(ਕਿਸ਼ਤ ਦੂਜੀ:ਪਹਿਲੀ ਕਿਸ਼ਤ ਨਾਲ ਜੋੜ ਕੇ ਪੜ੍ਹੋ )
ਨਿੱਜੀ ਸਰਪ੍ਰਸਤੀ ਤੇ ਅਗਵਾਈ
ਲਗਭਗ ਦੋ ਦਹਾਕੇ ਪਹਿਲਾਂ ਦੀ ਗੱਲ ਹੈ। ਬਰਜਿੰਦਰ ਸਿੰਘ ਹੋਰਾਂ ਨੇ ਡਿਫੈਂਸ ਕਲੋਨੀ ਵਾਲਾ ਘਰ ਅਜੇ ਬਣਾਇਆ ਹੀ ਸੀ। ਮੈਂ ਰਾਤ ਨੂੰ ਉਨ੍ਹਾਂ ਦੇ ਘਰ ਠਹਿਰਿਆ ਹੋਇਆ ਸਾਂ। ਪਿਛਲੇ ਪਾਸੇ ਖੁਲ੍ਹੀ ਛੱਤ \'ਤੇ ਅਸੀਂ ਦੋਵੇਂ ਗੱਪ-ਸ਼ੱਪ ਕਰ ਰਹੇ ਸਾਂ ਤੇ ਖਾ ਪੀ ਵੀ ਰਹੇ ਸਾਂ। ਬੰਦਿਾਂ ਦੇ ਵਿਹਾਰ ਦੀ ਗੱਲ ਚੱਲੀ ਤਾਂ ਉਹ ਕਹਿਣ ਲੱਗੇ ਕਿ ਮੇਰਾ ਸੁਭਾਅ ਅਜਿਹਾ ਹੈ ਕਿ ਮੈਂ ਆਪਣੇ ਨੇੜੇ ਅਜਿਹੇ ਵਿਅਕਤੀ ਚਾਹੁੰਦਾ ਹਾਂ ਜਿਨ੍ਹਾਂ \'ਤੇ ਮੈਂ ਅੱਖਾਂ ਮੀਟ ਕੇ ਭਰੋਸਾ ਕਰ ਸਕਾਂ। ਤੇ ਉਹ ਅਜਿਹਾ ਕਰਦੇ ਵੀ ਰਹੇ ਨੇ। ਉਨ੍ਹਾਂ ਦੇ ਦਸਤਖ਼ਤਾਂ ਵਾਲੇ ਖ਼ਾਲੀ ਅਸ਼ਟਾਮ ਤੱਕ ਮੇਰੇ ਕੋਲ ਪਏ ਰਹਿੰਦੇ ਸੀ। ਲਗਭਗ 30 ਵਰ੍ਹੇ ਬਰਜਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕੰਮ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਵਿਚੋਂ ਪੂਰੇ 25 ਵਰ੍ਹੇ ਅਜੀਤ ਦੇ ਹਨ। ਉਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਉਹ ਇਕੋ ਸਮੇਂ ਸੰਪਾਦਕ, ਮਾਲਕ, ਮੈਨੇਜਿੰਗ ਐਡੀਟਰ, ਗੁਰੂ, ਸਰਪ੍ਰਸਤ ਅਤੇ ਦੋਸਤ ਦੀ ਭੂਮਿਕਾ ਨਿਭਾਉਂਦੇ ਤੇ ਹੰਢਾਉਂਦੇ ਮੈਂ ਖੁਦ ਦੇਖੇ ਨੇ। ਕਿਸੇ ਅਖ਼ਬਾਰੀ ਗਲਤੀ ਲਈ ਪੂਰੇ ਗੁੱਸੇ ਵਿਚ ਝਿੜਕਾਂ ਮਾਰਨ ਤੋਂ ਕੁਝ ਪਲਾਂ ਬਾਅਦ ਤੁਹਾਡੇ ਦੋਸਤ ਅਤੇ ਗਾਈਡ ਵਾਂਗ ਵਿਹਾਰ ਕਰਨ ਦਾ ਗੁਣ ਉਹਨਾਂ ਵਿਚ ਹੈ। ਸਭ ਕੁਝ ਦੇ ਨਾਲ ਨਾਲ ਬਰਜਿੰਦਰ ਸਿੰਘ ਇਕ ਮਾਹਰ ਬਿਜ਼ਨਸ ਮੈਨੇਜਰ ਵੀ ਸਾਬਤ ਹੋਏ ਨੇ। ਉਹ ਘਾਟੇ ਵਾਲਾ ਕੋਈ ਸੌਦਾ ਕਰਨ ਦੇ ਆਦੀ ਨਹੀਂ। ਆਪਣੇ ਭਰੋਸੇ ਦੇ ਪੱਤਰਕਾਰਾਂ, ਸਟਾਫ਼ ਅਤੇ ਨਜ਼ਦੀਕੀਆਂ ਨੂੰ ਹਰ ਉਤਰਾਅ-ਚੜਾਅ ਵਿਚ ਮਦਦ ਕਰਨ ਅਤੇ ਔਖ-ਸੌਖ ਵਿਚ ਉਨ੍ਹਾਂ ਦੇ ਨਾਲ ਡਟ ਕੇ ਖੜ੍ਹਨ ਦੀ ਖੂਬੀ ਵੀ ਉਹਨਾਂ ਵਿਚ ਰਹੀ ਹੈ। ਅਜੀਤ ਦੇ ਲੰਮੇ ਸਫ਼ਰ ਦੌਰਾਨ ਜਿਸ ਤਰ੍ਹਾਂ ਬਰਜਿੰਦਰ ਸਿੰਘ ਦੀ ਪਿਤਾ-ਨੁਮਾ ਸਰਪ੍ਰਸਤੀ ਰਹੀ, ਇਸ ਦੇ ਸਿੱਟੇ ਵਜੋਂ ਮੈਂ ਅਕਸਰ ਇਹ ਕਿਹਾ ਕਰਦਾ ਸੀ ਕਿ \'\'ਮੇਰੀ ਬੀਵੀ ਬੱਚਿਆਂ ਤੋਂ ਬਾਅਦ ਜੇਕਰ ਬਰਜਿੰਦਰ ਸਿੰਘ ਦਾ ਹੱਥ ਮੇਰੇ ਸਿਰ \'ਤੇ ਹੈ ਤਾਂ ਮੈਨੂੰ ਦੁਨੀਆਂ \'ਚ ਕਿਸੇ ਦੀ ਪਰਵਾਹ ਨਹੀਂ।\'\' ਤੇ ਇਹ ਮੈਂ ਆਪਣੇ ਲੰਮੇ ਤਜਰਬੇ ਦੇ ਆਧਾਰ \'ਤੇ ਕਹਿੰਦਾ ਸੀ, ਐਵੇਂ ਨਹੀਂ। ਉਂਝ ਉਨ੍ਹਾਂ ਦੀ ਪਸੰਦ ਨਾਪਸੰਦ ਬਹੁਤ ਲਕੀਰ ਖਿਚਵੀਂ ਹੁੰਦੀ ਹੈ। ਇਸ ਮਾਮਲੇ ਵਿਚ ਅਤੇ ਦੁਸ਼ਮਣ ਨਾਲ ਖੁੰਦਕ ਕੱਢਣ ਵੇਲੇ ਤਾਂ ਫਿਰ ਤਰਕ ਵੀ ਪਿੱਛੇ ਰਹਿ ਜਾਂਦਾ ਹੈ। ਬਰਜਿੰਦਰ ਸਿੰਘ ਦੀ ਇਹ ਖੂਬੀ ਹੈ ਕਿ ਉਹ ਆਪਣੇ ਤੋਂ ਉਮਰ ਵਿਚ ਛੋਟੇ ਅਤੇ ਰੁਤਬੇ ਤੋਂ ਹੇਠਾਂ ਵਾਲਿਆਂ ਨੂੰ ਆਮ ਤੌਰ \'ਤੇ ਬਹੁਤ ਸਤਿਕਾਰ ਦਿੰਦੇ ਨੇ ਤੇ ਸ਼ਿਸ਼ਟਾਚਾਰ ਦਾ ਵੀ ਬਹੁਤ ਖ਼ਿਆਲ ਰੱਖਦੇ ਨੇ।
ਰਾਮਪੁਰਾ ਫੂਲ ਕਸਬੇ ਵਿਚੋਂ ਇਕ ਅਨਾੜੀ ਅਤੇ ਸਿਖਾਂਦਰੂ ਪੱਤਰਕਾਰ ਵਜੋਂ ਬਰਜਿੰਦਰ ਸਿੰਘ ਦੀ ਉਂਗਲ ਫੜ ਕੇ ਮੌਜੂਦਾ ਮੁਕਾਮ ਤੇ ਪੁੱਜਣ ਤੱਕ ,ਪੱਤਰਕਾਰੀ ਦੇ ਪੇਸ਼ੇ ਅਤੇ ਜੀਵਨ ਸ਼ੈਲੀ ਪੱਖੋਂ ਮੇਰੇ ਕੈਰੀਅਰ ਵਿਚ ਜਿੰਨਾ ਸੇਧ-ਮੁਖੀ ਅਤੇ ਰਾਹ-ਦਰਸਾਵਾ ਰੋਲ ਬਰਜਿੰਦਰ ਸਿੰਘ ਦਾ ਰਿਹੈ, ਓਨਾ ਹੋਰ ਕਿਸੇ ਦਾ ਨਹੀਂ। ਜ਼ਾਤੀ ਤੌਰ \'ਤੇ ਵੀ ਬਰਜਿੰਦਰ ਸਿੰਘ, ਵੱਖ-ਵੱਖ ਮੌਕਿਆਂ \'ਤੇ ਮੇਰੇ ਅਤੇ ਪਰਿਵਾਰ ਦੇ ਦੁੱਖ- ਸੁੱਖ ਵਿਚ ਇਕ ਪਰਿਵਾਰਕ ਮੁਖੀ ਵਜੋਂ ਵਜੋਂ ਸ਼ਰੀਕ ਹੁੰਦੇ ਰਹੇ ਨੇ। ਬਹੁਤ ਸਾਰੇ ਉਤਾਰ- ਚੜ੍ਹਾਵਾਂ ਅਤੇ ਕੌੜੇ-ਮਿੱਠੇ ਤਜਰਬਿਆਂ ਦੇ ਬਾਵਜੂਦ ਬਰਜਿੰਦਰ ਭਾਅ ਜੀ ਦੀ ਸਰਪ੍ਰਸਤੀ , ਸੰਪਾਦਕੀ ਅਗਵਾਈ ਅਤੇ ਸਾਥ ਵਾਲਾ 30 ਵਰ੍ਹਿਆਂ ਦਾ ਲੰਮਾ ਸਮਾਂ ਮੇਰੇ ਲਈ ਇਕ ਸਕੂਨ ਭਰੀ, ਸੁਖਾਵੀਂ ਅਤੇ ਅਭੁੱਲ ਯਾਦ ਬਣਿਆ ਰਹੇਗਾ।
(ਅਮਰਜੀਤ ਅਕਸ ਵੱਲੋਂ ਸੰਪਾਦਤ,ਵਰਤਮਾਨ ਪ੍ਰਕਾਸ਼ਨ ਦਿੱਲੀ ਦੀ ਪੁਸਤਕ \'\'ਪੰਜਾਬੀਅਤ ਦਾ ਅਲੰਬਰਦਾਰ - ਬਰਜਿੰਦਰ ਸਿੰਘ ਹਮਦਰਦ\'\' ਲਈ ਅਜੀਤ ਅਖ਼ਬਾਰ ਛੱਡਣ ਤੋਂ ਇੱਕ ਸਾਲ ਬਾਅਦ ਅਕਤੂਬਰ 2010 ਵਿਚ ਲਿਖਿਆ।
14.10.2010)
(ਹੁਣ ਜਦੋਂ ਤਿਰਛੀ ਨਜ਼ਰ ਮੀਡੀਆ ਦੇ ਰੂਪ ਵਿਚ ਮੈਂ ਇੱਕ ਨਵੇਕਲਾ ਮੀਡੀਆ ਅਦਾਰਾ ਕਾਇਮ ਕਰਨ ਦੇ ਦੌਰ ਵਿਚ ਹਾਂ ਤਾਂ ਅਕਸਰ ਬਰਜਿੰਦਰ ਸਿੰਘ ਦੀ ਪ੍ਰਬੰਧਕੀ ਅਤੇ ਸੰਪਾਦਕੀ ਅਗਵਾਈ ਦੇ ਛੋਟੇ-ਵੱਡੇ ਤਜ਼ਰਬੇ ਮੇਰੇ ਸਾਹਮਣੇ ਰਹਿੰਦੇ ਨੇ ।ਮੈਂ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਅਜੀਤ ਛੱਡਣ ਤੋਂ ਬਾਅਦ ਵੀ ਬਰਜਿੰਦਰ ਭਾਅ ਜੀ ਮੇਰੇ ਲਈ ਇਸ ਰੂਪ ਵਿਚ ਬਹੁਪੱਖੀ ਅਗਵਾਈ ਦਾ ਸਰੋਤ ਬਣੇ ਰਹਿਣਗੇ )
ਬਲਜੀਤ ਬੱਲੀ
ਸੰਪਾਦਕ
ਤਿਰਛੀ ਨਜ਼ਰ ਮੀਡੀਆ
www.babushahi.com
Toronto-19-08-12
-
ਪੰਜਾਬੀਅਤ ਦਾ ਅਲੰਬਰਦਾਰ - ਬਰĂ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.