ਇਹ ਗੱਲ 1984 ਦੇ ਜੁਲਾਈ ਮਹੀਨੇ ਦੀ ਹੈ। ਮੈਂ ਤੇ ਮੇਰਾ ਪਰਿਵਾਰ ਚੰਡੀਗੜ੍ਹ ਦੇ ਹੀ 21 ਸੈਕਟਰ ਵਿਚ 10 ਮਰਲੇ ਦੇ ਇਕ ਪੁਰਾਣੇ ਮਕਾਨ ਵਿਚ ਕਿਰਾਏ ਤੇ ਰਹਿੰਦੇ ਸੀ। ਅਚਾਨਕ ਇਕ ਦਿਨ ਪੰਜਾਬੀ ਟ੍ਰਿਬਿਊਨ ਦਾ ਨਿਊਜ਼ ਸੰਪਾਦਕ ਜਗਜੀਤ ਸਿੰਘ ਬੀਰ ਆਪਣੇ ਸਕੂਟਰ ਤੇ ਮੇਰੇ ਘਰ ਆਇਆ। ਉਸਨੇ ਮੈਨੂੰ ਕਿਹਾ ਕਿ ਬਰਜਿੰਦਰ ਹੋਰਾਂ ਨੇ ਤੈਨੂੰ ਬੁਲਾਇਐ ਦਫ਼ਤਰ। ਉਦੋਂ ਟੈਲੀਫ਼ੋਨ ਤਾਂ ਹੈ ਨਹੀਂ ਸੀ। ਬਾਅਦ ਦੁਪਹਿਰ ਮੈਂ ਆਪਣੇ ਸਾਈਕਲ \'ਤੇ ਟ੍ਰਿਬਿਊਨ ਦੇ ਦਫ਼ਤਰ ਉਨ੍ਹਾਂ ਕੋਲ ਪਹੁੰਚ ਗਿਆ। ਬਰਜਿੰਦਰ ਸਿੰਘ ਕਹਿਣ ਲੱਗੇ, \'\'ਮੈਂ ਅਜੀਤ ਵਿਚ ਸੰਪਾਦਕ ਵਜੋਂ ਕੰਮ ਸੰਭਾਲ ਲਿਐ। ਤੇ ਹੁਣ ਤੁਸੀਂ ਚੰਡੀਗੜ੍ਹ ਵਿਚੋਂ ਅਜੀਤ ਲਈ ਕੰਮ ਕਰਨੈ।\'\' ਮੇਰੇ ਲੲਂ ਇਹ ਕੁਝ ਅਚੰਭੇ ਜਿਹੇ ਵਾਲੀ ਗੱਲ ਵੀ ਸੀ ਤੇ ਕੁਝ ਖੁਸ਼ੀ ਵਾਲੀ ਵੀ। ਉਹਨਾਂ ਨੇ ਲਗਭਗ ਨਿੱਘੇ ਜਿਹੇ ਲਹਿਜ਼ੇ ਵਿਚ ਇਹ ਹੁਕਮ-ਨੁਮਾ ਪੇਸ਼ਕਸ਼ ਦਿੱਤੀ ਸੀ। ਉਹਨਾਂ ਨੂੰ ਇਹ ਪਤਾ ਸੀ ਕਿ ਉਸ ਮੇਰੇ ਕੋਲ ਕੋਈ ਢੰਗ ਦੀ ਨੌਕਰੀ ਨਹੀਂ ਸੀ। ਮੈਂ ਉਸ ਵੇਲੇ ਹਿੰਦੁਸਤਾਨ ਸਮਾਚਾਰ ਖ਼ਬਰ ਏਜੰਸੀ ਵਿਚ ਪੰਜਾਬੀ ਸਬ-ਐਡੀਟਰ ਦੇ ਤੌਰ \'ਤੇ ਕੰਮ ਕਰਦਾ ਸੀ। ਪਰ ਏਜੰਸੀ ਦੇ ਹਾਲਾਤ ਮਾਇਕ ਪੱਖੋਂ ਐਨੀ ਮਾੜੀ ਸੀ ਕਿ 6-6 ਮਹੀਨੇ ਤਨਖ਼ਾਹ ਨਹੀਂ ਸੀ ਮਿਲਦੀ। ਤਨਖ਼ਾਹ ਵੀ 500 ਰੁਪਿਆ ਮਹੀਨਾ ਸੀ। ਏਜੰਸੀ ਬੰਦ ਹੋਣ ਦੇ ਕਿਨਾਰੇ ਸੀ। ਉਂਝ ਮੈਂ ਪੰਜਾਬੀ ਟ੍ਰਿਬਿਊਨ ਲਈ ਸਭਿਆਚਾਰਕ ਅਤੇ ਸਿੱਖਿਆ ਖੇਤਰ ਦੇ ਫੀਚਰਜ਼ ਵਗੈਰਾ ਲਿਖਦਾ ਰਹਿੰਦਾ ਸੀ। ਮੈਂ ਕੁਝ ਸਮਝ ਪਹਿਲਾਂ 1980-81 ਵਿਚ ਪੰਜਾਬੀ ਦਾ ਰਿਪੋਰਟਰ ਰਹਿ ਚੁੱਕਾ ਸੀ। ਇਸ ਲਈ ਬਰਜਿੰਦਰ ਸਿੰਘ ਅਤੇ ਟ੍ਰਿਬਿਊਨ ਅਦਾਰੇ ਨਾਲ ਸੰਪਰਕ ਤਾਂ ਰਹਿੰਦਾ ਹੀ ਸੀ। ਹਿੰਦੁਸਤਾਨ ਸਮਾਚਾਰ ਏਜੰਸੀ ਵਲੋਂ ਪੰਜਾਬੀ ਟ੍ਰਿਬਿਊਨ ਨੂੰ ਪੰਜਾਬੀ ਵਿਚ ਹੱਥਲਿਖਤ ਖ਼ਬਰਾਂ ਵੀ ਮੈਂ ਹੀ ਭੇਜਦਾ ਰਿਹਾ ਸੀ।
ਖ਼ੈਰ, ਜਦੋਂ 1984 ਵਿਚ ਬਰਜਿੰਦਰ ਸਿੰਘ ਨੇ ਮੈਨੂੰ ਅਜੀਤ ਦੇ ਰਿਪੋਰਟਰ ਵਜੋਂ ਕੰਮ ਕਰਨ ਲਈ ਕਿਹਾ ਤਾਂ ਮੈਂ ਝਿਜਕ ਜਿਹੀ ਨਾਲ ਜਵਾਬੀ ਸਵਾਲ ਕੀਤਾ, \'\'ਮੈਂ ਤਾਂ ਪੰਜਾਬੀ ਟ੍ਰਿਬਿਊਨ ਦੀ ਸ਼ੈਲੀ ਵਿਚ ਲਿਖਣ ਦਾ ਆਦੀ ਹਾਂ, ਅਜੀਤ ਦਾ ਹਿਸਾਬ-ਕਿਤਾਬ ਤਾਂ ਹੋਰ ਐ?\'\' ਅੱਗੋਂ ਬਰਜਿੰਦਰ ਸਿੰਘ ਨੇ ਬੜਾ ਦਿਲਚਸਪ ਤੇ ਸਪੱਸ਼ਟ ਜਵਾਬ ਦਿੱਤਾ, \'\'ਅਜੀਤ ਇਸ ਵੇਲੇ ਸਿੱਖ-ਪੱਖੀ ਅਤੇ ਪੰਜਾਬੀ-ਪੱਖੀ ਤਾਂ ਹੈਗਾ ਹੀ ਐ ਨਾ - ਤੇ ਇਹ ਕਹਿ ਕੇ ਉਨ੍ਹਾਂ ਨੇ ਪੈੱਨ ਫੜਿਆ ਤੇ ਇਹ ਦੋਵੇਂ ਸ਼ਬਦਾਂ ਨੂੰ ਲਿਖਕੇ ਅਤੇ ਜਮ੍ਹਾ ਦੇ ਦੋ ਨਿਸ਼ਾਨ ਪਾ ਕੇ ਦੋ ਲਫ਼ਜ਼ ਹੋਰ ਲਿਖ ਦਿੱਤੇ - ਸੈਕੂਲਰ ਅਤੇ ਪ੍ਰਗ੍ਰੈਸਿਵ\'\' ਤੇ ਕਹਿਣ ਲੱਗੇ, \'\'ਹੁਣ ਠੀਕ ਐ? ਬੱਸ ਆਪਾਂ ਇਹ ਦੋ ਪੱਖ ਇਸ ਨਾਲ ਹੋ ਜੋੜ ਦੇਣੇ ਨੇ।\'\' ਮੈਂ ਇਕਦਮ ਕਿਹਾ ਕਿ ਫੇਰ ਤਾਂ ਠੀਕ ਜੀ। ਤੇ ਅਗਲੀ ਹਦਾਇਤ ਸੀ ਕਿ ਬੱਸ ਤੁਸੀਂ ਲਿਖਣਾ ਸ਼ੁਰੂ ਕਰੋ ਅਜੀਤ ਲਈ ਤੇ ਨਾਲੇ ਇਕ ਦਫ਼ਤਰ ਲੱਭੋ। ਆਪਾਂ ਇਥੇ ਦਫ਼ਤਰ ਵੀ ਬਣਾਉਣੈ। ਉਦੋਂ ਅਜੀਤ ਦਾ ਦਫ਼ਤਰ ਚੰਡੀਗੜ੍ਹ ਵਿਚ ਕੋਈ ਨਹੀਂ ਸੀ ਹੁੰਦਾ। ਪੱਤਰਕਾਰ ਆਪਣੇ ਘਰਾਂ \'ਚੋਂ ਹੀ ਫ਼ੋਨ ਤੇ ਖ਼ਬਰਾਂ ਲਿਖਾਉਂਦੇ ਸੀ ਜਾਂ ਫਿਰ ਟੈਲੀਗ੍ਰਾਫ਼ ਰਾਹੀਂ ਰੋਮਨ ਵਿਚ ਖ਼ਬਰਾਂ ਭੇਜੀਆਂ ਜਾਂਦੀਆਂ ਸਨ। ਤੇ ਇੰਝ ਉਨ੍ਹਾਂ ਨਾਲ ਮੇਰਾ ਅਜੀਤ ਦਾ ਸਫ਼ਰ ਸ਼ੁਰੂ ਹੋਇਆ। ਉਹ ਪਹਿਲੇ ਦਿਨ ਤੋਂ ਹੀ ਸਪੱਸ਼ਟ ਸਨ ਕਿ ਅਜੀਤ ਦਾ ਮੂੰਹ ਮੁਹਾਂਦਰਾ ਕਿਵੇਂ ਤਬਦੀਲ ਕਰਨਾ ਹੈ। ਤੇ ਉਨ੍ਹਾਂ ਆਪਣੇ ਇਸ ਸੰਕਲਪ ਨੂੰ ਬਹੁਤ ਸਿਆਣਪ ਨਾਲ ਹਕੀਕਤ ਵਿਚ ਬਦਲਿਆ। ਸੈਕੂਲਰ ਤੇ ਪ੍ਰਗ੍ਰੈਸਿਵ ਲਫ਼ਜ਼ਾਂ ਨੂੰ ਅਜੀਤ ਵਿਚ ਜਾ ਕੇ ਅਮਲੀ ਅਰਥ ਦੇਣੇ ਇੰਨੇ ਸੌਖੇ ਨਹੀਂ ਸਨ ਕਿਉਂਕਿ ਉਥੇ ਆਪਣੇ ਪੁਰਾਣੀ ਤੇ ਰਵਾਇਤੀ ਕਿਸਮ ਦੀ ਸੋਚ ਅਤੇ ਕਾਰਜ ਸ਼ੈਲੀ ਵਾਲਾ ਸੰਪਾਦਕੀ ਸਟਾਫ਼ ਕੰਮ ਕਰ ਰਿਹਾ ਸੀ। ਸ਼ੁਰੂ ਸ਼ੁਰੂ ਵਿਚ ਬਹੁਤ ਦਿਲਚਸਪ ਘਟਨਾਵਾਂ ਵਾਪਰੀਆਂ। ਚੰਡੀਗੜ੍ਹ ਤੋਂ ਮੈਂ ਜਦੋਂ ਕਰਮਚਾਰੀਆਂ ਤੇ ਹੋਰ ਲੋਕਾਂ ਦੇ ਧਰਨਿਆਂ ਵਿਖਾਪਿਆਂ ਦੀਆਂ ਖ਼ਬਰਾਂ ਭੇਜਣੀਆਂ ਸ਼ੁਰੂ ਕੀਤੀਆਂ ਤਾਂ ਦੋ ਚਾਰ ਦਿਨ ਡੈਸਕ ਵਾਲਿਆਂ ਇਹ ਰੱਦੀ ਵਿਚ ਸੁੱਟ ਦਿੱਤੀਆਂ। ਮੈਂ ਬਰਜਿੰਦਰ ਸਿੰਘ ਨੂੰ ਫ਼ੋਨ \'ਤੇ ਇਸ ਬਾਰੇ ਦੱਸਿਆ। ਉਹਨਾਂ ਨੇ ਡੈਸਕ ਇੰਚਾਰਜ ਨੂੰ ਬੁਲਾ ਕੇ ਪੁੱਛਿਆ ਤਾਂ ਅੱਗੋਂ ਉਸਨੇ ਜਵਾਬ ਦਿੱਤਾ, \'\'ਜੀ ਇਹ ਤਾਂ ਨਵੇਂ ਜ਼ਮਾਨੇ ਵਾਲੀਆਂ ਖ਼ਬਰਾਂ ਭੇਜੀ ਜਾਂਦੈ। ਇਸ ਲਈ ਨਹੀਂ ਲਾਈਆਂ।\'\' ਫੇਰ ਜਦੋਂ ਮੈਂ ਖ਼ੋਜੀ ਖ਼ਬਰਾਂ/ਰਿਪੋਰਟਾਂ ਭੇਜਣੀਆਂ ਸ਼ੁਰੂ ਕੀਤੀਆਂ ਤਾਂ ਇਹੀ ਸਮੱਸਿਆ ਫੇਰ ਆਈ। ਮੈਂ ਫੇਰ ਸ਼ਿਕਾਇਤ ਕੀਤੀ। ਡੈਸਕ ਵਾਲਿਆਂ ਦਾ ਜਵਾਬ ਸੀ, \'\'ਜੀ ਇਹ ਤਾਂ ਕਹਾਣੀਆਂ ਲਿਖੀ ਜਾਂਦੈ, ਖ਼ਬਰਾਂ ਥੋੜ੍ਹਾ ਭੇਜ ਰਿਹੈ।\'\' ਪਰ ਬਰਜਿੰਦਰ ਸਿੰਘ ਨੇ ਆਪਣੀ ਸੰਪਾਦਕੀ ਤੇ ਪ੍ਰਬੰਧਕੀ ਸੂਝ ਤੇ ਕਾਰਜਕੁਸ਼ਲਤਾ ਨਾਲ ਹੌਲੀ ਹੌਲੀ ਸਾਰਾ ਤਾਣਾ-ਬਾਣਾ ਬਦਲਿਆ। ਪਹਿਲਾਂ ਕੁਝ ਸਮਾਂ ਉਸੇ ਸਟਾਫ਼ ਨੂੰ ਸਮਝਾ ਕੇ ਉਸ ਤੋਂ ਕੰਮ ਲਿਆ ਤੇ ਨਾਲ ਦੀ ਨਾਲ ਆਪਣੀ ਲੋੜ ਅਤੇ ਮਨਪਸੰਦ ਦਾ ਸਟਾਫ਼ ਭਰਤੀ ਕੀਤਾ ਤੇ ਅਜੀਤ ਨੂੰ ਬੁਲੰਦੀ ਤੇ ਪੁਚਾਇਆ।
ਪਹਿਲਾਂ ਬਰਜਿੰਦਰ, ਫੇਰ ਭਾਅ ਜੀ ਤੋਂ ਹਮਦਰਦ ਤੇ ਫੇਰ ਡਾਕਟਰ
ਬਰਜਿੰਦਰ ਸਿੰਘ ਦੀ ਸ਼ਖਸੀਅਤ ਬਾਰੇ ਦੋ ਹੋਰ ਪਹਿਲੂ ਨੋਟ ਕਰਨ ਵਾਲੇ ਨੇ। ਪੰਜਾਬੀ ਟ੍ਰਿਬਿਊਨ ਵਿਚ ਹੁੰਦਿਆਂ ਨਾ ਉਹ ਭਾਅ ਜੀ ਸਨ ਤੇ ਹੀ ਹਮਦਰਦ। ਮੈਂ ਵੀ ਅਜੀਤ ਵਿਚ ਕੰਮ ਕਰਨ ਤੋਂ ਪਹਿਲਾਂ ਕਦੇ ਉਨ੍ਹਾਂ ਲਈ \'ਭਾਅ ਜੀ\' ਸ਼ਬਦ ਨਹੀਂ ਸੀ ਵਰਤਿਆ। ਅਜੀਤ ਦਫ਼ਤਰ ਵਿਚ ਉਹ ਸਭ ਦੇ ਭਾਅ ਜੀ ਬਣੇ ਦੇਖੇ ਇਥੋਂ ਤੱਕ ਕਿ ਅਜੀਤ ਸੈਣੀ ਅਤੇ ਪ੍ਰਤਾਪ ਸਿੰਘ ਤਿੱਬ ਵਰਗੇ ਸੀਨੀਅਰ ਅਤੇ ਬਜ਼ੁਰਗ ਵੀ ਉਨ੍ਹਾਂ ਨੂੰ ਭਾਅ ਜੀ ਕਹਿ ਕੇ ਬੁਲਾਉਂਦੇ ਸਨ। ਅਜੀਤ ਤੋਂ ਬਾਅਦ ਹੌਲੀ ਹੌਲੀ ਉਹ ਫਿਰ ਜਗਤ- ਭਾਅ ਜੀ ਬਣੇ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਜਦੋਂ ਬਰਜਿੰਦਰ ਸਿੰਘ, ਦ੍ਰਿਸ਼ਟੀ ਤੇ ਪ੍ਰਕਾਸ਼ਨ ਅਤੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਣਨ ਤੋਂ ਪਹਿਲਾਂ ਅਜੀਤ ਵਿਚ ਸਨ ਤਾਂ ਉਦੋਂ ਵੀ ਸਾਰੇ ਉਨ੍ਹਾਂ ਨੂੰ ਭਾਅ ਜੀ ਹੀ ਕਹਿੰਦੇ ਹੁੰਦੇ ਸੀ। ਹਮਦਰਦ ਦਾ ਤਖੱਲੁਸ ਵੀ ਉਹ ਅਜੀਤ ਨੂੰ ਸੰਭਾਲਣ ਤੋਂ ਕਾਫ਼ੀ ਬਾਅਦ ਵਿਚ ਲਿਖਣ ਲੱਗੇ। ਤੇ ਡਾ. ਬਰਜਿੰਦਰ ਸਿੰਘ ਹਮਦਰਦ ਉਦੋਂ ਬਣੇ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਹਨਾਂ ਨੂੰ ਡਾਕਟਰੇਟ ਦੀ ਅਨਰੇਰੀ ਡਿਗਰੀ ਨਾਲ ਸਨਮਾਨਿਆ ਗਿਆ। ਉਂਝ ਪੰਜਾਬੀ ਪੱਤਰਕਾਰੀ ਨੂੰ ਨਵੀਂ ਦਿਸ਼ਾ ਦੇਣ, ਇਸ ਨੂੰ ਵੰਨਗੀ ਭਰਪੂਰ ਬਣਾਉਣ, ਮਿਆਰੀ ਮਾਪ ਦੰਡ ਤਹਿ ਕਰਕੇ ਇਨ੍ਹਾਂ ਨੂੰ ਲਾਗੂ ਕਰਨ ਅਤੇ ਪੰਜਾਬੀ ਅਖ਼ਬਾਰਾਂ ਨੂੰ ਦਿੱਖ ਅਤੇ ਸਮੱਗਰੀ ਪੱਖੋਂ ਇਕ ਉੱਚੇ ਮੁਕਾਮ \'ਤੇ ਪੁਚਾਉਣ ਪੱਖੋਂ ਜਿਸ ਤਰ੍ਹਾਂ ਦੀ ਅਗਵਾਈ ਉਨ੍ਹਾਂ ਕੀਤੀ, ਇਸਦੇ ਮੁਕਾਬਲੇ ਇਹ ਡਾਕਟਰੇਟ ਡਿਗਰੀ ਬਹੁਤ ਛੋਟੀ ਹੈ।
ਸੰਪਾਦਕੀ ਲੀਡਰਸ਼ਿਪ ਦੀ ਕਲਾ
ਇਹ ਆਪਬੀਤੀ, ਅਗਸਤ 1994 ਦੀ ਹੈ। ਕਾਂਗਰਸੀ ਨੇਤਾ ਸੁਰਿੰਦਰ ਸਿੰਘ ਕੈਰੋਂ ਨੇ ਚੰਡੀਗੜ੍ਹ ਵਿਚ ਖ਼ੁਲਾਸਾ ਕੀਤਾ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਉਸ ਦੇ ਪਿਤਾ ਸਵਰਗੀ ਪ੍ਰਤਾਪ ਸਿੰਘ ਦੇ ਕਤਲ ਦਾ ਮੁਜਰਮ ਦਇਆ ਸਿੰਘ ਜੇਲ੍ਹ ਵਿਚੋਂ ਰਿਹਾਅ ਹੋ ਗਿਐ। ਉਸ ਨੇ ਇਸ ਰਿਹਾਈ ਦੇ ਢੰਗ ਤਰੀਕੇ ਬਾਰੇ ਕੁਝ ਸਵਾਲ ਉਠਾਏ ਤੇ ਨਾਲੇ ਕੈਰੋਂ ਪਰਿਵਾਰ ਦੀ ਸੁਰੱਖਿਆ ਬਾਰੇ ਕੁਝ ਖਦਸ਼ੇ ਵੀ ਜ਼ਾਹਰ ਕੀਤੇ। ਮੈਂ ਇਹ ਖ਼ਬਰ ਅਜੀਤ ਲਈ ਭੇਜੀ। ਜਦੋਂ ਬਰਜਿੰਦਰ ਸਿੰਘ ਕੋਲ ਪੁੱਜੀ, ਇਸ ਨੂੰ ਪਪੜ੍ਹ ਕੇ ਉਨ੍ਹਾਂ ਮੈਨੂੰ ਫ਼ੋਨ ਕੀਤਾ ਤੇ ਪੁੱਛਿਆ ਕਿ ਉਹ ਦਇਆ ਸਿੰਘ ਹੈ ਕਿੱਥੇ? ਮੈਂ ਨਾਂਹ ਵਿਚ ਜਵਾਬ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਉਸ ਦਾ ਪਤਾ ਕਰੋ। ਮੈਂ ਇੱਧਰ-ਉਧਰ ਪਤਾ ਕੀਤਾ, ਫੇਰ ਅੰਬਾਲੇ ਜੇਲ੍ਹ ਤੋਂ ਜਾਨਣ ਦੀ ਕੋਸ਼ਿਸ਼ ਕੀਤੀ ਪਰ ਸ਼ਾਮ ਤੱਕ ਕੁਝ ਪਤਾ ਨਾ ਲੱਗਾ। ਆਖ਼ਰ ਦਇਆ ਸਿੰਘ ਦੇ ਵਕੀਲ ਦਾ ਪਤਾ ਲੱਗ ਗਿਆ। ਉਸਨੇ ਦੱਸਿਆ ਕਿ ਉਹ ਤਾਂ ਅੰਬਾਲੇ ਜੇਲ੍ਹ ਤੋਂ ਰਿਹਾਅ ਹੋ ਕੇ ਆਪਣੇ ਪਿੰਡ ਚਲਾ ਗਿਐ। ਪਿੰਡ ਉਹਦਾ ਰਾਜਸਥਾਨ ਵਿਚ ਹਨੂੰਮਾਨ ਗੜ੍ਹ ਦੇ ਨੇੜ੍ਹੇ ਸੀ। ਮੈਂ ਇਹੀ ਗੱਲ ਭਾਅ ਜੀ ਨੂੰ ਦੱਸੀ ਤਾਂ ਉਹ ਅੱਗੋਂ ਕਹਿਣ ਲੱਗੇ, \'\'ਉਹ ਜਿਥੇ ਵੀ ਹੈ ਉਸ ਨੂੰ ਲੱਭੋ, ਰੇਲ ਗੱਡੀ \'ਤੇ ਜਾਓ, ਟੈਕਸੀ ਤੇ ਜਾਓ, ਜਹਾਜ਼ ਤੇ ਜਾਓ, ਬੇਦੀ ਨੂੰ ਲੈ ਜਾਓ ਨਾਲ ਅਤੇ ਉਸ ਦੀ ਇੰਟਰਵਿਊ ਕਰੋ ਸਭ ਤੋਂ ਪਹਿਲਾਂ ਇੰਟਰਵਿਊ ਆਪਾਂ ਛਾਪਣੀ ਐ।\'\'
ਇਹ ਹੁਕਮ ਸਿਰ ਮੱਥੇ ਲਿਆ। ਅਜੀਤ ਦੇ ਉਸ ਵੇਲੇ ਮੇਰੇ ਸਾਥੀ ਫੋਟੋ ਪੱਤਰਕਾਰ ਟੀ.ਐਸ. ਬੇਦੀ ਨੂੰ ਲੈ ਕੇ ਅਸੀਂ ਅਗਲੇ ਦਿਨ ਸਵੇਰੇ ਪੌਣੇ 4 ਵਜੇ ਚੰਡੀਗੜ੍ਹ ਤੋਂ ਚੱਲੇ। ਦੁਪਹਿਰ ਕੁ ਵੇਲੇ ਅਸੀਂ ਹਨੂੰਮਾਨਗੜ੍ਹ ਦੇ ਕੋਲ ਪੁੱਜ ਕੇ ਦਇਆ ਸਿੰਘ ਦਾ ਪਿੰਡ ਲੱਭਿਆ। ਮੈਨੂੰ ਯਾਦ ਹੈ ਉਸ ਦਿਨ ਬੇਹੱਦ ਗਰਮੀ ਅਤੇ ਕੜਕਦੀ ਧੁੱਪ ਸੀ। ਬਹੁਤ ਮੁਸ਼ਕਲ ਨਾਲ ਦਇਆ ਸਿੰਘ ਨੂੰ ਇੰਟਰਵਿਊ ਲਈ ਮਨਾਇਆ। ਕੈਰੋਂ ਕਤਲ ਕੇਸ ਬਾਰੇ ਉਸ ਨੇ ਕਾਫ਼ੀ ਗੋਲ ਮੋਲ ਪਰ ਦਿਲਚਸਪ ਗੱਲਾਂ ਕੀਤੀਆਂ। ਇਹ ਵਾਅਦਾ ਵੀ ਕੀਤਾ ਕਿ ਸਮਾਂ ਆਉਣ \'ਤੇ ਉਹ ਅਸਲੀ ਸਚਾਈ ਤੋਂ ਪਰਦਾ ਲਾਹੇਗਾ। ਅਸੀਂ ਉਨੀ ਪੈਰੀਂ ਵਾਪਸ ਮੁੜੇ। ਦੇਰ ਰਾਤੀ ਚੰਡੀਗੜ੍ਹ ਪੁੱਜੇ। ਉਸ ਦਿਨ ਅਸੀਂ 1200 ਕਿਲੋਮੀਟਰ ਦਾ ਸਫ਼ਰ ਇਕੋ ਦਿਨ ਵਿਚ ਕੀਤਾ। ਤੜਕੇ 4 ਵਜੇ ਉਠਕੇ ਮੈਂ ਇੰਟਰਵਿਊ ਲਿਖੀ ਤੇ ਦਿਨ ਵੇਲੇ ਫੋਟੋਆਂ ਸਮੇਤ ਜਲੰਧਰ ਭੇਜੀ। 5 ਅਗਸਤ 1994 ਨੂੰ ਇਹ ਇੰਟਰਵਿਊ ਅਜੀਤ ਪਹਿਲੇ ਸਫ਼ੇ ਤੇ ਬਹੁਤ ਵਧੀਆ ਡਿਸਪਲੇ ਵਿਚ ਛਪੀ ਤਾਂ ਇਸ ਦੀ ਚਰਚਾ ਵੀ ਬਹੁਤ ਹੋਈ। ਬਾਕੀ ਸਾਰੇ ਮੀਡੀਏ ਨੂੰ ਭਾਜੜਾਂ ਵੀ ਪਈਆਂ। ਫੇਰ ਤਾਂ ਪੱਤਰਕਾਰਾਂ ਨੇ ਦਇਆ ਸਿੰਘ ਦਾ ਪਿੰਡ ਗਾਹ ਈ ਦਿੱਤਾ। ਸਾਡੇ ਜਾਣ ਤੋਂ ਪਹਿਲਾਂ ਰਾਜਸਥਾਨ ਦੇ ਕਿਸੇ ਸਥਾਨਕ ਪੱਤਰਕਾਰ ਨੂੰ ਵੀ ਦਇਆ ਸਿੰਘ ਬਾਰੇ ਭਿਣਕ ਨਹੀਂ ਸੀ। ਦਇਆ ਸਿੰਘ ਵਾਲਾ ਕਿੱਸਾ ਲਿਖਣ ਦਾ ਮੇਰਾ ਭਾਵ ਇਹ ਹੈ ਕਿ ਬਰਜਿੰਦਰ ਸਿੰਘ ਕਿਸ ਤਰ੍ਹਾਂ ਖ਼ੋਜੀ ਅਤੇ ਨਵੇਕਲੀਆਂ ਖ਼ਬਰਾਂ-ਰਿਪੋਰਟਾਂ ਲਈ ਪਹਿਲਕਦਮੀ ਕਰਦੇ ਸਨ ਅਤੇ ਕਿਵੇਂ ਮੇਰੇ ਵਰਗੇ ਪੱਤਰਕਾਰਾਂ ਤੋਂ ਕੰਮ ਕਰਾਉਂਦੇ ਸਨ।
ਅਜਿਹੀ ਸੈਂਕੜੇ ਉਦਾਹਰਣਾਂ ਹੋਣਗੀਆਂ ਜਦੋਂ ਉਹ ਇਸੇ ਤਰ੍ਹਾਂ ਐਕਸਕਲੂਸਿਵ, ਲੋਕ-ਮੁਖੀ ਤੇ ਲੋਕ-ਰੁਚੀ ਵਾਲੀ ਪੱਤਰਕਾਰੀ ਲਈ ਬੱਸ ਇਸ਼ਾਰਾ ਹੀ ਕਰਦੇ ਸਨ ਤੇ ਮੈਂ ਸਮਝ ਜਾਂਦਾ ਸੀ ਕਿ ਉਹ ਕੀ ਚਾਹੁੰਦੇ ਨੇ। ਕਈ ਵਾਰ ਖੁਦ ਵੀ ਜਦੋਂ ਅਜਿਹੀ ਕਿਸੇ ਸਟੋਰੀ ਕਰਨ ਬਾਰੇ ਜ਼ਿਕਰ ਕਰੀਦਾ ਸੀ ਤਾਂ ਇਸ ਨੂੰ ਕਰਨ ਲਈ ਹਰੀ ਝੰਡੀ ਦੇ ਦਿੰਦੇ। ਉਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਸੀ ਜਿਹੋ ਜਿਹੀ ਮਰਜ਼ੀ ਚੁਣੌਤੀ ਭਰੀ ਕਵਰੇਜ ਲਈ ਉਹ ਚੁਣਦੇ ਸੀ ਉਹ ਮੈਂ ਕਰ ਸਕਦਾ ਸੀ। ਅਜਿਹਾ ਮੌਕਾ ਮੈਨੂੰ ਕੋਈ ਯਾਦ ਨਹੀਂ ਜਦੋਂ ਕਿਸੇ ਵਿਸ਼ੇਸ਼ ਕਵਰੇਜ ਲਈ ਉਹਨਾਂ ਵਲੋਂ ਦਿੱਤੇ ਟੀਚੇ ਨੂੰ ਪੂਰਾ ਨਾ ਕੀਤਾ ਹੋਵੇ ਅਤੇ ਬਰਜਿੰਦਰ ਸਿੰਘ ਨੇ ਇਸ ਲਈ ਮੈਨੂੰ ਸ਼ਾਬਾਸ਼ ਨਾ ਦਿੱਤੀ ਹੋਵੇ। ਇਸਦੀ ਇਕ ਮਿਸਾਲ ਅਗਸਤ 1993 ਦੀ ਹੈ। ਜਲੰਧਰ ਵਿਚ ਉਹਨਾਂ ਦੇ ਦਫ਼ਤਰ ਵਿਚ ਬੈਠਿਆਂ ਮੈਂ ਕਿਹਾ ਕਿ ਮੈਂ ਹਰਿਆਣਾ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦੇ ਟੂਰ ਤੇ ਜਾਣਾ ਐਂ, ਮੈਨੂੰ ਛੁੱਟੀ ਚਾਹੀਦੀ ਐ। ਤੇ ਅੱਗੋਂ ਭਾਅ ਜੀ ਥੋੜ੍ਹਾ ਗੰਭੀਰ ਜਿਹੇ ਹੋ ਕੇ ਕਹਿਣ ਲੱਗੇ ਉਹ ਤਾਂ ਠੀਕ ਐ ਪਰ ਮੈਂ ਤੁਹਾਨੂੰ ਉਥੇ ਭੇਜਣਾ ਚਾਹੁੰਦਾ ਆਂ... ਉਨ੍ਹਾਂ ਨੇ ਗੱਲ ਅਜੇ ਪੂਰੀ ਨਹੀਂ ਸੀ ਕੀਤੀ ਤੇ ਮੈਂ ਕਿਹਾ ਕਿ ਪਾਕਿਸਤਾਨ? ਚੋਣਾਂ ਲਈ? ਜਵਾਬ ਹਾਂ ਵਿਚ ਮਿਲਿਆ। ਹੱਸਣ ਲੱਗੇ ਕਿ ਬੜਾ ਕਿ ਮੈਂ ਬੜਾ ਠੀਕ ਹਿਸਾਬ ਲਾਇਆ। ਉਹਨਾਂ ਦਾ ਇਸ਼ਾਰਾ ਪਾਕਿਸਤਾਨ ਦੀਆਂ ਅਕਤੂਬਰ 1993 ਵਿਚ ਹੋਣ ਵਾਲੀਆਂ ਆਮ ਚੋਣਾਂ ਵੱਲ ਸੀ। ਭਾਅ ਜੀ ਨੇ ਜਿਹਾ ਇਨ੍ਹਾਂ ਚੋਣਾਂ ਵਿਚ ਇਧਰਲੇ ਲੋਕਾਂ ਦੀ ਬਹੁਤ ਰੁਚੀ ਹੈ। ਮੇਰੇ ਕੋਲੋਂ ਜੋ ਚਿੱਠੀ-ਪੱਤਰ ਲਿਖਾਉਣੈ ਲਿਖਾ ਲਓ, ਕਿਸੇ ਨੂੰ ਫ਼ੋਨ ਕਰਾਉਣਾ ਹੈ ਕਰਾ ਲਓ, ਬੇਦੀ ਨੂੰ ਨਾਲ ਲੈ ਜਾਓ ਤੇ ਵਧੀਆ ਕਵਰੇਜ ਕਰੋ ਚੋਣਾਂ ਦੀ। ਬਹੁਤ ਯਤਨ ਕਰਕੇ ਅਤੇ ਕਹਿ ਕਹਾ ਕੇ ਸਿਰਫ਼ ਮੈਨੂੰ ਵੀਜ਼ਾ ਮਿਲਿਆ ਤੇ ਉਹ ਵੀ ਵੋਟਾਂ ਦੀ 5 ਅਕਤੂਬਰ ਦੀ ਮਿਤੀ ਤੋਂ ਸਿਰਫ਼ ਦੋ ਦਿਨ ਪਹਿਲਾਂ। ਇਹ ਉਹ ਚੋਣਾਂ ਸਨ ਜਦੋਂ ਦੂਜੀ ਵਾਰ ਪ੍ਰਧਾਨ ਮੰਤਰੀ ਚੁਣੀ ਗਈ ਸੀ।
ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਉਸ ਵੇਲੇ ਪਾਕਿ ਕੌਮੀ ਅਸੈਂਬਲੀ ਦੇ ਸਪੀਕਰ ਚੁਣੇ ਗਏ ਸਨ। ਬੇਨਜ਼ੀਰ ਤੇ ਗਿਲਾਨੀ ਦੀ ਚੋਣ ਦੀ ਕਵਰੇਜ ਮੈਂ ਇਸਲਾਮਾਬਾਦ ਵਿਚ ਪਾਕਿ ਪਾਰਲੀਮੈਂਟ ਵਿਚ ਬੈ ਕੇ ਕੀਤੀ ਸੀ।
ਇਹ ਉਹ ਵੇਲਾ ਸੀ ਜਦੋਂ ਦਸੰਬਰ 1992 ਵਿਚ ਢਾਹੀ ਗਈ ਬਾਬਰੀ ਮਸਜਿਦ ਦੇ ਜ਼ਖ਼ਮ ਅਤੇ ਤਾਜ਼ੇ ਹੀ ਸਨ ਅਤੇ ਦੋਵਾਂ ਮੁਲਕਾਂ ਵਿਚਕਾਰ ਕਾਫ਼ੀ ਤਣਾਅ ਵਾਲਾ ਮਾਹੌਲ ਸੀ। ਇਸੇ ਲਈ ਉੱਤਰੀ ਭਾਰਤ ਵਿਚ ਸਿਰਫ਼ 7 ਭਾਰਤੀ ਪੱਤਰਕਾਰਾਂ ਨੂੰ ਵੀਜ਼ਾ ਮਿਲਿਆ ਸੀ। ਖ਼ੈਰ, ਮੈਂ ਪੂਰੇ 15 ਦਿਨ ਲਾਹੌਰ ਅਤੇ ਇਸਲਾਮਾਬਾਦ ਵਿਚ ਰਹਿ ਕੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ ਆਮ ਚੋਣਾਂ ਦੀ ਕਵਰੇਜ ਕੀਤੀ ਤੇ ਕੁਲ 30 ਡਿਸਪੈਚ ਭੇਜੇ। ਇਸ ਤੋਂ ਇਲਾਵਾ, ਲਹਿੰਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਰੁਤਬੇ ਅਤੇ ਉਥੋਂ ਰਾਜਨੀਤਕ ਅਤੇ ਸਮਾਜਕ ਪਹਿਲੂਆਂ ਬਾਰੇ ਵੀ ਲੇਖ ਲਿਖੇ। ਕਿਸੇ ਦੂਸਰੇ ਮੁਲਕ ਦੀ ਅਜਿਹੀ ਵਿਸ਼ੇਸ਼ ਕਵਰੇਜ ਪੱਖੋਂ ਇਹ ਅਜੀਤ ਦਾ ਇਕ ਨਵਾਂ ਮੀਲਪੱਥਰ ਸੀ ਅਤੇ ਮੇਰੇ ਪੱਤਰਕਾਰੀ ਕੈਰੀਅਰ ਲਈ ਇਕ ਬਹੁਤ ਵੱਡੀ ਉਲਾਂਘ ਸੀ।
ਬਰਜਿੰਦਰ ਲਈ ਉਦਾਸੀ ਦੇ ਪਲ
ਇਹ ਨਵੇਕਲਾ ਬਿਰਤਾਂਤ 1991 ਦੇ ਉਨ੍ਹਾਂ ਦਿਨਾਂ ਦਾ ਹੈ ਜਦੋਂ ਪੰਜਾਬ ਵਿਚ ਦਹਿਸ਼ਤਵਾਦ ਸਿਖ਼ਰ \'ਤੇ ਸੀ। ਦਿੱਲੀ ਵਿਚ ਪ੍ਰਧਾਨ ਮੰਤਰੀ ਚੰਦਰ ਸ਼ੇਖ਼ਰ ਸਨ ਤੇ ਪੰਜਾਬੀ ਵਿਚ ਜਰਨਲ ਓ.ਪੀ. ਮਲਹੋਤਰਾ ਰਾਜਪਾਲ ਸਨ। ਅਜੀਤ ਦੇ ਲਗਭਗ ਸਾਰੇ ਸਰਗਰਮ ਅਤੇ ਪ੍ਰਮੁੱਖ ਪੱਤਰਕਾਰਾਂ ਦੀ ਵੱਡੀ ਮੀਟਿੰਗ ਅਜੀਤ ਦੇ ਜਲੰਧਰ ਦਫ਼ਤਰ ਵਿਚ ਬੁਲਾਈ ਗਈ। ਬਰਜਿੰਦਰ ਸਿੰਘ ਨੇ ਬਹੁਤ ਹੀ ਸੰਗੀਨ ਜਿਹੇ ਲਹਿਜ਼ੇ ਵਿਚ ਗੱਲਬਾਤ ਸ਼ੁਰੂ ਕੀਤੀ। ਉਨ੍ਹਾਂ ਕਿਹਾ ਇਸ ਵੇਲੇ ਆਪਾਂ ਬਹੁਤ ਨਾਜ਼ੁਕ ਅਤੇ ਕਸੂਤੀ ਹਾਲਤ ਵਿਚ ਫਸੇ ਹਾਂ। ਜੇਕਰ ਮੈਂ ਖਾੜਕੂਆਂ ਦੀਆਂ ਖ਼ਬਰਾਂ, ਉਹਨਾਂ ਦੇ ਬਿਆਨ ਅਤੇ ਮ੍ਰਿਤਕ ਖਾੜਕੂਆਂ ਦੇ ਭੋਗਾਂ ਦੇ ਇਸ਼ਤਿਹਾਰ ਨਹੀਂ ਛਾਪਦਾ, ਮੇਰੇ ਪੱਤਰਕਾਰ ਦੀ ਜਾਨ ਖ਼ਤਰੇ ਵਿਚ ਪੈਂਦੀ ਹੈ। ਖੌਫ਼ਜ਼ਦਾ ਚਿਹਰੇ ਨਾਲ ਪੱਤਰਕਾਰ ਮੇਰੇ ਕੋਲ ਆਉਂਦੇ ਨੇ ਤਾਂ ਸਾਨੂੰ ਮਜਬੂਰੀ ਵਿਚ ਇਹ ਕੁਝ ਛਾਪਣਾ ਪੈਂਦਾ ਹੈ।\'\' ਬਰਜਿੰਦਰ ਸਿੰਘ ਨੇ ਉਥੇ ਲਿਆ ਕੇ ਰੱਖੇ ਫਾਈਲਾਂ ਦੇ ਢੇਰ ਵੱਲ ਇਸ਼ਾਰਾ ਕੀਤਾ ਤੇ ਕਿਹਾ ਇਹ ਸਾਰੇ ਖਾੜਕੂਆਂ ਦੇ ਪ੍ਰੈਸ ਨੋਟ ਤੇ ਹੋਰ ਸਮੱਗਰੀ ਹੈ ਜਿਸ ਨੂੰ ਛਾਪਣ ਲਈ ਉਹ ਮਜਬੂਰ ਕਰ ਰਹੇ ਨੇ। ਤੇ ਦੂਜੇ ਪਾਸੇ ਜਦੋਂ ਅਜਿਹੀ ਸਮੱਗਰੀ ਅਖ਼ਬਾਰ ਵਿਚ ਛਾਪੀ ਜਾਂਦੀ ਹੈ ਤਾਂ ਛਪੇ ਹੋਏ ਅਜੀਤ ਅਖ਼ਬਾਰ ਨੂੰ ਸਰਕਾਰ ਵੰਡਣ ਨਹੀਂ ਦਿੰਦੀ। ਰੋਜ਼ਾਨਾ ਅਖ਼ਬਾਰ ਦੀਆਂ ਹਜ਼ਾਰਾਂ ਕਾਪੀਆਂ ਜ਼ਬਤ ਕਰ ਲਈਆਂ ਜਾਂਦੀਆਂ ਨੇ। ਰੋਜ਼ਾਨਾ ਡੀ.ਸੀ. ਤੇ ਹੋਰ ਸਰਕਾਰੀ ਅਧਿਕਾਰੀ ਪੁਲਿਸ ਦੀਆਂ ਧਾਰਾਂ ਲੈ ਕੇ ਰਾਤ ਨੂੰ ਅਜੀਤ ਦਫ਼ਤਰ ਘੇਰ ਲੈਂਦੇ ਨੇ। ਜਾਂ ਤਾਂ ਅਜੀਤ ਦੇ ਬੰਡਲਾਂ ਵਾਲੇ ਟਰੱਕ ਇੱਥੋਂ ਨਿਕਲਣ ਹੀ ਨਹੀਂ ਦਿੱਤੇ ਜਾਂਦੇ ਤੇ ਜਾਂ ਫਿਰ ਰਸਤਿਆਂ ਵਿਚ ਰੋਕ ਕੇ ਥਾਣਿਆਂ ਵਿਚ ਬੰਦ ਕਰ ਦਿੱਤੇ ਜਾਂਦੇ ਨੇ। ਹੁਣ ਤੱਕ 50 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਅੱਗੋਂ ਅਦਾਰੇ ਇਸ਼ਤਿਹਾਰ ਦੇਣ ਤੋਂ ਵੀ ਕੰਨੀ ਕਤਰਾਉਣ ਲੱਗ ਪਏ ਨੇ ਕਿਉਂਕਿ ਅਖ਼ਬਾਰ ਪਾਠਕਾਂ ਤੱਕ ਪਹੁੰਚਣ ਦਾ ਯਕੀਨ ਨਹੀਂ ਹੁੰਦਾ।\'\' ਉਸ ਵੇਲੇ ਦਾ ਇਹ ਸਾਰਾ ਦਿਸ਼ ਲਫਜ਼ਾਂ ਰਾਹੀਂ ਚਿੱਤਰ ਕੇ ਬਰਜਿੰਦਰ ਸਿੰਘ ਬੇਹੱਦ ਉਦਾਸ ਲਹਿਜ਼ੇ ਵਿਚ ਕਹਿਣ ਲੱਗੇ, \'\'ਅਜਿਹੀ ਹਾਲਤ ਵਿਚ ਸਿਰਫ਼ ਮਹੀਨਾ ਕੁ ਹੋਰ ਅਜੀਤ ਚੱਲ ਸਕਦੈ। ਮੈਂ ਬੱਸ ਇਸ ਲਈ ਤੁਹਾਨੂੰ ਬੁਲਾਇਆ ਹੈ ਸੀ ਕਿ ਆਪਣਾ ਆਪਣਾ ਕੋਈ ਇੰਤਜ਼ਾਮ ਕਰ ਲਵੋ, ਮੇਰੀ ਮਜਬੂਰੀ ਹੈ।\'\' ਉਨ੍ਹਾਂ ਦੀ ਇਹ ਗੱਲ ਸੁਣ ਕੇ ਇਕ ਦਮ ਸੰਨਾਟਾ ਛਾ ਗਿਆ। 40 ਦੇ ਕਰੀਬ ਪੱਤਰਕਾਰਾਂ ਦੇ ਨਾਲ ਅਜੀਤ ਦਾ ਸੰਪਾਦਕੀ ਅਮਲਾ ਵੀ ਉਥੇ ਸੀ। ਸਾਰੇ ਜਣੇ ਚੁੱਪ, ਕਿਸੇ ਨੂੰ ਕੁਝ ਨਾ ਔੜੇ। ਮਾਯੂਸੀ ਭਰੇ ਮਾਹੌਲ ਵਿਚ, ਕੁਝ ਮਿੰਟ ਸਭ ਡੌਰ-ਭੌਰ ਜਿਹੇ ਬੈਠੇ ਰਹੇ। ਆਖ਼ਰ ਇਕ-ਦੋ ਪੱਤਰਕਾਰਾਂ ਨੇ ਉੱਠ ਕੇ ਕਿਹਾ। ਆਪਾਂ ਐਵੇਂ ਕਿਉਂ ਛੱਡੀਏ। ਆਪਾਂ ਖਾੜਕੂਆਂ ਨਾਲ ਗੱਲ ਕਰਦੇ ਹਾਂ ਕਿ ਸਾਨੂੰ ਕੁਝ ਛਾਪਣ ਲਈ ਮਜਬੂਰ ਨਾ ਕਰਨ। ਕੁਝ ਇਕ ਨੇ ਉਠ ਕੇ ਇਹ ਵੀ ਕਿਹਾ ਕਿ ਆਪਾਂ ਨੂੰ ਇਕ ਵਾਰ ਸਟੈਂਡ ਲੈਣਾ ਚਾਹੀਦਾ ਹੈ ਕਿ ਖਾੜਕੂਆਂ ਦੀ ਮਰਜ਼ੀ ਦਾ ਸਭ ਕੁਝ ਨਹੀਂ ਛਾਪਣਾ। ਖ਼ੈਰ, ਕੁਝ ਚਿਰ ਦੀ ਬਹਿਸ ਵਿਚਾਰ ਤੋਂ ਬਾਅਦ ਇਹ ਆਮ ਸਹਿਮਤੀ ਬਣੀ ਕਿ ਇ ਵਾਰ ਇਹ ਸਟੈਂਡ ਲਿਆ ਜਾਵੇ ਕਿ ਕੀ ਅਜਿਹਾ ਕੁਝ ਨਹੀਂ ਛਪਣਾ ਜਿਸ ਨਾਲ ਸਰਕਾਰ ਨੂੰ ਅਖ਼ਬਾਰ ਜ਼ਬਤ ਕਰਨ ਦਾ ਬਹਾਨਾ ਮਿਲੇ। ਉਥੇ ਹੀ ਇਕ 11 ਮੈਂਬਰੀ ਕਮੇਟੀ ਬਣੀ ਜਿਸ ਦਾ ਮੈਂ ਵੀ ਮੈਂਬਰ ਸੀ। ਅਗਲੀ ਗੱਲ ਲੰਮੀ ਹੈ ਕਿ ਕਮੇਟੀ ਵਲੋਂ ਤਿਆਰ ਕੀਤਾ ਇਕ ਕੋਡ ਅਜੀਤ ਅਖ਼ਬਾਰ ਦੇ ਪਹਿਲੇ ਸਫ਼ੇ \'ਤੇ ਛਾਪਿਆ ਗਿਆ ਜਿਸ ਵਿਚ ਇਹ ਐਲਾਨ ਕੀਤਾ ਗਿਆ ਸੀ ਖਾੜਕੂਆਂ ਨਾਲ ਸੰਬੰਧਤ ਕੀ ਕੁਝ ਅਜੀਤ ਛਾਪੇਗਾ ਤੇ ਕੀ ਨਹੀਂ ਛਾਪੇਗਾ। ਇਸ ਨੂੰ ਕਈ ਧਿਰਾਂ ਵਲੋਂ ਹੁੰਗਾਰਾ ਮਿਲਿਆ ਅਤੇ ਹੌਲੀ ਹੌਲੀ ਹਾਲਤ ਨੂੰ ਮੋੜਾ ਪੈਣ ਲੱਗਾ। ਮੈਂ ਆਪਣੇ ਵਾਹ ਦੇ ਸਾਰੇ ਸਮੇਂ ਦੌਰਾਨ ਬਰਜਿੰਦਰ ਸਿੰਘ ਨੂੰ ਇੰਨਾ ਉਦਾਸ ਕਦੇ ਨਹੀਂ ਦੇਖਿਆ ਜਿੰਨਾ ਕਿ ਓਸ ਦਿਨ। ਮੈਂ ਇਸ ਗੱਲ ਦਾ ਚਸ਼ਮਦੀਦ ਗਵਾਹ ਹਾਂ ਕਿ ਬਰਜਿੰਦਰ ਸਿੰਘ ਬੇਹੱਦ ਖ਼ਤਰੇ, ਸੰਕਟ ਅਤੇ ਔਖੀਆਂ ਅਤੇ ਚੁਣੌਤੀ ਭਰੀਆਂ ਹਾਲਤਾਂ ਵਿਚ ਵੀ ਡੋਲਣ, ਡਰਨ, ਘਬਰਾਉਣ ਜਾਂ ਆਪਣੇ ਸਟੈਂਡ ਤੋਂ ਪਿੱਛੇ ਹਟਣ ਦੇ ਆਦੀ ਨਹੀਂ ਰਹੇ। ਅਜਿਹੇ ਮੌਕੇ ਉਹਨਾਂ ਦਾ ਠਹਾਕੇ ਭਰਿਆ ਹਾਸਾ ਤੁਹਾਨੂੰ ਹੌਂਸਲਾ ਦਿੰਦਾ ਰਹਿੰਦਾ ਹੈ।
(ਚਲਦਾ-ਦੂਜੀ ਕਿਸ਼ਤ ਪੜ੍ਹੋ )
(ਅਮਰਜੀਤ ਅਕਸ ਵੱਲੋਂ ਸੰਪਾਦਤ,ਵਰਤਮਾਨ ਪ੍ਰਕਾਸ਼ਨ ਦਿੱਲੀ ਦੀ ਪੁਸਤਕ \'\'ਪੰਜਾਬੀਅਤ ਦਾ ਅਲੰਬਰਦਾਰ - ਬਰਜਿੰਦਰ ਸਿੰਘ ਹਮਦਰਦ\'\' ਲਈ ਅਜੀਤ ਅਖ਼ਬਾਰ ਛੱਡਣ ਤੋਂ ਇੱਕ ਸਾਲ ਬਾਅਦ ਅਕਤੂਬਰ 2010 ਵਿਚ ਲਿਖਿਆ।
14.10.2010)
(ਹੁਣ ਜਦੋਂ ਤਿਰਛੀ ਨਜ਼ਰ ਮੀਡੀਆ ਦੇ ਰੂਪ ਵਿਚ ਮੈਂ ਇੱਕ ਨਵੇਕਲਾ ਮੀਡੀਆ ਅਦਾਰਾ ਕਾਇਮ ਕਰਨ ਦੇ ਦੌਰ ਵਿਚ ਹਾਂ ਤਾਂ ਅਕਸਰ ਬਰਜਿੰਦਰ ਸਿੰਘ ਦੀ ਪ੍ਰਬੰਧਕੀ ਅਤੇ ਸੰਪਾਦਕੀ ਅਗਵਾਈ ਦੇ ਛੋਟੇ-ਵੱਡੇ ਤਜ਼ਰਬੇ ਮੇਰੇ ਸਾਹਮਣੇ ਰਹਿੰਦੇ ਨੇ ।ਮੈਂ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਅਜੀਤ ਛੱਡਣ ਤੋਂ ਬਾਅਦ ਵੀ ਬਰਜਿੰਦਰ ਭਾਅ ਜੀ ਮੇਰੇ ਲਈ ਇਸ ਰੂਪ ਵਿਚ ਬਹੁਪੱਖੀ ਅਗਵਾਈ ਦਾ ਸਰੋਤ ਬਣੇ ਰਹਿਣਗੇ )
ਬਲਜੀਤ ਬੱਲੀ
ਸੰਪਾਦਕ
ਤਿਰਛੀ ਨਜ਼ਰ ਮੀਡੀਆ
www.babushahi.com
Toronto-19-08-12
-
ਪੰਜਾਬੀਅਤ ਦਾ ਅਲੰਬਰਦਾਰ - ਬਰĂ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.