ਪਾਸ਼ ਬਾਰੇ ਲਿਖਣਾ ਜਾਂ ਗੱਲ ਤੋਰਨੀ ਆਪਣੇ ਆਪ ਵਿਚ ਬਹੁੱਤ ਵੱਡੀ ਗੱਲ ਹੈ। ਜਿਹਨਾਂ ਦਿਨਾਂ ਵਿਚ ਮੈਂ ਪੈਦਾ ਹੋਇਆ ਉਹ ਉਹਨੀਂ ਦਿਨੀਂ ਜਿਸਮਾਨੀ ਤੌਰ ਤੇ ਜਹਾਨੋਂ ਰੁਖ਼ਸਤ ਹੋ ਚੁੱਕਿਆ ਸੀ। ਪਰ ਫਿਰ ਵੀ ਇਹ ਪਾਸ਼ ਹੀ ਸੀ ਜੋ ਅੱਜ ਸਾਡੇ ਮਨਾਂ ਵਿੱਚ ਹੈ ਦਾ ਸੰਕਲਪ ਧਾਰੀ ਬੈਠਾ ਹੈ। ਪੰਜਾਬੀ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਮੈਂ ਪਾਸ਼ ਬਾਰੇ ਸਿਰਫ਼ ਸੁਣਿਆ ਹੀ ਸੀ ਜਾਂ ਕਹਿ ਲਵੋ ਕੁਝ ਕਵਿਤਾਵਾਂ ਆਪਣੇ ਕਾਮਰੇਡ ਆੜੀਆਂ ਦੀ ਸੰਗਤ ਵਿਚ ਪੜੀਆਂ ਵੀ ਹੋਣ। ਪਰ ਉਦੋਂ ਪਾਸ਼ ਮੇਰੇ ਲਈ ਇੱਕ ਸਾਧਾਰਨ ਕਵੀ ਹੀ ਸੀ।
ਇਸ ਲਈ ਮੈਂ ਕਈ ਵਾਰ ਸੋਚਦਾ ਹੁੰਦਾ। ਉਦੋਂ ਮੈਂ ਉਸਦੇ ਉਬਾਲਿਆ ਨੂੰ ਦੇਖਿਆ ਹੀ ਸੀ ਪਰ ਸੂਖਮਤਾਂ ਦੀਆਂ ਪਰਤਾਂ ਅੱਜ ਮੇਰੇ ਸਾਹਮਣੇ ਹਨ। ਜੋ ਪਰਤ-ਦਰ-ਪਰਤ ਖੁੱਲ ਰਹੀਆਂ ਹਨ।
ਯੂਨਿਵਰਸਿਟੀ ਚ ਬੱਲ ਬਾਬਾ (ਗੁਰਦਿਆਲ ਬੱਲ) ਦੀ ਬੈਠਕ ਵਿੱਚ ਪਾਸ਼ ਉੱਭਰਿਆ। ਜਦੋਂ ਉਸਨੇ ਗਾਲ੍ਹ ਕੱਢ ਕੇ (ਆਮ ਤੌਰ ਤੇ ਬੱਲ ਬਾਬਾ ਜਿਹਨਾਂ ਨੂੰ ਪਿਆਰ ਕਰਦਾ ਉਹਨਾਂ ਨੂੰ ਹੀ ਗਾਲ੍ਹਾਂ ਕੱਢਦੈ) ਕਹਿੰਦਾ ਪਾਸ਼ ਕੁੜੀ...ਚੋ... ਬੰਦਾ ਥੋੜੀ ਸੀ। ਟੇਡਾ, ਬਿਗੜਿਆ, ਅੜਬ, ਉਂਝ ਮੋਮ ਵਰਗਾ ਦੁਆਬੀਆ ਜੱਟ ਸੀ। ਉਹ ਜੋ ਧਾਰਦਾ ਕਰਦਾ। ਜ਼ਿੰਦਗੀ ਦੇ ਅਰਥ ਲੱਭਣ ਤੁਰਿਆ ਹੋਇਆ ਬੰਦਾ ਸੀ। ਫਿਰ ਜਗਿਆਸਾ ਆਪਣੇ ਸਿਖ਼ਰ ਤੇ ਪਹੁੰਚੀ ਤੇ ਪਾਸ਼ ਨੇ ਪੜ੍ਹਨਾ ਸ਼ੁਰੂ ਕੀਤਾ। ਉਸਦੀ ਕਵਿਤਾ ਪੜੀ ਪਰ ਕਾਮਰੇਡਾ ਵਾਂਗ ਰੱਟਾ ਨਹੀਂ ਮਾਰਿਆ। ਚਿੱਠੀਆਂ ਪੜੀਆਂ ਤੇ ਸੁਆਲ ਖੜੇ ਹੋਏ।
ਮੈਨੂੰ ਪਾਸ਼ ਦੀ ਕਵਿਤਾ ਨਾਲੋਂ ਉਸਦੀ ਜ਼ਿੰਦਗੀ ਅਤੇ ਸੋਚਣ ਦੇ ਤਰੀਕੇ ਅਤੇ ਜਿਊਣ ਦੇ ਸਲੀਕੇ ਨੇ ਜ਼ਿਆਦਾ ਪ੍ਰਭਾਵਿਤ ਕੀਤਾ। ਹਾਲਾਂਕਿ ਰਜਿੰਦਰ ਰਾਹੀ ਦੀ ਕਿਤਾਬ ਜਿੱਥੇ ਪਾਸ਼ ਰਹਿੰਦਾ ਹੈ ਨੂੰ ਉਸਦੀ ਵਿਚਾਰਧਾਰਾ ਦੇ ਉਲਟ ਗਰਦਾਨਿਆਂ ਗਿਆ ਹੈ। ਪਰ ਰਾਜਿੰਦਰ ਰਾਹੀ ਨੇ ਵੀ ਉਸਦੀ ਸੂਖਮਤਾਂ ਨੂੰ ਪ੍ਰਤੱਖ ਕੀਤਾ। ਮੈਨੂੰ ਲੱਗਦਾ ਇਹ ਪੰਜਾਬੀਆਂ ਦੀ ਤ੍ਰਾਸਦੀ ਰਹੀ ਜਿੱਥੇ ਸੂਖਮਤਾਂ ਨੂੰ ਮਨਫੀ ਕਰਕੇ ਦੇਖਿਆ ਜਾਂਦਾ ਰਿਹਾ ਹੈ। ਪਾਸ਼ ਕੋਲ ਪੰਜਾਬੀ ਸੁਭਾਅ ਦੀ ਅਣਖ ਤੋਂ ਇਲਾਵਾ ਸੂਖਮਤਾਂ ਵੀ ਸੀ। ਜ਼ਿੰਦਗੀ ਨਾਲ ਮੁਹੱਬਤ ਤੇ ਪ੍ਰਕਿਰਤੀ ਨਾਲ ਅਥਾਹ ਸਾਂਝ ਵੀ ਝਲਕਦੀ ਸੀ।
ਸਮਸ਼ੇਰ ਸੰਧੂ ਦੀ ਪਿਛਲੇ ਦਿਨੀਂ ਛਪੀ ਕਿਤਾਬ ਇੱਕ ਪਾਸ਼ ਇਹ ਵੀ ਮੇਰੇ ਹਥਲੇ ਲੇਖ ਦੇ ਲਿਖਣ ਦਾ ਇੱਕ ਕਾਰਨ ਹੈ। ਇੱਕ ਪਾਸ਼ ਇਹ ਵੀ ਪਾਸ਼ ਦੇ ਸਿਰਫ ਇੱਕ ਕਵੀ ਤੇ ਉਹ ਵੀ ਮਾਰਕਸੀ ਝੁਕਾਅ ਵਾਲੇ ਦੇ ਬਿੰਬ ਨੂੰ ਤੋੜਦੀ ਹੈ।
ਪਾਸ਼ ਇਸ ਕਿਤਾਬ ਰਾਹੀਂ ਮੈਨੂੰ ਲੱਗਦਾ ਇਸ ਰੂਪ ਵਿਚ ਸਾਡੇ ਸਾਹਮਣੇ ਪ੍ਰਤੱਖ ਹੋਇਆ ਕਿ ਉਹ ਸਭ ਤੋਂ ਪਹਿਲਾਂ ਇੱਕ ਅਜਿਹਾ ਵਿਕਾਸਸ਼ੀਲ ਇਨਸਾਨ ਸੀ, ਜੋ ਇੱਕ ਥਾਂ ਖੜ ਨਹੀਂ ਸਕਦਾ ਸੀ। ਉਹ ਇੱਕ ਚਿੰਤਕ ਹੈ ਦੇ ਰੂਪ ਵਿਚ ਸਾਡੇ ਸਾਹਮਣੇ ਦਿ੍ਰਸ਼ਵਾਨ ਹੁੰਦਾ ਹੈ।
ਉਸਦੀਆਂ ਚਿੱਠੀਆਂ ਦੀ ਭਾਸ਼ਾ,ਗੱਲ ਕਰਨ ਦਾ ਢੰਗ ਉਸਦੇ ਸੋਚਣ ਦੇ ਬ੍ਰਹਿਮੰਡੀ ਵਰਤਾਰੇ ਨੂੰ ਸਾਡੇ ਸਾਹਮਣੇ ਰੱਖਦੀ ਹੈ। ਜਿਸ ਤੇ ਮੈਨੂੰ ਲੱਗਦਾ ਕੋਈ ਵੀ ਕਿੰਤੂ ਨਹੀਂ ਕਰਦਾ ਹੋਵੇਗਾ।
ਇਹ ਪਾਸ਼ ਹੀ ਸੀ ਜਿਸਨੇ ਬੌਧਿਕਤਾ ਦਾ ਪੰਜਾਬੀ ਵਿਚ ਸ਼ਿਖ਼ਰ ਛੂਹਿਆ ਤੇ ਕਦੇ ਵੀ ਉਸਦਾ ਨਾਟਕੀ ਮੰਚਨ ਨਹੀਂ ਕੀਤਾ। ਜੋ ਕਿ ਇਸ ਸਦੀ ਦੇ ਪੰਜਾਬੀ ਅਦਬ ਦਾ ਸਭ ਤੋਂ ਵੱਡਾ ਦੁਖਾਂਤ ਹੈ। ਉਸਦੇ ਮਿੱਤਰ ਮੰਡਲ ਵਿਚ ਬੱਕਰੀਆਂ ਵਾਲੇ ਕਾਮੇ, ਸਮਗਲਰ, ਅਮਲੀ ਅਤੇ ਇੱਥੋਂ ਤੱਕ ਉੱਘੇ ਮਾਰਕਸੀ ਚਿੰਤਕ ਭਗਵਾਨ ਸਿੰਘ ਜੋਸ਼ ਹੁਰੀਂ ਵੀ ਸ਼ਾਮਿਲ ਸਨ।
ਇੱਕ ਪਾਸ਼ ਇਹ ਵੀ ਕਿਤਾਬ ਦੇ ਸੰਨਾਟਾ ਛਾ ਗਿਆ ਪਾਸ਼ ਦੀ ਕਵਿਤਾ ਨਾਲ ਲੇਖ ਵਿਚ ਮੌਜੂਦਾ ਪ੍ਰਬੰਧਕੀ ਸਾਹਿਤ ਦੇ ਝੰਡਾ ਬਰਦਾਰਾ ਨੂੰ ਤਿੱਖੀ ਚੋਭ ਲਾਈ ਹੈ। ਜਿਸਦਾ ਜੁਆਬ ਉਹਨਾਂ ਕੋਲ ਨਹੀਂ ਹੁੰਦਾ ਅਤੇ ਇਸਤੋਂ ਇਲਾਵਾ ਇਹ ਵੀ ਪ੍ਰਤੱਖ ਹੁੰਦਾ ਹੈ ਕਿ ਉਹ ਪ੍ਰਬੰਧਕੀ ਸਾਹਿਤਕਾਰਾਂ (ਜਿਹਨਾਂ ਨੂੰ ਫ਼ਿਲਹਾਲ ਵਾਲਾ ਗੁਰਬਚਨ ਸਾਹਿਤ ਦੇ ਜਥੇਦਾਰ ਕਹਿ ਕੇ ਮੁਖਾਤਿਬ ਹੁੰਦਾ ਹੈ) ਤੋਂ ਨਿਖੇੜਦਾ ਹੈ।
ਪਾਸ਼ ਦੀ ਜੇਲ ਵਿਚ ਦੀਵਾਲੀ ਤੇ ਕੀਤੀ ਠੂਹ-ਠਾਹ ਉਸਦੀ ਮਾਨਸਿਕ ਪ੍ਰੋੜਤਾ ਦੇ ਸਿਖਰ ਨੂੰ ਛੂੰਹਦੀ ਹੈ। ਉੱਥੇ ਉਸਦੀ ਇਸ ਵਾਰੇ ਘਰਦਿਆਂ ਨੂੰ ਲਿਖੀ ਚਿੱਠੀ ਕਿਸੇ ਵੀ ਬੰਦੇ ਨੂੰ ਰਵਾਉਣ ਦੀ ਸਮਰੱਥਾ ਰੱਖਦੀ ਹੈ।
ਇਹ ਪਾਸ਼ ਹੀ ਹੈ ਜੋ ਇਕੋ ਸਮੇਂ ਕਈ ਪ੍ਰਸਥਿਤੀਆਂ ਦੇ ਸਨਮੁੱਖ ਹੋ ਕੇ ਵਿਚਾਰਦਾ ਹੈ। ਜਿੱਥੇ ਉਹ ਖੁੱਲ ਕੇ ਆਪਣੇ ਇਸ਼ਕਾਂ ਦੀ ਗੱਲ ਕਰਦਾ ਹੈ। ਉੱਤੇ ਆਪਣੇ ਮਿੱਤਰਾਂ ਨਾਲ ਲੜਦਾ, ਬਹਿਸਦਾ ਕਈ ਵਾਰ ਅੱਤ ਭਾਵੁਕ ਹੋ ਕੇ ਕੋਟੇ (ਰਿਵਾਲਵਰ) ਨਾਲ ਫਾਇਰ ਵੀ ਕਰ ਦਿੰਦਾ ਹੈ। ਆਰਥਿਕ ਕਾਰਨਾਂ ਕਰਕੇ ਮਿਲਖਾ ਸਿੰਘ ਦੀ ਜੀਵਨੀ ਲਿਖਦਾ ਹੈ। ਉੱਥੇ ਜਸਵੰਤ ਕੰਵਲ ਦੇ ਰੇਖਾ-ਚਿੱਤਰ ਰਾਹੀਂ ਵਾਰਤਕ ਦੇ ਸਿਖਰ ਤੇ ਬਲਵੰਤ ਗਾਰਗੀ ਹੁਰਾਂ ਤੋਂ ਵੀ ਅੱਗੇ ਨਿਕਲ ਕੇ ਆਉਦਾ ਹੈ।
ਪਰ ਸਭ ਤੋਂ ਵੱਡੀ ਗੱਲ ਜੋ ਕਿ ਇਸ ਪੁਸਤਕ ਦੀ ਵਾਰ-ਵਾਰ ਅੱਗੇ ਨਿਕਲ ਕੇ ਆਉਦੀ ਹੈ। ਉਹ ਪਾਸ਼ ਦਾ ਲਿਖਿਆ ਲੇਖ ਹੁਸਨ...ਖੂਬਸੂਰਤੀ...ਸੁੰਦਰ ਹੈ! ਜਿਸਨੂੰ ਮੈਂ ਵਾਰ-ਵਾਰ ਪੜਿਆ ਤੇ ਸਾਰੀ ਰਾਤ ਜਾਗਦਾ ਰਿਹਾ ਤੇ ਸੋਚਦਾ ਰਿਹਾ ਕਿ ਪਾਸ਼ ਸਾਡਾ ਹੈ..
ਸਾਡੇ ਸਮਿਆਂ ਦਾ ਪਾਸ਼ ਜਿਸਨੂੰ ਮਨੁੱਖ ਦੇ ਆਦਿ ਤੋਂ ਬਾਅਦ ਦੀ ਸਮੁੱਚੀ ਬੌਧਿਕਤਾ ਦਾ ਲੇਪ ਚੜ ਚੁੱਕਿਆ ਹੈ। ਜਿਸ ਕੋਲ ਮਨੁੱਖ ਲਈ ਛੱਡਣ ਲਈ ਸਵਾਲ ਹੀ ਨਹੀਂ ਸਨ। ਬਲਕਿ ਅਣਸੁਲਝੇ ਸਵਾਲਾਂ ਦੇ ਜਵਾਬ ਵੀ ਪਾਸ਼ ਰੱਖਦਾ ਸੀ। ਫਿਰ ਵੀ ਪਾਸ਼ ਅੱਜ ਵੀ ਇੱਕ ਇਨਕਲਾਬੀ ਕਵੀ ਹੈ। ਸਿਰਫ ਗਰਮ ਖੱਬੇਪੱਖੀਆਂ ਦੀ ਧਰੋਹਰ। ਮੈਨੂੰ ਲੱਗਦਾ ਪਾਸ਼ ਇਸਤੋਂ ਬਹੁਤ ਵੱਡਾ ਹੈ। ਅਕਾਸ਼ ਦੀ ਤਰਾਂ ਹਿਸਾਬ ਦੇ ਇਨਫਾਂਇਟ ਦੀ ਤਰਾਂ ਜਿਸਦਾ ਹਿਸਾਬ ਹੋ ਹੀ ਨਹੀਂ ਸਕਦਾ। ਅੱਜ ਮੈਨੂੰ ਲੱਗਦਾ ਪਾਸ਼ ਨੂੰ ਉਸਦੀ ਕਵਿਤਾ ਤੋਂ ਅੱਗੇ ਹੋ ਕੇ ਵੇਖਣਾ ਬਣਦਾ ਹੈ। ਉਸਦੀਆਂ ਹੋਰ ਰਚਨਾਵਾਂ ਰਾਹੀਂ, ਜਿਸ ਲਈ ਸਮਸ਼ੇਰ ਸੰਧੂ ਵਧਾਈ ਦਾ ਪਾਤਰ ਹੈ। ਜਿਸਨੇ ਪਾਸ਼ ਦੀ ਬ੍ਰਹਿਮੰਡੀ ਸ਼ਖਸ਼ੀਅਤ ਨੂੰ ਸਾਡੇ ਰੂਬਰੂ ਕੀਤਾ।
ਇਹ ਕਿਤਾਬ ਮੈਨੂੰ ਲੱਗਦਾ ਸਿਰਫ ਪੰਜਾਬੀ ਦੇ ਪਾਠਕਾਂ ਲਈ ਹੀ ਨਹੀਂ ਹੈ। ਇਹ ਬਾਬੇ ਨਾਨਕ ਦੇ ਉੱਜੜ ਜਾਓ ਦੇ ਸੰਕਲਪ ਨੂੰ ਧਾਰਦੀ ਕਿਤਾਬ ਹੈ। ਖ਼ਾਸ ਤੌਰ ਤੇ ਪਾਸ਼ ਦਾ ਲਿਖਿਆ ਹੁਸਨ...ਖੂਬਸੂਰਤੀ...ਸੁੰਦਰਤਾ ਲੇਖ ਜੋ ਪੰਜਾਬੀ ਅਦਬ ਦਾ ਸਿਖ਼ਰ ਹੈ ਅਤੇ ਯੂਨਿਵਰਸਿਟੀਆਂ ਵਿਚ ਪੰਜਾਬੀ ਸਾਹਿਤ ਦੀ ਨੁਕਤਾਚੀਨੀ ਕਰਨ ਵਾਲਿਆਂ ਨੂੰ ਇਕ ਜੁਆਬ।
ਜਰਮਨ ਫਿਲਾਸਫੀ ਨੂੰ ਰਟਣਾ ਅਤੇ ਬੌਧਿਕਤਾ ਨੂੰ ਪ੍ਰਮਣਿਤ ਕਰਨਾ ਬੋਧਿਕਤਾ ਨਹੀਂ ਹੁੰਦੀ। ਬਲਕਿ ਬੌਧਿਕਤਾ ਹਰ ਸਾਹਿਤ ਦੀ ਰੂਹ ਵਿਚ ਹੁੰਦੀ ਹੈ। ਜਿਨਾਂ ਚਿਰ ਸਾਡੇ ਕੋਲ ਪਾਸ਼ ਅਤੇ ਉਸ ਵਰਗੀਆਂ ਹੋਰ ਲਿਖਤਾਂ ਹਨ। ਉਨਾਂ ਚਿਰ ਪੱਛਮੀ ਚਿੰਤਨ ਬਾਅਦ ਦੀ ਗੱਲ ਹੈ। ਕਿਉਕਿ ਜਿਸ ਧਰਤੀ ਤੇ ਤੁਸੀਂ ਸਾਹ ਲੈਂਦੇ ਹੋ ਉਸਦੀ ਮਿੱਟੀ ਵਿੱਚੋ ਉਪਜਿਆ ਇਕ ਸੱਚਾ ਸ਼ਬਦ ਵਿਆਪਕ ਅਰਥ ਦਿੰਦਾ ਹੈ। ਫਿਰ ਪਾਸ਼ ਦੀ ਲਿਖਤ ਉਸਨੂੰ ਹੋਰ ਵੀ ਵਿਆਪਕ ਕਰ ਦਿੰਦੀ ਹੈ। ਜੋ ਸਮਾਜਿਕ, ਰਾਜਨਿਤਕ ਦੇ ਨਾਲ ਅਤਿਅੰਤ ਸੂਖ਼ਮ ਵੀ ਹੈ। ਜਿਸਦੀਆਂ ਪਰਤਾਂ ਨੂੰ ਫਰੋਲਣਾ ਅਤੇ ਹੋਰ ਵਿਆਪਕ ਬਣਾਉਣਾ ਸਾਡੀ ਪੀੜੀ ਦਾ ਕੰਮ ਹੈ। ਜਿਸਦੇ ਲਈ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਜੁਆਬਦੇਹ ਵੀ ਹੋਵਾਂਗੇ।
Tarandeep Deol
Mob. 09914900729
V.P.O Bilaspur, Teh. Nihal Singh Wala. Disst. Moga, Punjab
-
Tarandeep Deol (09914900729),
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.