ਇਨ੍ਹਾਂ ਹੀ ਦਿਨਾਂ ਵਿੱਚ ਸ. ਤਰਲੋਚਨ ਸਿੰਘ, ਸਾਬਕਾ ਸਾਂਸਦ ਅਤੇ ਸਾਬਕਾ ਚੇਅਰਮੈਨ ਕੌਮੀ ਘਟ ਗਿਣਤੀ ਕਮਿਸ਼ਨ ਵਲੋਂ ਲਿਖਿਤ ਇੱਕ ਮਜ਼ਮੂਨ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਲਈ ਅਪਣਾਈ ਗਈ ਚਲੀ ਆ ਰਹੀ ਪ੍ਰਕ੍ਰਿਆ ਤੇ ਕਿੰਤੂ ਕਰਦਿਆਂ ਲਿਖਿਆ ਹੈ ਕਿ ਅਸੀਂ ਇੱਕ ਵਾਧੂ ਉਸਤਤ ਸਹੇੜ ਲਈ ਹੈ, ਕਿ ਅਸੀਂ ਹੀ ਹਾਂ, ਜੋ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਲਈ ਲੋਕਤੰਤਰਿਕ ਪ੍ਰਣਾਲੀ ਨੂੰ ਅਪਣਾਉਂਦੇ ਹਾਂ। ਇਸ ਰਾਹੀਂ ਗੁਰਦੁਆਰਾ ਕਮੇਟੀ ਨੂੰ ਵੋਟਾਂ ਰਾਹੀਂ ਚੁਣਦੇ ਹਾਂ, ਜਿਸ ਕਾਰਣ ਪਾਰਟੀਬਾਜ਼ੀ ਦੀ ਇੰਤਹਾ ਤੱਕ ਪਹੁੰਚ ਗਏ ਹਾਂ। ਮੈਂਬਰ ਬਣਨ ਲਈ ਹਰ ਹੀਲਾ ਵਰਤਦੇ ਹਾਂ। ਗੁਰਦੁਆਰਾ ਕਮੇਟੀ ਦੀ ਚੋਣ ਵਿੱਚ ਪੂਰੇ ਸਫੇ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਛਪਦੇ ਹਨ। ਚੋਣਾਂ ਦੇ ਨਤੀਜੇ ਪਿਛੋਂ ਕਚਹਿਰੀਆਂ ਵਿੱਚ ਮੁਕੱਦਮੇ ਚਲਦੇ ਹਨ। ਲੱਖਾਂ ਰੁਪਏ ਖਰਚ ਹੁੰਦੇ ਹਨ। ਕਿਧਰੇ ਪੁਲਿਸ ਆ ਦਖ਼ਲ ਦਿੰਦੀ ਹੈ। ਗੁਰਦੁਆਰੇ ਦੀ ਗਲ ਤਾਂ ਕਿਧਰੇ ਰਹੀ ਦਿੱਲੀ ਗੁਰਦੁਆਰਾ ਕਮੇਟੀ, ਪਟਨਾ ਸਾਹਿਬ ਕਮੇਟੀ, ਹਜੂਰ ਸਾਹਿਬ ਬੋਰਡ ਦੀ ਵੀ ਚੋਣ ਜਿਵੇਂ ਹੁੰਦੀ ਹੈ, ਉਹ ਸਾਡੇ ਸਾਹਮਣੇ ਹੈ। ਵੱਡੀਆਂ-ਵੱਡੀਆਂ ਸੰਸਥਾਵਾਂ ਵੀ ਰਾਜਨੀਤੀ ਦਾ ਹਿੱਸਾ ਬਣ ਜਾਂਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਇੱਕ ਆਮ ਚੋਣ ਵਾਂਗ ਹੁੰਦੀ ਹੈ। ਅੱਜਕਲ੍ਹ ਤਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਵੀ ਇਸ (ਸ਼੍ਰੋਮਣੀ ਕਮੇਟੀ ਸਹਿਤ ਗੁਰਦੁਆਰਾ ਕਮੇਟੀਆਂ ਦੀਆਂ ਚੋਣਾਂ) ਵਿੱਚ ਦਖ਼ਲ ਦੇ ਰਹੀਆਂ ਹਨ। ਕੇਵਲ ਅਸੀਂ ਹੀ ਹਾਂ, ਜਿਨ੍ਹਾਂ ਬਾਰੇ ਸਰਕਾਰ ਜਾਂ ਕਚਹਿਰੀ ਫੈਸਲਾ ਕਰਦੀ ਹੈ ਕਿ \'ਸਿੱਖ\' ਕੌਣ ਹੈ? ਕੀ ਕਦੀ ਸੁਣਿਆ ਹੈ ਕਿ ਮੁਸਲਮਾਨਾਂ ਜਾਂ ਇਸਾਈਆਂ ਬਾਰੇ ਅਦਾਲਤ ਦਖ਼ਲ ਦਿੰਦੀ ਹੋਵੇ? ਕਿਤਨੀ ਅਜੀਬ ਸਥਿਤੀ ਹੈ ਸਾਡੀ? ਸਾਨੂੰ ਵੇਹਲ ਹੀ ਨਹੀਂ ਕਿ ਇਹੋ ਜਿਹੇ ਸਿਧਾਂਤਕ ਮਸਲਿਆਂ ਬਾਰੇ ਸੋਚ ਸਕੀਏ?
ਇਥੇ ਇਹ ਗਲ ਵਰਨਣਯੋਗ ਹੈ ਕਿ ਗੁਰਦੁਆਰਾ ਕਮੇਟੀਆਂ ਦੀ ਚੋਣ ਪ੍ਰਕ੍ਰਿਆ ਪੁਰ ਪਹਿਲੀ ਵਾਰ ਹੀ ਕਿੰਤੂ ਨਹੀਂ ਕੀਤਾ ਗਿਆ ਅਤੇ ਨਾ ਹੀ ਸ. ਤਰਲੋਚਨ ਸਿੰਘ ਅਜਿਹੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਇਸ ਪ੍ਰਕ੍ਰਿਆ ਪੁਰ ਪ੍ਰਸ਼ਨ-ਚਿੰਨ੍ਹ ਲਾਇਆ ਹੋਵੇ। ਉਨ੍ਹਾਂ ਤੋਂ ਪਹਿਲਾਂ ਵੀ ਕਈਆਂ ਵਲੋਂ ਅਜਿਹੇ ਪ੍ਰਸ਼ਨ-ਚਿੰਨ੍ਹ ਲਾਏ ਜਾਂਦੇ ਚਲੇ ਆ ਰਹੇ ਹਨ।
ਕੁਝ ਹੀ ਸਮਾਂ ਹੋਇਐ ਦਿੱਲੀ ਦੀ ਇੱਕ ਸਿੱਖ ਸੰਸਥਾ ਵਲੋਂ \'ਗੁਰਦੁਆਰਾ ਪ੍ਰਬੰਧ : ਇਕ ਵਿਸ਼ਲੇਸ਼ਣ\' ਵਿਸ਼ੇ ਪੁਰ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਈ ਬੁਧੀਜੀਵੀ-ਬੁਲਾਰਿਆਂ ਨੇ ਗੁਰਦੁਆਰਾ ਪ੍ਰਬੰਧ ਅਤੇ ਧਾਰਮਕ ਸੰਸਥਾਵਾਂ ਵਿਚ ਆ ਰਹੀਆਂ ਬੁਰਿਆਈਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਅਤੇ ਇਸਦੇ ਲਈ ਮੁਖ ਰੂਪ ਵਿਚ ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਲਈ ਅਪਣਾਈ ਗਈ ਹੋਈ ਚਲੀ ਆ ਰਹੀ ਪ੍ਰਣਾਲੀ ਨੂੰ ਦੋਸ਼ੀ ਕਰਾਰ ਦਿੰਦਿਆਂ ਇਸ ਗਲ ਤੇ ਜ਼ੋਰ ਦਿਤਾ ਕਿ ਇਸ ਚੋਣ-ਪ੍ਰਣਾਲੀ ਦਾ ਕੋਈ ਹੋਰ ਚੰਗਾ ਤੇ ਪ੍ਰਭਾਵਸ਼ਾਲੀ ਬਦਲ ਲਭਿਆ ਜਾਣਾ ਚਾਹੀਦਾ ਹੈ। ਇਸਦਾ ਕਾਰਣ ਉਨ੍ਹਾਂ ਵਲੋਂ ਇਹ ਦਸਿਆ ਗਿਆ ਵਰਤਮਾਨ ਚੋਣ-ਪ੍ਰਣਾਲੀ ਪੁਰ ਕੀਤੇ ਜਾ ਰਹੇ ਅਮਲ ਰਾਹੀਂ, ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਪੁਰ ਕਾਬਜ਼ ਹੋ ਜਾਂਦੇ ਹਨ, ਜਿਨ੍ਹਾਂ ਦਾ ਆਚਰਣ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁਧ ਹੁੰਦਾ ਹੈ। ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਵਿਚ ਆ ਕੇ ਮੈਂਬਰੀ ਨੂੰ ਹੀ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲੈਂਦੇ ਹਨ। ਜਿਸਦੇ ਫਲਸਰੂਪ ਧਾਰਮਿਕ ਸੰਸਥਾਵਾਂ ਵਿਚ ਦਿਨ-ਬ-ਦਿਨ ਭਰਿਸ਼ਟਾਚਾਰ ਅਤੇ ਆਚਰਣਹੀਨਤਾ ਦਾ ਬੋਲਬਾਲਾ ਹੋਣ ਲਗਦਾ ਹੈ ਅਤੇ ਨਤੀਜਾ ਇਹ ਹੁੰਦਾ ਹੈ ਕਿ ਇਹ ਸੰਸਥਾਵਾਂ ਧਾਰਮਿਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਉਣ ਵਿਚ ਸਫਲ ਨਹੀਂ ਹੋ ਪਾਂਦੀਆਂ।
ਇਸ ਵਿਚ ਕੋਈ ਸ਼ਕ ਨਹੀਂ ਕਿ ਇਸ ਸੋਚ ਵਿਚ ਦੰਮ ਵੀ ਹੈ ਅਤੇ ਸੱਚਾਈ ਵੀ, ਪਰ ਸੁਆਲ ਉਠਦਾ ਹੈ ਕਿ ਬੀਤੇ ਕਾਫੀ ਸਮੇਂ ਅਜਿਹੇ ਪ੍ਰਸ਼ਨ-ਚਿੰਨ੍ਹ ਲਾਂਉਂਦੇ ਚਲੇ ਆ ਰਹੇ ਵਿਦਵਾਨਾਂ ਅਤੇ ਇਸ (ਸੈਮੀਨਾਰ ਆਯੋਜਨ ਕਰਨ ਵਾਲੀ) ਜਥੇਬੰਦੀ ਦੇ ਕਿਸੇ ਮੁੱਖੀ ਨੇ ਸੈਮੀਨਾਰ ਵਿਚ ਆਏ ਸੁਝਾਵਾਂ ਅਨੁਸਾਰ ਜਾਂ ਫਿਰ ਸ. ਤਰਲੋਚਨ ਸਿੰਘ ਨੇ ਵਰਤਮਾਨ ਚੋਣ ਪ੍ਰਣਾਲੀ ਤੇ ਪ੍ਰਸ਼ੰਨ-ਚਿੰਨ੍ਹ ਲਾਉਂਦਿਆਂ, ਵਰਤਮਾਨ ਚੋਣ-ਪ੍ਰਣਾਲੀ ਦਾ ਕੋਈ ਸਾਰਥਕ ਬਦਲ ਲਭਣ ਜਾਂ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ? ਜਾਂ ਇਹ ਸੁਝਾਉ ਦੇਣ ਵਾਲੇ ਬੁਧੀਜੀਵੀਆਂ ਵਿਚੋਂ ਕਿਸੇ ਨੇ ਇਸਦਾ ਕੋਈ ਉਪਯੋਗੀ ਬਦਲ ਪੇਸ਼ ਕੀਤਾ ਹੈ? ਸ਼ਾਇਦ ਨਹੀਂ। ਕੇਵਲ ਇਤਨਾ ਆਖ ਜਾਂ ਇਹ ਸਲਾਹ ਦੇ ਕਿ ਵਰਤਮਾਨ ਪ੍ਰਣਾਲੀ ਦਾ ਕੋਈ ਬਦਲ ਲਭਿਆ ਜਾਏ ਜਾਂ ਇਹ ਆਖ ਕਿ ਇਸਦੇ ਬਦਲ ਤਾਂ ਕਈ ਹਨ, ਜਿਨ੍ਹਾਂ ਵਿਚੋਂ ਕੋਈ ਚੰਗਾ ਜਿਹਾ ਬਦਲ ਅਪਨਾਇਆ ਜਾ ਸਕਦਾ ਹੈ, ਪਲਾ ਕਿਉਂ ਝਾੜ ਲਿਆ ਜਾਂਦਾ ਹੈ? ਕੀ ਅਜਿਹਾ ਕਰ ਕੇ, ਕੌਮ ਨੂੰ ਦੁਬਿੱਧਾ ਵਿਚ ਪਾਣਾ, ਸਿੱਖ ਰਾਜਨੀਤੀ ਦੇ ਖਿਡਾਰੀਆਂ ਅਤੇ ਬੁਧੀਜੀਵੀ-ਵਿਦਵਾਨਾਂ ਦਾ ਸੁਭਾਉ ਨਹੀਂ ਬਣ ਗਿਆ ਹੋਇਆ?
ਇਸ ਮੌਕੇ ਤੇ ਕੁਝ ਵਿਦਵਾਨ-ਬੁਧੀਜੀਵੀਆਂ ਨੇ ਆਪਣੀ ਵਿਦਵਤਾ ਦਾ ਸਿੱਕਾ ਬਿਠਾਣ ਦੇ ਉਦੇਸ਼ ਨਾਲ, ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਕਰਨ ਸਬੰਧੀ ਅਪਨਾਈ ਗਈ ਹੋਈ ਚੋਣ ਪ੍ਰਣਾਲੀ ਦਾ ਵਿਰੋਧ ਕਰਦਿਆਂ, ਇਹ ਦਲੀਲ ਤੱਕ ਦੇ ਦਿਤੀ ਕਿ ਨਾ ਤਾਂ ਗੁਰੂ ਨਾਨਕ ਦੇਵ ਜੀ ਨੇ ਗੁਰਗਦੀ ਦੀ ਸੌਂਪਣਾ ਕਰਦਿਆਂ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕਰਨ ਲਈ ਕਿਸੇ ਤਰ੍ਹਾਂ ਦੇ ਮਤਦਾਨ ਦਾ ਸਹਾਰਾ ਲਿਆ ਸੀ। ਇਸ ਕਰ ਕੇ ਵਰਤਮਾਨ ਵਿਚ ਵੀ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਮਤਦਾਨ ਦਾ ਸਹਾਰਾ ਨਹੀਂ ਲਿਆ ਜਾਣਾ ਚਾਹੀਦਾ। ਇਉਂ ਜਾਪਦਾ ਹੈ, ਜਿਵੇਂ ਇਹ ਦਲੀਲ ਦੇਣ ਵਾਲੇ ਵਿਦਵਾਨ ਬੁਧੀਜੀਵੀ ਅਪ੍ਰਤਖ ਰੂਪ ਵਿਚ ਇਹ ਕਹਿਣਾ ਚਾਹੁੰਦੇ ਸਨ ਕਿ ਇਨ੍ਹਾਂ ਦੀ ਚੋਣ ਦਾ ਅਧਿਕਾਰ ਉਨ੍ਹਾਂ ਨੂੰ ਸੌਂਪ ਦੇਣਾ ਚਾਹੀਦਾ ਹੈ ਤਾਂ ਜੋ ਉਹ ਗੁਰੂ ਸਾਹਿਬਾਨ ਵਲੋਂ ਅਪਨਾਏ ਗਏ ਢੰਗ ਰਾਹੀਂ ਗੁਰਦੁਆਰਾ ਕਮੇਟੀਆਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਕਰ ਦਿਆ ਕਰਨ। ਵਿਚਾਰਨ ਵਾਲੀ ਗਲ ਤਾਂ ਇਹ ਹੈ ਕਿ ਕੀ ਉਨ੍ਹਾਂ ਜਾਂ ਉਨ੍ਹਾਂ ਵਰਗੇ ਕਿਸੇ ਹੋਰ ਵਿਚ ਇਤਨੀ ਸਮਰਥਾ ਜਾਂ ਸੂਝ ਹੈ ਕਿ ਉਹ ਉਸੇ ਤਰ੍ਹਾਂ ਦੀ ਚੋਣ ਕਰ ਸਕੇ, ਜਿਸਤਰ੍ਹਾਂ ਦੀ ਚੋਣ ਗੁਰੂ ਸਾਹਿਬਾਨ ਵਲੋਂ ਕੀਤੀ ਜਾਂਦੀ ਰਹੀ ਸੀ? ਅਜਕਲ ਦੇ ਵਿਦਵਾਨ-ਬੁਧੀਜੀਵੀਆਂ ਦਾ ਤਾਂ ਇਹ ਸੁਭਾਉੇ ਬਣ ਚੁਕਾ ਹੈ ਕਿ ਜਿਸ ਢੰਗ ਜਾਂ ਪ੍ਰਣਾਲੀ ਤੇ ਚਲਣ ਦੀ ਉਨ੍ਹਾਂ ਦੀ ਆਪਣੀ ਸਮਰਥਾ ਨਾ ਹੋਵੇ, ਆਪਣੀ ਹਊਮੈ ਨੂੰ ਪੱਠੇ ਪਾਣ ਲਈ ਉਸ ਨੂੰ ਮਾੜਾ ਕਹਿ ਕੇ ਭੰਡ ਦਿਉ, ਕੌਮ ਭੰਬਲਭੂਸੇ ਵਿਚ ਪੈਂਦੀ ਹੈ ਤਾਂ ਪਈ ਰਹੇ, ਉਨ੍ਹਾਂ ਦਾ ਕੀ ਜਾਂਦਾ ਹੈ? ਉਨ੍ਹਾਂ ਦੀ ਵਿਦਵਤਾ ਦਾ ਸਿੱਕਾ ਤਾਂ ਜੰਮ ਹੀ ਜਾਂਦਾ ਹੈ ਨਾ। ਚਾਹੀਦਾ ਤਾਂ ਇਹ ਹੈ ਕਿ ਜੇ ਕਿਸੇ ਪ੍ਰਣਾਲੀ ਨੂੰ ਮਾੜਾ ਕਹਿਣ ਦੀ ਹਿੰਮਤ ਕੀਤੀ ਹੈ, ਤਾਂ ਉਸਨਂੂੰ ਸੁਧਾਰਨ ਦੀ ਸਮਰਥਾ ਦਾ ਅਹਿਸਾਸ ਵੀ ਕਰਵਾਇਆ ਜਾਣਾ ਚਾਹੀਦਾ ਹੈ। ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਕਈ ਢੰਗ-ਪ੍ਰਣਾਲੀਆਂ ਅਤੇ ਰਸਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਬਦਲ ਲਭਣਾ ਉਤਨਾ ਸਹਿਜ ਨਹੀਂ ਹੁੰਦਾ, ਜਿਤਨਾ ਕਿ ਉਨ੍ਹਾਂ ਨੂੰ ਮਾੜਾ ਕਹਿ ਕੇ ਭੰਡ ਦੇਣਾ। ਜੇ ਸੁਚਜਾ ਬਦਲ, ਜਿਸ ਤੇ ਅਮਲ ਕੀਤਾ ਜਾਣਾ ਸੰਭਵ ਹੋ ਸਕਦਾ ਹੋਵੇ, ਨਜ਼ਰ ਨਾ ਆਏ ਤਾਂ ਸਥਾਪਤ ਪ੍ਰਣਾਲੀ ਨੂੰ ਹੀ ਸੁਧਾਰਣ ਦੀ ਕੌਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
…ਅਤੇ ਅੰਤ ਵਿੱਚ : ਅੱਜ ਸਮੁੱਚਾ ਸਿੱਖ-ਪੰਥ ਹੀ ਅਣ-ਸੁਲਝੇ ਵਿਵਾਦਾਂ ਦਾ ਸ਼ਿਕਾਰ ਹੋ ਕੇ ਅਜਿਹੀਆਂ ਹਨੇਰੀਆਂ ਗਲੀਆਂ ਵਿੱਚ ਭਟਕਦਾ ਅਤੇ ਹੱਥ-ਪੈਰ ਮਾਰ ਰਿਹਾ ਹੈ, ਜਿਨ੍ਹਾਂ ਵਿਚੋਂ ਬਾਹਰ ਨਿਕਲਣ ਦਾ ਉਸਨੂੰ ਕੋਈ ਰਾਹ ਤਕ ਨਹੀਂ ਮਿਲ ਪਾ ਰਿਹਾ। ਆਪਣਿਆਂ ਵਿਚੋਂ ਉਸਨੂੰ ਕੋਈ ਅਜਿਹੀ ਸ਼ਖਸੀਅਤ ਵੀ ਨਜ਼ਰ ਨਹੀਂ ਆ ਰਹੀ, ਜੋ ਸਿੱਖੀ ਨੂੰ ਬਚਾਣ ਪ੍ਰਤੀ ਸੁਹਿਰਦ ਹੋ, ਚਾਨਣ-ਮਨਾਰਾ ਬਣ, ਉਸਨੂੰ ਇਨ੍ਹਾਂ ਹਨੇਰੀਆਂ ਗਲੀਆਂ ਵਿਚੋਂ ਬਾਹਰ ਨਿਕਲਣ ਵਿੱਚ, ਉਸਦਾ ਮਾਰਗ-ਦਰਸ਼ਨ ਕਰ ਸਕੇ! ਜਿਸ ਕਾਰਣ ਇਹ ਸੁਆਲ ਉਠਣਾ ਸੁਭਾਵਕ ਹੀ ਹੈ ਕਿ ਕਿਧਰੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਕਿਸੇ ਸੁਹਿਰਦ ਦੀ ਅਣਹੋਂਦ ਦੇ ਕਾਰਣ, ਉਹ ਵਿਵਾਦਾਂ ਦੀਆਂ ਹਨੇਰੀਆਂ ਗਲੀਆਂ ਵਿੱਚ ਭਟਕਦਿਆਂ ਅਤੇ ਦੀਵਾਰਾਂ ਨਾਲ ਖਹਿੰਦਿਆਂ, ਆਪਣੀ ਹੋਂਦ ਤਕ ਨੂੰ ਹੀ ਗੁਆ ਬੈਠੇਗਾ?
ਜੇ ਸੱਚਾਈ ਸਵੀਕਾਰ ਕੀਤੀ ਜਾ ਸਕੇ ਤਾਂ ਸੱਚਾਈ ਇਹੀ ਹੈ ਕਿ ਵਿਵਾਦਾਂ ਵਿੱਚ ਘਿਰੇ ਸਿੱਖਾਂ ਪਾਸ ਨਾ ਤਾਂ ਕੋਈ ਅਜਿਹੀ ਸੋਝੀ ਰਹਿਣ ਦਿੱਤੀ ਗਈ ਹੈ, ਜਿਸਦੇ ਸਹਾਰੇ ਉਹ ਇਸ ਦੁਬਿੱਧਾ ਵਿਚੋਂ ਬਾਹਰ ਆ ਕੇ ਫੈਸਲਾ ਕਰ ਸਕਣ ਕਿ ਕਿਹੜਾ ਰਾਹ ਉਨ੍ਹਾਂ ਨੂੰ ਮੰਜ਼ਿਲ ਤਕ ਪਹੁੰਚਾਉਣ ਵਿਚ ਸਹਾਇਕ ਸਾਬਤ ਹੋਵੇਗਾ ਅਤੇ ਨਾ ਹੀ ਉਨ੍ਹਾਂ ਪਾਸ ਅਜਿਹਾ ਕੋਈ ਆਗੂ ਰਹਿ ਗਿਆ ਹੋਇਆ ਹੈ, ਜੋ ਮਾਰਗ-ਦਰਸ਼ਨ ਕਰ, ਉਨ੍ਹਾਂ ਨੂੰ ਇਸ ਦੁਬਿੱਧਾ ਵਿਚੋਂ ਉਭਾਰ, ਠੀਕ ਰਾਹ ਤੇ ਪਾ ਸਕੇ।
ਇਕ ਪਾਸੇ ਤਾਂ ਉਹ ਸ਼ਕਤੀਆਂ ਹਨ, ਜੋ ਆਪਣੇ ਨਿਜੀ ਰਾਜਸੀ ਸਵਾਰਥ ਦੀ ਪੂਰਤੀ ਲਈ, ਸਿੱਖ ਧਰਮ ਦੀਆਂ ਸਥਾਪਤ ਧਾਰਮਕ ਤੇ ਇਤਿਹਾਸਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰਂ ਦਾਅ \'ਤੇ ਲਾ ਰਹੀਆਂ ਹਨ ਅਤੇ ਦੂਜੇ ਪਾਸੇ ਉਹ ਸ਼ਕਤੀਆਂ ਹਨ, ਜੋ ਸਿੱਖੀ ਦੀਆਂ ਸਥਾਪਤ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਰਾਜਸੀ ਸਵਾਰਥ ਦੇ ਸ਼ਿਕਾਰ ਲੋਕਾਂ ਦੇ ਪੰਜੇ ਵਿਚੋਂ ਆਜ਼ਾਦ ਕਰਾਉਣ ਦਾ ਦਾਅਵਾ ਕਰਦਿਆਂ, ਜਾਣੇ-ਅਣਜਾਣੇ ਮੂਲ ਰਾਹ ਤੋਂ ਭਟਕ, ਅਜਿਹੇ ਲੋਕਾਂ ਦੀ ਸਰਪ੍ਰਸਤੀ ਕਰਨ ਲੱਗ ਪਈਆਂ ਹਨ, ਜੋ ਕੌਮ ਵਿਚ ਵੱਧ ਤੋਂ ਵੱਧ ਵਿਵਾਦ ਪੈਦਾ ਕਰ, ਆਪਣੀ ਦੁਕਾਨਦਾਰੀ ਚਮਕਾਉਣ ਵਿਚ ਜੁਟੇ ਹੋਏ ਹਨ।
ਵਿਵਾਦ ਪੈਦਾ ਕਰਨ ਵਾਲੇ, ਇਹ ਲੋਕੀਂ ਉਹ ਹਨ, ਜੋ ਇਕ ਪਾਸੇ ਤਾਂ ਸਿੱਖੀ ਦੀਆਂ ਸਥਾਪਤ ਧਾਰਮਕ ਤੇ ਇਤਿਹਾਸਕ ਮਾਨਤਾਵਾਂ ਦੀ ਰੱਖਿਆ ਕਰਨ ਦਾ ਦਾਅਵਾ ਕਰਦੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਹੀ ਮਾਨਤਾਵਾਂ ਦੇ ਸਬੰਧ ਵਿਚ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪੈਦਾ ਕਰ, ਲਗਾਤਾਰ ਵਿਵਾਦਾਂ ਨੂੰ ਕੇਵਲ ਜਨਮ ਹੀ ਨਹੀਂ ਦੇ ਰਹੇ, ਸਗੋਂ ਉਨ੍ਹਾਂ ਨੂੰ ਵਧਾਉਣ ਵਿਚ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। ਅਜਿਹੇ ਦੁਬਿੱਧਾ ਭਰੇ ਹਾਲਾਤ ਪੈਦਾ ਕਰਨ ਵਾਲਿਆਂ ਦੀ ਜਾਣੇ-ਅਨਜਾਣੇ ਸਰਪ੍ਰਸਤੀ ਕਰ ਰਹੇ \'ਪੰਥ ਦਰਦੀਆਂ\' ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੋ ਪਾ ਰਿਹਾ, ਕਿ ਇਨ੍ਹਾਂ ਲੋਕਾਂ ਵਲੋਂ ਪੈਦਾ ਕੀਤੇ ਵਿਵਾਦਾਂ ਕਾਰਣ ਹੀ, ਸਥਾਪਤ ਇਤਿਹਾਸਕ ਅਤੇ ਧਾਰਮਕ ਮਾਨਤਾਵਾਂ, ਮਰਿਆਦਾਵਾਂ ਤੇ ਪਰੰਪਰਾਵਾਂ ਖਤਮ ਹੁੰਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਥਾਂ ਅਜਿਹਾ ਰਾਜਸੀ ਸੁਆਰਥ ਲੈਂਦਾ ਜਾ ਰਿਹਾ ਹੈ, ਜਿਸਦੇ ਫਲਸਰੂਪ ਅੱਜ ਦਾ ਸਿੱਖ ਨੌਜਵਾਨ ਭੰਬਲ-ਭੂਸਿਆਂ ਵਿਚ ਫਸ ਭਟਕ ਰਿਹਾ ਹੈ। ਇਨ੍ਹਾਂ ਭੰਬਲ-ਭੂਸਿਆਂ ਵਿਚੋਂ ਉਭਰਨ ਦਾ ਕੋਈ ਰਾਹ ਨਾ ਮਿਲ ਪਾਣ ਦੇ ਕਾਰਣ ਹੀ, ਉਹ ਨਿਰਾਸ਼ ਹੋ, ਸਿੱਖੀ ਵਿਰਸੇ ਨਾਲੋਂ ਟੁੱਟਦਾ ਅਤੇ ਸਿੱਖੀ ਸਰੂਪ ਨੂੰ ਤਿਆਗਦਾ ਜਾ ਰਿਹਾ ਹੈ।
ਜਸਵੰਤ ਸਿੰਘ \'ਅਜੀਤ\'
Mobile : + 91 98 68 91 77 31
E-mail : jaswantsinghajit@gmail.com
-
By : Jaswant Singh Ajit (ਆਰਟੀਕਲ ਵਿਚਲੇ ਵਿਚਾਰ ਲ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.