੰਪਨੀ ਨੇ ਰਿਕਾਰਡ ਕਰਿਆ । ਜਿਸਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਅਤੇ ਅੱਜ ਤੱਕ ਬਾ-ਦਸਤੂਰ ਉਸੇ ਤਰਾਂ ਹੀ ਲੋਕ ਗੀਤਾਂ ਵਾਂਗ ਸੁਣੇ ਅਤੇ ਗੁਣਗੁਣਾਏ ਜਾਂਦੇ ਹਨ | ਉਸ ਨੇ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਵਿੱਚ ਵੀ ਕੰਮ ਕਰਿਆ । ਮੇਲਾ ਯਾਰਾਂ ਦਾ,ਝੱਲਿਆ ਦਿਲਾ ਵੇ,ਤੋਂ ਵੀ ਦੋ ਕਦਮ ਅੱਗੇ ਵਧ ਕੇ ਨਿਭਿਆ ਵਰਿੰਦਰ ਦੀ ਫਿਲਮ ‘ਯਾਰੀ ਜੱਟ ਦੀ’ ਵਿਚ ਗਾਇਆ ਗੀਤ ਪਾਣੀ ਵਿੱਚ ਮਾਰਾਂ ਡੀਟਾਂ,ਕਰਦੀ ਪਈ ਰੋਜ਼ ਉਡੀਕਾਂ,ਸੱਜਣ ਮਿਲਵਾ ਦੇ,ਪਾਵੀਂ ਨਾ ਦੂਰ ਤਰੀਕਾਂ,ਅੱਜ ਵੀ ਪੰਜਾਬੀਆਂ ਦੀ ਜ਼ੁਬਾਂਨ ਤੇ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਕੈਸਿਟਾਂ ‘ਦਿਲ ਵੱਟੇ ਦਿਲ’ ਅਤੇ ‘ਦਿਲ ਤੜਫੇ’ ਬਾਜ਼ਾਰ ਵਿਚ ਆਈਆਂ,ਤਾਂ ਇਹਨਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ । ਹਾਕਮ ਬਗੈਰ ਕਿਸੇ ਤੜਕ-ਭੜਕ ਤੋਂ ਸਟੇਜ ਕਰਿਆ ਕਰਦਾ ਸੀ ਅਤੇ ਸਰੋਤੇ ਬਹੁਤ ਸਕੂਨ ਮਹਿਸੂਸ ਕਰਿਆ ਕਰਦੇ ਸਨ । ਉਸ ਨੇ ਪੈਸੇ ਲੈ ਕੇ ਨਹੀਂ ਗਾਇਆ,ਜਿਸ ਨੇ ਜੋ ਵੀ ਦੇ ਦਿੱਤਾ ,ਦੇ ਦਿੱਤਾ । “ ਚਰਖੇ ਦੀ ਟੁੱਟ ਗਈ ਮਾਹਲ “ਅਤੇ ਕੋਕਾ ਘੜਵਾ ਦੇ ਮਾਹੀਆ ਕੋਕਾ ਵਰਗੇ ਗੀਤ ਵੀ ਬਹੁ-ਚਰਚਿੱਤ ਰਹੇ । ਹਾਕਮ ਨੇ ਪ੍ਰੋਗਰਾਮ ਹਾਸਲ ਕਰਨ ਲਈ ਕਿਸੇ ਟੀ ਵੀ ਚੈਨਲ ਦੀਆਂ ਮਿੰਤਾਂ ਨਹੀਂ ਕੀਤੀਆਂ । ਮੜ੍ਹਕ ਨਾਲ ਜਿਓਂ ਕਿ ਦਿਖਾਇਆ । ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਨਹੀਂ ਦਿੱਤੇ ,ਕੈਸਿਟਾਂ ਰਿਲੀਜ਼ ਕਰਨ ਲਈ ਕੋਈ ਡਰਾਮਾਂ ਨਹੀਂ ਰਚਿਆ । ਉਸ ਨੂੰ ਸੁਰ ਸੰਗੀਤ ਦੀ ਪੂਰੀ ਸੋਝੀ ਸੀ ਅਤੇ ਉਹਦੀਆਂ ਇਹਨਾਂ ਕੈਸਿਟਾਂ ਮੇਲਾ ਯਾਰਾਂ ਦਾ,ਦਿਲ ਵੱਟੇ ਦਿਲ,ਝੱਲਿਆ ਦਿਲਾ ਵੇ,ਸੁਪਨਾ ਮਾਹੀ ਦਾ,ਕੋਲ ਬਹਿਕੇ ਸੁਣ ਸੱਜਣਾ,ਦਿਲ ਤੜਫ਼ੇ,ਗੱਭਰੂ ਪੰਜਾਬ ਦਾ,ਇਸ਼ਕ ਤੇਰੇ ਵਿੱਚ,ਚਰਖਾ ਅਤੇ ਛੱਲਾ ਨੇ ਪਾਕਿਸਤਾਨੀ ਪੰਜਾਬ ਦੇ ਬਾਜ਼ਾਰ ਵਿੱਚ ਵੀ ਧੁੰਮਾਂ ਪਾਈ ਰੱਖੀਆਂ । ਹਾਕਮ ਸੂਫ਼ੀ ਨੇ ਓਸ਼ੋ ਨੂੰ ਗੁਰੂ ਧਾਰਿਆ ਤਾਂ ਉਹਦੀ ਜ਼ਿੰਦਗੀ ਅਤੇ ਸੋਚ ਹੋਰ ਵੀ ਬਦਲ ਗਈ । ਉਸ ਦਾ ਕੁਦਰਤ ਨਾਲ ਬਹੁਤ ਮੋਹ ਸੀ । ਜੰਗੀਰਾਣਾ ਸਕੂਲ ਗਵਾਹੀ ਭਰਦਾ ਹੈ ਕਿ ਉੱਥੇ ਏਨੀ ਹਰਿਆਵਲ ਕਿਹੜੇ ਹੱਥਾਂ ਦੀ ਦੇਣ ਹੈ । ਗਿੱਦੜਬਹਾ ਦੇ ਸ਼ਮਸ਼ਾਨ ਘਾਟ ਦੀ ਹਰਿਆਵਲ ਇਸ ਗੱਲ ਨੂੰ ਤਸਦੀਕ ਕਰਦੀ ਹੈ ।
ਆਪਣੀ ਮਿੱਟੀ ਨਾਲ ਜੁੜੇ ਰਹਿਣ ਵਾਲੇ, ਜ਼ਮੀਨੀ ਹਕੀਕਤਾਂ ਨੂੰ ਗਲ ਲਗਾਕੇ ਰੱਖਣ ਵਾਲੇ ਹਾਕਮ ਸੂਫੀ ਲਈ ਇੱਕ ਖੁਸ਼ਗਵਾਰ ਸਮਾਂ ਅਜਿਹਾ ਵੀ ਆਇਆ । ਜਦ ਪੰਜਾਬੀ ਦੇ 10 ਸਿਖ਼ਰਲੇ ਗਾਇਕਾਂ ਵਿੱਚ ਉਸਦਾ ਨਾਅ ਬੋਲਣ ਲੱਗਿਆ ।ਉਸ ਨੂੰ ਪੀਪਲਜ਼ ਫੋਰਮ ਬਰਗਾੜੀ ਵੱਲੋਂ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਅਤੇ ਬਠਿੰਡਾ ਵਿਖੇ ਨਵੰਬਰ 2011 ਨੂੰ ਲਾਲ ਚੰਦ ਯਮਲਾ ਜੱਟ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ । ਗੁਰਦਾਸ ਮਾਨ ਨਾਲ ਉਸਦੀ ਖੂਬ ਨਿਭਦੀ ਸੀ । ਦੋਨੋ ਇੱਕੋ ਸ਼ਹਿਰ ਦੇ,ਸਮਕਾਲੀ ਗਾਇਕ,ਇਕੱਠੇ ਹੀ ਸਟੇਜ ਕਾਰਜ ਕਰਦੇ ਰਹੇ ਸਨ । ਪਰ ਫਿਰ ਅਲੱਗ ਅਲੱਗ ਗਾਉਣ ਲੱਗੇ, ਸ਼ਾਇਦ ਗੁਰਦਾਸ ਮਾਨ ਦਾ ਫ਼ਰਸ਼ ਤੋਂ ਅਰਸ਼ ‘ਤੇ ਜਾਣਾ ਕਾਰਣ ਰਿਹਾ ਹੋਵੇ । ਕਰੀਬ 15 ਸਾਲਾਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇ ਜਦ ਦੋਹਾਂ ਨੇ ਮਿਲਕੇ ਸੱਜਣਾ ਓ ਸੱਜਣਾ ਗਾਇਆ,ਤਾਂ ਸਰੋਤੇ ਨਸ਼ਿਆ ਗਏ ਸਨ । ਪਰ ਦੋਨੋ ਨਮ ਅੱਖਾਂ ਨਾਲ ਇੱਕ ਦੂਜੇ ਨੂੰ ਵੇਖ ਰਹੇ ਸਨ । ਡੱਫਲੀ ਜਿਸ ਦਾ ਮੁਢਲਾ ਨਾਅ ਖੰਜਰੀ ਹੁੰਦਾ ਸੀ ਨੂੰ ਸੱਭ ਤੋਂ ਪਹਿਲਾਂ ਹਾਕਮ ਨੇ ਹੀ ਸਟੇਜ ਉੱਤੇ ਲਿਆਂਦਾ ਅਤੇ ਗਾਇਕੀ ਦੇ ਨਾਲ ਨਾਲ ਐਕਸ਼ਨ ਕਰਨ ਦੀ ਪਿਰਤ ਦਾ ਵੀ ਅਗਾਜ਼ ਕਰਿਆ । ਜਿਸ ਨੂੰ ਗੁਰਦਾਸ ਮਾਨ ਨੇ ਅਪਣਾਇਆ ਅਤੇ ਖ਼ੂਬ ਨਾਮ ਕਮਾਇਆ ।
ਗੁਰਦਾਸ ਮਾਨ ਅਤੇ ਹਾਕਮ ਸੂਫੀ ਨੇ ਜੋ ਕਵਾਲੀ ਹਿੰਦੀ ਫ਼ਿਲਮ ਵਿੱਚ ਪੇਸ਼ ਕੀਤੀ ,ਉਸ ਨੇ ਹਿੰਦੀ ਦੇ ਚਰਚਿੱਤ ਕਵਾਲਾਂ ਨੂੰ ਵੀ ਝੂਮਣ ਲਾ ਦਿੱਤਾ ਸੀ । ਤਿੜਕੀਆਂ ਕੰਧਾਂ ਦੇ ਅੰਗ ਸੰਗ ਲਿਪਟ ਕਿ ਲਿਓੜ ਵਰਗੀ ਜ਼ਿੰਦਗੀ ਹਾਂ ਜੀਅ ਰਹੇ ਵਰਗੇ ਗੰਭੀਰ ਅਤੇ ਸਾਹਿਤਕ ਸ਼ਬਦ ਹਾਕਮ ਦਾ ਹਾਸਲ ਹਨ । ਉਸ ਨੂੰ ਦੁਨੀਆਂਦਾਰੀ ਵਾਲੀ ਚਲਾਕੀ ਨਹੀਂ ਸੀ ਆਉਂਦੀ,ਕਈ ਵਾਰ ਅਜਿਹਾ ਵੀ ਹੋਇਆ ਕਿ ਉਹ ਸਿਵਿਆਂ ਵਿਚਲੇ ਦਰੱਖਤਾਂ ਹੇਠ ਸੌਂ ਲੈਂਦਾ । ਜਿੱਥੇ ਹੁਣ ਉਹਦਾ ਪੱਕਾ ਵਾਸਾ ਹੋ ਗਿਆ ਹੈ । ਇਸ ਬਾਰੇ ਉਹ ਹਸਦਾ ਹਸਦਾ ਕਿਹਾ ਕਰਦਾ ਸੀ ਕਿ ਜਦੋਂ ਕੋਈ ਮਰਦਾ ਹੈ ਤਾਂ ਲੋਕ ਉਸ ਨੂੰ ਸਿਵਿਆਂ ਵਿੱਚ ਲਿਆਉਂਦੇ ਹਨ,ਪਰ ਮੇਰੀ ਗੱਲ ਏਦੂੰ ਉਲਟ ਹੋਣੀ ਹੈ,ਪਹਿਲਾਂ ਮੇਰੀ ਲਾਸ਼ ਨੂੰ ਸਿਵਿਆਂ ਵਿੱਚੋਂ ਘਰ ਲਿਜਾਣਗੇ ਅਤੇ ਫਿਰ ਵਾਪਸ ਲਿਆਉਣਗੇ । ਪੜ੍ਹਾਈ ਸਮੇ ਉਸਦਾ ਛੋਟੀ ਉਮਰ ਵਿੱਚ ਹੀ ਪੇਟਿੰਗ ਅਤੇ ਬੁੱਤ ਤਰਾਸ਼ੀ ਨਾਲ ਲਗਾਓ ਸੀ । ਛੋਟੀ ਉਮਰ ਵਿੱਚ ਹੀ ਉਸ ਨੇ ਗੁਣਗੁਨਾਉਣਾ ਵੀ ਸ਼ੁਰੂ ਕਰ ਦਿੱਤਾ ਸੀ । ਕਹਿੰਦੇ ਹਨ ਕਿ ਇੱਕ ਵਾਰ ਇੱਕ ਲਾ-ਵਾਰਸ ਲਾਸ਼ ਦਾ ਇਹਨਾਂ ਕੁੱਝ ਮੁੰਡਿਆਂ ਨੇ ਰਲਕੇ ਸਸਕਾਰ ਕਰਿਆ,ਅਤੇ ਸਾਰੀ ਰਾਤ ਉਸ ਦੀ ਚਿਖਾ ਕੋਲ ਬੈਠੇ ਹੀ ਗਾਉਂਦੇ ਰਹੇ । ਅੱਜ ਵੱਡੇ ਵੱਡੇ ਅਮੀਰਜਾਦਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਰੋਜ਼ਾਨਾ ਕਿੰਨੀ ਆਮਦਨ ਹੈ । ਕਰੋੜਾਂ ਰੁਪਿਆ ਲਕੋਦੇ ਹਨ ,ਲੱਖਾ ਰੁਪਏ ਟੈਕਸ ਭਰਦੇ ਹਨ । ਇਹਨਾ ਦੀਆਂ ਭਰੀਆਂ ਤਜੌਰੀਆਂ ਦੇ ਸਾਹਮਣੇ ਇੱਕ ਗਰੀਬ ਪਰਿਵਾਰ ਦਾ ਜੰਮਪਲ ਸਿਰਫ਼ 60 ਸਾਲ ਦੀ ਉਮਰ ਵਿੱਚ ਇਲਾਜ ਦੀ ਘਾਟ ਕਾਰਣ ਸਾਥੋਂ ਵਿਛੜ ਗਿਆ । ਪਰ ਹੀਰੇ ਦੀ ਪਰਖ ਜੌਹਰੀ ਹੀ ਜਾਣਦੇ ਹਨ ,ਇਹਨਾਂ ਲੋਕਾਂ ਨੂੰ ਇਹਦੀ ਕੀਮਤ ਅਤੇ ਅਸਲੀਅਤ ਦਾ ਹੀ ਪਤਾ ਨਹੀਂ ਹੁੰਦਾ ।
ਲੋਕ ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਰਹੇ ਹਨ । ਗੁਰਦਾਸ ਮਾਨ ਦਾ ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੂਜਾ ਤੋਂ ਗੀਤ ਸੰਗੀਤ ਬਾਰੇ ਕੁੱਝ ਕੁ ਜਾਣਕਾਰੀ ਹਾਸਲ ਕੀਤੀ ਹੈ । ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ ਆਖੀ ਕਿ ਹਾਕਮ ਸੂਫੀ ਉਸਦਾ ਉਸਤਾਦ ਨਹੀਂ ਹੈ । ਉਹ ਕਹਿ ਦਿਆ ਕਰਦਾ ਏ ਠੀਕ ਏ ਬਾਬਿਓ । ਗੱਲ ਭਾਵੇਂ ਕੋਈ ਵੀ ਰਹੀ ਹੋਵੇ ਲੋਕ ਹਾਕਮ ਸੂਫੀ ਨੂਂ ਹੀ ਉਸਤਾਦ ਮੰਨਦੇ ਹਨ । ਹੁਣ ਗੁਰਦਾਸ ਮਾਨ ਕੀਹਨੂੰ ਮਿਲੂਗਾ,ਝੁੱਗੀਆਂ–ਝੌਂਪੜੀਆਂ ਵਾਲੇ, ਜੋਗੀ,ਗੱਡੀਆਂ ਵਾਲੇ ਰਮਤਾ ਕਬੀਲੇ ਅਤੇ ਉਹਦੇ ਪ੍ਰਸੰਸਕ ਲੋਕ ਉਸ ਕਾਲੀ ਕੰਬਲੀ ਓੜੀ ਵਾਲੇ ਨੂੰ ਕਿੱਥੋਂ ਲੱਭਣਗੇ ? ਪਰ ਉਹ ਅਜਿਹੀਆਂ ਅਮਿਟ ਪੈੜਾਂ ਪਾ ਕਿ ਗਿਆ ਏ ,ਜਿੰਨ੍ਹਾਂ ਨੂੰ ਕੋਈ ਮਿਟਾ ਨਹੀਂ ਸਕਦਾ । ਉਹਦੀਆਂ ਯਾਦਾਂ ਇਤਿਹਾਸ ਦੀ ਬੁੱਕਲ਼ ਦਾ ਨਿੱਘ ਬਣੀਆਂ ਰਹਿਣਗੀਆਂ,ਜਿਤਨੀ ਦੇਰ ਤੱਕ ਸੂਫ਼ੀ ਗਾਇਕੀ ਅਤੇ ਸਾਫ਼ ਸੁਥਰੀ ਗਾਇਕੀ ਦੀ ਗੱਲ ਤੁਰਦੀ ਰਹੇਗੀ ।
-
ਵਲੋਂ : ਰਣਜੀਤ ਸਿੰਘ ਪ੍ਰੀਤ, 98157-07232,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.