ਵਿਸ਼ਵ ਵਰਤਾਰੇ ਦੀਆਂ ਸਮਸਿਆਵਾਂ ਦੇ ਜਟਿਲ ਪ੍ਰਸੰਗ ਦੀਆਂ ਬਹੁ-ਪਰਤਾਂ ਅਤੇ ਪਸਾਰਾਂ ਦੀ ਪੇਸ਼ਕਾਰੀ ਲਈ ਲੰਮੀ ਕਵਿਤਾ ਅਜੋਕੇ ਸ਼ਾਇਰਾਂ ਵਾਸਤੇ ਕਾਵਿ-ਸੰਵੇਦਨਾ ਦਾ ਸਾਧਨ ਬਣ ਰਹੀ ਹੈ। ਇਹ ਪਾਠਕ ਤੇ ਲੇਖਕ ਦਰਮਿਆਨ ਵਿਚਾਰਾਂ/ਭਾਵਾਂ ਦੀ ਪੈ ਰਹੀ ਵਿਥ ਨੂੰ ਘਟ ਕਰਕੇ ਸਮਝਣਯੋਗ ਸੰਚਾਰ ਦਾ ਮਾਧਿਅਮ ਬਣਾ ਦਿੰਦੀ ਹੈ। ਪਾਠਕ ਚਿੰਨਾਂ/ਸੰਕੇਤਾਂ ਦੀ ਵਿਥ ਨੂੰ ਭਰਨ ਦੀ ਥਾਂ ਜਾਂ ਚਿੰਨਾਂ/ਸੰਕੇਤਾਂ ਵਿਚ ਉਲਝਣ ਦੀ ਥਾਂ ਲੇਖਕ ਦੇ ਕਾਵਿ ਉਦੇਸ਼ ਨਾਲੀ ਜੁੜ ਜਾਂਦਾ ਹੈ, ਕਿਉਂਕਿ ਅਜੋਕਾ ਮਸਲਾ ਸਿਰਜਤ ਟੈਕਸਟ ਦੇ ਪਾਠ ਰਾਹੀਂ ਪਾਠਕ ਨੂੰ ਚੇਤਨ-ਸੰਪੰਨ ਮਾਨਵੀ ਮੁਲਾਂ ਦਾ ਵਾਹਕ ਬਣਾ ਕੇ ਵਿਸ਼ਵ ਵਰਤਾਰੇ ਦੇ ਮਸਲਿਆਂ ਪਿੱਛੇ ਕਾਰਜਸ਼ੀਲ ਸੰਚਾਲਕ ਸ਼ਕਤੀਆਂ ਨੂੰ ਕਊਂਟਰ ਕਰਨ ਨਾਲ ਜੁੜਿਆ ਹੋਇਆ ਹੈ ਜਾਂ ਕਿਸੇ ਇਕ ਵਸਤੂਗਤ ਯਥਾਰਥ ਦੀਆਂ ਬਹੁ-ਪਾਸਾਰੀ ਸੰਭਾਵਨਾਵਾਂ ਪਿੱਛੇ ਗਤੀਸ਼ੀਲ ਕਾਰਨਾਂ ਦੀ ਅੰਤਰ ਦ੍ਰਿਸ਼ਟੀ ਨੂੰ ਉਭਾਰਣ ਨਾਲ ਸੰਬੰਧਤ ਹੁੰਦਾ ਹੈ। ਮੋਹਨ ਗਿੱਲ ਦੀ ਲੰਮੇਰੀ ਕਵਿਤਾ \'ਮੋਖਸ਼\' ਜਿਹੜੀ ਭਾਵੇਂ ਵਿਭਿੰਨ ਜੁਜ਼ਾਂ ਵਿਚ ਵੰਡੀ ਹੋਈ ਹੈ, ਦੇ ਕੇਂਦਰੀ ਸੂਤਰ ਪਿੱਛੇ ਕਾਰਜਸ਼ੀਲ ਅੰਤਰ ਦ੍ਰਿਸ਼ਟੀ ਇਹ ਉਭਰ ਕੇ ਸਾਹਮਣੇ ਆਉਂਦੀ ਹੈ:
ਇਹ ਦੇਸ਼ ਹੁਣ/ ਆਪਣਿਆਂ ਵਾਂਗੂੰ/ ਨਿਤ ਮਿਲਦਾ ਹੈ
ਹੁਣ ਤਾਂ ਮਾਏ/ ਇਸ ਦੀ ਬੁੱਕਲ \'ਚ/ ਤੇਰੇ ਵਰਗਾ
ਨਿੱਘ ਮਿਲਦਾ ਹੈ।
ਭਟਕਣਾ ਅਤੇ ਭਟਕਣ ਦੇ ਵਿਕੋਲਿਤਰੇ ਪਾਸਾਰਾਂ ਅਤੇ ਪ੍ਰਭਾਵਾਂ ਤੋਂ ਪਰਵਾਸੀ ਬੰਦੇ ਦਾ ਮੋਖਸ਼ ਪ੍ਰਦੇਸ਼ ਨੂੰ ਧਰਤ ਪ੍ਰਵਾਨ ਕਰਕੇ, ਆਪਣਾ ਘਰ ਸਮਝ ਕੇ ਮਾਂ ਦੇ ਨਿੱਘ ਦੇ ਅਹਿਸਾਸ ਦਾ ਕੇਂਦਰੀ ਸੂਤਰ ਬਣ ਕੇ ਸਾਰੀ ਕਵਿਤਾ ਦੀ ਤਹਿਆਂ ਵਿਚ ਫੈਲਿਆ ਹੋਇਆ ਹੈ। ਭਟਕਣਾ ਅਤੀਤ ਦੀਆਂ ਪ੍ਰਾਪਤੀਆਂ, ਸਦਭਾਵਾਂ ਨਾਲ ਜੋੜਦੀ ਹੋਈ ਗਰਦਸ਼ ਦੇ ਦਿਨਾਂ ਦੀ ਸਿਮਰਤੀ ਬਣ ਜਾਂਦੀ ਹੈ। ਸਿਮਰਤੀਆਂ ਦੇ ਸੁਪਨ-ਰੁਮਾਂਸ ਵਿਚ ਬੰਦਾ ਚੜਤਲ ਦੇ ਅਹਿਸਾਸਾਂ ਨੂੰ ਮਨ ਵਿਚ ਹੰਢਾਉਂਦਾ ਅਤੀਤ ਦੀਆਂ ਹਜ਼ਾਰਾਂ ਸੰਤੁਸ਼ਟੀਆਂ ਵਿਚ ਵਿਚਰਦਾ ਭਰਮ ਨੂੰ ਸਿਰਜਦਾ ਹੈ। ਮੋਹਨ ਗਿੱਲ ਵੀ ਸਿਮਰਤੀਆਂ ਦੇ ਆਭਾ ਮੰਡਲ ਵਿਚ ਵਿਚਰਦਾ ਹੋਇਆ ਭਰਮ ਦੀਆਂ ਸੰਤੁਸ਼ਟੀਆਂ ਵਿਚ ਮਾਂ (ਜਨਮ ਦੇਣ ਵਾਲੀ ਤੇ ਜਨਮ ਭੋਂਇ) ਦੁਆਰਾ ਸਿਰਜੇ ਤੇ ਪ੍ਰਵਾਨ ਚੜਾਏ ਸੁਪਨ-ਰੁਮਾਂਸ ਦੀਆਂ ਪ੍ਰਾਪਤੀਆਂ ਚਿਤਾਰਦਾ ਹੋਇਆ ਅੰਤ \'ਤੇ ਪ੍ਰਦੇਸ-ਭੂਮੀ ਦੇ ਵਸਤੂਗਤ-ਯਥਾਰਥ ਨੂੰ \'ਮਾਂ\' ਦੇ ਰੂਪ ਵਿਚ ਪ੍ਰਵਾਨ ਕਰਕੇ ਅਤੀਤ ਦੇ ਸੁਪਨ-ਰੁਮਾਂਸ ਤੋਂ ਭਰਮ-ਮੁਕਤ ਹੋ ਜਾਂਦਾ ਹੈ।
ਮੋਹਨ ਗਿੱਲ ਭਟਕਣ ਅਤੇ ਮੋਖਸ਼ ਦੇ ਵਿਰੋਧੀ ਸੂਤਰ ਰਾਹੀਂ ਇਸ ਕਵਿਤਾ ਦਾ ਉਸਾਰ ਤੇ ਪਾਸਾਰ ਕਰਦਾ ਹੈ:
ਭਟਕਣਾ: ਅੱਜ ਦਾ ਮਨੁੱਖ/ ਭਟਕਦੀ ਹੋਈ/ ਆਤਮਾ ਦਾ ਸਫ਼ਰ ਹੈ
ਬਿਨਾਂ ਕਾਵਿਕਤਾ ਤੋਂ/ ਕਵਿਤਾ ਦੀ ਸਤਰ ਹੈ।
ਅੱਜ ਅਸੀਂ/ ਜ਼ਿੰਦਗੀ ਦੇ ਚੱਕਰਾਂ ਵਿਚ/
ਆਪਣੇ ਹੀ ਰਚਾਏ ਹੋਏ ਚੱਕਰਵਿਊ ਵਿਚ /
ਘੁੰਮਣ ਘੇਰੀਆਂ ਖਾ ਰਹੇ ਹਾਂ
ਆਦਿ ਅੰਤ ਭੁਲ ਕੇ ਮੱਧ ਦੀ ਜੂਨ ਹੰਢਾ ਰਹੇ ਹਾਂ
ਖਲਾਅ ਵਿਚ/ ਬਣ ਕੇ ਤ੍ਰਿਸ਼ੰਕੂ/ ਘੁੰਮੀ ਜਾ ਰਹੇ ਹਾਂ।
ਐਥੇ ਤਾਂ ਬੱਸ ਨਿੱਤ ਦਿਹਾੜੇ/
ਆਪੇ ਹੀ ਸੂਰਜ ਉੱਗਣ \'ਤੇ ਘਰ ਤੋਂ ਗੱਡੀ ਲੈ ਕੇ ਤੁਰ ਜਾਈਏ/
ਆਪੇ ਹੀ ਫਿਰ ਆਥਣ ਉੱਗਣ ਆਪਣੇ ਘਰ ਵਾਪਸ ਮੁੜ ਆਈਏ।
ਮੋਖਸ਼: ਤੇਰੇ ਚਰਨਾਂ ਵਿਚ ਮੈਂ/ ਨਬੀ ਬਣ ਜਾਂਦਾ ਹਾਂ/
ਇਕ ਆਮ ਇਨਸਾਨ ਤੋਂ ਉਠ ਕੇ ਉਪਰ/ ਕਵੀ ਬਣ ਜਾਂਦਾ ਹਾਂ
ਮੁਸਕਰਾਹਟ ਤੋਂ ਘੂਰੀ ਤਕ/ ਸੱਤੂ ਤੋਂ ਚੂਰੀ ਤਕ
ਮੌਤ ਤੋਂ ਲੋਰੀ ਤਕ/ ਕਵਿਤਾ ਮੇਰੇ ਨਾਲ ਰਹੀ
ਤੇਰੇ ਗੀਤਾਂ ਨਾਲ
ਕਾਇਨਾਤ ਪੂਰੀ ਹੈ।
ਤੂੰ ਸਹਿਜ ਹੈਂ/ ਤੂੰ ਸੁਹਜ ਹੈਂ/ ਤੂੰ ਸਾਜ਼ ਹੈਂ
ਇਸ ਧਰਤੀ ਉਪਰ ਰਹਿਮਤ ਆਵਾਜ਼ ਹੈ
ਮਾਂ ਦੀ ਮਮਤਾ ਤੋਂ ਬਿਨਾਂ/ ਮਾਂ ਦੀ ਅਸੀਸ ਤੋਂ ਬਿਨਾਂ
ਮੋਖਸ਼ ਮਿਲ ਨਹੀਂ ਸਕਦਾ।
ਫਿਰ ਜਦ/ ਮੇਰੀ ਭਟਕਣਾ ਮੁੱਕ ਜਾਵੇ/ ਮੇਰੇ ਮਸਤਕ ਵਿਚ
ਤੇਰੀ ਜੋਤੀ ਬਣ ਕੇ/ ਕਵਿਤਾ ਫੁੱਟ ਆਵੇ।
ਮੇਰੇ ਰੇਗਿਸਤਾਨ ਵਰਗੇ/ ਰੋਗ ਨੂੰ ਤੇਰੀ ਬੁੱਕਲ/ ਬਦਲ ਦੇਵੇ
ਰੇਗਿਸਤਾਨ ਤੋਂ ਨਖਲਸਤਾਨ ਵਿਚ...
ਅਤ੍ਰਿਪਤੀ ਤੋਂ/ ਤ੍ਰਿਪਤੀ ਵੱਲ
ਮੋਹਨ ਗਿੱਲ ਭਟਕਣ ਅਤੇ ਮੋਖਸ਼ ਦੇ ਵਿਰੋਧੀ ਸੂਤਰ ਨੂੰ ਮਾਂ ਦੇ ਪ੍ਰਸੰਗ ਰਾਹੀਂ ਕੁਦਰਤ ਦੀ ਆਪਾਰ ਵੰਨ ਸਵੰਨਤਾ ਤੱਕ ਫੈਲਾਉਂਦਾ ਬ੍ਰਹਿਮੰਡੀ ਸਿਰਜਣਾ ਦਾ ਅਦਵੈਤ ਜਲਵਾ ਬਣਾ ਦਿੰਦਾ ਹੈ। ਇਹ ਗਿਆਨ ਦੇ ਦੁਮੇਲ ਤੱਕ ਪਾਸਾਰ ਕਰਦੀ ਹੈ। ਸ਼ਾਇਰ ਇਸ ਨੂੰ ਧਰਮ ਤੋਂ ਧਰਮੀ ਬਿੰਦੂ ਤੱਕ ਫੈਲਾਉਂਦਾ ਹੈ। ਹਨੇਰੇ ਮਨਾਂ ਨੂੰ ਚਾਨਣ ਦੇ ਨੂਰ ਤੱਕ ਦੇ ਸਫ਼ਰ ਤੱਕ ਹਾਜ਼ਰ ਨਾਜ਼ਰ ਜਾਣਦਾ ਹੈ। ਉਹ ਮਾਂ ਨੂੰ ਆਦਿ ਤੋਂ ਅਨੰਤਤਾ ਤੱਕ ਫੈਲਾਉਂਦਾ ਉਸ ਨੂੰ ਇਕ ਨੂਰਾਨੀ ਪੈਗੰਬਰ ਬਣਾ ਦਿੰਦਾ ਹੈ: ਰੋਜ਼ਾਨਾ ਜ਼ਿੰਦਗੀ ਦਾ ਰਾਜ਼, ਮਨੁੱਖੀ ਮਨਾਂ ਦੀ ਧੜਕਣ ਦਾ ਸਾਜ਼, ਧੜਕਦੇ ਦਿਲਾਂ ਦੀ ਆਲਮੀ ਆਵਾਜ਼, ਸੰਸਾਰਕ ਰਿਸ਼ਤਿਆਂ ਦੀ ਜਨਣੀ ਦੀ ਜਾਗ, ਮਕਾਨਾਂ ਨੂੰ ਘਰਾਂ ਵਿਚ ਬਦਲਣ ਦਾ ਸਲੀਕਾ ਤੇ ਭਟਕਣ ਤੋਂ ਮੋਖਸ਼ ਪ੍ਰਾਪਤੀ ਲਈ ਸ਼ਾਇਰ ਆਪਣੀ ਕਾਵਿ-ਸੰਵੇਦਨਾ ਨੂੰ ਇਤਿਹਾਸ ਵਿਚ ਫੈਲਾਉਂਦਾ ਮਾਂ ਨੂੰ ਜ਼ਿੰਦਗੀ ਦੀ ਇਕ ਵੇਗਮਈ ਕਵਿਤਾ ਬਣਾ ਦਿੰਦਾ ਹੈ:
ਸੁਪਨਿਆਂ ਨੂੰ ਸਿਖਾਇਆ ਕਵਿਤਾ ਨੇ ਫੜਨੀ ਹਕੀਕਤ ਦੀ ਉਂਗਲ
ਕਵਿਤਾ ਰਾਹੀਂ ਸੁਪਨਿਆਂ ਦੀ ਹਕੀਕਤ ਦੀ ਉਂਗਲ ਫੜ ਕੇ ਪ੍ਰਦੇਸ਼ ਦੀ ਦੇਸ ਵਿਚ ਰੂਪਾਂਤਰੀ ਸਵੀਕ੍ਰਿਤੀ ਹੀ ਭਟਕਣਾ ਦਾ ਮੋਖਸ਼ ਵਿਚ ਰੂਪਾਤਰਣ ਹੈ। ਜਿਹੜਾ ਮੋਹਨ ਗਿੱਲ ਦੀ ਕਾਵਿ-ਸੰਵੇਦਨਾ ਨੂੰ ਉਸ ਦੀ ਕਵਿਤਾ ਦੇ ਕੇਂਦਰੀ ਸੂਤਰ ਪਿੱਛੇ ਕਾਰਜਸ਼ੀਲ ਅੰਤਰ-ਦ੍ਰਿਸ਼ਟੀ ਨਾਲ ਜੋੜ ਦਿੰਦਾ ਹੈ ਉਸ ਦੀ ਜ਼ਿੰਦਗੀ ਵਿਚ ਮਾਂ ਦੇ ਅਹਿਸਾਸ ਦੀ (ਜਨਮ ਦੇਣ ਵਾਲੀ ਤੇ ਜਨਮ ਭੋਂਇ ਵਾਲੀ) ਕਾਵਿਕਤਾ ਨਾਲ ਬੰਨ ਦਿੰਦਾ ਹੈ।
ਪ੍ਰਵਾਸੀ ਬੰਦੇ ਦੀ ਭਟਕਣਾ ਦੇ ਸੂਤਰ ਦੀ ਪਛਾਣ ਮੋਹਨ ਗਿੱਲ ਦੀ ਇਸ ਕਵਿਤਾ ਦੀ ਪ੍ਰਾਪਤੀ ਹੈ ਜਿਹੜੀ ਪਰਵਾਸੀ ਬੰਦੇ ਦੀ ਖੰਡਿਤ ਮਾਨਸਿਕਤਾ ਨੂੰ ਭਰਨ ਦਾ ਯਤਨ ਹੈ। ਪ੍ਰਦੇਸ਼ ਨੂੰ ਦੇਸ ਪ੍ਰਵਾਨ ਕਰਨ ਦੀ ਅੰਤਰਦ੍ਰਿਸ਼ਟੀ ਰਾਹੀਂ ਮਾਂ ਦੇ ਸੰਕਲਪ ਨੂੰ ਵਿਸ਼ਵ ਵਿਆਪੀ ਬਣਾ ਦੇਣਾ ਹੀ ਬੰਦੇ ਦੀ ਮੋਖਸ਼ ਪ੍ਰਾਪਤੀ ਹੈ। ਤੇ ਨਾਲ ਹੀ ਇਹ ਕਵਿਤਾ ਰੈਟਰਿਕ ਭਾਸ਼ਾਈ ਪ੍ਰਬੰਧ ਤੋਂ ਵੀ ਮੋਖਸ਼ ਪ੍ਰਾਪਤ ਕਰਨ ਵੱਲ ਯਤਨਸ਼ੀਲ ਹੈ ਜਿਹੜਾ ਮੋਹਨ ਗਿੱਲ ਦੇ ਗਹਿਰ ਗੰਭੀਰ ਤੇ ਵਿਸ਼ਾਲ ਅਨੁਭਵ ਦੀ ਸਪਸ਼ਟਤਾ ਦਾ ਸੂਚਕ ਹੈ। ਮੋਹਨ ਗਿੱਲ ਨੂੰ ਇਸ ਲੰਮੇਰੀ ਕਵਿਤਾ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਮੈਂ ਪਾਠਕਾਂ ਤੋਂ ਗੰਭੀਰ ਹੁੰਗਾਰੇ ਦੀ ਆਸ ਕਰਦਾ ਹਾਂ।
-
-
By : Guriqbal Singh,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.