ਸੇਵਾ ਵਿਖੇ,
ਪਰਮ ਸਤਿਕਾਰ ਯੋਗ ਜਥੇਦਾਰ ਸਾਹਿਬ , ਸ੍ਰੀ ਅਕਾਲ ਤਖ਼ਤ ਸਾਹਿਬ,
ਸ੍ਰੀ ਦਰਬਾਰ ਸਾਹਿਬ,
ਸ੍ਰੀ ਅੰਮ੍ਰਿਤਸਰ ਸਾਹਿਬ|
ਵਿਸ਼ਾ:- 1609 ਤੋਂ ਲੈ ਕੇ ਹੁਣ ਤੱਕ (2012) ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੱਖਿਆ ਲਈ ਸ਼ਹੀਦੀ ਪ੍ਰਾਪਤ ਕਰਨ ਵਾਲਿਆਂ ਦੇ ਸਨਮਾਨ ਲਈ ਯਾਦਗਾਰ ਦੀ ਸਥਾਪਨਾ |
ਪਰਮ ਸਤਿਕਾਰ ਯੋਗ ਜਥੇਦਾਰ ਸਾਹਿਬ,
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ !
1. ਅਕਾਲ ਖੁਰਖ ਦੀ ਅਪਾਰ ਕਿਰਪਾ ਸਦਕਾ ਗੁਰੂ ਸਾਹਿਬਾਨ ਨੇ ਸ੍ਰੀ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ, \'ਸੰਗਤ\' ਨੇ ਇਸ ਦਾ ਨਿਕਾਸ ਕੀਤਾ | ਸਿੱਖ ਪੰਥ ਨੂੰ ਆਪਣੀ ਸਾਜਨਾ ਤੋਂ ਲੈ ਕੇ ਅੱਜ ਤੱਕ ਇਤਿਹਾਸ ਦੀਆਂ ਬਹੁਤ ਹੀ ਕਠਨ ਪ੍ਰਿਸਥਿਤੀਆਂ ਵਿੱਚੋਂ ਲੰਘਣਾ ਪਿਆ ਹੈ| 1577 ਵਿੱਚ \'ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਵਾਰਾ ਅੰਮ੍ਰਿਤ ਸਰੋਵਰ ਦੇ ਨਿਰਮਾਣ ਤੋਂ ਲੈ ਕੇ ਹੁਣ ਤੱਕ ਸਿੱਖ ਫ਼ਲਸਫ਼ੇ ਨੂੰ ਵਿਕਾਸ ਦੀਆਂ ਕਈ ਮੰਜ਼ਲਾਂ ਤੈ ਕਰਨੀਆਂ ਪਈਆਂ ਹਨ| ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1581 ਵਿੱਚ ਇਸ ਮਹਾਨ ਪਵਿੱਤਰ ਸਰੋਵਰ ਦਾ ਨਿਰਮਾਣ ਮੁਕੰਮਲ ਕਰਵਾਇਆ| ਸ੍ਰੀ ਦਰਬਾਰ ਸਾਹਿਬ ਦੀ ਇੱਟ 1588 ਵਿੱਚ ਰੱਖੀ ਗਈ ਅਤੇ ਇਸ ਦਾ ਨਿਰਮਾਣ 1603-04 ਵਿੱਚ ਪੂਰਾ ਹੋਇਆ ਜਿੱਥੇ ਫਿਰ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ| ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਪਰਮ ਸਤਿਕਾਰ ਯੋਗ ਅਧਿਆਤਮਕ ਕੇਂਦਰ ਨੂੰ ਅਨੇਕਾਂ ਕਠਿਨਾਈਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ|
2. ਇਸ ਕਾਲ ਦੌਰਾਨ ਸਿੱਖ ਪੰਥ ਨੂੰ ਈਰਖਾ ਅਤੇ ਸਾਜ਼ਿਸ਼ਾਂ ਦੀਆਂ ਅਨੇਕਾਂ ਮੁਸ਼ਕਿਲਾਂ ਨਾਲ ਜੂਝਣਾ ਪਿਆ ਹੈ| ਸਿੱਖ ਪੰਥ ਦੇ ਇਸ ਧਾਰਮਕ ਕੇਂਦਰ (ਸ੍ਰੀ ਦਰਬਾਰ ਸਾਹਿਬ) ਨੂੰ ਹਿੰਦੁਸਤਾਲ ਦੇ ਅਫ਼ਗਾਨ ਅਤੇ ਮੁਗਲ ਹਾਕਮਾਂ ਦੇ ਹਮਲਿਆਂ ਅਤੇ ਲੁੱਟਾਂ ਤੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ ਹੈ| ਧਾੜਵੀਆਂ ਤੋਂ ਇਸ ਪਵਿੱਤਰ ਅਸਥਾਨ ਦੀ ਰੱਖਿਆ ਕਰਦਿਆਂ ਹਜ਼ਾਰਾਂ ਸਿੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ|
3. ਪਰ ਭਾਰਤ ਸਰਕਾਰ ਵੱਲੋਂ ਇੱਕ ਅਣਕਿਆਸ ਕਰਨ ਯੋਗ ਫ਼ੈਸਲੇ ਰਾਹੀਂ ਅਪ੍ਰੇਸ਼ਨ ਬਲਿਊ ਸਟਾਰ ਦੇ ਕੋਡ ਨਾਂ ਅਧੀਨ ਸ੍ਰੀ ਦਰਬਾਰ ਸਾਹਿਬ ਤੇ ਫ਼ੌਜ ਚਾੜ੍ਹਨ ਦੀ ਕਾਰਵਾਈ ਨੇ ਵਿਸ਼ਵ ਭਰ ਦੇ ਸਿੱਖ ਨਾਮ ਲੇਵਾ ਨੂੰ ਇੱਕ ਮਹਾਨ ਸਦਮਾ ਪਹੁਚਿਆ| ਇਸ ਦਾ ਸਿੱਖ ਮਾਣਸਿਕਤਾ ਉੱਤੇ ਅਮਿੱਟ ਅਸਰ ਹੋਇਆ| ਭਾਰਤ ਸਰਕਾਰ ਦੀ ਇਸ ਕੋਝੀ ਕਾਰਵਾਈ ਨੇ ਹਰ ਸਿੱਖ ਦਾ ਕਲੇਜਾ ਵਲੂੰਧਰ ਕੇ ਰੱਖ ਦਿੱਤਾ, ਜਿਸ ਨਾਲ ਸਿੱਖਾਂ ਦੀ ਬਹੁਗਿਣਤੀ ਦੇ ਮਨ ਵਿੱਚ ਗੁੱਸੇ, ਵਿਰੋਧ ਅਤੇ ਗੰਭੀਰ ਸ਼ੰਕੇ ਪੈਦਾ ਹੋਏ ਹਨ|
4. ਬਲਿਊ ਸਟਾਰ ਅਪ੍ਰੇਸ਼ਨ (ਜੂਨ 1984) ਮਗਰੋ ਲਗਪਗ ਦੋ ਸਾਲ ਤੱਕ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕੀ ਮਾਮਲਿਆਂ ਦਾ ਕੰਟ੍ਰੋਲ ਸਰਕਾਰ ਨੇ ਆਪਣੇ ਹੱਥ ਵਿੱਚ ਹੀ ਰਖਿਆ| ਮਨੁੱਖੀ ਅਧਿਕਾਰਾਂ ਸੰਬੰਧੀ ਇੱਕ ਕਾਰਜਕਰਤਾ ਸਰਦਾਰ ਇੰਦਰਜੀਤ ਸਿੰਘ ਜੇਜੀ ਵੱਲੋਂ ਤਿਆਰ ਕੀਤੀ ਇੱਕ ਰਿਪੋਰਟ ਅਨੁਸਾਰ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੀ ਗਈ ਫ਼ੌਜੀ ਕਾਰਵਾਈ ਵਿੱਚ, ਸ੍ਰੀ ਮਰਵਾਹਾ ਦੇ ਹਵਾਲੇ ਤਹਿਤ 4712 ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ| (ਮਿਰਤਕਾਂ ਦੇ ਸਸਕਾਰ ਦੀ ਗਿਣਤੀ ਸ਼ਮਸ਼ਾਨ ਘਾਟ ਮੁਤਾਬਿਕ ਲਗਪਗ 3300 ਦੱਸੀ ਗਈ ਹੈ) ਜੂਨ 1984 ਵਿੱਚ ਹਜ਼ਾਰਾਂ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ| 2 ਹਜ਼ਾਰ ਤੋਂ ਵੱਧ ਨੂੰ ਕਈ ਸਾਲਾਂ ਲਈ ਜੇਲਾਂ ਵਿੱਚ ਬੰਦ ਰਖਿਆ ਗਿਆ, ਇਹਨਾਂ ਵਿੱਚੋਂ ਵਧੇਰੇ ਨਿਰਦੋਸ਼ ਸਨ ਜਿੰਨ੍ਹਾਂ ਦਾ ਕੋਈ ਮੁਜਰਮਾਨਾ ਪਿਛੋਕੜ ਨਹੀਂ ਸੀ| ਉਨ੍ਹਾਂ ਨੂੰ ਕੇਵਲ ਇਸ ਕਰਕੇ ਕਸ਼ਟ ਝੱਲਣੇ ਪਏ ਕਿਉਂਕਿ ਉਹ ਸਿੱਖ ਸਨ| ਭਾਰਤ ਦੀ ਸ਼ਕਤੀਸ਼ਾਲੀ ਅਤੇ ਸੁਤੰਤਰ ਨਿਆਂਪਾਲਿਕਾ, ਜਿਹੜੇ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਕਾਨੂੰਨੀ ਉਲੰਘਣਾਵਾਂ ਨੂੰ ਆਪਣੇ ਆਪ ਹੀ ਵਿਚਾਰ ਅਧੀਨ ਲੈ ਆਉਂਦੀ ਹੈ, ਦੇ ਮਾਨਯੋਗ ਜੱਜ ਸਾਹਿਬ ਵੀ ਇੰਨ੍ਹਾਂ ਘਟਨਾਵਾਂ ਤੋਂ ਅੱਖਾਂ ਮੀਟੀ ਬੈਠੇ ਰਹੇ|
5. ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫ਼ਾਊਂਡੇਸ਼ਨ ਵੱਲੋਂ ਇਨ੍ਹਾਂ ਵਿਚਾਰਾਂ ਦੀ ਪ੍ਰੋੜ੍ਹਤਾ ਕੀਤੀ ਜਾਂਦੀ ਰਹੀ ਹੈ ਕਿ 1609 ਤੋਂ ਲੈ ਕੇ ਹੁਣ ਤੱਕ (ਜੂਨ 1984, ਅਪ੍ਰੈਲ 1986 ਅਤੇ ਮਈ 1988 ਸਮੇਤ) ਸਿੱਖ ਧਾਰਮਿਕ ਅਸਥਾਨਾਂ ਦੀ ਰੱਖਿਆ ਲਈ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਦੀ ਢੁੱਕਵੀਂ ਯਾਦਗਾਰ ਬਣਾਈ ਜਾਵੇ| 1609 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ| ਇਸ ਵਿਸ਼ੇ ਬਾਰੇ (ਸ੍ਰੀ ਦਰਬਾਰ ਸਾਹਿਬ ਦੇ ਸਨਮਾਨ ਦੀ ਰੱਖਿਆ ਲਈ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਦੇ ਨਿਰਮਾਣ) ਪਿੱਛਲੇ ਕੋਈ ਤਿੰਨ ਦਹਾਕਿਆਂ ਤੋਂ ਸਰਗਰਮੀ ਨਾਲ ਵਿਚਾਰ ਕੀਤਾ ਜਾਂਦਾ ਰਿਹਾ ਹੈ| ਸਿੱਖ ਸੰਗਤ ਵੱਲੋਂ ਹੁਣ ਫ਼ੈਸਲਾ ਕੀਤਾ ਗਿਆ ਹੈ ਕਿ ਕੇਵਲ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਵੇ ਸਿੰਘਾਂ ਦਾ ਗੁਰਦੂਆਰੇ ਦੇ ਰੂਪ ਵਿੱਚ ਇੱਕ ਯਾਦਗਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਨਿਸ਼ਾਨ ਸਾਹਿਬਾਂ ਦੇ ਨੇੜੇ ਬਣਾਈ ਜਾਵੇਗੀ| ਇਸ ਇਮਾਰਤ ਦੀ ਉਚਾਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਘੱਟ ਹੀ ਰੱਖੀ ਜਾਵੇਗੀ |
6. ਸ੍ਰੀ ਦਰਬਾਰ ਸਾਹਿਬ ਨੇ 1588 ਤੋਂ ਲੈ ਕੇ ਹੁਣ ਤੱਕ ਕਈ ਰੰਗ ਅਤੇ ਕਈ ਦੌਰ ਦੇਖੇ ਹਨ| ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫ਼ਾਊਂਡੇਸ਼ਨ ਦੇ ਮੈਂਬਰ ਇਹ ਸੁਝਾਅ ਦੇਣਾ ਚਾਹੁੰਦੇ ਹਨ ਕਿ ਸਿੱਖ ਪੰਥ ਦਾ ਵਿਚਾਰ ਹੈ (ਆਪਾ ਵਾਰਨ ਵਾਲਿਆਂ ਦੀ ਯਾਦਗਾਰ ਦੀ ਉਸਾਰੀ ਬਾਰੇ) ਕਿ ਇਹ ਯਾਦਗਾਰ ਧਾਰਮਿਕ ਅਸਥਾਨਾਂ ਦੀ ਰੱਖਿਆ ਦੇ ਸਮੁੱਚੇ ਇਤਿਹਾਸ ਦੇ ਸਾਰੇ ਸ਼ਹੀਦਾਂ ਦੀ ਯਾਦਗਾਰ ਹੋਵੇ, ਕੇਵਲ ਪਿੱਛਲੇ 30 ਸਾਲਾਂ ਦੇ ਦੌਰ ਤੇ ਹੀ ਧਿਆਨ ਕੇਂਦ੍ਰਿਤ ਨਾ ਕੀਤਾ ਜਾਵੇ| ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਸਿੱਖ ਪੰਥ ਦੇ ਇਤਿਹਾਸ ਦੇ ਸ਼ਹੀਦਾਂ ਦੇ ਬਲੀਦਾਨ ਨੂੰ ਅਣਚਾਹੇ ਹੀ ਨਿਗੂਣਾ ਕਰ ਰਹੇ ਹੋਵਾਂਗੇ|
7. ਇਸ ਲਈ ਸਾਡਾ ਇਹ ਸੋਚਿਆ ਸਮਝਿਆ ਵਿਚਾਰ ਹੈ ਕਿ ਇਹ ਯਾਦਗਾਰੀ ਗੁਰਦੁਆਰਾ ਸਾਹਿਬ ਉਨ੍ਹਾਂ ਸ਼ਹੀਦਾਂ ਦੀ ਯਾਦਗਾਰ ਵੀ ਹੋਵੇ ਜਿੰਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ ਮਰਿਆਦਾ ਦੀ ਰੱਖਿਆ ਲਈ ਇੰਨ੍ਹਾਂ ਧਾਰਮਕ ਅਸਥਾਨਾਂ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ, ਸਮੇਤ ਬਲਿਊ ਸਟਾਰ ਅਪ੍ਰੇਸ਼ਨ, ਅਪ੍ਰੈਲ 1986 ਅਤੇ ਮਈ 1988 (ਪਹਿਲਾ ਤੇ ਦੂਜਾ ਅਪ੍ਰੇਸ਼ਨ ਬਲੈਕ ਥੰਡਰ) ਸਮੇਂ ਜਾਨਾਂ ਵਾਰੀਆਂ ਹਨ|
8. ਸ੍ਰੀ ਅਕਾਲਬੁੰਗਾ, ਜਿਸ ਨੂੰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਦਿੱਤਾ ਗਿਆ ਹੈ, 1609 ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਥਾਪਿਤਾ ਕੀਤਾ ਸੀ ਉਸ ਸਮੇਂ ਤੋਂ ਹੀ ਮੁਗਲ ਹਾਕਮਾਂ ਦੀ ਵੰਗਾਰ ਦਾ ਸਾਹਮਣਾ ਕਰਦਾ ਆ ਰਿਹਾ ਹੈ| ਉਸ ਤੋਂ ਬਾਅਦ ਦੀਆਂ ਹਕੂਮਤਾਂ ਨੇ (ਬਰਤਾਨਵੀ ਹਾਕਮਾਂ ਸਮੇਤ) ਵੀ ਇਸ ਵਿਰੁੱਧ ਸਖ਼ਤੀ ਵਾਲੀ ਨੀਤੀ ਹੀ ਅਪਣਾਈ ਅਤੇ ਸਿੱਖ ਪੰਥ ਦੇ ਮਾਮਲਿਆਂ ਵਿੱਚ ਦਖ਼ਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ|
9. ਜਦੋਂ ਸ਼ਾਹਜਹਾਨ 1628 ਵਿੱਚ ਦਿੱਲੀ ਦੇ ਤਖ਼ਤ ਤੇ ਬੈਠਿਆ, ਤਾਂ ਉਸ ਨੇ ਸਾਰੇ ਗੈਰ ਮੁਸਲਿਮ ਧਾਰਮਿਕ ਅਸਥਾਨਾਂ ਨੂੰ ਢਾਹ ਢੇਰੀ ਕਰਨ ਦਾ ਹੁਕਮ ਦਿੱਤਾ| ਦਿੱਲੀ ਤੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਲਾਹੌਰ ਪ੍ਰਸ਼ਾਸਣ ਨੇ ਸ੍ਰੀ ਦਰਬਾਰ ਸਾਹਿਬ ਉਪਰ ਵਾਰ ਵਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ| ਸਤਾਰ੍ਹਵੀਂ ਸੱਦੀ ਦੇ ਦੂਜੇ ਅੱਧ ਦਾ ਵਧੇਰੇ ਸਮਾਂ ਗੁਰੂ ਸਾਹਿਬਾਨ ਵੱਲੋਂ ਕਿਸੇ ਵਿਸ਼ੇਸ਼ ਕਾਰਵਾਈ ਬਿਨਾਂ ਬੀਤਿਆ, ਜਦੋਂ ਮਿਹਰਬਾਨ ਅਤੇ ਮਗਰੋਂ ਉਸ ਦੇ ਪੁੱਤਰ ਹਰਜੀ, ਇਹ ਸਾਰੇ ਪਿਰਥੀ ਚੰਦ ਦੇ ਪ੍ਰਵਾਰ ਵਿੱਚੋਂ ਸਨ, ਦਾ ਦਰਬਾਰ ਸਾਹਿਬ ਉੱਤੇ ਕੰਟ੍ਰੋਲ ਰਿਹਾ| ਮੁਗਲਾਂ ਨੇ ਸਿੱਖਾਂ ਨੂੰ ਸਿਆਸੀ ਖ਼ਦਮੁਖ਼ਤਾਰੀ ਦਾ ਦਰਜਾ ਦੇ ਦਿੱਤਾ | ਇਹ ਪ੍ਰਬੰਧ ਥੋੜੇ ਜਿਹੇ ਸਮੇਂ ਲਈ ਰਿਹਾ (1733 ਤੋਂ 1736 ਤੱਕ) ਭਾਈ ਮਨੀ ਸਿੰਘ ਨੂੰ, ਜਿੰਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਨਿੱਤ ਦਿਨ ਦੀ ਸੇਵਾ ਸੌਂਪੀ ਗਈ ਸੀ, 1738 ਦੀ ਦੀਵਾਲੀ ਮਗਰੋਂ ਸ੍ਰੀ ਦਰਬਾਰ ਸਾਹਿਬ ਦੇ ਮਾਨ ਸਨਮਾਨ ਦੀ ਰੱਖਿਆ ਕਰਦਿਆਂ ਸ਼ਹੀਦ ਕਰ ਦਿੱਤਾ ਗਿਆ|
10. 1736 ਵਿੱਚ ਮੁਗਲਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ ਅਤੇ ਮੁਸਲਿਹ-ਉ-ਦੀਨ ਨੂੰ, ਜਿਸ ਨੂੰ ਮੱਸਾ ਰੰਘੜ ਕਹਿੰਦੇ ਸੀ, ਅੰਮ੍ਰਿਤਸਰ ਦਾ ਜ਼ਿਲਾ ਇੰਚਾਰਜ ਬਣਾ ਦਿੱਤਾ ਗਿਆ| ਉਸ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤ੍ਰਤਾ ਨੂੰ ਅਣਡਿੱਠ ਕਰਦਿਆਂ ਉੱਥੇ ਆਪਣਾ ਦਰਬਾਰ ਲਾਉਣਾ ਸ਼ੁਰੂ ਕਰ ਦਿੱਤਾ| ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਦਾ ਬਦਲਾ ਲੈਣ ਦਾ ਬੀੜਾ ਚੁੱਕਿਆ ਅਤੇ ਅਗਸਤ 1740 ਵਿੱਚ ਮੱਸਾ ਰੰਘੜ ਦਾ ਸਿਰ ਲਾਹ ਦਿੱਤਾ| ਮੁਗਲਾਂ ਨੇ ਲਾਹੌਰ ਦੀ ਸੂਬੇਦਾਰੀ ਲਖਪਤ ਰਾਏ ਨੂੰ ਸੌਂਪ ਦਿੱਤੀ| ਉਸ ਦਾ ਭਰਾ ਜਸਪਤ ਰਾਏ ਸਿੱਖਾਂ ਨਾਲ ਫ਼ਿਰੋਜ਼ਪੁਰ ਦੇ ਇਲਾਕੇ ਦੀ ਲੜਾਈ ਵਿੱਚ ਮਾਰਿਆ, ਉਸ ਨੇ ਬਦਲੇ ਦੀ ਭਾਵਨਾ ਨਾਲ 1746 ਵਿੱਚ ਯਾਹਯਾ ਖਾਂ ਦੀ ਮਦਦ ਨਾਲ ਸ੍ਰੀ ਦਰਬਾਰ ਸਾਹਿਬ ਤੇ ਚੜ੍ਹਾਈ ਕਰ ਦਿੱਤੀ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਅਸਥਾਨ ਦੇ ਮਾਣ ਸਨਮਾਨ ਦੀ ਰੱਖਿਆ ਕਰਦਿਆਂ ਕੋਈ 7 ਹਜ਼ਾਰ ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ|
11. 1757 ਵਿੱਚ ਅਬਦਾਲੀ ਨੇ ਪੰਜਾਬ ਤੇ ਹਮਲਾ ਕੀਤਾ ਅਤੇ ਉਸ ਨੇ ਸ੍ਰੀ ਦਰਬਾਰ ਸਾਹਿਬ ਤੇ ਵੀ ਹਮਲਾ ਵੀ ਕਰ ਦਿੱਤਾ ਅਤੇ ਸਿੱਖਾਂ ਦੇ ਪ੍ਰਵੇਸ਼ ਤੇ ਰੋਕ ਲਾ ਦਿੱਤੀ| ਬਾਬਾ ਦੀਪ ਸਿੰਘ ਤੇ ਹੋਰ ਸਿੱਖ ਯੋਧਿਆਂ ਨੇ ਇੱਸ ਪਵਿੱਤਰ ਅਸਥਾਨ ਨੂੰ ਸੁਤੰਤਰ ਕਰਾਉਣ ਲਈ ਲੜਾਈ ਕੀਤੀ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ| 1762 ਵਿੱਚ ਵਸਾਖੀ ਦੇ ਨੇੜੇ ਅਬਦਾਲੀ ਨੇ ਫਿਰ ਹਮਲਾ ਕਰ ਦਿੱਤਾ| ਕੁੱਖਰਹੀੜਾਂ ਦੇ ਸਥਾਨ ਤੇ ਰਣ ਤੱਤੇ ਵਿੱਚ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ| ਸ੍ਰੀ ਦਰਬਾਬ ਸਾਹਿਬ ਉੱਤੇ ਹੋਏ ਹਮਲੇ ਵਿੱਚ ਜਿਹੜੇ ਸ਼ਰਧਾਲੂ ਵਿਸਾਖੀ ਮੇਲੇ ਤੇ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਆਏ ਸੀ, ਉਨ੍ਹਾਂ ਨਿਹੱਥਿਆਂ ਦਾ ਕਤਲਾਮ ਕਰ ਦਿੱਤਾ ਗਿਆ| 1762 ਦੇ ਸਾਲ ਵਿੱਚ ਅਬਦਾਲੀ ਲਾਹੌਰ ਵਿੱਚ ਰਿਹਾ| ਅਕਤੂਬਰ 1762 ਵਿੱਚ ਦੀਵਾਲੀ ਮਨਾਉਣ ਲਈ ਸਿੱਖ ਫਿਰ ਭਾਰੀ ਗਿਣਤੀ ਵਿੱਚ ਇਕੱਠੇ ਹੋ ਗਏ| ਅਬਦਾਲੀ ਲਾਹੌਰ ਵਿੱਚ ਹੀ ਟਿਕਿਆ ਰਿਹਾ ਤੇ ਉਸ ਨੇ ਸਿੱਖਾਂ ਨਾਲ ਟੱਕਰ ਨਾ ਲਈ|
12. ਪੰਜਾਬ ਨੂੰ ਲੁੱਟਣ ਲਈ ਅਬਦਾਲੀ ਨੇ 1764 ਵਿੱਚ ਫਿਰ ਹਮਲਾ ਕੀਤਾ| ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਜਾਰੀ ਲਈ ਸਿੱਖਾਂ ਨੇ ਲਗਪਗ 30 ਸਿੱਖ ਭਾਈ ਗੁਰਬਖ਼ਸ਼ ਸਿੰਘ ਤੇ ਸਾਥੀਆਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਧਰਮ ਹੇਠ ਸ਼ਹੀਦੀਆਂ ਪ੍ਰਾਪਤ ਕੀਤੀਆਂ |
13. 1767 ਵਿੱਚ ਵਾਪਸ ਜਾਂਦਿਆਂ ਅਬਦਾਲੀ ਨੇ ਅੰਮ੍ਰਿਤਸਰ ਵਾਸੀਆਂ ਨੂੰ ਫਿਰ ਨੁਕਸਾਨ ਪਹੁੰਚਾਇਆ ਪਰ ਸ੍ਰੀ ਦਰਬਾਰ ਸਾਹਿਬ ਵਿੱਚ ਸਿੱਖਾਂ ਨਾਲ ਟੱਕਰ ਤੋਂ ਟਾਲ੍ਹਾ ਵੱਟਿਆ| ਇਸ ਤਰ੍ਹਾਂ 1737, 1746, 1757, 1764, 1764 ਅਤੇ ਹੋਰ ਸਾਲਾਂ ਵਿੱਚ ਇਸ ਧਰਮ ਅਸਥਾਨ ਦੀ ਰੱਖਿਆ ਕਰਦਿਆਂ ਹਜ਼ਾਰਾਂ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ| ਸਿੱਖ ਮਿਸਲਾਂ ਨੇ 1765-1833 ਦੇ ਦੌਰ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਇਸ ਦੇ ਨੇੜੇ ਆਪਣੇ 74 ਬੁੰਗੇ ਬਣਾਏ ਜਿਹੜੇ 1850 ਵਿੱਚ ਪੰਜਾਬ ਨੂੰ ਬ੍ਰਿਟਿਸ਼ ਸਮੇਂ ਵਿੱਚ ਢਾ ਦਿੱਤੇ ਗਏ| ਗੁਰਦੁਆਰਾ ਸਾਹਿਬ ਦਾ ਕੰਟ੍ਰੋਲ ਪ੍ਰਾਪਤ ਕਰਨ ਲਈ 1905 ਤੋਂ 1925 ਦਰਮਿਆਨ ਸਿੱਖਾਂ ਨੇ ਕਈ ਵਾਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਮਗਰੋ ਸ਼ਿਰੋਮਣੀ ਗੁਰਦੁਆਰਾ ਕਮੇਟੀ ਦੀ ਅਗਵਾਈ ਹੇਠ ਧਾਰਮਿਕ ਮਾਮਲਿਆਂ ਦੇ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲਈ ਬਲੀਦਾਨ ਦਿੱਤੇ |
14. ਪੰਜਾਬ ਹੈਰੀਟੇਜ ਅਤੇ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ ਰਾਜਾਂ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਕਈ ਤਜਵੀਜ਼ਾਂ ਭੇਜੀਆਂ ਗਈਆਂ ਹਨ ਤਾਂ ਜੋ ਵਿਰਸੇ ਦੀਆਂ ਕਦਰਾਂ ਕੀਮਤਾਂ ਦੀ ਸੁਰਖਿਆ ਕੀਤੀ ਜਾ ਸਕੇ| ਇਸ ਸੰਬੰਧ ਵਿੱਚ ਕਾਰਵਾਈ ਕਰਨ ਦੇ ਸੁਝਾਅ ਵੀ ਦਿੱਤੇ ਗਏ ਹਨ| ਚੱਪੜਝਿੜੀ ਵਿੱਚ ਯਾਦਗਾਰ ਬਨਾਉਣ ਬਾਰੇ ਵੀ ਮੁੱਢਲੀ 2001 ਵਿੱਚ ਮੰਗ ਸ਼ੁਰੂ ਕੀਤੀ ਗਈ ਸੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਦੇ ਸਹਿਯੋਗ ਨਾਨ ਪ੍ਰਮੁੱਖ ਇਤਿਹਾਸਕਾਰਾਂ ਦੇ ਵਿਚਾਰ ਵਟਾਂਦਰੇ ਮਗਰੋਂ 2008 ਵਿੱਚ ਅੰਤਿਮ ਰੂਪ ਵਿੱਚ ਪੰਜਾਬ ਸਰਕਾਰ ਨੂੰ ਪੇਸ਼ ਕੀਤੀ ਗਈ ਸੀ|
15. ਉਪਰੋਕਤ ਨੂੰ ਧਿਆਨ ਵਿੱਚ ਰਖਦਿਆਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਉਸਾਰੀ ਜਾਣ ਵਾਲੀ ਗੁਰਦੁਆਰਾ ਸਾਹਿਬ ਰੂਪੀ ਯਾਦਗਾਰ ਨੂੰ ਉਨ੍ਹਾਂ ਸਾਰੇ ਸਹੀਦਾਂ ਨੁੰ ਸਮਰਪਿਤ ਕੀਤਾ ਜਾਵੇ ਜਿੰਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਮਾਣ ਸਨਮਾਨ ਦੀ ਰੱਖਿਆ ਕਰਨ ਅਤੇ ਇਸ ਦੀ ਬੇਹੁਰਮਤੀ ਦੀਆਂ ਕਾਰਵਾਈਆਂ ਦਾ ਵਿਰੋਧ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ | ਖਾਸ ਕਰਕੇ ਜੂਨ 1984 (ਬਲਿਊਸਟਾਰ) ਅਪ੍ਰੈਲ 1986 ਅਤੇ ਮਈ 1988 (ਬਲੈਕ ਥੰਡਰ I ਅਤੇ II)
16. ਪਰਮ ਸਤਿਕਾਰ ਯੋਗ ਜੀ (ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ) ਆਪ ਜੀ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਉਪਰੋਕਤ ਸੁਝਾਆਂ ਨੂੰ (ਸਾਰੇ ਸ਼ਹੀਦਾਂ ਪ੍ਰਤਿ) ਪ੍ਰਵਾਨ ਕੀਤਾ ਜਾਵੇ ਜਾਂ ਫਿਰ ਇਸ ਯਾਦਗਾਰ ਦੇ ਸਮਰਪਣ ਸੰਬੰਧੀ ਵਿਸ਼ਵਭਰ ਦੇ ਸਿੱਖ ਸੰਗਠਨਾਂ ਦੇ ਲਿਖਤੀ ਵਿਚਾਰ ਜਾਣ ਲਏ ਜਾਣ ਜੀ|
ਆਦਰ ਸਹਿਤ
ਪ੍ਰੋਫੈਸਰ ਗੁਰਬਖਸ਼ ਸਿਘ ਸ਼ੇਰਗਿੱਲ
ਪ੍ਰਧਾਨ
ਨਿਰਮਲ ਸਿੰਘ ਸੰਧੂ
ਜਨਰਲ ਸਕੱਤਰ
-
ਪ੍ਰੋਫੈਸਰ ਗੁਰਬਖਸ਼ ਸਿਘ ਸ਼ੇ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.