ਘਟਨਾ ਸੰਨ 1989 ਦੀ ਹੈ। ਮੈਂ ਚੰਡੀਗੜ੍ਹ ਦੇ ਸੈਕਟਰ 22 ਵਿਚਲੇ ਆਪਣੇ ਅਖ਼ਬਾਰ ਦੇ ਦਫ਼ਤਰ ਵਿੱਚ ਕੰਮ ਕਰ ਰਿਹਾ ਸੀ। ਪੰਜਾਬ ਪੁਲੀਸ ਦੇ ਸੂਹੀਆ ਮਹਿਕਮੇ ਦੇ ਇੱਕ ਸੀਨੀਅਰ ਅਫ਼ਸਰ ਦਾ ਸੁਨੇਹਾ ਆਇਆ ਕਿ ਦਫ਼ਤਰ ਆ ਕੇ ਮਿਲੋ, ਜ਼ਰੂਰੀ ਗੱਲ ਕਰਨੀ ਹੈ। ਜਦੋਂ ਉਸ ਨੂੰ ਜਾ ਕੇ ਮਿਲੇ ਤਾਂ ਉਸ ਨੇ ਕਿਹਾ ਕਿ ਤੁਸੀਂ ਪੁਲੀਸ ਸੁਰੱਖਿਆ ਲੈ ਲਵੋ, ਤੁਹਾਡੀ ਜਾਨ ਨੂੰ ਖ਼ਤਰਾ ਹੈ। ਉਸ ਨੇ ਦੱਸਿਆ ਕਿ ਪੰਜਾਬ ਅੰਦਰਲੇ ਖਾੜਕੂ ਗਰੁੱਪਾਂ ਦਾ ਇੱਕ ਖਾੜਕੂ ਸਾਡੇ ਹੱਥ ਆਇਆ ਹੈ ਜਿਸ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਗਰੁੱਪ ਨੇ ਮੈਨੂੰ ਅਤੇ ਇੱਕ ਹੋਰ ਪੱਤਰਕਾਰ ਨੂੰ \'ਸੋਧਣ\' ਦਾ ਫ਼ੈਸਲਾ ਕੀਤਾ ਸੀ। ਉਸ ਖਾੜਕੂ ਨੇ ਇਹ ਵੀ ਦੱਸਿਆ ਸੀ ਕਿ ਉਹ ਸਾਡੇ ਦਫ਼ਤਰ ਅਤੇ ਘਰਾਂ ਦੀ ਨਿਸ਼ਾਨਦੇਹੀ ਵੀ ਕਰ ਚੁੱਕੇ ਸਨ। ਸੋਧਣ ਲਈ ਉਸ ਦੀ ਡਿਊਟੀ ਵੀ ਲੱਗੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪੁਲੀਸ ਦੇ ਕਾਬੂ ਆ ਗਿਆ ਸੀ। ਉਸ ਵੇਲੇ \'ਸੋਧਣ\' ਦਾ ਅਰਥ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦੇਣ ਤੋਂ ਹੁੰਦਾ ਸੀ। ਇਹ ਪੁੱਛਣ \'ਤੇ ਕਿ ਉਹ ਇਨ੍ਹਾਂ ਨੂੰ ਕਿਉਂ ਮਾਰਨਾ ਚਾਹੁੰਦੇ ਸਨ ਤਾਂ ਉਸ ਖਾੜਕੂ ਨੇ ਇਹ ਕਾਰਨ ਦੱਸਿਆ ਕਿ ਅਸੀਂ ਉਸ ਗਰੁੱਪ ਦੀਆਂ ਖ਼ਬਰਾਂ ਘੱਟ ਅਤੇ ਦੂਜੇ ਗਰੁੱਪ ਦੀਆਂ ਖ਼ਬਰਾਂ ਵੱਧ ਲਾਉਂਦੇ ਸੀ। ਅਸਲ ਵਿੱਚ ਦੂਜਾ ਗਰੁੱਪ ਉਸ ਵੇਲੇ ਦੀਆਂ ਮੋਹਰੀ ਖਾੜਕੂ ਜਥੇਬੰਦੀਆਂ ਦਾ ਇੱਕ ਸਾਂਝਾ ਫਰੰਟ ਸੀ ਜਿਸ ਕਰਕੇ ਉਨ੍ਹਾਂ ਦੀਆਂ ਖ਼ਬਰਾਂ ਵੱਧ ਲੱਗਣਾ ਸੁਭਾਵਿਕ ਸੀ। ਦਰਅਸਲ, ਉਸ ਵੇਲੇ ਹਾਲਾਤ ਬਹੁਤ ਮਾੜੇ ਸਨ। ਲੁੱਟਮਾਰ ਹਾਵੀ ਸੀ ਪਰ ਉਹ ਸਿਰੇ ਦੀ ਆਪਸੀ ਧੜੇਬੰਦੀ ਦਾ ਇਸ ਹੱਦ ਤਕ ਸ਼ਿਕਾਰ ਸਨ ਕਿ ਅਰਾਜਕਤਾ ਵਾਲੀ ਸਥਿਤੀ ਸੀ। ਏ.ਕੇ. 47 ਵਾਲਾ ਹਰੇਕ ਹੀ ਏਰੀਆ ਕਮਾਂਡਰ ਬਣ ਬਹਿੰਦਾ ਸੀ ਅਤੇ ਫ਼ਰਮਾਨ ਜਾਰੀ ਕਰਨੇ ਸ਼ੁਰੂ ਕਰ ਦਿੰਦਾ ਸੀ। ਸਿੱਟੇ ਵਜੋਂ ਬੇਕਸੂਰ ਤੇ ਮਾਸੂਮ ਲੋਕਾਂ ਦੇ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਂਦੇ ਸਨ। ਉੱਧਰ, ਪੁਲੀਸ ਦੀਆਂ ਲਗਾਮਾਂ ਵੀ ਖੁੱਲ੍ਹੀਆਂ ਸਨ। ਝੂਠੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸ਼ਰ੍ਹੇਆਮ ਹੁੰਦੀ ਸੀ।
ਸਾਂਝੇ ਫਰੰਟ ਵਾਲੇ ਗਰੁੱਪ ਵਿੱਚ ਜਿੱਥੇ ਉਸ ਵੇਲੇ ਦੇ ਚੋਟੀ ਦੇ ਕੱਟੜ ਅਤੇ ਹਿੰਸਾ-ਪਸੰਦ ਖਾੜਕੂ ਸ਼ਾਮਲ ਸਨ, ਉੱਥੇ ਪੜ੍ਹੇ-ਲਿਖੇ ਖਾਲਿਸਤਾਨੀ ਵਿਚਾਰਧਾਰਕ ਵੀ ਸਨ। ਇਸ ਦੇ ਬਾਹਰੀ ਸਮਰਥਕਾਂ ਵਿੱਚ ਕੁਝ ਸਿੱਖ ਚਿੰਤਕ ਅਤੇ ਪੱਤਰਕਾਰ ਵੀ ਮੌਜੂਦ ਸਨ। ਇਸ ਲਈ ਇਸ ਦੇ ਬਿਆਨ ਅਤੇ ਪ੍ਰੈੱਸ ਨੋਟਾਂ ਦੀ ਸਿਰਫ਼ ਹੱਥ-ਲਿਖਤ ਹੀ ਖ਼ੂਬਸੂਰਤ ਨਹੀਂ ਸੀ, ਸਗੋਂ ਸ਼ਬਦਾਵਲੀ ਵੀ ਬਹੁਤ ਗੁੰਦਵੀਂ ਹੁੰਦੀ ਸੀ। ਮੀਡੀਆ ਨੂੰ ਵਰਤਣ ਦੀ ਉਨ੍ਹਾਂ ਦੀ ਵਿਉਂਤਬੰਦੀ ਵੀ ਬਾਕੀਆਂ ਨਾਲੋਂ ਵਧੇਰੇ ਕਾਰਗਰ ਸੀ। ਸੁਭਾਵਕ ਹੀ ਇਸ ਕਮੇਟੀ ਅਤੇ ਇਸ ਨਾਲ ਜੁੜੇ ਖਾੜਕੂਆਂ ਦੀਆਂ ਖ਼ਬਰਾਂ ਨੂੰ ਪ੍ਰੈੱਸ ਵਿੱਚ ਵਧੇਰੇ ਥਾਂ ਮਿਲ ਜਾਂਦੀ ਸੀ। ਫ਼ਾਂਸੀ ਦੀ ਸਜ਼ਾ ਪ੍ਰਾਪਤ ਖਾੜਕੂ ਸੁੱਖੇ ਅਤੇ ਜਿੰਦੇ ਵੱਲੋਂ ਫ਼ਾਂਸੀ ਚੜ੍ਹਨ ਤੋਂ ਪਹਿਲਾਂ ਮੀਡੀਏ ਰਾਹੀਂ ਸਿੱਖ ਕੌਮ ਦੇ ਨਾਂ ਜੋ ਲੰਮਾ ਦਸਤਾਵੇਜ਼ੀ ਸੰਦੇਸ਼ ਦਿੱਤਾ ਗਿਆ ਸੀ, ਉਹ ਵੀ ਇਸੇ ਹੀ ਧੜੇ ਵੱਲੋਂ ਵੰਡਿਆ ਅਤੇ ਬਹੁਤੇ ਅਖ਼ਬਾਰਾਂ ਵਿੱਚ ਜ਼ਬਰਦਸਤੀ ਛਪਵਾਇਆ ਗਿਆ ਸੀ।
ਅਸੀਂ ਉਸ ਪੁਲੀਸ ਅਫ਼ਸਰ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਅਸੀਂ ਸੁਰੱਖਿਆ ਲੈ ਕੇ ਕੀ ਕਰਾਂਗੇ। ਅਸੀਂ ਸਾਰਾ ਦਿਨ ਕਵਰੇਜ਼ ਲਈ ਇੱਧਰ- ਉੱਧਰ ਜਾਣਾ ਹੁੰਦਾ ਹੈ ਅਤੇ ਉਹ ਵੀ ਸਕੂਟਰ \'ਤੇ। ਅਸੀਂ ਕਿੱਥੇ-ਕਿੱਥੇ ਪੁਲੀਸ ਵਾਲਿਆਂ ਨੂੰ ਸਕੂਟਰ \'ਤੇ ਬਿਠਾਈ ਫਿਰਾਂਗੇ। ਅਸੀਂ ਸੁਰੱਖਿਆ ਲੈਣ ਤੋਂ ਜਵਾਬ ਦੇ ਦਿੱਤਾ। ਉਂਜ ਉਨ੍ਹਾਂ ਸਿਵਲ ਕੱਪੜਿਆਂ ਵਿੱਚ ਸਾਡੇ ਦਫ਼ਤਰ ਅੱਗੇ ਕੁਝ ਕਰਮਚਾਰੀ ਜ਼ਰੂਰ ਬਿਠਾ ਦਿੱਤੇ ਸਨ। ਦੂਜੀ ਵਾਰ ਮੈਨੂੰ ਜਾਨੋਂ ਮਾਰ ਦੇਣ ਦੀ ਸਕੀਮ ਸਾਂਝੇ ਫਰੰਟ ਵਿੱਚ ਸ਼ਾਮਲ ਖਾੜਕੂਆਂ ਨੇ ਹੀ ਬਣਾਈ ਸੀ ਪਰ ਉਸੇ ਗਰੁੱਪ ਦੇ ਹੀ ਇੱਕ ਰੂਪੋਸ਼ ਖਾੜਕੂ ਨੇ ਮੈਨੂੰ ਬਚਾਉਣ ਵਿੱਚ ਮਦਦ ਕੀਤੀ। ਇਸ ਫਰੰਟ ਜਾਂ ਇਸ ਨਾਲ ਜੁੜੇ ਖਾੜਕੂਆਂ ਦਾ ਜ਼ੋਰ ਇਸ ਗੱਲ \'ਤੇ ਸੀ ਕਿ ਜੋ ਕੁਝ ਉਹ ਆਪਣੇ ਬਿਆਨ ਵਿੱਚ ਲਿਖ ਕੇ ਦਿੰਦੇ ਹਨ, ਉਸ ਨੂੰ ਇੰਨ-ਬਿੰਨ ਛਾਪਿਆ ਜਾਵੇ ਪਰ ਅਜਿਹਾ ਕਰਨਾ ਸੰਭਵ ਨਹੀਂ ਹੁੰਦਾ ਸੀ। ਇਹ ਬਿਆਨ ਲੰਮੇ ਵੀ ਹੁੰਦੇ ਸੀ ਤੇ ਇਨ੍ਹਾਂ ਵਿੱਚ ਵੱਖ-ਵੱਖ ਲੋਕਾਂ ਨੂੰ ਜਾਨੋਂ ਮਾਰ ਦੇਣ ਦੀਆਂ ਸਿੱਧੀਆਂ ਧਮਕੀਆਂ ਹੁੰਦੀਆਂ ਸਨ। ਇਸ ਦੇ ਨਾਲ ਹੀ ਲੋਕਾਂ ਲਈ ਜਾਰੀ ਕੀਤੇ ਰੋਜ਼ ਨਵੇਂ ਫੁਰਮਾਨ ਹੁੰਦੇ ਸਨ। ਇਨ੍ਹਾਂ ਦਿਨਾਂ ਵਿੱਚ ਹੀ ਇਸ ਫਰੰਟ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਦੇ ਪੱਤਰਕਾਰਾਂ ਲਈ ਇੱਕ ਕੋਡ ਜਾਰੀ ਕੀਤਾ ਸੀ। ਇਸ ਕੋਡ ਨੂੰ ਨਾ ਮੰਨਣ ਵਾਲਿਆਂ ਨੂੰ ਸਿੱਟੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਸੀ। ਰੋਜ਼ਾਨਾ ਹੀ, ਥੋਕ ਵਿੱਚ ਵੱਖ-ਵੱਖ ਗਰੁੱਪਾਂ ਦੇ ਇੰਨੇ ਪ੍ਰੈੱਸ ਨੋਟ ਆਉਂਦੇ ਸਨ ਕਿ ਕਿਸੇ ਵੀ ਅਖ਼ਬਾਰ ਲਈ ਇਨ੍ਹਾਂ ਨੂੰ ਛਾਪਣਾ ਸੰਭਵ ਨਹੀਂ ਸੀ। ਉੱਧਰੋਂ ਸਰਕਾਰ ਅਤੇ ਪੁਲੀਸ ਦਾ ਦਬਾਅ ਹੁੰਦਾ ਸੀ ਕਿ ਖਾੜਕੂਆਂ ਦੇ ਬਿਆਨ ਅਤੇ ਧਮਕੀਆਂ ਨਾ ਛਾਪੀਆਂ ਜਾਣ। ਪੱਤਰਕਾਰਾਂ ਅਤੇ ਅਖ਼ਬਾਰਾਂ ਲਈ ਇਹ ਚੱਕੀ ਦੇ ਦੋ ਪੁੜਾਂ ਵਿਚਾਲੇ ਫਸਣ ਵਾਲੀ ਹਾਲਤ ਸੀ ਕਿਉਂਕਿ ਦੋਵੇਂ ਪਾਸੇ ਤੋਂ ਹੀ ਜਾਨੀ ਨੁਕਸਾਨ ਦਾ ਖ਼ਤਰਾ ਸੀ।
ਇੱਕ ਦਿਨ ਜਦੋਂ ਮੈਂ ਦਫ਼ਤਰੋਂ ਘਰ ਪੁੱਜਾ ਤਾਂ ਮੇਰੇ ਘਰ ਕੰਮ ਕਰਦੇ ਨੇਪਾਲੀ ਵਰਕਰ ਨੇ ਮੈਨੂੰ ਇੱਕ ਕਾਗਜ਼ ਫੜਾਇਆ ਤੇ ਦੱਸਿਆ ਕਿ ਕੋਈ ਆਦਮੀ ਇਹ ਦੇ ਗਿਆ ਸੀ। ਜਦੋਂ ਮੈਂ ਇਸ ਨੂੰ ਪੜ੍ਹਿਆ ਤਾਂ ਇਹ ਮੈਨੂੰ ਜਾਨੋਂ ਮਾਰਨ ਲਈ ਧਮਕੀ ਭਰਿਆ ਪੱਤਰ ਸੀ। ਇੱਕੋ ਸਫ਼ੇ \'ਤੇ ਬਹੁਤ ਖੁਸ਼ਕਤ ਲਿਖਾਈ ਵਿੱਚ ਇਹ ਲਿਖਿਆ ਹੋਇਆ ਸੀ, \'\'ਅਸੀਂ ਤੇਰੇ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕਰ ਲਿਆ ਹੈ ਅਤੇ ਤੇਰਾ ਹਸ਼ਰ ਵੀ ਜਰਨਲ ਬੀ.ਐਨ. ਕੁਮਾਰ ਵਰਗਾ ਹੋਵੇਗਾ।\'\' ਕਾਰਨ ਇਹ ਦੱਸਿਆ ਕਿ ਇਹ ਮੈਂ ਉਨ੍ਹਾਂ ਦੀਆਂ ਖ਼ਬਰਾਂ ਅਤੇ ਪ੍ਰੈੱਸ ਨੋਟ ਠੀਕ ਤਰ੍ਹਾਂ ਨਹੀਂ ਛਾਪਦਾ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਸੰਘਰਸ਼ ਵਿਚ ਅੜਿੱਕਾ ਬਣ ਰਿਹਾ ਸੀ। ਬੀ.ਐਨ. ਕੁਮਾਰ ਭਾਖੜਾ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਸਨ ਜਿਨ੍ਹਾਂ ਨੂੰ ਚੰਡੀਗੜ੍ਹ ਵਿੱਚ ਖਾੜਕੂਆਂ ਨੇ ਮਾਰ ਦਿੱਤਾ ਸੀ। ਉਨ੍ਹਾਂ \'ਤੇ ਦੋਸ਼ ਸੀ ਕਿ 1988 ਵਿੱਚ ਭਾਖੜਾ ਡੈਮ ਦੇ ਗੇਟ ਖੋਲ੍ਹ ਕੇ ਪੰਜਾਬ ਵਿੱਚ ਹੋਈ ਹੜ੍ਹਾਂ ਦੀ ਤਬਾਹੀ ਲਈ ਉਹ ਜ਼ਿੰਮੇਵਾਰ ਸਨ।
ਮੈਨੂੰ ਮਿਲੀ ਧਮਕੀ ਭਰੀ ਚਿੱਠੀ ਸਾਂਝੇ ਫਰੰਟ ਨਾਲ ਜੁੜੇ ਖਾੜਕੂਆਂ ਦੇ ਇੱਕ ਗਰੁੱਪ ਵੱਲੋਂ ਹੀ ਸੀ। ਇਸ ਪੰਥਕ ਕਮੇਟੀ ਦਾ ਇੱਕ ਕਰਿੰਦਾ ਪ੍ਰੈੱਸ ਨੋਟ ਦੇਣ ਆਉਂਦਾ ਹੁੰਦਾ ਸੀ। ਉਸ ਦਾ ਵਤੀਰਾ ਕਾਫ਼ੀ ਸਲੀਕੇ-ਭਰਪੂਰ ਸੀ। ਅਗਲੇ ਦਿਨ ਉਹ ਕੋਈ ਬਿਆਨ ਲੈ ਕੇ ਆਇਆ ਤਾਂ ਮੈਂ ਉਸ ਨੂੰ ਉਹ ਚਿੱਠੀ ਦਿਖਾਈ। ਉਸ ਨੇ ਕਿਹਾ ਮੈਂ ਪਤਾ ਕਰਾਂਗਾ ਕਿ ਇਹ ਅਸਲੀ ਹੈ ਕਿ ਨਕਲੀ? ਉਹ ਤੀਜੇ ਕੁ ਦਿਨ ਆਇਆ ਅਤੇ ਕਹਿਣ ਲੱਗਾ ਕਿ ਉਹ ਚਿੱਠੀ ਤਾਂ ਬਿਲਕੁਲ ਅਸਲੀ ਹੈ। ਉਹ ਤੁਹਾਡੇ \'ਤੇ ਬਹੁਤ ਗੁੱਸੇ ਹਨ। ਉਸ ਨੇ ਇਹ ਵੀ ਦੱਸਿਆ ਕਿ ਮੈਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜ਼ਿੱਦ \'ਤੇ ਅੜੇ ਹੋਏ ਹਨ। ਤੁਹਾਡੀ ਜਾਨ ਨੂੰ ਪੂਰਾ ਖ਼ਤਰਾ ਹੈ। ਉਸ ਨੇ ਇਸ \'ਤੇ ਅਫ਼ਸੋਸ ਵੀ ਜ਼ਾਹਰ ਕੀਤਾ ਅਤੇ ਸਲਾਹ ਦਿੱਤੀ ਥੋੜ੍ਹੇ ਦਿਨਾਂ ਲਈ ਇੱਧਰ-ਉੱਧਰ ਹੋ ਜਾਉ। ਅਜੇ ਤਾਜ਼ਾ-ਤਾਜ਼ਾ ਮਸਲਾ ਐ, ਥੋੜ੍ਹੇ ਦਿਨਾਂ ਤਕ ਠੰਢਾ ਹੋ ਜਾਵੇਗਾ।
ਘਰ-ਪਰਿਵਾਰ ਵਿੱਚ ਚਿੰਤਾ ਹੋਣੀ ਸੁਭਾਵਕ ਸੀ। ਇਹ ਸੋਚ ਵਿਚਾਰ ਚੱਲ ਹੀ ਰਹੀ ਸੀ ਕਿ ਸਬੱਬ ਨਾਲ ਹੀ ਮੇਰੀ ਪਤਨੀ ਦੇ ਚਚੇਰੇ ਭਰਾ ਦੇ ਵਿਆਹ ਦਾ ਸੱਦਾ ਆ ਗਿਆ। ਇਹ ਪਰਿਵਾਰ ਆਂਧਰਾ ਪ੍ਰਦੇਸ਼ ਦੇ ਗੰਟੂਰ ਸ਼ਹਿਰ ਵਿੱਚ ਵਸਿਆ ਹੋਇਆ ਸੀ। ਵਿਆਹ ਵੀ ਉੱਥੇ ਹੀ ਸੀ। ਘਰੋਂ ਜਾਣ ਦਾ ਬਹਾਨਾ ਵੀ ਢੁਕਵਾਂ ਸੀ। ਮੈਂ ਦਫ਼ਤਰੋਂ ਛੁੱਟੀ ਲਈ, ਘਰ ਨੂੰ ਲਾਇਆ ਤਾਲਾ ਤੇ ਆਪਣੀ ਪਤਨੀ ਅਤੇ ਧੀ ਨੂੰ ਲੈ ਕੇ ਗੰਟੂਰ ਚਲਾ ਗਿਆ। ਅਸੀਂ ਦੋ ਹਫ਼ਤੇ ਤੋਂ ਵੱਧ ਸਮਾਂ ਗੰਟੂਰ ਅਤੇ ਕੁਝ ਦਿਨ ਹੈਦਰਾਬਾਦ ਵੀ ਰਹੇ। ਫ਼ਰਵਰੀ ਮਹੀਨੇ ਵਿੱਚ ਵੀ ਉੱਥੇ ਬੇਹੱਦ ਗਰਮੀ ਸੀ। ਫ਼ੋਨ ਕਰਕੇ ਇੱਥੋਂ ਦੀ ਖਬਰਸਾਰ ਵੀ ਲੈਂਦੇ ਰਹੇ। ਪਤਾ ਲੱਗਾ ਕਿ ਪਿੱਛੋਂ ਉਸ ਗਰੁੱਪ ਦੇ ਕੁਝ ਮੋਹਰੀ ਪੁਲੀਸ ਹੱਥੋਂ ਮਾਰੇ ਗਏ ਤੇ ਕੁਝ ਕਾਬੂ ਵੀ ਗਏ ਸਨ। ਆਖ਼ਰ ਅਸੀਂ ਵਾਪਸ ਪਰਤ ਆਏ। ਕੁਝ ਦੇਰ ਬਾਅਦ ਉਹ ਖਾੜਕੂ ਵੀ ਪੁਲੀਸ ਹੱਥੋਂ ਮਾਰਿਆ ਗਿਆ ਜਿਸ ਨੇ ਮੇਰੀ ਜਾਨ ਬਚਾਉਣ ਵਿੱਚ ਮਦਦ ਕੀਤੀ ਸੀ। ਹੁਣ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਸੋਚ ਰਿਹਾ ਹਾਂ ਕਿ ਸਬੱਬ ਅਤੇ ਚੰਗੀ ਕਿਸਮਤ ਨਾਲ ਬਚ ਗਿਆ ਸੀ ਜਦੋਂਕਿ ਮੇਰੇ ਵਰਗੇ ਪੰਜਾਬ ਦੇ ਕੁਝ ਪੱਤਰਕਾਰ ਉਸ ਸੰਤਾਪ ਭਰੇ ਦੌਰ ਦੀ ਭੇਟ ਚੜ੍ਹ ਗਏ ਸਨ।
ਸੰਪਰਕ: 99151-77722
-
By Baljit Balli published in the Punjabi Tribune on June 09, 2012.,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.