ਭਾਰਤ ਕਿਸੇ ਜ਼ਮਾਨੇ ਚ ਸੋਨੇ ਦੀ ਚਿੱੜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਅੱਜ ਲੰਡਨ ਓਲੰਪਿਕ 2012 ਵਿੱਚ ਸੋਨੇ ਦੇ ਤਗਮੇ ਨੂੰ ਤਰਸਦਾ ਰਿਹਾ | ਸਾਡੇ ਦੇਸ਼ ਦੀ ਆਬਾਦੀ 1.22 ਅਰਬ ਤੋਂ ਵੀ ਜ਼ਿਆਦਾ ਹੈ ਅਤੇ ਭਾਰਤ ਦੁਨੀਆਂ ਚ ਆਰਥਿਕ ਪੱਖੋਂ ਪਹਿਲੇ ਪੰਜ ਮੁਲਕਾਂ ਵਿੱਚ ਗਿੱਣਿਆਂ ਜਾਂਦਾ ਹੈ ਪਰ ਓਲੰਪਿਕ ਦੀਆਂ ਖੇਡਾਂ ਵਿੱਚ ਸਿਰਫ ਦੋ ਚਾਂਦੀ (ਦੋਨੋ ਲੜਕੇ) ਅਤੇ ਚਾਰ ਤਾਂਬੇ (ਦੋ ਲੜਕੇ ਅਤੇ ਦੋ ਲੜਕੀਆਂ) ਦੇ ਮੈਡਲ ਦੇਸ਼ ਦੀ ਉੱਨਤੀ ਅਤੇ ਤਰੱਕੀ ਤੇ ਕਈ ਤਰਾਂ ਦੇ ਸਵਾਲਿਆ ਚਿੰਨ੍ਹ ਖੜੇ ਕਰਦੇ ਹਨ | ਪਹਿਲਾ ਇਹ ਕਿ ਦੇਸ਼ ਨੂੰ ਸ਼ਾਇਨਿੰਗ ਇੰਡੀਆ ਦੇ ਨਾਮ ਨਾਲ ਜਾਣਿਆ ਜਾਵੇ ਜਾਂ ਸਲੱਮ ਇੰਡੀਆ ? ਦੂਸਰਾ ਆਰਥਿਕ ਪੱਖੋਂ ਐਨੀ ਤਰੱਕੀ ਦੇ ਬਾਵਜ਼ੂਦ ਅਮਰੀਕਾ, ਚਾਈਨਾ ਅਤੇ ਇੰਗਲੈਂਡ ਦੇ ਮੁਕਾਬਲੇ ਖੇਡਾਂ ਵਿੱਚ ਐਨਾ ਮਾੜਾ ਪ੍ਰਦਰਸ਼ਨ ਕਿਉਂ ਰਿਹਾ? ਤੀਸਰਾ ਦੇਸ਼ ਦੀ ਇਕ ਅਰਬ ਦੀ ਆਬਾਦੀ ਕਿਤੇ ਦੇਸ਼ ਤੇ ਬੋਝ ਤੇ ਨਹੀਂ ?
ਦੇਸ਼ ਦੀ ਅਜ਼ਾਦੀ ਤੋਂ ਬਾਅਦ ਦੇਸ਼ ਕੋਲ ਨਾਂ ਤੇ ਪੈਸਾ ਸੀ - ਨਾਂ ਹੀ ਸਾਧਨ ਪਰ ਖਿਡਾਰੀਆਂ ਚ ਜੋਸ਼, ਹੋਸ਼ ਅਤੇ ਹਰ ਮੈਦਾਨ ਫਤਿਹ ਕਰਨ ਵਾਲੀ ਤਾਕਤ ਸੀ ਜਿਸ ਵਿੱਚੋ ਮਿਲਖਾ ਸਿੰਘ ਅਤੇ ਪੀ.ਟੀ. ਉਸ਼ਾ ਵਰਗੇ ਖਿਡਾਰੀ ਨੌਜ਼ਵਾਨਾ ਲਈ ਸੇਧ ਬਣੇ| ਅਸੀਂ ਇਸ ਲੇਖ ਰਾਹੀਂ ਵਿਚਾਰ ਕਰਾਂਗੇ ਕਿ ਅੱਜ ਦੇਸ਼ ਕੋਲ ਸਰਮਾਇਆ ਹੁੰਦਿਆਂ ਹੋਇਆਂ ਉਹ ਕਿਹੜੇ ਹਾਲਾਤ ਹਨ ਜਿਨਾਂ ਕਰਕੇ ਹਰ ਹਿੰਦੁਸਤਾਨੀ ਨੂੰ ਦੁਨੀਆਂ ਚ ਖੇਡਾਂ ਦੇ ਖੇਤਰ ਚ ਸ਼ਰਮਿੰਦਗੀ ਦਾ ਮੂੰਹ ਵੇਖਣਾਂ ਪੈਂਦਾ ਹੈ |
ਭਾਰਤ ਨੇ 1900 (ਪੈਰਿਸ) ਤੋਂ 2012 (ਲੰਡਨ) ਦੇ 112 ਸਾਲਾਂ ਦੇ ਲੰਬੇ ਓਲੰਪਿਕ ਸਫ਼ਰ ਵਿੱਚ ਕੁੱਲ ਛੱਬੀ ਮੈਡਲ ਜਿੱਤੇ ਹਨ | ਜਿਸ ਵਿੱਚ ਨੌਂ ਸੋਨੇ, ਛੇ ਚਾਂਦੀ ਅਤੇ ਗਿਆਰਾਂ ਤਾਂਬੇ ਦੇ ਤਗਮੇ ਹਨ | ਇਹਨਾਂ ਨੌਂ ਸੋਨੇ ਦੇ ਮੈਡਲਾਂ ਵਿਚੋ ਅੱਠ ਸੋਨੇ ਦੇ ਮੈਡਲ ਇਕਲੀ ਭਾਰਤ ਦੀ ਹਾਕੀ ਦੀ ਟੀਮ (ਆਦਮੀਆਂ) ਨੇ ਜਿੱਤੇ ਹਨ ਅਤੇ ਇਕ ਸੋਨੇ ਦਾ ਮੈਡਲ ਅਭਿਨਵ ਬਿੰਦਰਾ ਨੇ ਸ਼ੂਟਿੰਗ ਚ ਹਾਸਿਲ ਕੀਤਾ ਹੈ | 2012 ਵਿੱਚ ਅਰਥਿਕਤਾ ਪਖੋਂ ਭਾਰਤ ਨੂੰ ਦੁਨੀਆਂ ਭਰ ਵਿੱਚ ਪਹਿਲੀ ਕਤਾਰ ਦੇ ਮੁਲਕਾਂ ਨਾਲ ਖੜਾ ਦੇਖ ਹਰ ਹਿੰਦੁਸਤਾਨੀ ਦਾ ਮਾਨ-ਸਨਮਾਨ ਵਧਿਆ | ਪਰ ਇਸ ਤੋਂ ਉਲਟ ਓਲੰਪਿਕ ਖੇਡਾਂ ਵਿੱਚ ਭਾਰਤ ਆਪਣੀ ਜਿੱਤ ਪਚਵਿੰਜਵੇਂ ਨੰਬਰ ਤੇ ਹੀ ਦਰਜ ਕਰਵਾ ਸਕਿਆ | ਆਉ ਉਹਨਾਂ ਕਾਰਨਾਂ ਤੇ ਨਜ਼ਰ ਮਾਰੀਏ ਜਿਨਾਂ ਕਰਕੇ ਭਾਰਤ ਖੇਡਾਂ ਚ ਪਿਛੜ ਰਿਹਾ ਹੈ?
ਅਜ਼ਾਦੀ ਤੋਂ ਬਾਅਦ ਭਾਰਤ ਦੀ ਆਬਾਦੀ ਦਾ ਬਟਵਾਰਾ ਦੋ ਹਿੱਸਿਆਂ ਚ ਹੋ ਗਿਆ | ਇਕ ਹਿੱਸਾ ਸ਼ਾਇਨਿੰਗ ਜਾਂ ਸੁਪਰ-ਸ਼ਾਇਨਿੰਗ ਇੰਡੀਆ ਵਿੱਚ ਰਹਿ ਸੋਹਣੀ ਜਿੰਦਗੀ ਬਸਰ ਕਰਨ ਲੱਗ ਪਿਆ ਅਤੇ ਦੂਸਰਾ ਹਿੱਸਾ ਸਲੱਮ ਇੰਡੀਆ ਚ ਰਹਿ ਹਰ ਰੋਜ਼ ਰੋਟੀ, ਕੱਪੜੇ ਅਤੇ ਮਕਾਨ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਲੜਾਈ ਚ ਆਪਣਾ ਜੀਵਨ ਜੀਣ ਲੱਗ ਪਿਆ | 65 ਸਾਲਾਂ ਵਿੱਚ ਆਰਥਿਕ ਪੱਖੋਂ ਦੇਸ਼ ਦੀ ਉੱਨਤੀ ਕਰਕੇ ਭਾਰਤ ਨੂੰ ਦੁਨੀਆਂ ਭਰ ਵਿੱਚ ਵੀ ਸ਼ਾਇਨਿੰਗ ਇੰਡੀਆ ਦੇ ਨਾਮ ਨਾਲ ਜਾਣਿਆਂ ਜਾਣ ਲੱਗ ਪਿਆ ਅਤੇ ਸਾਲ 2002 ਤੋਂ ਬਾਅਦ ਸਿਆਸੀ ਪਾਰਟੀਆਂ ਵੀ ਸ਼ਾਇਨਿੰਗ ਇੰਡੀਆ ਦੇ ਨਾਹਰੇ ਥੱਲੇ ਸਿਆਸਤ ਕਰਨ ਲਗ ਪਈਆਂ | ਪਰ ਹਕੀਕਤ ਵਿੱਚ 70 ਫ਼ੀਸਦੀ ਭਾਰਤੀਆਂ ਦੀ ਆਮਦਨ 100 ਰੁਪਏ ਪ੍ਰਤੀ ਦਿਨ ਤੋਂ ਵੀ ਘੱਟ ਹੋਣ ਕਾਰਨ ਇਹਨਾਂ ਨੂੰ ਆਪਣੇ ਬੱਚਿਆਂ ਦੀ ਪ੍ਰਵਰਿਸ਼ ਸਲੱਮ ਇੰਡੀਆ ਚ ਰਹਿ ਕੇ ਕਰਨੀ ਪੈਂਦੀ ਹੈ ਅਤੇ ਇਹ ਲੋਕ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰਹਿ ਜਾਂਦੇ ਹਨ | ਇਸ ਤੋਂ ਉਲਟ ਲਗਭਗ 20 ਫ਼ੀਸਦੀ ਭਾਰਤੀ (ਮਿਡਲ ਕਲਾਸ) ਸ਼ਾਇਨਿੰਗ ਇੰਡੀਆ ਦੀਆਂ ਪੰਜ ਤਾਰਾ ਸਹੂਲਤਾਂ ਦਾ ਪੂਰਾ ਆੰਨਦ ਮਾਣਦੇ ਹਨ ਅਤੇ ਬਾਕੀ ਬਚੇ ਤਕਰੀਬਨ 10 ਫ਼ੀਸਦੀ ਸਰਮਾਏਦਾਰ ਭਾਰਤੀ (ਅਪਰ ਕਲਾਸ) ਸੁਪਰ-ਸ਼ਾਇਨਿੰਗ ਇੰਡੀਆ ਚ ਰਹਿ ਪੈਸੇ ਦੇ ਜੋਰ ਤੇ 90 ਫ਼ੀਸਦੀ ਭਾਰਤੀਆਂ ਨੂੰ ਆਪਣੀ ਉਂਗਲੀ ਦੇ ਇਸ਼ਾਰੇ ਤੇ ਨਚਾਉਂਦੇ ਹਨ | ਵਲਡ ਬੈੰਕ ਦੀ ਇਕ ਰਿਪੋਰਟ ਮੁਤਾਬਿਕ ਭਾਰਤ ਵਿੱਚ 32.7 ਫ਼ੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ ਇਸ ਅੰਕੜੇ ਦੇ ਮੁਤਾਬਿਕ ਭਾਰਤ ਚ ਗਰੀਬਾਂ ਦੀ ਸੰਖਿਆ ਸਾਊਥ ਅਫਰੀਕਾ ਤੋਂ ਵੀ ਜ਼ਿਆਦਾ ਹੈ | ਜਿਨੀ ਦੇਰ ਤਕ ਦੇਸ਼ ਚ ਹਰ ਪੱਖੋਂ ਬਰਾਬਰਤਾ ਨਹੀਂ ਆਉਂਦੀ ਅਤੇ ਸਰਬ-ਪੱਖੀ ਵਿਕਾਸ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਖੇਡਾਰੀਆਂ ਤੋਂ ਸੋਨੇ ਦੇ ਤਗਮੇ ਦੀ ਆਸ ਨਹੀਂ ਰੱਖ ਸਕਦੇ |
ਇੱਥੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਕਿਸੇ ਦੇਸ਼ ਦਾ ਅਸਲ ਸਰਮਾਇਆ ਧੰਨ-ਦੌਲਤ ਹੁੰਦੀ ਹੈ ਜਾਂ ਉਸ ਵਿੱਚ ਵੱਸੇ ਸਿਹਤਮੰਦ ਲੋਕ | ਭਾਰਤ ਦੁਨੀਆਂ ਭਰ ਦੀ ਦੌਲਤ ਨੂੰ ਹਥਿਆਉਣ ਚ ਲਗਾ ਹੋਇਆ ਹੈ ਪਰ ਦੇਸ਼ ਵਿੱਚ ਬਹੁਤ ਭਾਰੀ ਸੰਖਿਆ ਚ ਲੋਕ ਬੇਰੁਜ਼ਗਾਰੀ, ਗਰੀਬੀ, ਮਾੜੀਆਂ ਸਿਹਤ ਸੁਵਿਧਾਵਾਂ ਅਤੇ ਅਨਪੜਤਾ ਆਦਿ ਦਾ ਸ਼ਿਕਾਰ ਹਨ | ਅੱਜ ਭਾਰਤ ਨੂੰ ਦੂਸਰੇ ਅਗਾਂਹ ਵਧੁ ਦੇਸ਼ਾਂ ਦੇ ਮੁਕਾਬਲੇ ਆਪਣੀ ਪਹਿਚਾਨ ਹਰ ਖੇਤਰ ਚ ਬਨਾਉਣੀ ਪੈਣੀ ਹੈ ਤਾਂ ਜੋ ਦੇਸ਼ ਦਾ ਸਰਬ-ਪੱਖੀ ਵਿਕਾਸ ਹੋ ਸਕੇ | ਆਰਥਿਕ ਪੱਖੋਂ ਭਾਰਤ ਦੀ ਤਰੱਕੀ ਦੇ ਬਾਵਜ਼ੂਦ ਵੀ ਅੱਜ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਖੇਡਾਂ ਪ੍ਰਤੀ ਆਪਣੇ ਬਣਦੇ ਫਰਜ਼ ਨੂੰ ਨਿਭਾਉਣ ਵਿੱਚ ਅਸਮਰਥ ਕਿਉਂ ਹਨ | ਪੰਜਾਬ ਸਰਕਾਰ ਨੇ ਆਪਣੇ 2012-13 ਦੇ ਬਜ਼ਟ ਚ ਸਿਰਫ 0.23 ਫ਼ੀਸਦੀ ਬਜਟ ਦਾ ਹਿੱਸਾ ਖੇਡਾਂ ਤੇ ਖਰਚ ਕਰਨ ਦਾ ਫ਼ੈਸਲਾ ਕੀਤਾ ਕਿ ਇਸ ਪੈਸੇ ਨਾਲ ਪੰਜਾਬ ਵਿੱਚ ਖੇਡਾਂ ਦੇ ਖੇਤਰ ਚ ਕੋਈ ਵੱਡੀ ਤਬਦੀਲੀ ਆਉਣ ਦੇ ਅਸਾਰ ਬਣ ਸਕਦੇ ਹਨ ? ਕਿ ਇਸ ਪੈਸੇ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਚ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ ? ਜੇ ਨਹੀਂ ਕੀਤੀਆਂ ਜਾ ਸਕਦੀਆਂ ਤਾਂ ਅੱਜ ਦੇ ਮਹਿੰਗਾਈ ਦੇ ਸਮੇਂ ਚ ਗਰੀਬ ਮਾਂ-ਬਾਪ ਆਪਣੇ ਬੱਚਿਆਂ ਦੀਆਂ ਖੇਡਾਂ ਪ੍ਰਤੀ ਰੁੱਚੀਆਂ ਨੂੰ ਕਿਵੇਂ ਪੂਰੀਆਂ ਕਰਨ ਤਾਂ ਜੋ ਉਹ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕਰ ਸਕਣ | ਹਰ ਕਿਸੇ ਖਿਡਾਰੀ ਦਾ ਬਾਪ ਅਭਿਨਵ ਬਿੰਦਰਾ ਦੇ ਬਾਪ ਵਾਂਗ ਅਮੀਰ ਨਹੀਂ ਹੋ ਸਕਦਾ ਜੋ ਆਪਣੇ ਬੱਚੇ ਲਈ ਘਰ ਵਿੱਚ ਹੀ ਖੇਡਾਂ ਪ੍ਰਤੀ ਸਾਰੀਆਂ ਖੇਡ ਸੁਵਿਧਾਵਾਂ ਮੁਹੱਈਆ ਕਰਵਾ ਸਕਦਾ ਹੋਵੇ ਤਾਂ ਜੋ ਉਸ ਦਾ ਬੱਚਾ - 1980 ਦੀਆਂ ਮਾਸਕੋ ਓਲੰਪਿਕ ਤੋਂ 28 ਸਾਲ ਬਾਅਦ 2008 ਦੀਆਂ ਬੇਜਿੰਗ ਓਲੰਪਿਕ ਵਿੱਚ - ਦੇਸ਼ ਲਈ ਸੋਨੇ ਦਾ ਤਗਮਾ ਜਿੱਤ ਦੇਸ਼ ਦੀ ਝੋਲੀ ਪਾ ਸਕਦਾ ਹੋਵੇ |
ਅੱਜ IPL-ਕ੍ਰਿਕੇਟ ਭਾਰਤ ਵਿੱਚ ਕਰੋੜਾਂ ਰੁਪਏ ਦਾ ਵਪਾਰ ਕਰ ਰਹੀ ਹੈ | ਜਿਸ ਵਿੱਚ ਵਪਾਰੀ ਅਤੇ ਫਿਲਮੀ ਦੁਨੀਆਂ ਦੇ ਸਿਤਾਰੇ ਹਰ ਸਾਲ ਖੁੱਲੇ ਬਜ਼ਾਰ ਚ ਖਿਡਾਰੀਆਂ ਦੀ ਬੋਲੀ ਲਾ ਖਰੀਦੋ-ਫਰੋਖਤ ਕਰ ਅਰਬਾਂ ਰੁਪਏ ਕਮਾਉਂਦੇ ਹਨ | ਪਰ ਕਿਸੇ ਜ਼ਮਾਨੇ ਦੀ ਸੋਨੇ ਦੀ ਛੜੀ (ਹਾਕੀ) ਜਿਸ ਨੇ 1928 ਤੋਂ 1956 ਤਕ ਲਗਾਤਾਰ ਫਿਰ 1964 ਅਤੇ 1980 ਦੀਆਂ ਓਲੰਪਿਕ ਵਿੱਚ ਸੋਨੇ ਦਾ ਤਗਮਾਂ ਜਿੱਤ ਭਾਰਤ ਦੀ ਝੋਲੀ ਪਾਇਆ ਸੀ ਉਹ ਅੱਜ ਦੇਸ਼ ਦੇ ਲੀਡਰਾਂ ਦੀ ਲਾਪਰਵਾਹੀ ਕਾਰਨ ਸਰਮਾਏਦਾਰੀ ਹੇਠਾ ਗਵਾਚ ਗਈ ਹੈ | ਵੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਖੇਡਾਂ ਦੇ ਨਾਲ-ਨਾਲ ਸਾਡੇ ਦੇਸ਼ ਦੇ ਲੀਡਰ ਅਤੇ ਖੇਡ ਵਿਭਾਗ 1980 ਦਾ ਹਾਕੀ ਚ ਗਵਾਚਿਆ ਗੌਰਵ ਹਾਸਲ ਕਰਨ ਲਈ ਕਿਹੜੀ ਨੀਤੀ ਬਣਾਉਦੇ ਹਨ |
ਓਲੰਪਿਕ ਖੇਡਾਂ ਖਤਮ ਹੋਣ ਤੋਂ ਬਾਅਦ ਖੇਡ ਮੰਤਰੀ ਨੇ TV ਇੰਟਰਵਿਯੂ ਚ ਦਸਿਆ ਕਿ ਖੇਡ ਵਿਭਾਗ ਹਰ ਜਿੱਤ ਕੇ ਆਏ ਖਿਡਾਰੀ ਨੂੰ ਇਕ ਸਰਕਾਰੀ ਨੌਕਰੀ ਅਤੇ 50 ਲੱਖ ਸੋਨੇ, 30 ਲੱਖ ਚਾਂਦੀ ਅਤੇ 20 ਲੱਖ ਤਾਂਬੇ ਦੇ ਤਗਮੇਂ ਜਿੱਤਣ ਵਾਲੇ ਖਿਡਾਰੀ ਨੂੰ ਇਨਾਮ ਵਜੋ ਦਿੱਤੇ ਜਾਣਗੇ ਪਰ ਕੇਂਦਰ ਖੇਡ ਮੰਤਰੀ ਨੇ ਇਹਨਾਂ ਇਨਾਮਾਂ ਤਕ ਪਹੁੰਚਣ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਬਣਦੇ ਖੇਡ ਬਜਟ ਨੂੰ ਵਧਾਉਣ ਦੀ ਕੋਈ ਗੱਲ ਨਹੀ ਕੀਤੀ | ਇਹ ਖੁਸ਼ੀ ਦੀ ਗੱਲ ਹੈ ਕਿ ਜਿੱਤ ਪ੍ਰਾਪਤ ਕਰਕੇ ਆਏ ਖਿਡਾਰੀਆਂ ਨੂੰ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਕਰੋੜਾਂ ਚ ਸਨਮਾਨਿਤ ਕਰਨ ਦਾ ਇਲਾਨ ਕੀਤਾ ਪਰ ਖੇਡ ਜਗਤ ਵਿੱਚ ਨਵੀਂ ਪਨੀਰੀ ਤਿਆਰ ਕਰਨ ਦੀ ਗੱਲ ਖੁੱਲ ਕੇ ਸਾਹਮਣੇ ਨਹੀਂ ਆਈ |
ਸਾਰੀਆਂ ਗਲਾਂ ਦੀ ਤਹਿ ਤੱਕ ਪੜਤਾਲ ਕਰਨ ਤੋਂ ਬਾਅਦ ਪੰਜ ਮੁੱਖ ਕਾਰਣ ਸਾਹਮਣੇ ਆਏ | ਪਹਿਲਾ ਇਹ ਕਿ ਬਹੁਤ ਸਾਰੇ ਲੋਕਾਂ ਕੋਲ ਆਪਣੇ ਬੱਚਿਆਂ ਨੂੰ ਤਿੰਨ ਵਕਤ ਦਾ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਯੋਗ ਆਮਦਨ ਨਹੀਂ ਹੈ ਤੇ ਇਹ ਮਾਂ-ਬਾਪ ਆਪਣੇ ਬੱਚਿਆਂ ਦੀ ਰੁੱਚੀ ਖੇਡਾਂ ਚ ਕਿਵੇਂ ਵਧਾਉਣ | ਦੂਸਰਾ ਖਾਣ ਵਾਲੇ ਖਾਣੇਂ ਵਿੱਚ ਬਹੁਤ ਭਾਰੀ ਮਿਲਾਵਟ ਹੋਣ ਕਰਕੇ ਅਤੇ ਕਣਕ, ਸਬਜ਼ੀਆਂ ਅਤੇ ਦਾਲਾਂ ਤੇ ਜ਼ਹਿਰੀਲੀਆਂ ਦਵਾਈਆਂ ਦੀ ਸਪਰੇ ਹੋਣ ਕਰਕੇ ਬੱਚੇ ਸਿਹਤ ਪੱਖੋਂ ਕਮਜ਼ੋਰ ਜਾਂ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਹਨ | ਤੀਸਰਾ ਦੇਸ਼ ਵਿੱਚ ਅੱਤ ਦੀ ਗਰੀਬੀ ਕਰਕੇ 47 ਫ਼ੀਸਦੀ ਬੱਚੇ ਭਾਰ ਘੱਟ ਹੋਣ ਕਰਕੇ ਆਪਣੀ ਜਿੰਦਗੀ ਵਿੱਚ ਦੇਸ਼ ਦੀ ਉੱਨਤੀ ਅਤੇ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਨਹੀਂ ਪਾ ਰਹੇ | ਚੌਥਾ ਸਕੂਲਾਂ ਅਤੇ ਸੂਬਿਆਂ ਵਿੱਚ ਮਾੜੀਆਂ ਖੇਡ ਸੁਵਿਧਾਵਾਂ ਕਰਕੇ ਭਾਰਤ ਖੇਡਾਂ ਦੇ ਮੈਦਾਨ ਚ ਪਿਛੜਦਾ ਜਾ ਰਿਹਾ ਹੈ | ਪੰਜਵਾਂ ਪਿਛਲੇ ਕੁੱਝ ਸਮੇਂ ਵਿੱਚ ਨੌਜ਼ਵਾਨ ਬੇਰੁਜ਼ਗਾਰੀ ਕਰਕੇ ਵੱਖ-ਵੱਖ ਨਸ਼ਿਆਂ ਦਾ ਸ਼ਿਕਾਰ ਹੋ ਗਏ ਹਨ ਅਤੇ ਇਹਨਾਂ ਭਾਰੀ ਨਸ਼ਿਆਂ ਕਰਕੇ ਉਹਨਾਂ ਦੀ ਸਿਹਤ ਤੰਦਰੁਸਤ ਨਹੀਂ ਰਹੀ ਜਿਸ ਨਾਲ ਉਹ ਖੇਡਾਂ ਦੀ ਦਿਨਿਆਂ ਚ ਕੋਈ ਖਾਸ ਯੋਗਦਾਨ ਨਹੀਂ ਪਾ ਸਕੇ |
ਮੁਗਲਾਂ ਅਤੇ ਗੋਰਿਆਂ ਨੇ ਭਾਰਤ ਦਾ ਸੋਨਾ ਅਤੇ ਸਰਮਾਇਆ ਲੁੱਟਿਆ ਸੀ ਪਰ ਅੱਜ ਦੇ ਲੀਡਰਾਂ ਨੇ ਦੇਸ਼ ਦੇ ਸੋਨੇ ਵਰਗੇ ਗਭਰੂਆਂ ਦੀ ਜਵਾਨੀ ਨੂੰ ਬਰਬਾਦ ਕਰ ਉਹਨਾਂ ਨੂੰ ਮੌਤ ਦੇ ਖੂਹ ਚ ਧੱਕ ਦਿੱਤਾ ਹੈ | ਜੇ ਆਉਣ ਵਾਲੇ ਸਮੇਂ ਵਿੱਚ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੇ ਖਾਣੇ ਦੀ ਮਲਾਵਟ, ਜ਼ਹਿਰੀਲੀਆਂ ਦਵਾਈਆਂ ਦੀਆਂ ਫ਼ਸਲਾਂ ਤੇ ਸਪਰੇਆਂ, ਨੌਜਵਾਨਾਂ ਨੂੰ ਨਸ਼ਿਆਂ ਚੋ ਬਾਹਰ ਕੱਢ ਖੇਡਾਂ ਵਾਲੇ ਬੰਨੇ ਨਾ ਲਗਾਇਆ ਤਾਂ ਭਾਰਤ ਦੀ ਵਧਦੀ-ਆਬਾਦੀ ਭਾਰਤ ਤੇ ਇਕ ਬੋਝ ਹੋਵੇਗੀ ਅਤੇ ਸਰਕਾਰਾਂ ਨੂੰ ਲੋਕਾਂ ਦੇ ਇਲਾਜ਼ ਤੇ ਬਹੁਤ ਵੱਡੀ ਰਕਮ ਖਰਚ ਕਰਨੀ ਪਵੇਗੀ | ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਰਲ ਕੇ ਖੇਡਾਂ ਦੇ ਹਰ ਖੇਤਰ ਵਿੱਚ ਵੱਧ-ਤੋਂ-ਵੱਧ ਧਿਆਨ ਦੇਣਾ ਚਾਹਿਦਾ ਹੈ ਤਾਂ ਜੋ ਕਿਸੇ ਵੀ ਨੌਜ਼ਵਾਨ ਦਾ ਖੇਡਾਂ ਪ੍ਰਤੀ ਸੁਪਨਾ ਪਿੰਡ ਜਾਂ ਜਿਲ੍ਹਾ ਪੱਧਰ ਤੇ ਖੇਡਾਂ ਦੀਆਂ ਬੁਨਿਆਦੀ ਸਹੂਲਤਾਂ ਨਾ ਹੋਣ ਕਰਕੇ ਮਿੱਟੀ ਚ ਨਾ ਮਿਲ ਜਾਵੇ |
ਅਮਨਪ੍ਰੀਤ ਸਿੰਘ ਛੀਨਾ
(M.Sc. ਆੱਕਸਫੋਰਡ ਯੁਨੀਵਰਸਿਟੀ) E:amanpreetchhina@gmail.com M: 0044 788 622 9063 (UK)
-
ਅਮਨਪ੍ਰੀਤ ਸਿੰਘ ਛੀਨਾ, E:amanpreetchhina@gmail.com, M: 0,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.