ਪੰਜਾਬੀ ਫਿਲਮਾਂ ਦਾ ਬਹੁਤਾ ਕੋਈ ਲੰਮਾ ਪੈਂਡਾ ਨਹੀਂ ਹੈ , ਫਿਰ ਵੀ ਪੰਜਾਬੀ ਫਿਲਮਾਂ ਨੇ ਹਿੰਮਤ , ਮਿਹਨਤ ਕਰਕੇ ਇਸ ਫਿਲਮੀ ਦੁਨੀਆਂ ਵਿਚ ਆਪਣੀ ਚੰਗੀ ਥਾਂ ਬਣਾਈ ਹੋਈ ਹੈ । ਇਹ ਵੱਖਰੀ ਗੱਲ ਹੈ ਕਿ ਪੰਜਾਬੀ ਫਿਲਮਾਂ ਨੂੰ ਉਹ ਸਥਾਨ ਨਹੀਂ ਮਿਲਿਆ , ਜੋ ਮਿਲਣਾ ਚਾਹੀਦਾ ਸੀ , ਵਜ੍ਹਾ ਸਾਫ ਹੈ ਕਿ ਜਦ ਆਪਣੇ ਹੀ ਮੁਲਕ ਭਾਵ ਆਪਣੇ ਹੀ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਹੀ ਬਣਦਾ ਸਥਾਨ ਨਹੀਂ ਮਿਲਿਆਂ ਤਾਂ ਫਿਰ ਇਸ ਬੋਲੀ ਨਾਲ ਜੁੜੀਆਂ ਬਾਕੀਆਂ ਸਰੋਕਾਰਾਂ ਨੂੰ ਕਿਵੇਂ ਪ੍ਰਭਾਵਸ਼ਾਲੀ ਸਥਾਨ ਮਿਲ ਸਕਦਾ ਸੀ । ਇਸ ਵਿਚ ਸਿਰਫ ਸਿਰਫ ਪੰਜਾਬ ਦੀ ਸਰਕਾਰਾਂ ਹੀ ਦੋਸੀਂ ਹਨ , ਚਾਹੇ ਫਿਰ ਅਕਾਲੀ ਸਰਕਾਰ ਜਾਂ ਫਿਰ ਕਾਂਗਰਸ ਦੀ ਸਰਕਾਰ ਹੋਵੇ , ਭਾਵੇਂ ਕਿ ਮੌਜੁਦਾ ਸਰਕਾਰ ਨੇ ਉਸਤੋਂ ਪਹਿਲਾਂ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਦੀ ਵਜਾਰਤ ਵੇਲੇ ਵੀ ਪੰਜਾਬੀ ਬੋਲੌ ਨੂੰ ਸਤਿਕਾਰ ਦੇਣ ਲਈ ਕਾਨੂੰਨ ਪਾਸ ਕੀਤਾ ਗਿਆ ਸੀ , ਪਰ ਕਾਨੂੰਨ ਪਾਸ ਕਰਨ ਨਾਲ ਨਹੀਂ ਕੁਝ ਹੋ ਸਕਦਾ , ਲੋੜ ਹੈ ਪਾਸ ਕੀਤੇ ਜਾਂਦੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ । ਪੰਜਾਬੀ ਫਿਲਮਾਂ ਦਾ ਹਿੰਦੀ ਫਿਲਮਾਂ ਨਾਲ ਕੀ ਮੁਕਾਬਲਾ ਕਰਨ , ਅਸੀਂ ਤਾਂ ਦੱਖਣੀ ਭਾਰਤ ਦੀਆਂ ਫਿਲਮਾਂ ਨਾਲ ਵੀ ਮੁਕਾਬਲਾ ਨਹੀਂ ਕਰ ਸਕਦੇ , ਕਿਉਕਿ ਉਥੇ ਦੀਆਂ ਸਰਕਾਰਾਂ ਆਪਣੀ ਬੋਲੀ ਤਾਮਿਲ , ਤੇਲਗੂ , ਕੰਨੜ , ਬੰਗਾਲੀ , ਭੋਜਪੁਰੀ ਆਦਿ ਦੀ ਆਪਣੀ ਸਕੀ ਮਾਂ ਤੋਂ ਵੱਧ ਆਦਰ ਤੇ ਸਤਿਕਾਰ ਕਰਦੇ ਹਨ , ਉਹ ਵੱਖਰੀ ਗੱਲ ਹੈ ਕਿ ਦੋਵੇਂ ਮਾਵਾਂ ਭਾਵ ਮਾਂ ਤੇ ਮਾਂ ਬੋਲੀ ਦਾ ਕਦੇ ਵੀ ਕਰਜ਼ ਉਤਾਰਿਆ ਨਹੀਂ ਜਾ ਸਕਦਾ ।
ਫਿਲਮਾਂ ਨੂੰ ਕਾਮਯਾਬ ਕਰਨ ਲਈ ਬਕਾਇਦਾ ਤੌਰਤੇ ਗੁੰਡਾ ਐਕਟ ਲਾਗੂ ਕੀਤਾ ਗਿਆ ਹੈ , ਜਿਸ ਕਰਕੇ ਗੀਤ - ਸੰਗੀਤ ਦੀ ਚੋਰੀ ਨਾ ਹੋ ਸਕੇ । ਅਸਲ ਵਿਚ ਪਾਇਰਸੀ ਦੀ ਬਿਮਾਰੀ ਹੀ ਪੰਜਾਬੀ ਫਿਲਮਾਂ ਨੂੰ ਜੜੋਂ ਖਾ ਰਹੀ ਹੈ , ਪਰ ਪੰਜਾਬ ਸਰਕਾਰ ਹਾਲੇ ਤੱਕ ਸੁੱਤੀ ਪਈ ਹੈ । ਉਹ ਵੱਖਰੀ ਗੱਲ ਹੈ ਕਿ ਮੌਜੂਦਾ ਅਕਾਲੀ ਸਰਕਾਰ ਨੇ ਹੰਸ ਰਾਜ ਹੰਸ ਨੂੰ ਪਹਿਲਾਂ ਰਾਜ ਗਾਇਕ ਦਾ ਖਿਤਾਬ ਦਿੱਤਾ , ਫਿਰ ਜਲੰਧਰ ਤੋਂ ਲੋਕ ਸਭਾ ਚੋਣ ਲੜਾਈ ਅਤੇ ਹੁਣ ਰਾਜਸੀ ਮਾਮਲਿਆਂ ਦੀ ਕਮੇਟੀ ਵਿਚ ਸ਼ਾਮਿਲ ਕੀਤਾ । ਇਸੇ ਤਰਾਂ੍ਹ ਹਰਭਜਨ ਮਾਨ ਨੂੰ ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਦਾ ਚੇਅਰਮੈਨ ਨਿਯੁਕਤ ਕੀਤਾ । ਇਹਨਾਂ ਦੋਵੇਂ ਸਿਰਫ ਲਾਲ ਬੱਤੀ ਦੇ ਚੱਕਰਾਂ ਵਿਚ ਇਕ ਵਾਰ ਵੀ ਪੰਜਾਬੀ ਗੀਤ ਸੰਗੀਤ ਦੀ ਬਾਂਹ ਫੜਨ ਦੀ ਕੋਸ਼ਿਸ਼ ਨਹੀਂ ਕੀਤੀ । ਬੱਸ ਟੋਹਰ ਟੱਪੇ ਲਈ ਹੀ ਕੰਮ ਕੀਤਾ ਜਾ ਰਿਹਾ ਹੈ , ਦੋਵਾਂ ਦਾ ਟੋਹਰ ਤਾਂ ਪਹਿਲਾਂ ਹੀ ਸੀ , ਪਰ ਜੋ ਸਿਆਸਤ ਦਾ ਮਜਾ ਹੈ , ਉਹ ਕਿਸੇ ਹੋਰ ਖੇਤਰ ਚੋਂ ਨਹੀਂ ਮਿਲਦਾ , ਸਲੂਟ ਵੱਜਣੇ ਤੇ ਅੱਗੇ ਪਿੱਛੇ ਲੋਕਾਂ ਦੀ ਫਰਿਆਦਾ ਨਾਲ ਸਕੂਨ ਦਾ ਵੱਖਰਾ ਹੀ ਨਜਾਰਾ ਹੈ ।
ਅਸੀਂ ਹੁਣ ਖੁਲਕੇ ਪੰਜਾਬੀ ਫਿਲਮਾਂ ਦੀ ਗੱਲ ਕਰਦੇ ਹਾਂ । ਪਹਿਲਾਂ ਪੰਜਾਬੀ ਫਿਲਮਾਂ ਦੇ ਨਾਂ ਬਹੁਤੇ ਕੀ ਲਗਭਗ ਸਾਰੇ ਹੀ ਜੱਟ ਨਾਲ ਜੁੜੇ ਹੁੰਦੇ ਸਨ , ਜਿਵੇਂ ਜੱਟ ਦੀ ਜਮੀਨ , ਵੈਰੀ ਜੱਟ , ਬਦਲਾ ਜੱਟੀ ਦਾ , ਸੌਕੀਨ ਜੱਟ , ਗਭਰੂ ਜੱਟ ਅਤੇ ਪਤਾ ਨੀ ਕਿਹੜਾ ਕਿਹੜਾ ਜੱਟ ਵਗੈਰਾ ਵਗੈਰਾ । ਪਰ ਹੁਣ ਦਹਾਕੇ ਲੰਘਣ ਤੋਂ ਬਾਦ ਪੰਜਾਬੀ ਫਿਲਮਾਂ ਦੇ ਨਾਂ ਵੀ ਬਦਲ ਗਏ ਹਨ । ਇਹਨਾਂ ਵਿਚ ਜੱਟ ਐਂਡ ਜੂਲੀਅਟ ਅਤੇ ਕੈਰੀ ਆਨ ਜੱਟਾ , 100 ਪ੍ਰਤੀਸ਼ਤ ਮਾਡਰਨ ਨਾਂਅ ਹਨ। ਇਹਨਾਂ ਦੋਵੇਂ ਫਿਲਮਾਂ ਨੇ ਹੁਣ ਤੱਕ ਦੀ ਪੰਜਾਬੀ ਫਿਲਮਾਂ ਦੀ ਕੀਤੀ ਕਮਾਈ ਦੇ ਰਿਕਾਰਡ ਤੋੜ ਦਿੱਤੇ ਹਨ । ਦੋਵੇਂ ਫਿਲਮਾਂ ਹਾਸਰਸ ਭਰਪੂਰ ਹਨ ਅਤੇ ਪਰਿਵਾਰਕ ਫਿਲਮਾਂ ਹਨ । ਇਹਨਾਂ ਦੋਵੇਂ ਫਿਲਮਾਂ ਦੀ ਮਿਲੀ ਸਫਲਤਾ ਕਰਕੇ ਇਹਨਾਂ ਦੋਵੇਂ ਫਿਲਮਾਂ ਨੂੰ ਬਾਲੀਵੁੱਡ ਵਿਚ ਬਣੀਆਂ ਕਮੇਡੀਆਨ ਫਿਲਮਾਂ ਦੀ ਸੂਚੀ ਵਿਚ ਰੱਖਿਆ ਜਾ ਸਕਦਾ ਹੈ ਅਤੇ ਦੋਵੇਂ ਫਿਲਮਾਂ ਦੇ ਲੇਖਕਾਂ ਅਤੇ ਨਿਰੇਦਸਕਾਂ ਨੂੰ ਹਿੰਦੀ ਫਿਲਮਾਂ ਦੇ ਰੋਹਿਤ ਸੈਥਟੀ ਤੋਂ ਘੱਟ ਰੱਖ ਕੇ ਨਹੀਂ ਤੋਲਿਆ ਜਾ ਸਕਦਾ । ਇੱਕ ਮੋਟੇ ਅੰਦਾਜੇ ਅਨੁਸਾਰ ਇਹਨਾਂ ਦੋਵੇਂ ਫਿਲਮਾਂ ਨੇ ਲਗਭਗ 50 ਕਰੋੜ ਦੇ ਨੇੜੇ ਤੇੜੇ ਕਮਾਈ ਕਰ ਲਈ ਹੈ ਅਤੇ ਹਾਲੇ ਵੀ ਇਹਨਾਂ ਫਿਲਮਾਂ ਨੂੰ ਦੇਖਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ।
ਫਿਲਮਾਂ ਵਿਚ ਸਾਰੇ ਪਾਤਰਾਂ ਦੀ ਐਕਟਿੰਗ ਵਿਚ ਕੋਈ ਕਮੀ ਨਹੀਂ ਹੈ । ਜਦਕਿ ਜਸਵਿੰਦਰ ਭੱਲਾ ਨੇ ਤਾਂ ਦੋਹੇਂ ਫਿਲਮਾਂ ਵਿਚ ਆਪਣੀ ਜਵਾਨੀ ਵਾਲੇ ਸਾਰੇ ਨੱਖਰਿਆਂ ਭਾਵ ਸਾਰੇ ਛਣਕਾਟਿਆਂ ਵਾਂਗ ਇਹਨਾਂ ਫਿਲਮਾਂ ਵਿਚ ਉਹ ਚਾਰ ਚੰਨ ਲਾਏ ਕਿ ਸਾਰਾ ਮਜਾ੍ਹ ਹੀ ਲੁੱਟ ਲੈਕੇ ਗਿਆ । ਕੈਰੀ ਆਨ ਜੱਟਾ ਵਿਚ ਭੱਲੇ ਦੇ ਨਾਲ ਬੀਨੂ ਢਿੱਲੋਂ ਨੇ ਵੀ ਕਮਾਲ ਕੀਤੀ ਹੋਈ ਹੈ । ਜੱਟ ਐਂਡ ਜੂਲੀਅਟ ਵਿਚ ਦਿਲਜੀਤ ਦੀ ਬਤੌਰ ਹੀਰੋ ਬਹੁਤ ਪ੍ਰਭਾਵਸ਼ਾਲੀ ਐਕਟਿੰਗ ਸੀ ਅਤੇ ਕੈਰੀ ਆਨ ਜੱਟਾ ਵਿਚ ਗਿੱਪੀ ਗਰੇਵਾਲ ਦੀ ਐਕਟਿੰਗ ਵੀ ਕਾਫੀ ਹੱਦ ਤੱਕ ਵਧੀਆ ਹੈ , ਪਰ ਬਾਕੀ ਫਿਲਮਾਂ ਦੇ ਪਾਤਰਾਂ ਦੇ ਸਦਕੇ ਇਕ ਮਕੁੰਮਲ ਰੂਪ ਵਿਚ ਕਮੇਡੀ ਫਿਲਮ ਦਾ ਤੜਕਾ ਲੱਗ ਗਿਆ । ਇਹਨਾਂ ਦੋਵੇਂ ਜਣਿਆਂ ਦੀ ਫਿਲਮ “ ਜਿਹਨੇ ਮੇਰੇ ਦਿਲ ਲੁਟਿਆ “ ਵਿਚ ਵੀ ਕਾਫੀ ਰੰਗ ਬੰਨਿਆ ਸੀ । ਇੰਝ ਕਹਿ ਲਉ ਕਿ ਪੰਜਾਬੀ ਫਿਲਮਾਂ ਦੇ ਇਹ ਨਵੇਂ ਰਾਮ - ਲਛਮਣ ਹਨ । ਇਹਨਾਂ ਦੋਨਾਂ ਜਣਿਆਂ ਨੇ ਹਰਭਜਨ ਮਾਨ , ਬੱਬੂ ਮਾਨ , ਸਰਬਜੀਤ ਚੀਮਾ ਅਤੇ ਹੋਰਾਂ ਨੂੰ , ਜੋ ਗਾਇਕ ਤੋਂ ਬਾਦ ਫਿਲਮੀ ਅਦਾਕਾਰ ਬਣੇ ਹਨ , ਨੂੰ ਐਕਟਿੰਗ ਦੇ ਮੁਕਾਬਲੇ ਕਿਤੇ ਜਿਆਦਾ ਪਿੱਛੇ ਛੱਡ ਦਿੱਤਾ ਹੈ , ਵੈਸੇ ਇਹਨਾਂ ਤਿੰਨ ਜਣਿਆਂ ਦੋਵੇਂ ਮਾਨ ਤੇ ਚੀਮਾ ਨੂੰ ਕਿਸੇ ਵੀ ਫਿਲਮ ਵਿਚ ਐਕਟਿੰਗ ਕਰਦੇ ਨਹੀਂ ਵੇਖਿਆ ਹੀ ਨਹੀਂ ਗਿਆ । ਪਰ ਇੱਕ ਗੱਲ ਜਰੂਰ ਹੈ ਕਿ ਹਰਭਜਨ ਮਾਨ ਤੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਜਰੂਰ ਪੰਜਾਬੀ ਫਿਲਮਾਂ ਨਾਲੋਂ ਟੁਟ ਚੁੱਕੇ ਦਰਸ਼ਕਾਂ ਨੂੰ ਪੰਜਾਬੀ ਸਿਨੇਮਾ ਨਾਲ ਜਰੂਰ ਜੋੜ ਦਿਤਾ ਹੈ ।
ਪਰ ਪਤਾ ਨਹੀਂ ਕਿਉ ਹਰਭਜਨ ਮਾਨ ਨੇ ਕਦੇ ਅਕਟਿੰਗ ਕਰਨ ਦੀ ਕੋਸ਼ਿਸ ਨਹੀਂ ਕੀਤੀ , ਪਰ ਹੁਣ ਜਰੂਰ ਸਿਆਸਤ ਦੀ ਦੁਨੀਆਂ ਵਿਚ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ । ਮਰਹੂਮ ਵਰਿੰਦਰ ਸਿੰਘ ਦੀ ਮੌਤ ਤੋਂ ਬਾਦ ਤਾਂ ਪੰਜਾਬੀ ਸਿਨੇਮਾ ਸੁੰਨਾ ਪੈ ਗਿਆ ਸੀ , ਪਰ ਅੱਜ ਫਿਰ ਲਗਭਗ ਦੋ ਦਹਾਕਿਆਂ ਤੋਂ ਬਾਦ ਪੰਜਾਬੀ ਫਿਲਮਾਂ ਦੇ ਵਿਹੜੇ ਰੋਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ । ਇਸੇ ਤਰਾਂ੍ਹ ਹਾਲ ਹੀ ਬਣੀਆਂ ਪੰਜਾਬੀ ਫਿਲਮਾਂ ਧਰਤੀ , ਜਿਨ੍ਹੇ ਮੇਰਾ ਦਿਲ ਲੁਟਿਆ ਤੇ ਯਾਰ ਅਣਮੁੱਲੇ ਵੀ ਪ੍ਰਸੰਥਸਾਂ ਦੇ ਯੋਗ ਹਨ ਅਤੇ ਜੋ ਹੋਰ ਨਵੀਆਂ ਫਿਲਮਾਂ ਰੌਲਾ ਪੈ ਗਿਆ , ਅੱਜ ਦੇ ਰਾਂਝੇ , ਪਿੰਕੀ ਮੋਗੇ ਵਾਲੀ ਆ ਰਹੀਆਂ ਹਨ ਆਦਿ ਤੋਂ ਇਹ ਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਜੱਟ ਐਡ ਜੂਲੀਅਟ ਅਤੇ ਕੈਰੀ ਆਨ ਜੱਟਾ ਤੋਂ ਘੱਟ ਨਹੀਂ ਉਸਤੋਂ ਵੱਧ ਕਮਾਈ ਦੇ ਨਾਲ ਨਾਲ ਦਰਸ਼ਕਾਂ ਨੂੰ ਕਿਸੇ ਵੀ ਪਾਸਿਉਂ ਨਿਰਾਸ਼ ਨਹੀਂ ਕਰਨਗੇ । ਕੁਲ ਮਿਲਾਕੇ ਪੰਜਾਬੀ ਫਿਲਮੀ ਦੁਨੀਆਂ ਨਾਲ ਜੁੜੇ ਲੋਕਾਂ ਨੂੰ ਵੀ ਉਮੀਦ ਆ ਗਈ ਹੈ ਕਿ ਸਮੇਂ ਦੇ ਹਾਣੀ ਖਾਸ ਕਰਕੇ ਬਜ਼ਾਰੀ ਦੁਨੀਆਂ ਦੇ ਯੁੱਗ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਫਿਲਮ ਬਣਾਈ ਜਾਵੇ ਤਾਂ ਕਦੇ ਵੀ ਘਾਟਾ ਨਹੀਂ ਪਵੇਗਾ ਅਤੇ ਦਰਸ਼ਕ ਵੀ ਭੱਜਕੇ ਫਿਲਮਾਂ ਵੇਖਣ ਆਵੇਗਾ । ਬਾਲੀਵੱਡੁ ਅਤੇ ਯਸ਼ ਰਾਜ ਚੋਪੜਾ ਜਿੰਦਾ ਮਿਸਾਲ ਹੈ । ਇਹਨਾਂ ਦੋਨਾਂ ਨਾਲ ਦਾ ਪੰਜਾਬੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ , ਪਰ ਪੰਜਾਬੀ ਗੀਤ ਸੰਗੀਤ , ਸੱਭਿਆਚਾਰ , ਸੰਸਕ੍ਰਿਤੀ , ਰੀਤੀ ਰਿਵਾਜ , ਬੋਲੀ , ਰਹਿਣ - ਸਹਿਣ ਖਾਣ - ਪੀਣ ਸਭ ਕੁਝ ਇਹਨਾਂ ਕਮਾਲ ਦਾ ਹੈ ਕਿ ਕੋਈ ਵੀ ਬੰਦਾ ਪਲਾਂ ਵਿਚ ਹੀ ਮੁਰੀਦ ਬਣ ਜਾਂਦਾ ਹੈ ।
ਯਸ ਰਾਜ ਚੋਪੜਾ ਨੇ ਹਮੇਸ਼ਾਂ ਹੀ ਪੰਜਾਬੀ ਸੱਭਿਆਚਾਰ ਨੂੰ ਵੇਚਕੇ ਕਮਾਈ ਕੀਤੀ ਹੈ , ਅਤੇ ਅੱਜ ਕੋਈ ਵੀ ਹਿੰਦੀ ਫਿਲਮ ਜਾਂ ਹਿੰਦੀ ਸੀਰੀਅਲ ਨਹੀਂ ਹੈ , ਜਿਸ ਵਿਚ ਪੰਜਾਬੀ ਤੜਕਾ ਨਹੀਂ ਹੈ । ਕਿਉਕਿ ਬੰਬੇ ਵਾਲੇ ਪੰਜਾਬੀਆਂ ਨਾਲੋਂ ਕਮਾਈ ਕਰਨ ਵਿਚ ਬਹੁਤ ਅੱਗੇ ਨੇ । ਇਸੇ ਕਰਕੇ ਆਖਦੇ ਹਨ ਕਿ ਵੈਲਥ ਆਫ ਬੰਬੇ ਅਤੇ ਹੈਲਥ ਆਫ ਪੰਜਾਬ ਭਾਵ ਪੰਜਾਬੀ ਸਿਹਤ ਪੱਖੋਂ ਤੇ ਬੰਬੇ ਵਾਲੇ ਧੰਨ ਪੱਖੋਂ ਬਹੁਤ ਤਕੜੇ ਹਨ । ਇਸ ਕਰਕੇ ਜਿੱਥੇ ਪੰਜਾਬੀ ਨਿਰਦੇਸ਼ਕਾਂ , ਨਿਰਦੇਸ਼ਨਾਂ , ਹੀਰੋਆਂ ਆਦਿ ਨੇ ਖੁਦ ਹੀ ਪੰਜਾਬੀ ਫਿਲਮਾਂ ਨੂੰ ਫਿਰ ਤੋਂ ਪੈਰਾਂ ਸਿਰ ਖੜੇ ਕੀਤਾ ਹੈ , ਉਥੇ ਹੀ ਮੌਜੂਦਾ ਅਕਾਲੀ ਸਰਕਾਰ ਨੂੰ ਵੀ ਪੰਜਾਬੀ ਫਿਲਮਾਂ ਵੱਲ ਆਪਣੀ ਨੀਅਤ ਸਵੱਲੀ ਰੱਖਣ ਤੋਂ ਝਿਜਕਣਾ ਨਹੀਂ ਚਾਹੀਦਾ । ਪੰਜਾਬੀ ਫਿਲਮ ਦੀ ਇੰਡਸਟਰੀ ਨੂੰ ਉਦਯੋਗਿਕ ਇੰਡਸਟਰੀ ਵਾਂਗ ਬਕਾਇਦਾ ਰੂਪ ਵਿਚ ਇਕ ਨੀਤੀ ਬਣਾਕੇ ਤਰੱਕੀਆਂ ਵੱਲ ਲੈਕੇ ਜਾਣਾ ਚਾਹੀਦਾ ਹੈ , ਕਿਉਕਿ ਦੱਖਣੀ ਭਾਰਤ ਦੀਆਂ ਫਿਲਮਾਂ ਦਾ ਸਲਾਨਾ ਬਜਟ ਬਾਲੀਵੁੱਡ ਦੇ ਨੇੜੇ ਪਹੁੰਚ ਗਿਆ ਹੈ , ਪਰ ਪੰਜਾਬੀ ਫਿਲਮਾਂ ਹਾਲੇ ਵੀ 20- 30 ਕਰੋੜ ਸਲਾਨਾ ਦੇ ਅੰਕੜੇ ਨੂੰ ਨਹੀਂ ਪਾਰ ਕਰ ਸਕੀਆਂ ।
-
By : Jagtar Singh Bhullar, Maloya Colony, Chandigarh (ਆਰਟੀਕਲ ਚ ਵਿਅਕਤ ਕ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.