ਸਾਲ 2004 \'ਚ ਚੌਧਰੀ ਓਮ ਪਰਕਾਸ਼ ਚੌਟਾਲਾ ਨੇ ਹਰਿਆਣਾ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਿਆ। ਉਨ੍ਹਾਂ ਦੇ ਨਾਲ ਕੰਮ ਕਰਦੇ ਰਹੇ ਇਕ ਆਈਏਐਸ ਅਫਸਰ ਨਾਲ ਮੇਰੀ ਗੱਲ ਹੋਈ। ਮੈਂ ਪੁੱਛਿਆ ਕਿਵੇਂ ਰਿਹਾ ਚੌਟਾਲਾ ਦਾ ਸਾਥ? ਬੋਲੇ, ਚੌਟਾਲਾ ਇਜ ਏ ਰੈਸਟਲੈਸ ਸੋਲ, ਨਾ ਖੁਦ ਟਿਕਦੇ ਸਨ ਤੇ ਨਾ ਹੀ ਸਾਨੂੰ ਟਿਕਣ ਦਿੰਦੇ ਸਨ। 24 ਘੰਟੇ ਘੁੰਮਦੇ ਹੀ ਰਹਿੰਦੇ ਸਨ।\' ਪੰਜਾਬ ਦੇ ਅਫਸਰ ਪਰਕਾਸ਼ ਸਿੰਘ ਬਾਦਲ ਦੇ ਲਈ ਅਜਿਹਾ ਤਾਂ ਨਹੀਂ ਬੋਲਦੇ ਲੇਕਿਨ ਛੋਟੇ ਤੋਂ ਲੈ ਕੇ ਆਲ੍ਹਾ ਅਫਸਰ ਤਕ ਬਾਦਲ ਦੀ ਤੇਜ ਰਫਤਾਰ ਕਾਰਜਸ਼ੈਲੀ ਦੀ ਚਰਚਾ ਜ਼ਰੂਰ ਕਰਦੇ ਹਨ। ਕੋਈ ਕਹਿੰਦਾ ਹੈ ‘ਬਾਦਲ ਸਾਹਬ ਤਾਂ ਜਵਾਨ ਹੋ ਗਏ ਹਨ\', ਤਾਂ ਕੋਈ ਕਹਿੰਦਾ ਹੈ ‘ਉਨ੍ਹਾਂ ਦਾ ਸਟੈਮਿਨਾ ਹੋਰ ਵਧ ਗਿਆ ਹੈ। ਅਫਸਰਾਂ ਦੀਆਂ ਦਿਨ \'ਚ 6-6 ਮੀਟਿੰਗਾਂ ਲੈ ਲੈਂਦੇ ਹਨ। ਮਾਨੀਟਰਿੰਗ ਵੀ ਪੂਰੀ ਕਰਦੇ ਹਨ। ਖੁਦ ਹਰ ਏਜੰਡੇ ਦੀ ਤਿਆਰੀ ਕਰਕੇ ਆਉਂਦੇ ਹਨ। ਪੂਰੀ ਤਰਾਂ ਚੌਕਸ ਵੀ ਹਨ। ਕੋਈ ਅਫਸਰ ਉਨ੍ਹਾਂ ਨੂੰ ਗੁੰਮਰਾਹ ਨਹੀਂ ਕਰ ਸਕਦਾ। ਆਲ੍ਹਾ ਅਫਸਰ ਇਹ ਵੀ ਮੰਨਦੇ ਹਨ ਕਿ ਫੈਸਲੇ ਵੀ ਫਟਾਫਟ ਹੋਣ ਲੱਗੇ ਹਨ। ਫਾਈਲ ਨਿਪਟਾਉਣ ਦੇ ਕੰਮ \'ਚ ਵੀ ਕੋਈ ਦੇਰੀ ਨਹੀਂ। ਯਾਦਦਾਸ਼ਤ ਵੀ ਉਨ੍ਹਾਂ ਦੀ ਪੂਰੀ ਹੈ। ਲੋਕਾਂ ਤਾਂ ਸਵੇਰੇ ਸ਼ਾਮ ਮਿਲਦੇ ਵੀ ਹਨ ਤੇ ਪੰਜਾਬ \'ਚ ਘੁੰਮਦੇ ਵੀ ਹਨ। ਅਫਸਰਾਂ ਤੇ ਬਾਬੂ ਲੋਕਾਂ ਨੂੰ ਅਨੁਸ਼ਾਸਨ \'ਚ ਲਿਆਉਣਾ ਉਨ੍ਹਾਂ ਦਾ ਇਕ ਨਵਾਂ ਏਜੰਡਾ ਹੈ। ਦਫਤਰਾਂ \'ਚ ਬੈਠਣ ਤੇ ਡਿਊਟੀ ਦੇ ਲਈ ਨਿਰਦੇਸ਼ ਵੀ ਦਿਤੇ ਹਨ। ਵੀਰਵਾਰ ਨੂੰ ਆਲ੍ਹਾ ਅਫਸਰਾ ਦੀ ਮੀਟਿੰਗ \'ਚ ਬਾਦਲ ਜੋ ਬੋਲੇ, ਅਜਿਹਾ ਅੱਜ ਤਕ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤਾ। ਉਨ੍ਹਾਂ ਨੇ ਪਹਿਲੀ ਵਾਰ ਸਵਾਲ ਉਠਾਇਆ ਕਿ ਕੀ ਕਦੇ 55 ਸਾਲ ਦੀ ਸੇਵਾ ਦੇ ਬਾਦ ਤਿਨ ਸਾਲ ਦੀ ਸੇਵਾ ਹੋਰ ਦੇਣ ਤੋਂ ਪਹਿਲਾਂ ਕਰਮਚਾਰੀ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਹੈ? ਕੀ ਕਦੇ ਏਸੀਆਰ ਲਿਖਦੇ ਸਮੇਂ ਮੈਰਿਟ ਨੂੰ ਅੱਗੇ ਰੱਖਿਆ ਹੈ? ਨਿਯਮ ਇਹ ਹੈ ਕਿ 55 ਸਾਲ ਦਾ ਹੋਣ \'ਤੇ ਜੇ ਕਰਮਚਾਰੀ ਦਾ ਕੰਮਕਾਜ ਤਸੱਲੀ ਵਾਲਾ ਹੋਵੇ ਤਾਂ ਉਸ ਨੂੰ 58 ਸਾਲ ਦਾ ਸੇਵਾ ਕਾਲ ਦਿਤਾ ਜਾਏ। ਹੁਣ ਬਾਦਲ ਨੇ ਅਜਿਹਾ ਕਰਨ ਦਾ ਆਦੇਸ਼ ਦਿਤਾ ਹੈ। ਇਕ ਆਲ੍ਹਾ ਅਫਸਰ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਅੱਜ ਵੀ ਨੋਟਸ ਬਣਾ ਕੇ ਲਿਆਏ ਸਨ। ਬਾਦਲ ਅਫਸਰਾਂ ਦੀ ਕਲਾਸ ਤਾਂ ਲੈਂਦੇ ਹਨ ਪਰ ਤਲਖੀ ਨਾਲ ਨਹੀਂ। ਉਹ ਅਫਸਰਾਂ ਦੀ ਕਲਾਸ ਲਗਾਉਂਦਿਆਂ ਵੀ ਸਲੀਕੇ, ਅਦਬ ਤੇ ਨਿਮਰਤਾ ਦਾ ਪੱਲਾ ਨਹੀਂ ਛੱਡਦੇ। ਉਹ ਮੀਟਿੰਗਾਂ \'ਚ ਆਪਣੇ ਜੀਵਨ ਦੇ ਟੋਟਕੇ ਸੁਣਾਕੇ ਮਨੋਰੰਜਨ ਵੀ ਕਰਦੇ ਹਨ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਰਕਾਰ ਦੇ, ਅਕਾਲੀ ਦਲ ਦੇ ਤੇ ਪੰਜਾਬ ਦੇ ਇਸ ਦੌਰ ਦੇ ਸਭ ਤੋਂ ਤਾਕਤਵਰ ਸਿਆਸੀ ਆਗੂ ਹਨ। ਸਭ ਵੱਡੇ ਪ੍ਰਸ਼ਾਸਨਕ ਫੈਸਲੇ ਉਨ੍ਹਾਂ ਦੀ ਮਰਜ਼ੀ ਜਾਂ ਸਲਾਹ ਨਾਲ ਹੁੰਦੇ ਹਨ। ਫਿਰ ਵੀ ਸਰਕਾਰ ਦੀ ਅਸਲ ਕਮਾਂਡ ਵੱਡੇ ਬਾਦਲ ਦੇ ਕੋਲ ਹੀ ਹੈ। ਬਾਦਲ ਸਾਹਿਬ ਵਲੋਂ ਅਫਸਰਸ਼ਾਹੀ ਨੂੰ ਦਿੱਤੀਆਂ ਨਸੀਹਤਾਂ ਕਿੰਨੀਆਂ ਕੁ ਕਾਰਗਰ ਹੁੰਦੀਆਂ ਨੇ ? ਉਨ੍ਹਾਂ ਵਲੋਂ ਧੜਾ -ਧੜ ਕੀਤੇ ਫੈਸਲੇ ਲੋਕਾਂ ਲਈ ਕਿੰਨੇ ਕੁ ਲਾਹੇਵੰਦ ਹੁੰਦੇ ਨੇ ?ਇਹ ਤਾਂ ਅਗਲਾ ਸਮਾ ਹੀ ਦੱਸੇਗਾ ਪਰ 85 ਸਾਲ ਦੇ ਨੌਜਵਾਨ ਬਾਦਲ , ਰਾਜ ਦੀ ਸਿਆਸਤ ਦੇ ਸ਼ਾਹਸਵਾਰ ਬਣ ਕੇ ਇਸ ਦਾ ਅਨੰਦ ਲੈ ਰਹੇ ਹਨ।
E-mail: tirshinazar@gmail.com
9915177722
-
BY BALJIT BALLI , Editor : www.babushahi.com , Tirchhi Nazar Media, Contact : 9915177722,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.