1947 ਵਿਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਦਾ ਸੱਭ ਤੋਂ ਵੱਧ ਆਰਥਿਕ, ਭੂਗੋਲਿਕ ਅਤੇ ਜਾਨੀ ਨੁਕਸਾਨ ਪੰਜਾਬ ਦਾ ਹੋਇਆ ਅਤੇ ਆਮ ਆਦਮੀ ਨੂੰ ਇਹ ਵੀ ਨਹੀ ਸੀ ਪਤਾ ਕਿ ਵੰਡ ਕਿਉਂ ਹੋ ਰਹੀ ਹੈ ਤੇ ਇਸ ਦਾ ਕੀ ਫਾਇਦਾ ਜਾਂ ਕੀ ਨੁਕਸਾਨ ਹੋਵੇਗਾ | ਵੰਡ ਵਿਚ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ | ਇਕ ਪਾਸੇ ਪੰਜਾਬ ਦਾ ਪੰਜਾਬੀ ਬੋਲਣ ਵਾਲਾ ਉਹ ਹਿੱਸਾ ਜੋ ਲਹਿੰਦੇ ਪੰਜਾਬ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ ਪੰਜਾਬ ਨਾਲੋ ਵੱਖ ਹੋ ਗਿਆ ਅਤੇ ਨਾ ਚਾਹੁੰਦਿਆਂ ਹੋਇਆ ਵੀ ਅੰਮ੍ਰਿਤਸਰ ਤੋਂ ਅਰਬ ਮੁਲਕਾਂ ਨਾਲ ਵਪਾਰ ਕਰਨ ਵਾਲਾ ਪੰਜਾਬੀ ਵਪਾਰੀ ਮੁੰਬਈ ਜਾਂ ਇਸਲਾਮਾਬਾਦ ਜਾਕੇ ਵੱਸ ਗਿਆ| ਉਸ ਵੇਲੇ ਪੰਜਾਬ ਵਿਚ ਹੱਥੀਂ ਕਿਰਤ ਕਰਨ ਵਾਲੀ ਬਹੁਤ ਸਾਰੀ ਮੁਸਲਿਮ ਪੰਜਾਬੀ ਲੇਬਰ ਵੀ ਬਟਵਾਰੇ ਕਰਕੇ ਪਾਕਿਸਤਨ ਪੰਜਾਬ ‘ਚ ਚਲੀ ਗਈ ਅਤੇ ਇਸ਼ ਨਾਲ ਪੰਜਾਬ ਦੀ ਆਰਥਿਕਤਾ ਤੇ ਭਾਰੀ ਅਸਰ ਪਿਆ | ਖੱਡੀਆਂ, ਜੁਲਾਹਿਆਂ, ਮੋਚੀ, ਮੀਨਾਕਾਰੀ, ਆਦਿ ਦਾ ਕੰਮ ਕਰਨ ਵਾਲੇ ਕਾਮਿਆਂ ਦੀ ਭਾਰੀ ਕਿਲਤ ਆਈ ਤੇ ਇਹ ਕੰਮ ਹੌਲੀ-ਹੌਲੀ ਯੂ ਪੀ, ਬਿਹਾਰ, ਜੰਮੂ-ਕਸਮੀਰ, ਆਂਧਰਾ-ਪ੍ਰਦੇਸ਼ ਆਦਿ ‘ਚ ਲੇਬਰ ਕਰਨ ਲੱਗ ਪਈ | ਪੰਜਾਬ ਦਾ ਕਿਸਾਨ ਕਣਕ- ਝੋਨੇ ਦੀ ਖੇਤੀ ਤੱਕ ਹੀ ਸੀਮਤ ਹੋ ਗਿਆ |
ਇਸ ਬਟਵਾਰੇ ਵਿਚ ਦੋ ਕਰੋੜ ਲੋਕ ਘਰੋ-ਬੇ-ਘਰ ਹੋਏ ਅਤੇ ਦੱਸ ਲੱਖ ਤੋਂ ਵੱਧ ਕੀਮਤੀ ਜਾਨਾਂ ਗਈਆਂ | ਸੱਭ ਤੋਂ ਦੁਖਦਾਈ ਗੱਲ ਇਹ ਸੀ ਕਿ ਬਹੁਤ ਸਾਰੀਆਂ ਧੀਆਂ-ਭੈਣਾਂ ਦੀ ਇੱਜ਼ਤ ਲੁੱਟੀ ਗਈ ਅਤੇ ਕੁਝ ਲੋਕਾਂ ਨੇ ਆਪਣੀ ਇੱਜ਼ਤ ਨੂੰ ਮੁੱਖ ਰਖਦਿਆਂ ਆਪਣੇਂ ਹਥੀਂ ਆਪਣੀਆਂ ਧੀਆਂ- ਭੈਣਾਂ ਨੂੰ ਜਾਨੋ ਮਾਰ ਦਿੱਤਾ | ਇਨਸਾਨੀਅਤ ਦਾ ਨੰਗਾ ਨਾਚ ਹੋਇਆ ਅਤੇ ਬਹੁਤ ਜਗ੍ਹਾ ਲੋਕਾਂ ਨੇ ਬੇਗਾਨੀਆਂ ਜਾਇਦਾਤਾਂ ਤੇ ਕਬਜੇ ਕਰ ਲਏ | ਇੱਥੇ ਦਿਲ ਵਿਚ ਤਿੰਨ ਸਵਾਲ ਉੱਠਦੇ ਹਨ | ਪਹਿਲਾ ਕਿ ਇਹ ਅਜ਼ਾਦੀ ਦੀ ਲੜਾਈ ਵਿਚ ਦੇਸ਼-ਭਗਤਾ ਦੀ ਮੰਗ ਦੇਸ਼ ਨੂੰ ਇੰਗਲੈੰਡ ਦੇ ਸ਼ਾਸ਼ਨ ਤੋਂ ਅਜ਼ਾਦ ਕਰਵਾਓੁਣਾ ਸੀ ਜਾਂ ਅਜ਼ਾਦੀ ਤੋਂ ਬਾਅਦ ਆਪਸੀ ਭਾਈਚਾਰੇ ਨੂੰ ਧਰਮ ਦੇ ਨਾਮ ਤੇ ਵੰਡਣਾਂ? ਦੂਸਰਾ ਸਵਾਲ ਇਹ ਉੱਠਦਾ ਹੈ ਕਿ ਉਸ ਸਮੇਂ ਦੇ ਲੀਡਰਾਂ ਨੇ ਕੁਰਸੀ ਨੂੰ ਮੁੱਖ ਰੱਖਦਿਆਂ ਦੋਵਾਂ ਮੁਲਕਾਂ ਦੇ ਲੋਕਾਂ ‘ਚ ਧਰਮ ਦੇ ਨਾਮ ਦਾ ਸਿਆਸੀ ਜ਼ਹਿਰ ਕਿਉਂ ਘੋਲਿਆ ? ਤੀਸਰਾ ਸਵਾਲ ਇਹ ਉੱਠਦਾ ਹੈ ਕਿ ਇਸ ਬਟਵਾਰੇ ਦਾ ਸੱਭ ਤੋਂ ਵੱਧ ਨੁਕਸਾਨ ਕਿਸ ਨੂੰ ਹੋਇਆ? ਇਹਨਾ ਸੱਭ ਸਵਾਲਾਂ ਪਿਛੋਂ ਇਕੋ ਹੀ ਜਵਾਬ ਮਿਲਦਾ ਸੀ ਕਿ ਸਾਡੇ ਦੇਸ਼ ਦੇ ਲੀਡਰ ਕੁਰਸੀ ਨੂੰ ਆਮ-ਆਦਮੀ ਦੀ ਜ਼ਿੰਦਗੀ ਨਾਲੋ ਕਿੱਤੇ ਵੱਧ ਤਰਜੀਹ ਦਿੰਦੇ ਹਨ ਅਤੇ ਇਸ ਦੀ ਪ੍ਰਾਪਤੀ ਲਈ ਇਹ ਲੀਡਰ ਸਾਡੇ ਜਾਨ-ਤੇ-ਮਾਲ ਦੋਨਾਂ ਨੂੰ ਦਾਅ ਤੇ ਲਾ ਦਿੰਦੇ ਹਨ |
ਪੰਜਾਬ ਅੱਜੇ 1947 ਦੇ ਬਟਵਾਰੇ ਦੇ ਸੰਤਾਪ ਚੋ ਨਿਕਲਿਆ ਹੀ ਸੀ ਕਿ ਸੂਬੇ ‘ਚ ਦੂਸਰੀ ਵੰਡ -‘ਪੰਜਾਬੀ ਸੂਬੇ’ – ਦੀ ਮੰਗ ਸ਼ੁਰੂ ਹੋ ਗਈ ਅਤੇ ਪੰਜਾਬ ਹੱਥੋ ਅੱਜ ਦਾ ਵਪਾਰਿਕ ਕੇਂਦਰ - ਹਰਿਆਣਾ - ਅਤੇ ਕੁੱਦਰਤੀ ਸੋਮਿਆਂ ਦਾ ਭੰਡਾਰ – ਹਿਮਾਚਲ –‘ਚ ਚਲਾ ਗਿਆ | ਉਸ ਸਮੇਂ ਦਾ ਹਿੰਦੁਸਤਾਨ ਦਾ ਅੰਨ-ਦਾਤਾ ਪਹਿਲੇ ਨੰਬਰ ਤੋਂ ਡਿੱਗਦਾ-ਡਿੱਗਦਾ ਅੱਜ ਨੌਕਰੀਆਂ ਅਤੇ ਕਾਰੋਬਾਰਾਂ ਦੀ ਤਲਾਸ਼ ‘ਚ ਦੂਸਰਿਆਂ ਸੂਬਿਆਂ ਅੱਗੇ ਹੱਥ ਫੈਲਾਈ ਬੈਠਾ ਹੈ | ਫਿਰ ਮੰਨ ‘ਚ ਸਵਾਲ ਉੱਠਦਾ ਹੈ ਕਿ ਪੰਜਾਬੀ ਸੂਬੇ ਦੀ ਮੰਗ ‘ਚ ਵੀ ਕਿਤੇ ਕੁਰਸੀ ਦੀ ਲਾਲਸਾ ਤੇ ਨਹੀ ਸੀ? ਆਮ ਆਦਮੀ ਨੂੰ ਨਾ ਤੇ ਮੁਸਲਮਾਨ ਨਾਲ ਰਹਿ ਕੇ ਕੋਈ ਨੁਕਸਾਨ ਸੀ ਅਤੇ ਨਾ ਹੀ ਹਿੰਦੂ ਨਾਲ ਰਹਿ ਕੇ ਕੋਈ ਪਰੇਸ਼ਾਨੀ | ਫਿਰ ਇਹਨਾ ਦੋਨਾ ਬਟਵਾਰਿਆਂ ‘ਚ ਸੂਬੇ ਦੀ ਵੰਡ ਦੀ ਮੰਗ ਕੌਣ ਕਰ ਰਿਹਾ ਸੀ? ਵੇਖਣ ਵਾਲੀ ਗੱਲ ਇਹ ਹੈ ਕਿ ਜੇ ਵੱਖ-ਵੱਖ ਸਿਆਸੀ ਪਾਰਟੀਆਂ ਰੱਲ ਕੇ ਪੰਜਾਬ ਤੇ ਰਾਜ ਕਰ ਸਕਦੀਆਂ ਹਨ ਤਾਂ ਫਿਰ ਪੰਜਾਬ ‘ਚ ਵਸੇ ਪੰਜਾਬੀ ਲੋਕ ਆਪਸ ਵਿਚ ਰੱਲਕੇ ਕਿਉਂ ਨਹੀ ਸੀ ਰਹਿ ਸਕਦੇ ਅਤੇ ਇਕ ਧਰਮ ਨਿਰਪੱਖ ਦੇਸ਼ ਚ ਧਰਮ ਅਤੇ ਬੋਲੀ ਦਾ ਸਿਆਸੀ ਜ਼ਹਿਰ ਘੋਲਣ ਦੀ ਕੀ ਲੋੜ ਸੀ ? ਪੰਜਾਬ ਨੂੰ ਪਹਿਲਾਂ ਧਰਮ ਅਤੇ ਫਿਰ ਬੋਲੀ ਦੇ ਨਾਮ ਤੇ ਵੰਡਣ ਵਾਲੇ ਲੀਡਰਾਂ ਦੇ ਬੱਚੇ ਤਾਂ ਅੱਜ ਵੀ ਮਹਿੰਗੇ ਤੋਂ ਮਹਿੰਗੇ ਸਕੂਲਾਂ ਵਿਚ ਅੰਗ੍ਰੇਜੀ ‘ਚ ਤਾਲੀਮ ਪ੍ਰਾਪਤ ਕਰ ਰਹੇ ਹਨ ਅਤੇ ਲੋਕ ਸਭਾ ‘ਚ ਸਿਖਾਂ ਦੇ ਮਸਲਿਆਂ ਤੇ ਅੰਗ੍ਰੇਜੀ ‘ਚ ਭਾਸ਼ਣ ਦੇਂਦੇ ਹਨ | ਉਸ ਤੋਂ ਉੱਲਟ ਆਮ-ਆਦਮੀ ਦਾ ਬੱਚਾ ਅੰਗ੍ਰੇਜੀ- ਪੰਜਾਬੀ- ਹਿੰਦੀ ਦੇ ਵਿਵਾਦ ਦੀ ਘੁੰਮਣ-ਘੇਰੀ ‘ਚ ਫ਼ਸਿਆ ਹੋਇਆ ਹੈ |
ਮਹਾਂ ਪੰਜਾਬ ਤੋਂ ਮਿੰਨੀ ਪੰਜਾਬ ਦੇ ਸਫ਼ਰ ਤੱਕ ਪੰਜਾਬ ਹੱਥੋਂ ਬਹੁਤ ਕੁਝ ਨਿਕਲ ਚੁੱਕਾ ਸੀ ਅਤੇ ਵਧਦੀ ਆਬਾਦੀ ਕਾਰਨ ਪੰਜਾਬ ਦੀ ਕਿਸਾਨੀ ਵੀ ਦਿਨ-ਬ-ਦਿਨ ਛੋਟੀ ਹੋ ਰਹੀ ਸੀ | ਸੂਬੇ ‘ਚ ਜਿਆਦਾਤਰ ਕਿਸਾਨਾ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਰਹਿ ਗਈ ਸੀ ਅਤੇ ਇਥੇ ਵੱਸੇ ਲੋਕ ਬੇਰੁਜਗਾਰੀ ਅਤੇ ਗਰੀਬੀ ਦੇ ਬੁਰੀ ਤਰਾਂ ਸ਼ਿਕਾਰ ਹੋ ਚੁਕੇ ਸਨ | ਪੰਜਾਬ ਵਿਚ 1980 ਤੱਕ ਛੋਟੇ ਕਿਸਾਨਾਂ ਅਤੇ ਕਾਰਖਾਨਿਆ ‘ਚ ਕੰਮ ਕਰਨ ਵਾਲੀ ਲੇਬਰ ਦੇ ਬੱਚੇ ਵੀ ਸਰਕਾਰੀ ਸਕੂਲਾਂ ਅਤੇ ਕਾਲਜਾਂ ਤੋਂ ਉਚ ਵਿਦਿਆ ਪ੍ਰਾਪਤ ਕਰ ਵੱਡੇ ਵੱਡੇ ਅਫਸਰ ਬਣੇਂ | ਪਰ 1980 ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਦਾ ਮਿਆਰ ਹੇਠਾਂ ਡਿਗਣ ਕਾਰਨ ਆਮ ਆਦਮੀ ਦਾ ਬੱਚਾ ਅੱਜ ਦਸਵੀਂ ਵੀ ਪਾਸ ਨਹੀ ਕਰ ਪਾਉਂਦਾ | ਉਸ ਸਮੇਂ ਦੌਰਾਨ ਦੀਆਂ ਸਰਕਾਰਾਂ ਪਿੰਡਾ ‘ਚ ਵੱਡੇ ਕਾਰਖਾਨੇ ਖੋਲਣ ‘ਚ ਵੀ ਅਸਮਰਥ ਰਹੀਆਂ ਅਤੇ ਪੜਾਈ ਦੀਆਂ ਸੁਵਿਧਾਂਵਾਂ ‘ਚ ਭਾਰੀ ਕੰਮੀ ਆਉਣ ਕਾਰਨ ਬਹੁਤ ਸਾਰੇ ਪਰਿਵਾਰਾ ਨੇ ਪਿੰਡ ਛੱਡ ਬਚਿਆਂ ਦੀ ਚੰਗੀ ਤਾਲੀਮ ਖਾਤਰ ਸਹਿਰਾਂ ਵਿੱਚ ਵਸਣਾ ਸੁਰੂ ਕਰ ਦਿਤਾ | ਜਿਸ ਦਾ ਪਿੰਡਾ ਦੀ ਅਰਥਿਕਤਾ ਅਤੇ ਭਾਈਚਾਰੇ ਤੇ ਬਹੁਤ ਭਾਰੀ ਅਸਰ ਪਿਆ |
ਪੰਜਾਬ ਵਿਚ ਘਟਦੇ ਆਮਦਨ ਦੇ ਸਾਧਨਾ ਕਰਕੇ 1960 ਤੋਂ 1990 ਤੱਕ ਹਿੰਦੁਸਤਾਨ ਵਿਚੋਂ ਸੱਭ ਤੋਂ ਪਹਿਲਾਂ ਅਤੇ ਸੱਭ ਤੋਂ ਵੱਡੀ ਤਦਾਦ ‘ਚ ਪੰਜਾਬੀ ਪੰਜਾਬ ਅਤੇ ਆਪਣਾ ਪਰਿਵਾਰ ਛੱਡ ਬਾਹਰਲੇ ਮੁਲਕਾਂ ਚ ਕੰਮ ਦੀ ਤਲਾਸ਼ ‘ਚ ਪੱਕੇ ਤੌਰ ਤੇ ਵੱਸਣੇ ਸ਼ੁਰੂ ਹੋਏ | ਸਵਾਲ ਇਹ ਉੱਠਦਾ ਹੈ ਕਿ ਇਸ ਸੱਭ ਨੁਕਸਾਨ ਦਾ ਜਿੰਮੇਵਾਰ ਕੌਣ ਹੈ ਅਤੇ ਕਿੰਨਾ ਹਾਲਾਤਾਂ ‘ਚ ਪੰਜਾਬ ਵਿਚੋ ਪੜ੍ਹਨ ਲਿਖਣ ਤੋਂ ਬਾਅਦ ਬੇਰੁਜਗਾਰ ਨੌਜਵਾਨ ਨੌਕਰੀਆਂ ਦੀ ਤਲਾਸ਼ ਚ ਆਪਣੇ ਮਾਪੇ, ਸੱਜਣ-ਮਿਤਰ ਅਤੇ ਰਿਸ਼ਤੇਦਾਰ ਪਿੱਛੇ ਛੱਡ ਪ੍ਰਦੇਸ਼ੀ ਜਾ ਡੇਰੇ ਲਾ ਲੈਂਦੇ ਹਨ | ਅਸੀਂ ਕਦੀ ਸੋਚਿਆ ਹੈ ਕਿ ਪੰਜਾਬੀ ਪ੍ਰਦੇਸ਼ਾ ‘ਚ ਕਾਮਯਾਬ ਅਤੇ ਪੰਜਾਬ ਵਿਚ ਫੇਲ ਕਿਉਂ ਹੋ ਜਾਂਦਾ ਹੈ? ਕਹਿੰਦੇ ਹਨ ਕਿ ਪੰਜਾਬੀ ਇਕ ਐਸਾ ਹੀਰਾ ਹੈ ਜੋ ਦਿਨ ਰਾਤ ਸਖ਼ਤ ਮਿਹਨਤ ਕਰਕੇ ਹਰ ਔਖੇ ਤੋਂ ਔਖੇ ਕੰਮ ਵਿਚ ਕਾਮਯਾਬੀ ਹਾਸਲ ਕਰ ਲੈਂਦਾ ਹੈ ਪਰ ਉਸ ਦੀ ਮਿਹਨਤ ਦਾ ਸਹੀ ਮੁੱਲ ਪਾਉਣ ਵਾਲਾ ਜ਼ੌਹਰੀ ਸਹੀ ਹੋਣਾ ਚਾਹੀਦਾ ਹੈ| ਸਾਡੇ ਦੇਸ਼ ਦੀਆਂ ਸਰਕਾਰਾਂ ਪੰਜਾਬ ਨੂੰ ਫੇਹਲ ਕਰਨ ਵਿਚ ਲੱਗੀਆਂ ਹੋਈਆਂ ਹਨ ਅਤੇ ਪਿਛਲੇ ਸਮੇਂ ਵਿਚ ਕੇਂਦਰ ਜਾਂ ਸੂਬੇ ਦੀਆਂ ਸਰਕਾਰਾਂ ਨੇ ਕੋਈ ਵੀ ਐਸੀ ਨੀਤੀ ਨਹੀ ਬਣਾਈ ਜਿਸ ਸੱਦਕਾ ਪੰਜਾਬ ਦੇ ਹਰ ਨੌਜਵਾਨ ਨੂੰ ਉਸ ਦੇ ਪਿੰਡ, ਜਿਲ੍ਹਾ ਪੱਧਰ ਜਾਂ ਸੂਬੇ ‘ਚ ਰਹਿ ਕੇ ਹੀ ਕੰਮ ਕਰਨ ਦਾ ਮੌਕਾ ਮਿਲ ਸਕਦਾ | ਇਹ ਮੁੱਦੇ ਹਮੇਸ਼ਾ ਹੀ ਅਹਿਮ ਰਹੇ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਦੇ ਹਲ੍ਹ ਲਈ ਕੋਈ ਠੋਸ ਕਦਮ ਨਹੀ ਉਠਾਏ ਜਿਸ ਕਾਰਨ ਪੰਜਾਬ ਵਿਚ ਨਾ ਤੇ ਵਪਾਰੀਆਂ ਨੇ ਬਹੁਤੇ ਵੱਡੇ ਕਾਰੋਬਾਰ ਲਗਾਏ ਆਤੇ ਨਾ ਹੀ ਸਰਕਾਰਾਂ ਨੇ ਪਿੰਡਾਂ ‘ਚ ਖਾਸ ਕਰ ਸਰਹਦੀ ਪਿੰਡਾ ਵਿਚ ਕਾਰਖਾਨੇ ਖੋਲਣ ਵਿਚ ਕੋਈ ਬਣਦੀ ਭੂਮਿਕਾ ਨਭਾਈ| ਜਿਸ ਕਾਰਨ ਪੰਜਾਬ ਦੇ ਬਹੁਤ ਸਾਰੇ ਬੇਰੁਜਗਾਰ ਨੌਜਵਾਨ ਜਾਂ ਵਿਦੇਸ਼ਾ ਚ ਵੱਸ ਗਏ ਜਾਂ ਉਸ ਨੇ ਆਪਣਾ ਜੀਵਨ ਪੰਜਾਬ ਦੇ ਛੇਵੇਂ ਦਰਿਆ – ਨਸ਼ਿਆਂ ਵਿਚ ਡੋਬ ਦਿਤਾ | ਸਤਾ ਦੇ ਲਾਲਸੀ ਸਿਆਸੀ ਵਪਾਰੀ ਬੱਚਿਆਂ ਨੂੰ ਨਸ਼ਿਆਂ ਚੋ ਕੱਢਣ ਦੀ ਥਾਂ ਹਰ ਪੰਜੀ ਸਾਲੀ ਸ਼ਰਾਬ ਜਾਂ ਨਸ਼ਿਆਂ ‘ਚ ਡੋਬਣ ਦਾ ਕੰਮ ਤੇ ਕਰਦੇ ਰਹੇ ਪਰ ਇਹਨਾ ਲਈ ਰੁਜਗਾਰ ਪੈਦਾ ਕਰਨ ਵੱਲ ਕਿਸੇ ਦਾ ਕੋਈ ਵੀ ਧਿਆਨ ਨਹੀ ਹੈ |
1990 ਤੋਂ ਬਾਆਦ ਪੰਜਾਬ ਵਿਚੋਂ ਬਹੁਤ ਵੱਡੀ ਤਦਾਦ ਵਿੱਚ ਡਾਕਟਰ, ਇੰਜੀਨੀਅਰ ਅਤੇ ਉੱਚ ਵਿਦਿਆ ਪ੍ਰਾਪਤ ਬੱਚੇ ਨੌਕਰੀਆਂ ਨਾ ਮਿਲਣ ਕਾਰਨ ਪੰਜਾਬ ਛੱਡ ਬਾਹਰਲੇ ਸੂਬਿਆਂ ਜਾਂ ਮੁਲਕਾਂ ਵਿਚ ਕੰਮਾ ਤੇ ਜਾਂ ਲੱਗੇ | ਪਿਛਲੇ ਸਮੇਂ ਦੀਆਂ ਵੱਖ-ਵੱਖ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਪੰਜਾਬ ਵਿਚੋ ਹਰ ਦੂਸਰਾ ਪੜਿਆ ਲਿਖਿਆ ਨੌਜਵਾਨ ਪ੍ਰਦੇਸ਼ਾ ਵਿਚ ਆ ਟੈਕਸੀ, ਟਰੱਕ ਚਲਾ ਜਾਂ ਸਖਤ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਣ ਲੱਗ ਪਿਆ |
ਅੱਜ ਜੇ ਪੰਜਾਬ ਦੇ ਪੰਜਾਬੀ ਨੂੰ ਮਿਲਣਾ ਹੋਵੇ ਤਾਂ ਉਹ ਪਿੰਡ ਦੀਆਂ ਸੱਥਾਂ ਤੇ ਨਹੀ ਬਲਕਿ ਕੈਨੇਡਾ, ਅਮਰੀਕਾ ਅਤੇ ਇੰਗ੍ਲੈੰਡ ਦੀਆਂ ਪਾਰਕਾਂ, ਲਾਇਬ੍ਰੇਰੀਆਂ ਜਾਂ ਕਮਿਊਨਿਟੀ ਸੈਂਟਰਾਂ ਆਦਿ ਵਿੱਚ ਮਿਲਦਾ ਹੈ | ਅੱਜ ਸਾਡੇ ਵਾਸਤੇ ਸ਼ਰਮ ਦੀ ਗਲ ਇਹ ਹੈ ਕਿ ਜਿਸ ਦਾ ਵੀ ਬੱਚਾ ਬਾਹਰਵੀਂ ਪਾਸ ਕਰ ਲੈਂਦਾ ਹੈ ਉਹ ਉਸ ਨੂੰ ਅਮਰੀਕਾ, ਕੈਨੇਡਾ, ਦੁਬੱਈ ਭੇਜਣ ਲਈ ਇਮਬੈਸੀਆਂ ਜਾਂ ਏਜੰਟਾਂ ਦੇ ਗੇੜੇ ਕੱਢਣ ਲੱਗ ਪੈਂਦਾ ਹੈ ਤੇ ਆਪਣੀ ਜਮੀਨ- ਜਾਇਦਾਦ ਗਿਰਵੀ ਰੱਖ ਆਪਣੇ ਜਿਗਰ ਦੇ ਟੁੱਕੜੇ ਨੂੰ ਖੁਸ਼ੀ- ਖੁਸ਼ੀ ਆਪਣੀਆਂ ਅੱਖਾਂ ਤੋਂ ਦੂਰ ਭੈਜ ਦਿਂਦਾ ਹੈ | ਇਹਨਾ ਹਾਲਤਾਂ ਦਾ ਜਿੰਮੇਵਾਰ ਕੌਣ – ਬੱਚਾ - ਮਾਂ - ਬਾਪ ਜਾਂ ਸਰਕਾਰ - ਕਿਸ ਦੀ ਜਿੰਮੇਵਾਰੀ ਸੀ ਬੱਚਿਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਤਾਂ ਜੋ ਉਹ ਪੜ-ਲਿਖ ਕੇ ਆਪਣੇ ਸੂਬੇ ਅਤੇ ਪਰਿਵਾਰ ਚ ਰਹਿ ਸੋਹਣੀ ਜਿੰਦਗੀ ਬਸਰ ਕਰਦੇ | ਬਾਹਰਲੇ ਮੁਲਕਾਂ ਚ ਆਮ ਗੱਲ ਮਸ਼ਹੂਰ ਹੈ ਕਿ ਜਦ ਵੀ ਕੋਈ ਪ੍ਰਦੇਸ਼ ਆਕੇ ਵੱਸਦਾ ਹੈ ਉਹ ਪਿੱਛੇ ਨਹੀ ਜਾਂਦਾ - ਉਸ ਦੀਆ ਅਸਤੀਆਂ ਹੀ ਪਿੱਛੇ ਜਾਂਦੀਆਂ ਹਨ | ਮਾਂ-ਬਾਪ ਨੇ ਆਪਣਾ ਬੱਚਾ ਪ੍ਰਦੇਸ਼ਾ ਵਿਚ ਭੈਜ ਕੇ ਕੀ ਗਵਾਇਆ ਅਤੇ ਕੀ ਪਾਇਆ ਇਹ ਤੇ ਉਹ ਹੀ ਜਾਣ ਜਾਂ ਸਮਝ ਸਕਦੇ ਹਨ ਜਿਹਨਾਂ ਨੇ ਆਪਣੇ ਸੀਨੇ ਤੇ ਪੱਥਰ ਰੱਖ ਆਪਣਾ ਬੱਚਾ ਸਦਾ ਲਈ ਆਪਣੀ ਮਿੱਟੀ ਤੋਂ ਦੂਰ ਕਰ ਦਿੱਤਾ | ਕੁਝ ਲੋਕਾਂ ਦਾ ਮੰਨਣਾ ਹੈ ਕਿ ਪ੍ਰਦੇਸਾਂ ‘ਚ ਵੱਸੇ ਪੰਜਾਬੀ ਬਹੁਤ ਵਾਰ ਆਪਣੇ ਮਾ-ਬਾਪ ਦੀ ਅਰਥੀ ਦਾ ਸਹਾਰਾ ਵੀ ਨਹੀ ਬਣ ਸਕਦੇ ਅਤੇ ਨਾਂ ਹੀ ਮਾਂ-ਬਾਪ ਪਰਦੇਸਾਂ ਕਾਰਨ ਕੁਖੋਂ ਜੰਮੇ ਬੱਚੇ ਦੀ ਅੰਤਿਮ ਯਾਤਰਾ ਚ ਸ਼ਰੀਕ ਹੋ ਸਕਦੇ ਹਨ | ਪ੍ਰਦੇਸ਼ਾਂ ‘ਚ ਵਸਿਆ ਪੰਜਾਬੀ ਭਾਈਚਾਰਾ ਆਪਣੀ ਭੌਂ ਤੋਂ ਦੂਰ ਹੋਣ ਕਾਰਨ ਅੱਜ ਅੰਦਰੋਂ ਬਹੁਤ ਖੋਖਲਾ ਹੋ ਚੁੱਕਾ ਹੈ |
1980 ਤੋਂ 1994 ਤੱਕ ਦੇ ਸਮੇਂ ਦੀ ਕਾਲੀ ਹਨੇਰੀ ਨੇ ਪੰਜਾਬ ਨੂੰ ਆਰਥਿਕ ਪਖੋਂ 50 ਸਾਲ ਪਿੱਛੇ ਧੱਕ ਦਿਤਾ | ਬਹੁਤ ਸਾਰੇ ਵਪਾਰੀਆਂ ਨੇ ਆਪਣੇ ਵਪਾਰ ਪੰਜਾਬ ‘ਚ ਕੱਢ ਹੋਰਨਾ ਸੂਬਿਆਂ ‘ਚ ਲਗਾ ਲਏ | ਲੋਕ ਭਾਰੀ ਮਾਤਰਾ ‘ਚ ਬੇਰੁਜਗਾਰ ਹੋਏ | ਇਨਸਾਨ – ਇਨਸਾਨ ਦਾ ਦੁਸ਼ਮਨ ਬਣ ਗਿਆ ਅਤੇ 1947 ਵਾਲੇ ਅਜ਼਼ਾਦ ਭਾਰਤ ‘ਚ ਦੋ ਵਕਤ ਦੀ ਰੋਟੀ ਵੀ ਕਮਾ ਕੇ ਖਾਣੀ ਮੁਸ਼ਕਿਲ ਹੋ ਗਈ | ਇਸ ਕਾਲੀ ਹਨੇਰੀ ‘ਚ ਮਾਂ-ਬਾਪ ਨੇ ਆਪਣੇ ਹੀਰੇ ਵਰਗੇ ਜਵਾਨ ਪੁੱਤਾਂ ਦੀਆਂ ਚਿੱਤਾਵਾਂ ਨੂੰ ਹਥੀਂ ਅਗਨੀ ਭੇਂਟ ਕਰ ਪਰਿਵਾਰ ਅਤੇ ਪੰਜਾਬ ਦੀ ਬਰਬਾਦੀ ਦਾ ਦ੍ਰਿਸ਼ ਅੱਖੀਂ ਵੇਖਿਆ | ਉਸ ਸਮੇ ਦਾ ਡਰਿਆ ਵਪਾਰੀ ਅੱਜ ਵੀ ਪੰਜਾਬ ‘ਚ ਵਡਾ ਕਾਰਖਾਨਾ ਲਗਾਉਣ ਤੋਂ ਗੁਰੇਜ ਕਰਦਾ ਹੈ |
1991 ‘ਚ ਭਾਰਤ ਦਾ ਵਿਦੇਸ਼ਾ ਨਾਲ ਵਪਾਰ ਖੁਲਣ ਕਾਰਨ ਚੀਜਾਂ ਦਾ ਮੁੱਲ ਅੰਤਰਰਾਸਟਰੀ ਪੱਧਰ ਤੇ ਵੱਧਿਆ ਪਰ ਆਮ ਆਦਮੀ ਦੀ ਕਿਸਾਨੀ ਦੇ ਧੰਦੇ ਨਾਲ ਜੁੜੀ ਆਮਦਨ ਅੰਤਰਰਾਸਟਰੀ ਪੱਧਰ ਤੇ ਨਾ ਵੱਧ ਸੱਕੀ | ਕਿਸਾਨ ਨੂੰ ਟ੍ਰੈਕਟਰ ਖਰੀਦਣ ਵੇਲੇ ਉਸ ਦਾ ਮੁੱਲ ਅੰਤਰਰਾਸਟਰੀ ਪੱਧਰ ਤੇ ਦੇਣਾ ਪੈਂਦਾ ਹੈ ਪਰ ਇਸ ਤੋਂ ਉਲਟ ਫਸਲ ਦੀ ਕੀਮਤ ਉਸ ਨੂੰ ਰਾਸ਼ਟਰੀ ਪੱਧਰ ਤੇ ਹੀ ਮਿਲਦੀ ਹੈ | ਪੰਜਾਬ ‘ਚ ਸੁਪਰ ਮਾਰਕਿਟਾਂ ਜਾਂ ਸੋ-ਰੂਮਾਂ ‘ਚ ਕੰਮ ਕਰਨ ਵਾਲੇ ਕਾਮਿਆਂ ਨੂੰ ਤਨਖਾਹ 3-5 ਡਾਲਰ ਦਿਨ ਦੇ ਮਿਲਦੀ ਹੈ ਅਤੇ ਇਸ ਤੋਂ ਉਲਟ ਬਾਹਰਲੇ ਮੁਲਕਾਂ ਚ ਆਪਣੇ ਕਾਮਿਆਂ ਨੂੰ ਘੱਟੋ- ਘੱਟ 10 ਡਾਲਰ ਘੰਟੇ ਦੇ ਦਿੱਤੇ ਜਾਂਦੇ ਹਨ ਅਤੇ ਉਹਨਾਂ ਸੋ-ਰੂਮਾਂ ਵਿੱਚੋ ਮਿਲਣ ਵਾਲੀਆਂ ਚੀਜਾਂ ਦਾ ਮੁੱਲ ਅੰਤਰਰਾਸਟਰੀ ਪੱਧਰ ਤੇ ਬਰਾਬਰ ਹੁੰਦਾ ਹੈ ਜੋ ਕਿ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੁੰਦਾ ਹੈ | ਸਵਾਲ ਉੱਠਦਾ ਹੈ ਕਿ ਅਸੀ ਘੱਟ ਤਨਖਾਹ –ਆਮਦਨ -ਨਾਲ ਮਹਿੰਗੀਆਂ ਚੀਜਾਂ ਕਿਸ ਤਰਾਂ ਖਰੀਦਾਂਗੇ ਅਤੇ ਪੰਜਾਬ ਵਿਚ ਰਹਿਕੇ ਆਪਣੇ ਬੱਚੇ ਕਿਵੇਂ ਪਾਲਾਗੇ |
ਪੰਜਾਬ ਦੇ ਆਰਥਿਕ ਹਾਲਾਤ ਮਾੜੇ ਹੋਣ ਕਰਕੇ ਪੰਜਾਬੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੰਜਾਬ ਬੇਰੁਜਗਾਰੀ, ਗਰੀਬੀ, ਅਨਪੜ੍ਹਤਾ, ਮਾੜੀਆਂ ਸਿਹਤ-ਸਹੂਲਤਾਂ, ਨਸ਼ਿਆਂ ਆਦਿ ਵਰਗੀਆਂ ਮਾੜੀਆਂ ਅਲਾਮਤਾਂ ‘ਚ ਬੁਰੀ ਤਰਾਂ ਘਿਰ ਚੁੱਕਾ ਹੈ | ਪੰਜਾਬ ਸਰਕਾਰ ਲੋਕਾਂ ਨੂੰ ਬੁਨਿਯਾਦੀ ਸਹੂਲਤਾਂ ਦੇਣ ਤੋਂ ਵੀ ਅਸਮਰਥ ਹੈ ਅਤੇ 14 ਲੱਖ ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ 47 ਪ੍ਰਤੀਸ਼ਤ ਆਪਣੇ ਦੇਸ਼ ਦੇ ਬੱਚੇ ਘੱਟ ਭਾਰ ਹੋਣ ਕਾਰਨ ਵੱਖ-ਵੱਖ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ| ਸੂਬੇ ਕੋਲ 24 ਘੰਟੇ 7 ਦਿਨ ਦੇਣ ਯੋਗ ਬਿਜਲੀ ਨਹੀਂ ਹੈ | ਪੰਜਾਬ ਸਰਕਾਰ ਦੀਆਂ ਨਲਾਇਕੀਆਂ ਕਰਕੇ ਅੱਜ ਪੰਜਾਬ ਦਾ ਪਾਣੀ ਪੀਣ ਯੋਗ ਨਹੀ ਰਿਹਾ ਅਤੇ ਪੰਜਾਬ ਦੀ ਉਪਜਾਊ ਜਮੀਨ ਨੂੰ ਜ਼ਹਿਰੀਲੀਆਂ ਦਵਾਈਆਂ ਅਤੇ ਖਾਦਾਂ ਨੇ ਨਸ਼ਟ ਕਰ ਦਿੱਤਾ ਹੈ | ਇਸ ਦੇ ਹੱਲ ਲਈ ਸਰਕਾਰ ਨੇ ਕੋਈ ਯੋਗ ਕਦਮ ਨਹੀ ਚੁੱਕਿਆ ਜਿਸ ਨਾਲ ਜ਼ਹਿਰੀਲੀਆਂ ਦਵਾਈਆਂ ਤੇ ਰੋਕ ਲੱਗ ਸਕੇ ਅਤੇ ਲੋਕ ਜ਼ਹਿਰ ਦੀ ਥਾਂ ਪੌਸ਼ਟਿਕ ਖਾਣਾ ਖਾ ਸਕਣ |
ਸੂਬਾ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਸਰਕਾਰੀ ਤੇ ਗੈਰ-ਸਰਕਾਰੀ ਕੰਮਾ ‘ਚ ਸਿਆਸੀ ਲੋਕਾਂ ਦਾ ਦਬ-ਦਬਾਅ ਹੋਣ ਕਾਰਨ ਪੰਜਾਬ ਵਿੱਚ ਕੋਈ ਵੀ ਵਪਾਰੀ ਚਿੱਟੇ ਧੰਨ ਦਾ ਨਿਵੇਸ਼ ਨਹੀ ਕਰ ਰਿਹਾ ਅਤੇ ਇਸ ਤੋਂ ਉਲਟ ਕਾਲੇ ਧੰਨ ਦੀ ਖੁਲੀ ਵਰਤੋਂ ਕਰਕੇ ਜਮੀਨਾ ਦੇ ਰੇਟ ਬਹੁਤ ਵੱਧ ਗਏ ਹਨ ਕਿ ਹੁਣ 80 ਪਰਿਸ਼ਤ ਕਿਸਾਨ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਵੀ ਇਕ ਮਰਲਾ ਜ਼ਮੀਨ ਹੋਰ ਨਹੀ ਖਰੀਦ ਸਕਦੇ ਜਦਕਿ ਅੱਜ ਤੋਂ 15 ਸਾਲ ਪਹਿਲਾਂ 10 ਏਕੜ ਦਾ ਮਾਲਿਕ ਮਿਹਨਤ ਕਰ ਹਰ 10 ਸਾਲ ਬਾਅਦ ਇਕ ਏਕੜ ਜ਼ਮੀਨ ਹੋਰ ਖ਼ਰੀਦ ਲੈਂਦਾ ਸੀ| ਸੂਬੇ ਵਿਚ 80 ਫੀਸਦੀ ਵਪਾਰ ਗੈਰ- ਕਾਨੂੰਨੀ ਤੌਰ ਤੇ ਚਲ ਰਹੇ ਹਨ ਜਿਸ ਨਾਲ ਸੂਬੇ ਵਿੱਚ ਕਾਲੇ ਧਨ ਨਾਲ ਵਪਾਰ ਕਰਨ ਵਾਲੇ ਵਪਾਰੀ ਟੈਕਸਾਂ ਦੀ ਚੋਰੀ ਕਰ ਸਰਕਾਰੀ ਖਜਾਨੇ ਨੂੰ ਲੁੱਟ ਰਹੇ ਹਨ ਅਤੇ ਸਤਾ ਤੇ ਕਾਬਜ਼ ਲੋਕ ਇਹਨਾ ਵਪਾਰੀਆਂ ਦੇ ਭਾਈਵਾਲ ਬਣ ਸੂਬੇ ਦੀ ਬਰਬਾਦੀ ਕਰ ਰਹੇ ਹਨ |
ਸੂਬੇ ਵਿਚ ਕਾਲੇ ਧਨ ਦੀ ਖੁਲੀ ਵਰਤੋਂ ਹੋਣ ਕਾਰਣ ਪ੍ਰਦੇਸ਼ਾਂ ਵਿਚ ਵੱਸਿਆ ਪੰਜਾਬੀ ਵੀ ਕਾਲੇ ਧਨ ਦੀ ਮਾਰ ਖਾ ਰਿਹਾ ਹੈ | ਉਸ ਦੀ ਬਹੁਮੁੱਲੀ ਪੁਰਖਾਂ ਦੀ ਜਾਇਦਾਦ ਵੀ ਕਾਲੇ ਧਨ ਵਿਚ ਡੁੱਬ ਗਈ ਹੈ | ਅੱਜ ਜੇ ਉਸ ਨੇ ਆਪਣੀ ਜਾਇਦਾਦ ਵੇਚ ਕੇ ਆਪਣੇ ਪੈਸੇ ਪ੍ਰਦੇਸਾਂ ਵਿਚ ਵਾਪਸ ਲੈ ਕੇ ਜਾਣੇ ਹੋਣ ਤਾਂ ਖਰੀਦਦਾਰ ਉਸ ਨੂੰ ਵੱਧ ਤੋਂ ਵੱਧ 30 ਫੀਸਦੀ ਪੈਸੇ ਚੈਕ਼ ਰਾਹੀ ਦਿਂਦਾ ਹੈ ਤੇ ਬਾਕੀ ਪੈਸੇ ਦਾ ਭੁਗਤਾਨ ਕਾਲੇ ਧਨ ਦੀ ਬੋਰੀ ਹੱਥ ਵਿਚ ਥਮਾ ਕੇ ਕਰ ਦਿਂਦਾ ਹੈ | ਪਰਦੇਸੀਆਂ ਵਾਸਤੇ ਕਾਲੇ ਧਨ ਦੀ ਬੋਰੀ ਨੂੰ ਅਮਰੀਕਾ ਜਾਂ ਕੈਨੇਡਾ ਅਦਿ ਵਰਗੇ ਮੁਲਕਾਂ ਵਿਚ ਲੈ ਕੇ ਜਾਣਾ ਖੱਤਰੇ ਤੋਂ ਖਾਲੀ ਨਹੀ ਹੁੰਦਾ | ਜੋ ਲੋਕ ਕਾਲਾ ਧਨ ਪ੍ਰਦੇਸ਼ਾ ਵਿਚ ਲੈ ਵੀ ਜਾਂਦੇ ਹਨ ਉਹਨਾਂ ਵਿਚੋ ਬਹੁਤ ਸਾਰੇ ਲੋਕ ਬੈਂਕ ਜਾਂ MONEY LAUNDERYING ਅਫ਼ਸਰਾਂ ਦੀ ਪੁੱਛ-ਗਿੱਛ ਦਾ ਸਿਕਾਰ ਹੋ ਜਾਂਦੇ ਹਨ ਅਤੇ ਬਾਹਰਲੀਆਂ ਸਰਕਾਰਾਂ ਪੰਜਾਬ ਵਿਚੋ ਲੈ ਕੇ ਆਏ ਕਾਲੇ ਧਨ ਨੂੰ ਜਬਤ ਕਰ ਮੁਲਜਮਾਂ ਤੇ ਬਣਦਾ ਮੁੱਕਦਮਾ ਦਰਜ ਕਰ ਦਿੰਦੀਆਂ ਹਨ |
ਮਹਾਰਾਜਾ ਰਣਜੀਤ ਸਿੰਘ ਦੀ ਸੋਚ ਤੇ ਬਣਿਆਂ ਪੰਜਾਬੀ ਸੂਬਾ ਕਾਬਲ-ਕੰਧਾਰ ਅਤੇ ਲੇਹ ਲਦਾਖ ਤੋਂ ਘਟਦਾ ਅੱਜ ਤਿੰਨਾਂ ਦਰਿਆਵਾਂ ਵਿਚ ਹੀ ਸੀਮਤ ਰਹਿ ਗਿਆ ਹੈ | ਪੰਜਾਬ ਨੰਬਰ ਇਕ ਸੂਬੇ ਤੋਂ ਪਿਛੜਦਾ - ਪਿਛੜਦਾ ਅੱਜ ਕਰਜੇ ਦੀ ਮੁਆਫੀ ਲਈ ਕੇਂਦਰ ਸਰਕਾਰ ਅੱਗੇ ਦੁਹਾੜ ਲਗਾ ਰਿਹਾ ਹੈ ਅਤੇ ਇਸ ਦਾ ਜੁੰਮੇਵਾਰ ਕੋਈ ਹੋਰ ਨਹੀ ਬਲਿਕ ਉਹ ਵੋਟਰ ਹਨ ਜੋ ਆਪਣੀ ਵੋਟ ਇਕ ਬੋਤਲ ਸਰਾਬ ਜਾਂ ਚੰਦ ਰੁਪਈਆਂ ਖਾਤਿਰ ਇਹਨਾ ਸਿਆਸੀ ਵਾਪਰੀਆਂ ਹੱਥੀ ਵੇਚ ਦਿਂਦੇ ਹਨ ਅਤੇ ਪੰਜਾਬ ਨੂੰ ਅਗਲੇਰੇ ਪੰਜ ਸਾਲ ਲਈ ਕਾਲੇ-ਗੋਰਿਆਂ ਅਗੇ ਗਿਰਵੀ ਰਖ ਦਿਂਦੇ ਹੈ | ਅੱਜ ਪੰਜਾਬ ਨੂੰ ਬੁਧੀਜੀਵ ਪੜੇ-ਲਿਖੇ ਲੀਡਰਾਂ ਦੀ ਲੋੜ ਹੈ ਜੋ ਪੰਜਾਬ ਦੀ ਸਿਆਸਤ ਦਾ ਵਪਾਰੀਕਰਨ ਹੋਣ ਕਾਰਨ ਸਿਆਸਤ ਤੋਂ ਕੰਨੀ ਕਤਰਾ ਰਹੇ ਹਨ | ਜੇ ਅਸੀਂ ਦੇਸ਼ ਭਗਤਾਂ ਦੀ ਸੋਚ ਤੇ ਪਹਿਰਾ ਨਾ ਦਿੱਤਾ ਤੇ ਕੁਰਬਾਨੀਆਂ ਨਾਲ ਮਿਲੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਨਾ ਕੀਤੀ ਤਾਂ ਪੰਜਾਬ ਨੂੰ ਇਸ ਤੋਂ ਵੀ ਭਿਆਨਕ ਨਤੀਜਿਆਂ ਦਾ ਸਹਮਣਾ ਕਰਨਾ ਪੈ ਸਕਦਾ ਹੈ |
(ਲੇਖ ਵਿਚਲੇ ਵਿਚਾਰ ਉਸਦੇ ਆਪਨੇ ਹਨ ,ਬਾਬੂਸ਼ਾਹੀ ਸੰਪਾਦਕੀ ਡੈਸਕ ਦਾ ਇਸ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ)
Amanpreet Singh Chhina
BA (Laws), LL.B, MBA, M.Sc. (Oxford University)
President, NRI Wing PPP
M: 0044 788 6229063
E mail: amanpreetchhina@gmail.com
-
Amanpreet Singh Chhina, BA (Laws),UK. President NRI wing PPP , ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.