ਅਕਸਰ ਹੀ ਕਿਹਾ ਜਾਂਦਾ ਹੈ ਕਿ \" ਇੱਕ ਵੀਰ ਦਈਂ ਵੇ ਰੱਬਾ ਮੇਰਾ ਸਹੁੰ ਖਾਣ ਨੂੰ ਬੜਾ ਚਿੱਤ ਕਰਦਾ \" , ਪਰ ਜੇ ਹੁਣ ਇਹ ਕਿਹਾ ਜਾਵੇ ਕਿ \" ਇੱਕ ਭੈਣ ਦਈਂ ਵੇ ਰੱਬਾ ਮੇਰਾ ਸਹੁੰ ਖਾਣ ਨੂੰ ਬੜਾ ਚਿੱਤ ਕਰਦਾ , ਤਾਂ ਕੋਈ ਅੱਤਕਥਨੀ ਤੇ ਕੋਈ ਨਵੀਂ ਰੀਤ ਨਹੀਂ ਹੋਵੇਗਾ , ਬਲਕਿ ਭੈਣਾਂ ਦਾ ਸਤਿਕਾਰ ਹੀ ਹੋਵੇਗਾ । ਭੈਣ - ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਇਸੇ ਹਫਤੇ ਬੜੇ ਪਿਆਰ , ਚਾਅ ਤੇ ਮਲਾਰਾਂ ਨਾਲ ਮਨਾਇਆ ਜਾ ਰਿਹਾ ਹੈ । ਭਰਾਵਾਂ ਨੂੰ ਹਰ ਸਾਲ ਇਸ ਪਵਿੱਤਰ ਦਿਹਾੜੇ ਭੈਣਾਂ ਦੀ ਰਾਖੀ ਕਰਨ ਲਈ ਯਾਦ ਕਰਵਾਇਆ ਜਾਂਦਾ ਏ , ਪਰ ਕਿਉ ਹਰ ਸਾਲ ਹੀ ਇਹ ਰਾਖੀ ਤੇ ਸਰੁਖਿਆ ਕਰਨ ਦਾ ਤੁਹਈਆ ਕੀਤਾ ਜਾਂਦਾ ਹੈ । ਕੀ ਇਹ ਕੱਚੇ ਧਾਗੇ ਜਾਂ ਡੋਰੀਆਂ ਕਮਜੋਰ ਹੋ ਗਈਆਂ ਹਨ , ਕਿਉਂ ਨਹੀਂ ਇਹ ਧੰਦਾਂ ਭੈਣ - ਭਰਾ ਦੇ ਪਿਆਰ ਦੀਆਂ ਸਾਂਝਾ ਵਿਚ ਬਦਲਦੀਆਂ । ਅਸਲ ਵਿਚ ਇਹ ਪਵਿੱਤਰ ਦਿਹਾੜਾ ਵੀ ਇੱਕ ਸਿਰਫ ਤਿਊਹਾਰ ਬਣਕੇ ਰਹਿ ਗਿਆ ਹੈ, ਜਿਸਤੇ ਵਪਾਰੀ ਦੁਨੀਆਂ ਨੇ ਬੁਰੀ ਤਰਾਂ੍ਹ ਕਬਜ਼ਾ ਕਰ ਲਿਆ ਹੈ । ਮਹਿੰਗੇ ਭਾਅ ਦੀਆਂ ਰੱਖੜੀਆਂ ਨੇ ਪਿਆਰ ਨਾਲ ਗੁੰਦੀਆਂ ਜਾਂਦੀਆਂ ਕੱਚੇ ਧਾਗੇ ਦੀਆਂ ਡੋਰੀਆਂ ਨੂੰ ਆਪਣੀ ਦੁਨੀਆਂ ਵਿਚ ਮਧੋਲ ਦਿੱਤਾ , ਪਰ ਲੱਗਦਾ ਹੈ ਕਿ ਇਹ ਤਿਉਹਾਰ ਹੀ ਮਧੋਲਿਆ ਗਿਆ ਹੈ ।
ਸਮੁੱਚੀ ਦੁਨੀਆਂ ਦੇ ਕਲੰਡਰ ਉਤੇ ਝਾਤੀ ਮਾਰੀਏ ਤਾਂ ਨਿੱਤ ਹੀ ਕੋਈ ਨਾ ਕੋਈ ਨਾ ਦਿਹਾੜਾ ਹੁੰਦਾ ਹੈ , ਕਦੇ ਮਦਰ ਡੇ , ਕਦੇ ਫਾਦਰ ਡੇ ਤੇ ਕਦੇ ਚਾਕਲੇਟ ਡੇ , ਪਰ ਕਦੇ ਸਿਸਟਰ ਡੇਅ ਜਾਂ ਭੈਣਾਂ ਦਾ ਦਿਨ ਵੀ ਸੁਣਿਆ ਜਾਂ ਮਨਾਇਆ ਹੈ , ਜਵਾਬ ਹੋਵੇਗਾ ਕਦੇ ਸੁਣਿਆ ਹੀ ਨਹੀਂ , ਚਲੋ ਖ਼ੈਰ , ਇਹ ਤਾਂ ਹੁੰਦਾ ਹੀ ਹੈ , ਉਹ ਵੀ ਧੀਆਂ - ਧਿਆਣੀਆਂ ਦੇ ਨਾਲ । ਜੇਕਰ ਭੈਣਾ ਲਈ ਕੋਈ ਤਿਉਹਾਰ ਜਾਂ ਦਿਹਾੜਾ ਹੁੰਦਾ ਤਾਂ ਫਿਰ ਸ਼ਾਇਦ ਕੁੱਖ ਵਿਚ ਮਾਰਨ ਦਾ ਅਸਿਹ ਪਾਪ ਵੀ ਨਾ ਪੁੰਗਰਦਾ , ਪਰ ਇਸਦਾ ਹਾਲੇ ਤੱਕ ਕੋਈ ਜਵਾਬ ਜਾਂ ਹੱਲ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਨੇ ਲੱਭਣ ਦੀ ਕੋਸ਼ਿਸ ਨਹੀਂ ਕੀਤੀ , ਆਖਿਰ ਕੁੜੀਆਂ ਨੂੰ ਕੁੱਖ ਵਿਚ ਕਿਉਂ ਮਾਰਿਆਂ ਜਾਂਦਾ । ਸਿਰਫ ਦਾਜ ਦੇਣ ਦੀ ਖਾਤਿਰ ਜਾਂ ਫਿਰ ਵਾਰਿਸ ਦੀ ਖਾਤਿਰ । ਪੰਜਾਬੀਆਂ ਦੇ ਵਾਰਿਸਾਂ ਦੀ ਗੱਲ ਕਰੀਏ ਤਾਂ ਵਿਸ਼ਵ ਸਿਹਤ ਸੰਗਠਨ ਦੀ ਰੀਪੋਰਟ ਮੁਤਾਬਿਕ ਪੰਜਾਬੀਆਂ ਵਿਚ ਪਿਉ ਬਣਨ ਦੇ ਲੱਛਣ ਖਤਮ ਹੋ ਗਏ ਹਨ , ਕੀ ਅਸੀਂ ਇਹਨਾਂ ਕਰਕੇ ਧੀਆਂ ਨੂੰ ਕੁੱਖਾਂ ਵਿਚ ਮਾਰ ਰਹੇ ਹਾਂ , ਜਿਹਨਾਂ ਆਪਣੀ ਜਵਾਨੀ ਤੇ ਮਰਦਾਨੀ ਦੋਨੇਂ ਨਸ਼ਿਆਂ ਵਿਚ ਖਤਮ ਕਰ ਦਿੱਤੀ ਹੈ , ਇਸਦਾ ਵੀ ਜਵਾਬ ਵਿਚ ਸ਼ਾਇਦ ਕਿਸੇ ਕੋਲ ਨਹੀਂ ਹੈ , ਜਿਸ ਕੋਲ ਹੋਵੇਗਾ , ਉਹ ਸ਼ਾਇਦ ਕਿਸੇ ਡਰ ਦੇ ਵਜਿਉਂ ਦੇਣਾ ਨਹੀਂ ਚਾਹੁੰਦਾ ਹੋਣਾ ।
ਪੰਜਾਬ ਵਿਚ ਤਾਂ ਧੀਆਂ ਨੂੰ ਕੁੱਖ ਵਿਚ ਹੀ ਮਾਰਨ ਦਾ ਕਲੰਕ ਪਤਾ ਕਿੰਨੀਆ ਕੁ ਹੋਰ ਆਉਣ ਵਾਲੀਆਂ ਸਦੀਆਂ ਧੋਹਣਾ ਪਵੇਗਾ , ਪਰ ਹੈ ਤਾਂ ਬੜੀ ਸ਼ਰਮਵਾਲੀ ਗੱਲ ਹੈ ਕਿ ਪੰਜਾਬ ਵਿਚ ਜਿੱਥੇ 10 ਗੁਰੂਆਂ ਤੋਂ ਇਲਾਵਾ ਸ਼ਹੀਦ ਏ ਆਜ਼ਮ ਭਗਤ ਸਿੰਘ , ਸ਼ਹੀਦ ਊਧਮ ਸਿੰਘ ਵਰਗੇ ਸੂਰਮੇ , ਬਾਬਾ ਦੀਪ ਸਿੰਘ ਲਸਾਸਾਨੀ ਯੋਦੇ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਮਹਾਨ ਰਾਜੇ ਕੁੱਖਾਂ ਤੋਂ ਪੈਦਾ ਹੋਏ ਹੋਣ ਤਾਂ ਫਿਰ ਅਸੀਂ ਬਾਬੇ ਨਾਨਕ ਦੀ ਮਹਾਨ ਬਾਣੀ ਦੀ ਇਕ ਤੁੱਕ ਨੂੰ ਕੀ ਦਿਲਾਸਾ ਦੇਣ ਲਈ ਯਾਦ ਕਰਦੇ ਹਾਂ ਕਿ \" ਸੋ ਕੋ ਮੰਦਾ ਆਖੀਐ , ਜਿੱਤ ਜੰਮਿਹ ਰਾਜਾਨ \" ।
ਮੈਂ ਅੱਜ ਇਸ ਪਵਿੱਤਰ ਦਿਹਾੜੇ ਮੌਕੇ ਵੀਰਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ , ਅਤੇ ਹੁਣ ਘੱਟੋ ਘੱਟ ਪੰਜਾਬੀ ਸਮਾਜ ਨੂੰ ਤਾਂ ਵੀਰਾਂ ਭਾਅ ਘਰ ਦੇ ਵਾਰਿਸਾਂ ਦੀ ਗੱਲ ਕਰਨ ਤੋਂ ਵੀ ਬਚਣਾ ਚਾਹੀਦਾ ਹੈ , ਕਿਉਕਿ ਇਹਨਾਂ ਵੀਰਾਂ ਦੇ ਚੱਕਰ ਵਿਚ ਅਸੀਂ ਜੋ ਆਪਣੇ ਮੱਥੇ ਉਤੇ ਕਲੰਕ ਲਗਾ ਬੈਠੇ ਹਾਂ , ਉਹ ਸਾਰੀ ਉਮਰ ਧੋਹਿਆ ਹੀ ਨਹੀਂ ਜਾਣਾ ਸਗੋਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਬਾਕੀ ਸਮਾਜ ਦੇ ਮਹਿਣੇ ਸਦਾ ਹੀ ਸੁਣਨੇ ਪੈਣਗੇ , ਵੈਸੇ ਸਾਰੇ ਧਰਮਾਂ ਵਿਚ ਵਾਰਿਸਾਂ ਦਾ ਬੋਲਬਾਲਾ ਹੈ ਅਤੇ ਨਾ ਹੀ ਉਹ ਸਾਰੀ ਉਮਰ ਨਹੀਂ ਧੋਅ ਸਕਦੇ । ਇਸ ਕਰਕੇ ਜੇਕਰ ਹੁਣ ਕੋਈ ਸ਼ਰਮ - ਹਿਆਹ ਹੈ ਤਾਂ ਫਿਰ ਸਿਰਫ ਸਾਨੂੰ ਧੀਆਂ ਧਿਆਣੀਆਂ ਦੀ ਹੀ ਗੱਲ ਕਰਨੀ ਚਾਹੀਦੀ ਹੈ , ਜਿਸਨੂੰ ਕਦੇ ਅਸੀਂ ਕੰਜਕਾਂ ਬਣਾਕੇ ਪੂਜਦੇ ਹਾਂ ਅਤੇ ਕਈ ਦੇਵੀ , ਕਦੇ ਝਾਂਸੀ ਦੀ ਰਾਣੀ ਤੇ ਕਦੇ ਕਲਪਨਾ ਚਾਵਲਾ ਦੇ ਨਾਂਅ ਲੈਕੇ ਕੁਝ ਚਿਰ ਲਈ ਖੁਸੀæ ਮਹਿਸੂਸ ਕਰਦੇ ਹਾਂ ।
ਪਰ ਮੈਂ ਕੁਲ ਮਿਲਾਕੇ ਅੱਜ ਦੇ ਪਵਿੱਤਰ ਦਿਹਾੜੇ ਮੌਕੇ ਸਿਰਫ ਨਾ ਕਿਸੇ ਧੀਅ , ਨਾ ਕਿਸੇ ਪੁੱਤਰ ਦੀ ਗੱਲ ਕਰਾਂਗਾ , ਸਗੋਂ ਦੋ ਮਾਂ ਜਾਈਆਂ ਦੀ ਗੱਲ ਕਰਾਂਗਾ ਅਤੇ ਸਾਰਿਆਂ ਤੋਂ ਉਮੀਦ ਵੀ ਕਰਾਂਗਾਂ ਕਿ ਮੇਰੇ ਵਾਂਗ ਕਹਿਕੇ ਫ਼ਖਰ ਮਹਿਸੂਸ ਕਰਨਗੇ ਕਿ ਜੇ ਰੱਬ ਕੋਈ ਭੈਣ ਦਈਂ ਤਾਂ ਫਿਰ ਦਲਬੀਰ ਕੌਰ ਅਤੇ ਕਮਲਦੀਪ ਕੌਰ ਵਰਗੀਆਂ ਬਹਾਦੁਰ ਧੀਆਂ- ਭੈਣਾਂ ਦੇਕੇ ਸਨਮਾਨਿਤ ਕਰੀਂ । ਇਹਨਾਂ ਦੋ ਕਮਲੀਆਂ ਬਾਰੇ ਕਿਸੇ ਨੂੰ ਦੱਸਣਾ ਜਾਂ ਸਮਝਾਉਣਾ ਅਪਮਾਨ ਕਰਨਾ ਹੋਵੇਗਾ , ਪਰ ਫਿਰ ਵੀ ਦੱਸਣਾ ਫਰਜ਼ ਬਣਦਾ ਹੈ । ਦਲਬੀਰ ਕੌਰ ਤਾਂ ਪਾਕਿਸਤਾਨ ਦੀ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਯਾਬਤਾ ਸਰਬਜੀਤ ਸਿੰਘ ਦੀ ਬਹਾਦੁਰ ਭੈਣ ਹੈ ਅਤੇ ਕਮਲਦੀਪ ਕੌਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹੈ । ਇਹਨਾਂ ਦੋਹਾਂ ਭੈਣਾਂ ਵਿਚ ਇੱਕ ਖਾਸੀਅਤ ਹੈ ਕਿ ਦੋਵੇਂ ਭੈਣਾਂ ਆਪਣੇ ਆਪਣੇ ਭਰਾਵਾਂ ਨੂੰ ਬਚਾਉਣ ਲਈ ਸਿਰਧੋੜ ਯਤਨ ਕਰ ਰਹੀਆਂ ਹਨ । ਏਥੇ ਸਰਬਜੀਤ ਸਿੰਘ ਅਤੇ ਬਲਵੰਤ ਸਿੰਘ ਰਾਜੋਆਣਾ ਦੇ ਗਲਤ - ਠੀਕ ਹੋਣ ਬਾਰੇ ਦੱਸਣਾ ਮੁਨਾਸਿਬ ਨਹੀਂ ਹੋਵੇਗਾ , ਸਗੋਂ ਉਹਨਾਂ ਨੂੰ ਬਚਾਉਣ ਲਈ ਜਿੰਦਜਾਨ ਕੰਮ ਕਰ ਰਹੀਆਂ ਭੈਣਾਂ ਦੀ ਗੱਲ ਕਰਨਾ ਮੁਨਾਸਿਬ ਹੋਵੇਗਾ ।
ਸ਼ਾਇਦ ਦਲਬੀਰ ਕੌਰ ਅਤੇ ਕਮਲਦੀਪ ਕੌਰ ਵਾਂਗ ਕਈ ਹੋਰ ਬਹਾਦੁਰ ਧੀਆਂ - ਭੈਣਾਂ ਹਨ , ਪਰ ਅੱਜ ਦੇ ਇਹਨਾਂ ਦੀ ਗੱਲ ਹੀ ਕੀਤੀ ਜਾਣੀ ਬਣਦੀ ਹੈ , ਪਰ ਮੈਂ ਬਾਕੀ ਬਹਾਦੁਰ ਧੀਆਂ - ਭੈਣਾਂ ਨੂੰ ਵੀ ਇਹਨਾਂ ਦੇ ਮੁਕਾਬਲੇ ਛੋਟਾ ਨਹੀਂ ਸਮਝਦਾ ਅਤੇ ਨਾ ਹੀ ਮੇਰਾ ਕੋਈ ਵਜੂਦ ਹੈ , ਬੱਸ ਇਹਨਾਂ ਵਲੋਂ ਕੀਤੇ ਜਾ ਰਹੇ ਸਲਾਘਾਯੋਗ ਕਦਮਾਂ ਨੂੰ ਕੇਵਲ ਤੇ ਕੇਵਲ ਅਖ਼ਰੀ-ਜਾਮਾ ਪਹਿਨਾਉਣ ਦੀ ਕੋਸ਼ਿਸ ਕੀਤੀ ਹੈ । ਸਭ ਜਾਣਦੇ ਹਨ ਕਿ ਦਲਬੀਰ ਕੌਰ ਆਪਣੇ ਭਰਾ ਸਰਬਜੀਤ ਸਿੰਘ ਨੂੰ ਬਚਾਉਣ ਲਈ ਪਿਛਲੇ 22 ਸਾਲਾਂ ਤੋਂ ਭਿੱਖੀਵਿੰਡ ਤੋਂ ਲੈਕੇ ਦਿੱਲੀ - ਲਾਹੌਰ ਦੀਆਂ ਗਲੀਆਂ ਛਾਣ ਚੁੱਕੀ ਹੈ । ਚਾਹੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ , ਮਨਮੋਹਨ ਸਿੰਘ ਜਾਂ ਫਿਰ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮਸ਼ੁਰਫ਼ ਜਾਂ ਫਿਰ ਪ੍ਰਵੇਜ਼ ਇਲਾਹੀ ਹੋਣ , ਹਰ ਇੱਕ ਦੇ ਦਰਬਾਰ ਵਿਚ ਪਹੁੰਚ ਕੇ ਆਪਣੇ ਭਰਾ ਦੇ ਨਿਰਦੋਸ਼ ਹੋਣ ਦੇ ਸਬੂਤ ਦੇਕੇ ਰਿਹਾਈ ਦੀ ਫਰਿਆਦ ਕੀਤੀ । ਦਲਬੀਰ ਕੌਰ ਦੀ ਇਹ ਫਰਿਆਦ ਅੱਜ ਵੀ ਜਾਰੀ ਹੈ । ਚਾਹੇ ਸ੍ਰੀ ਦਰਬਾਰ ਸਾਹਿਬ ਜਾਂ ਫਿਰ ਦਰਗ਼ਾਹ ਸਰੀਫ਼ ਹਰੇਕ ਮੰਦਿਰ - ਮਸੀਤ ਉਤੇ ਮੱਥਾ ਟੇਕਿਆ । ਇਸੇ ਤਰਾਂ੍ਹ ਚਾਹੇ ਪਾਕਿਸਤਾਨ ਦਾ ਮੀਡੀਆ ਹੋਵੇ ਜਾਂ ਫਿਰ ਭਾਰਤੀ ਮੀਡੀਆ ਹੋਵੇ , ਹਰੇਕ ਦੇ ਮਹਿਣੇ ਸਹੇ , ਕਿਸੇ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਅਤੇ ਕਿਸੇ ਨੇ ਭਾਰਤੀ ਖੂਫੀਆ ਏਜੰਸੀ ਰਾਅ ਦਾ ਏਜੰਟ ਦੱਸਿਆ , ਪਰ ਇਸ ਮਾਂ- ਪਿਉ ਦੀ ਜਾਈ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ , ਬੱਸ ਇੱਕੋ ਇੱਕ ਨਿਸ਼ਾਨਾ ਹੈ ਕਿ ਉਸਦਾ ਭਰਾ ਕਦੋਂ ਰਿਹਾਅ ਹੋਵੇਗਾ , ਕਦ ਸਾਰਾ ਪਰਿਵਾਰ ਬੈਠਕੇ ਪਿਛਲੇ 22 ਸਾਲਾਂ ਦੇ ਦੁੱਖਾਂ ਨਾਲ ਹੰਢਾਏ ਪਲ ਸਾਰੇ ਗਮ ਭੁੱਲਕੇ ਖੁਸ਼ੀਆਂ ਨਾਲ ਬਿਤਾਏਗਾ ਅਤੇ ਕਦ ਸਰਬਜੀਤ ਸਿੰਘ ਘਰ ਆਕੇ ਆਪਣੀਆਂ ਦੋ ਧੀਆਂ ਸਵੱਪਨਜੀਤ ਤੇ ਪੂਨਮ ਦੇ ਹੱਥ ਪੀਲ਼ੇ ਕਰਕੇ ਡੋਲੀ ਵਿਚ ਬਿਠਾਕੇ ਕੰਨਿਆਦਾਨ ਕਰੇਗਾ । ਸਰਬਜੀਤ ਸਿੰਘ ਗਲਤ ਹੈ ਜਾਂ ਫਿਰ ਸਹੀ , ਪਰ ਉਸਦੀ ਇਸ ਬਹਾਦੁਰ ਭੈਣ ਲਈ ਕੀਤੀਆਂ ਜਾ ਰਹੀਆਂ ਅਣਥੱਕ ਕੋਸ਼ਿਸਾਂ ਨੂੰ ਹਰੇਕ ਦਾ ਸਲਾਮ ਕਰਨਾ ਜਰੂਰ ਬਣਦਾ ਹੈ ।
ਮੈਂ ਹੁਣ ਗੱਲ ਕਰਾਂਗਾ ਦੂਸਰੀ ਭੈਣ ਕਮਲਦੀਪ ਕੌਰ ਦੀ , ਕਮਲਜੀਤ ਕੌਰ ਵੀ ਦਲਬੀਰ ਕੌਰ ਦੇ ਵਾਂਗ ਆਪਣੇ ਭਰਾ ਬਲਵੰਤ ਸਿੰਘ ਰਾਜੋਆਣਾ ਨੂੰ ਬਚਾਉਣ Ḕਤੇ ਲੱਗੀ ਹੋਈ ਹੈ । ਬਲਵੰਤ ਸਿੰਘ ਰਾਜੋਆਣਾ ਬਾਰੇ ਗੱਲ ਨਹੀਂ ਕਰਨਾ ਚਾਹਾਂਗਾ , ਸਿਰਫ ਕਮਲਦੀਪ ਕੌਰ ਦੇ ਬਾਰੇ ਹੀ ਗੱਲ ਕਰਨੀ ਬਣਦੀ ਹੈ । ਕਮਲਦੀਪ ਕੌਰ ਵੀ ਚਾਹੇ ਪੰਜਾਬ ਦਾ ਮੀਡੀਆ ਜਾਂ ਫਿਰ ਰਾਸ਼ਟਰੀ ਮੀਡੀਆ ਹੋਵੇ , ਆਪਣਾ ਤੇ ਆਪਣੇ ਭਰਾ ਦਾ ਪੱਖ ਰੱਖਣਾ ਜਾਣਦੀ ਹੈ । ਪਟਿਆਲਾ ਦੀ ਜੇਲ੍ਹ ਤੋਂ ਲੈਕੇ ਸ੍ਰੀ ਦਰਬਾਰ ਸਾਹਿਬ ਤੱਕ ਆਪਣੇ ਭਰਾ ਦੇ ਜੇਲ੍ਹੋਂ ਮਿਲਦੇ ਜੁਬਾਨੀ ਅਤੇ ਲਿਖਤੀ ਸੁਨੇਹੇ ਹਰੇਕ ਨਾਲ ਸਾਂਝੇ ਕਰਨ ਤੋਂ ਵੀ ਨਹੀਂ ਝਿਜਕਦੀ , ਬੱਸ ਇੱਕੋ ਚਿੰਤਾ ਅਤੇ ਨਾਲ ਹੀ ਉਮੀਦ ਹੈ ਕਿ ਉਸਦਾ ਭਰੇ ਨੂੰ ਕਦੋਂ ਰਿਹਾਈ ਮਿਲੇਗੀ । ਹੋ ਸਕਦਾ ਕਿ ਕਈ ਸਰਕਾਰੀ ਏਜੰਸੀਆਂ ਤੇ ਕੁਝ ਹੋਰ ਤਾਕਤਾਂ ਨੇ ਆਪਣੀ ਆਦਤ ਅਨੁਸਾਰ ਕਮਲਦੀਪ ਕੌਰ ਨੂੰ ਕਈ ਕੁਝ ਪੜਾਇਆ ਹੋਵੇ , ਪਰ ਇਸ ਭੈਣ ਦੀ ਵੀਰ ਦੀ ਰਿਹਾਈ ਲਈ ਕੀਤੇ ਜਾ ਰਹੇ ਉਪਰਾਲੇ ਵੀ ਸਲਾਮ ਕਰਨ ਦੇ ਹੱਕਦਾਰ ਹਨ ।
ਵੈਸੇ ਸਰਬਜੀਤ ਸਿੰਘ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਕਹਾਣੀ ਵਿਚ ਕਿੰਨੀਆਂ ਕੁ ਸਮਾਨਤਾਵਾਂ ਅਤੇ ਅਸਮਾਨਤਾਵਾਂ ਹਨ , ਇਹ ਦਿੱਲੀ ਤੋਂ ਲਾਹੌਰ ਵਾਲੇ ਸਭ ਚੰਗੀ ਤਰਾਂ ਜਾਣਦੇ ਹਨ । ਦੋਨਾਂ ਨੂੰ ਕਈ ਪਾਪੜ ਵੇਲਣ੍ਹੇ ਪੈ ਰਹੇ ਹਨ । ਦਲਬੀਰ ਕੌਰ ਨੂੰ ਕਦੇ ਭਾਜਪਾ ਅਤੇ ਕਦੇ ਕਾਂਗਰਸ ਨਾਲ ਹੱਥ ਮਿਲਾਉਣਾ ਪਿਆ । ਦਲਬੀਰ ਕੌਰ ਜਦ ਮੀਡੀਆ ਦੇ ਸਵਾਲਾਂ ਦਾ ਇੱਕ ਤੇਜਤਰਾਰ ਨੇਤਾ ਵਾਂਗ ਜਵਾਬ ਦਿੰਦੀ ਹੈ ਤਾਂ ਫਿਰ ਮੀਡੀਆ ਦੀਆਂ ਸ਼ੱਕੀ ਨਜਰਾਂ ਨੂੰ ਭਾਂਪਕੇ ਇਹ ਅਹਿਸਾਸ ਕਰਵਾ ਦਿੰਦੀ ਹੈ ਕਿ ਸਮਾਂ ਤੇ ਹਲਾਤ ਆਦਮੀ ਨੂੰ ਸਭ ਕੁਝ ਸਿਖਾ ਦਿੰਦਾ ਹੈ । ਸ਼ਾਇਦ ਦਲਬੀਰ ਕੌਰ ਠੀਕ ਆਖਦੀ ਹੈ , ਕਿਉਕਿ ਜਦ ਸਿਰ Ḕਤੇ ਪੈਂਦੀ ਹੈ ਤਾਂ ਫਿਰ ਆਪ ਹੀ ਨਜਿੱਠਣਾ ਪੈਂਦਾ ਹੈ । ਇਸੇ ਤਰਾਂ੍ਹ ਕਮਲਦੀਪ ਕੌਰ ਨੂੰ ਇਹ ਸੁਨਣਾ ਪੈ ਰਿਹਾ ਹੈ ਕਿ ਇੱਕ ਅੱਤਵਾਦੀ ਦੀ ਭੈਣ ਹੈ ਅਤੇ ਹੈ ਵੀ ਹੈ , ਪਰ ਇੱਕ ਭੈਣ ਦੇ ਹੋਣ ਦੇ ਫਰਜ਼ ਨੂੰ ਨਿਭਾਉਣਾ ਕੋਈ ਜੁਰਮ ਨਹੀਂ ਹੈ । ਅਖੀਰ ਵਿਚ, ਜੋ ਇਹ ਦੋ ਭੈਣਾਂ ਦਲਬੀਰ ਕੌਰ ਤੇ ਕਮਲਦੀਪ ਕੌਰ ਆਪਣੇ - ਆਪਣੇ ਭਰਾਵਾਂ ਦੀ ਰਿਹਾਈ ਲਈ ਦੁਆਵਾਂ ਦੇ ਨਾਲ ਸਿਰਤੋੜ ਮਿਹਨਤ ਮਕਸ਼ਤ ਕਰ ਰਹੀਆਂ ਹਨ । ਉਸਨੂੰ ਵੇਖਕੇ ਆਪ ਮੁਹਾਰੇ ਇਹ ਮੂੰਹੋਂ ਫੁਟ ਹੀ ਜਾਂਦਾ ਹੈ ਕਿ \" ਰੱਬਾ ਦਲਬੀਰ ਜਾਂ ਕਮਲਦੀਪ ਵਰਗੀ ਭੈਣ ਦੇਈਂ , ਮੇਰਾ ਰੱਖੜੀ ਬਣਾਉਣ ਨੂੰ ਜੀਅ ਕਰਦਾ , ਮੇਰਾ ਸਹੁੰ ਖਾਣ ਨੂੰ ਚਿੱਤ ਕਰਦਾ ।
-
By Jagtar Singh, # 5537, Maloya Colony, Chandigarh,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.