ਮਾਲਵੇ ਦੇ ਬਠਿੰਡਾ ਜ਼ਿਲੇ ਦੇ ਰਾਮਪੁਰਾ ਫੂਲ ਦਾ ਜੰਮਪਲ ਵਰਿੰਦਰ ਸਿੰਘ ਉਹ ਨੌਜਵਾਨ ਪੱਤਰਕਾਰ ਹੈ ਜਿਸਨੇ 21 ਅਪ੍ਰੈਲ 2000 ਨੂੰ ਬੀਬੀ ਜਾਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਦੀ ਭੇਤਭਰੀ ਮੌਤ ਤੇ ਇਸ ਦੇ ਸ਼ੱਕੀ ਕਾਰਨਾਂ ਬਾਰੇ ਪਹਿਲੀ ਸਟੋਰੀ ਬਰੇਕ ਕੀਤੀ ਸੀ। ਕਾਫੀ ਵੇਰਵਿਆਂ ਵਾਲੀ ਇਹ ਖ਼ਬਰ ਅੰਗਰੇਜ਼ੀ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ ਦੋਵਾਂ ਚ ਹੀ ਛਪੀ ਸੀ। ਇਸ ਤੋਂ ਬਾਦ ਵੀ ਉਹ ਲਗਾਤਾਰ ਇਸ ਘਟਨਾਕ੍ਰਮ ਦਾ ਫਾਲੋਅੱਪ ਕਰਦਾ ਰਿਹਾ ਤੇ ਲਗਭਗ ਇਕ ਦਰਜਨ ਦੇ ਕਰੀਬ ਖੋਜੀ ਰਿਪੋਰਟਾਂ ਉਸ ਨੇ ਉਨ੍ਹਾਂ ਦਿਨਾਂ ਚ ਹੀ ਆਪਣੇ ਅਖਬਾਰ ਲਈ ਕੀਤੀਆਂ। ਹੁਣ ਜਦੋਂ ਇਹ ਕੇਸ ਅਦਾਲਤੀ ਫੈਸਲੇ ਤੱਕ ਆ ਪੁੱਜਾ ਹੈ ਤਾਂ ਬਾਬੂਸ਼ਾਹੀ ਦੇ ਪਾਠਕਾਂ ਲਈ ਨਾਮਵਰ ਪੰਜਾਬੀ ਪੱਤਰਕਾਰ ਬਲਜੀਤ ਸਿੰਘ ਬਰਾੜ ਵਲੋਂ ਲਿਖਿਆ ਵਰਿੰਦਰ ਸਿੰਘ ਦਾ ਜੀਵਨ-ਚਿੱਤਰ ਨਜ਼ਰੀਆ ਸੈਕਸ਼ਨ ਚ ਅਪਲੋਡ ਕੀਤਾ ਜਾ ਰਿਆ ਹੈ : ਸੰਪਾਦਕ
ਚੰਡੀਗੜ੍ਹ ਤੋਂ ਛਪਦੇ ਪ੍ਰਮੁੱਖ ਅੰਗਰੇਜ਼ੀ ਅਖਬਾਰ \'ਦ ਟ੍ਰਿਬਿਊਨ\' ਦੇ ਜਲੰਧਰ ਤੋਂ ਪ੍ਰਿੰਸੀਪਲ ਕਾਰਸਪੌਂਡੈਂਟ ਸ੍ਰੀ ਵਰਿੰਦਰ ਸਿੰਘ ਇਸ ਖੇਤਰ ਦੀ ਅੰਗਰੇਜ਼ੀ ਅਤੇ ਪੰਜਾਬੀ ਪੱਤਰਕਾਰਤਾ ਦਾ ਪ੍ਰਮੁੱਖ ਚਿਹਰਾ ਹੈ। ਇਸ ਦਾ ਜ਼ਿਕਰ ਛਿੜਦਿਆਂ ਹੀ ਅਜਿਹੀ ਸ਼ਖਸੀਅਤ ਦੇ ਨਕਸ਼ ਜਿਹਨ ਵਿਚ ਉਭਰਦੇ ਹਨ ਜਿਹੜੀ ਵੱਖ-ਵੱਖ ਇਨਸਾਨੀ ਖੂਬੀਆਂ ਦਾ ਖੂਬਸੂਰਤ ਮੁਜੱਸਮਾ ਹੈ। ਪੱਤਰਕਾਰਤਾ ਉਸ ਦੇ ਵਜੂਦ ਦਾ ਪ੍ਰਮੁੱਖ ਆਧਾਰ ਹੈ। ਪੱਤਰਕਾਰਤਾ ਦੀ ਸ਼ਿੱਦਤ ਨਾਲ ਹੀ ਉਹ ਸੰਗੀਤ ਨਾਲ ਵੀ ਜੁੜਿਆ ਹੋਇਆ ਹੈ। ਮਾਨਵੀ ਕਦਰਾਂ-ਕੀਮਤਾਂ ਦਾ ਉਹ ਅਡੰਬਰ ਰਹਿਤ ਮੁਹਿੰਮਕਾਰ ਹੈ। ਉਸ ਦੀ ਸ਼ਖਸੀਅਤ ਦੇ ਸਾਰੇ ਪੱਖਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਵੀ ਮੁਸ਼ਕਿਲ ਹੈ। ਪਿਛਲੇ ਡੇਢ ਦਹਾਕੇ ਦੀ ਸਖਤ ਮੁਸ਼ੱਕਤ ਅਤੇ ਲਿਆਕਤ ਨਾਲ ਉਸ ਨੇ ਸਮਾਜ ਵਿਚ ਇਕ ਦਿਓਕੱਦ ਸ਼ਖਸੀਅਤ ਵਜੋਂ ਆਪਣੀ ਪਹਿਚਾਣ ਬਣਾ ਲਈ ਹੈ। ਪੱਤਰਕਾਰ ਵਰਿੰਦਰ ਸਿੰਘ ਹੀ ਉਹ ਪੱਤਰਕਾਰ ਹੈ ਜਿਸ ਨੇ ਬੀਬੀ ਜਾਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਦੀ ਭੇਤਭਰੀ ਹਾਲਤ ਚ ਹੋਈ ਮੌਤ ਦੀ ਖਬਰ ਸਭ ਤੋਂ ਪਹਿਲਾਂ ਨਸ਼ਰ ਕੀਤੀ.
ਸ. ਵਰਿੰਦਰ ਸਿੰਘ ਇਕ ਸਿਰੜੀ ਇਨਸਾਨ ਹੈ। ਉਸ ਨੇ ਜ਼ਿੰਦਗੀ ਦੇ ਹਰ ਕੌੜੇ ਸੱਚ ਅਤੇ ਚੁਣੌਤੀ ਨੂੰ ਖਿੜੇ ਮੱਥੇ ਕਬੂਲਿਆ ਹੈ। ਜ਼ਿੰਦਗੀ ਦਾ ਉਸ ਨੇ ਹਮੇਸ਼ਾ ਖੁੱਲ੍ਹਦਿਲੀ ਨਾਲ ਸਾਹਮਣਾ ਕੀਤਾ ਹੈ। ਇਸ ਭਾਵਨਾ ਨਾਲ ਹੀ ਉਸ ਨੇ ਪੱਤਰਕਾਰਤਾ ਅਤੇ ਜ਼ਿੰਦਗੀ ਦੇ ਹੋਰ ਖੇਤਰਾਂ ਵਿਚ ਆਪਣੀ ਦਲੇਰ ਭੂਮਿਕਾ ਨਿਭਾਈ ਹੈ। ਉਸ ਨੂੰ ਇਸ ਖੇਤਰ ਵਿਚ ਲੋਕਾਂ ਦੇ ਨੁਮਾਇੰਦੇ ਵਜੋਂ ਮਾਨਤਾ ਮਿਲੀ ਹੋਈ ਹੈ। ਆਪਣੀ ਕਲਮ ਅਤੇ ਮਾਨਵੀ ਸਰਗਰਮੀ ਨਾਲ ਉਸ ਨੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਬੇਜੋੜ ਅਤੇ ਨਿਵੇਕਲਾ ਕੰਮ ਕੀਤਾ ਹੈ। ਉਨ੍ਹਾਂ ਨੇ ਸਮਾਜਿਕ ਅਤੇ ਹੋਰ ਮਸਲਿਆਂ ਨੂੰ ਪੂਰੀ ਬੇਬਾਕੀ ਨਾਲ ਉਠਾਇਆ, ਭਾਵੇਂ ਕਿ ਇਸ ਦੇ ਲਈ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਇਸ ਆਲਮ ਨੇ ਉਨ੍ਹਾਂ ਨੂੰ ਇਵਜ਼ ਵਿਚ ਬਹੁਤ ਕੁਝ ਦਿੱਤਾ। ਉਨ੍ਹਾਂ ਦੇ ਚਿਹਰੇ ਦੀ ਮੁਸਕੁਰਾਹਟ ਉਨ੍ਹਾਂ ਦਾ ਸਭ ਤੋਂ ਵੱਡਾ ਸਰਮਾਇਆ ਹੈ। ਜ਼ਿੰਦਗੀ ਬਾਰੇ ਉਨ੍ਹਾਂ ਦਾ ਨਜ਼ਰੀਆ ਦਿਸਹੱਦੇ ਤੋਂ ਵੀ ਅੱਗੇ ਹੈ। ਉਹ ਜ਼ਿੰਦਗੀ ਦੀ ਹਰ ਤਲਖੀ ਨੂੰ ਆਪਣੇ ਪਿੰਡੇ ਉਪਰ ਹੰਢਾਉਣਾ ਜਾਣਦੇ ਹਨ। ਬ੍ਰਹਿਮੰਡੀ ਦ੍ਰਿਸਟੀ ਦੇ ਮਾਲਕ ਸ. ਵਰਿੰਦਰ ਸਿੰਘ ਹਮੇਸ਼ਾ ਜ਼ਿੰਦਗੀ ਨੂੰ ਕੌੜੀਆਂ ਹਕੀਕਤਾਂ ਨਾਲ ਦੋ-ਚਾਰ ਹੋਣ ਨੂੰ ਪਹਿਲ ਦਿੰਦਾ ਹੈ।
ਉਸ ਨੇ ਇਕ ਪੱਕਰੋੜ ਪੱਤਰਕਾਰ ਦੇ ਨਾਲ-ਨਾਲ ਇਲੈਕਟ੍ਰਾਨਿਕ ਮੀਡੀਆ ਵਿਚ ਇਕ ਐਂਕਰ, ਚਲੰਤ ਮਾਮਲਿਆਂ ਦੇ ਮਾਹਿਰ ਸਮਾਜਿਕ ਮਾਮਲਿਆਂ ਬਾਰੇ ਇਕ ਚਿੰਤਕ ਅਤੇ ਵੱਖ-ਵੱਖ ਵੰਨਗੀਆਂ ਦੇ ਪ੍ਰੋਗਰਾਮਾਂ ਵਿਚ ਜੱਜ ਵਜੋਂ ਸ਼ਮੂਲੀਅਤ ਕਰਕੇ ਆਪਣੀ ਲਿਆਕਤ ਦਾ ਖੂਬ ਪ੍ਰਗਟਾਵਾ ਕੀਤਾ ਹੈ। ਆਮ ਜ਼ਿੰਦਗੀ, ਖਾਸ ਤੌਰ \'ਤੇ ਹਾਲਾਤਾਂ ਦੇ ਮਾਰੇ ਲੋਕਾਂ ਬਾਰੇ ਉਸ ਦੇ ਵਿਚਾਰ ਅਤੇ ਭਾਵਨਾ ਕਾਬਿਲੇ-ਜ਼ਿਕਰ ਹੈ। ਪੱਤਰਕਾਰਤਾ ਦੇ ਖੇਤਰ ਵਿਚ ਉਸ ਦਾ ਬਹੁਤ ਅਹਿਮ ਯੋਗਦਾਨ ਹੈ। ਰੋਜ਼ਾਨਾ \'ਟ੍ਰਿਬਿਊਨ\' ਅਖਬਾਰ ਨਾਲ ਉਸ ਦੀ ਪਹਿਚਾਣ ਬੇਜੋੜ ਹੈ। ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿਚ ਉਨ੍ਹਾਂ ਦੀ ਸ਼ਮੂਲੀਅਤ ਸੋਨੇ ਉਪਰ ਸੁਹਾਗੇ ਵਾਲੀ ਭੂਮਿਕਾ ਨਿਭਾਅ ਰਹੀ ਹੈ।
ਸ. ਵਰਿੰਦਰ ਸਿੰਘ ਨੇ ਅੰਗਰੇਜ਼ੀ ਵਿਚ ਐਮ. ਏ. ਦੀ ਡਿਗਰੀ ਹਾਸਲ ਕਰਨ ਪਿਛੋਂ ਹੀ ਲਿਖਣ ਵੱਲ ਰੁਝਾਨ ਕੀਤਾ। ਕਾਲਜ ਦੇ ਸਮੇਂ ਤੋਂ ਹੀ ਉਹ ਕਲਮ \'ਤੇ ਜ਼ੋਰ-ਅਜ਼ਮਾਈ ਕਰ ਰਹੇ ਹਨ। ਸ਼ੁਰੂ ਵਿਚ ਉਨ੍ਹਾਂ ਨੇ ਕੁਝ ਖੂਬਸੂਰਤ ਕਵਿਤਾਵਾਂ ਵੀ ਲਿਖੀਆਂ ਜਿਹੜੀਆਂ ਕਾਲਜ ਦੇ ਮੈਗਜ਼ੀਨ ਵਿਚ ਵੀ ਛਪੀਆਂ। ਪੱਤਰਕਾਰਤਾ ਦੇ ਨਾਲ-ਨਾਲ ਉਹ ਹੁਣ ਵੀ ਅੰਗਰੇਜ਼ੀ ਦੀ ਖੂਬਸੂਰਤ ਕਵਿਤਾ ਲਿਖਦੇ ਹਨ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੀਆਂ ਇਹ ਲਿਖਤਾਂ ਹਾਲੇ ਲੋਕਾਂ ਸਾਹਮਣੇ ਨਹੀਂ ਆਈਆਂ। ਪੱਤਰਕਾਰਤਾ ਨਾਲ ਜੁੜਨ ਦੇ ਇਰਾਦੇ ਨਾਲ ਹੀ ਉਨ੍ਹਾਂ ਨੇ ਬੈਚੁਲਰ ਆਫ ਜਨਰਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ (ਬੀ.ਜੇ.ਐਮ.ਸੀ.) ਦੀ ਡਿਗਰੀ ਹਾਸਲ ਕੀਤੀ ਅਤੇ ਸੰਨ 1995 ਵਿਚ \'ਇੰਡੀਅਨ ਐਕਸਪ੍ਰੈੱਸ\' ਅਖਬਾਰ ਨਾਲ ਜੁੜ ਕੇ ਜਲੰਧਰ ਤੋਂ ਪੱਤਰਕਾਰਤਾ ਦੀ ਪ੍ਰਵਾਜ਼ ਭਰੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੜ ਪਿੱਛੇ ਮੁੜ ਕੇ ਨਹੀਂ ਦੇਖਿਆ। ਬਾਅਦ ਵਿਚ ਉਹ ਚੰਡੀਗੜ੍ਹ ਤੋਂ ਛਪਦੀ \'ਟ੍ਰਿਬਿਊਨ\' ਨਾਲ ਜੁੜ ਗਏ। \'ਟ੍ਰਿਬਿਊਨ\' ਵਿਚ ਉਨ੍ਹਾਂ ਦੀ ਸ਼ਾਨਦਾਰ ਸੇਵਾ ਦੇ 13 ਸਾਲ ਪੂਰੇ ਹੋ ਗਏ ਹਨ। ਇਸ ਸਮੇਂ ਉਹ \'ਟ੍ਰਿਬਿਊਨ\' ਦੇ ਸੀਨੀਅਰ ਸਟਾਫ ਕਾਰਸਪਾਂਡੈਂਟ ਹਨ। \'ਟ੍ਰਿਬਿਊਨ\' ਦੇ ਸਟਾਫ ਰਿਪੋਰਟਰ ਵਜੋਂ ਉਨ੍ਹਾਂ ਨੇ ਪੰਜਾਬ ਦੇ ਰਿਪੋਰਟਿੰਗ ਪੱਖੋਂ ਅਹਿਮ ਸਟੇਸ਼ਨਾਂ ਜਲੰਧਰ, ਪਟਿਆਲਾ, ਅੰਮ੍ਰਿਤਸਰ ਤੋਂ ਸੇਵਾ ਕਰ ਚੁੱਕੇ ਹਨ। ਇਸ ਸਮੇਂ ਉਹ ਬਠਿੰਡਾ ਵਿਖੇ ਤਾਇਨਾਤ ਹਨ। ਉਨ੍ਹਾਂ ਦੀਆਂ ਵਿਲੱਖਣ ਰਿਪੋਰਟਾਂ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। \'ਟ੍ਰਿਬਿਊਨ\' ਦੇ ਹੀ ਨਹੀਂ, ਉਹ ਇਸ ਖੇਤਰ ਦੇ ਚੋਟੀ ਦੇ ਪੱਤਰਕਾਰਾਂ ਵਿਚ ਸ਼ੁਮਾਰ ਹੁੰਦੇ ਹਨ। ਉਨ੍ਹਾਂ ਨੇ ਪੱਤਰਕਾਰਤਾ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਈਆਂ ਹਨ।
ਸ. ਵਰਿੰਦਰ ਸਿੰਘ ਵਿਲੱਖਣ ਸ਼ਖਸੀਅਤ ਅਤੇ ਯੋਗਤਾਵਾਂ ਦੇ ਮਾਲਕ ਹਨ। ਉਨ੍ਹਾਂ ਨੇ ਸੰਸਾਰ ਦਾ ਪਹਿਲਾ ਮੀਡੀਆ ਦਾ ਝੰਡਾ ਵੀ ਇਜ਼ਾਦ ਕੀਤਾ ਹੈ। ਸ. ਵਰਿੰਦਰ ਸਿੰਘ ਬੇਸ਼ੱਕ ਪੰਜਾਬ ਦੇ ਮਾਲਵਾ ਖੇਤਰ ਦੇ ਜੰਮਪਲ ਹਨ, ਪ੍ਰੰਤੂ ਉਨ੍ਹਾਂ ਦਾ ਦੁਆਬਾ ਖੇਤਰ ਨਾਲ ਵਿਸ਼ੇਸ਼ ਲਗਾਓ ਹੈ। ਉਨ੍ਹਾਂ ਦੇ ਪਿਤਾ ਜੀ ਇਸ ਖੇਤਰ ਵਿਚ ਲੰਮਾ ਸਮਾਂ ਸਰਕਾਰੀ ਸੇਵਾ ਵਿਚ ਰਹੇ ਹਨ। ਇਸ ਕਾਰਨ ਸ. ਵਰਿੰਦਰ ਸਿੰਘ ਦੀ ਜ਼ਿੰਦਗੀ ਦਾ ਬਹੁਤਾ ਸਮਾਂ ਵੀ ਇਸ ਖੇਤਰ ਵਿਚ ਹੀ ਬੀਤਿਆ ਹੈ। ਇਸ ਖੇਤਰ ਵਿਚ ਉਨ੍ਹਾਂ ਦੇ ਦੋਸਤਾਂ ਅਤੇ ਪ੍ਰਸੰਸਕਾਂ ਦੀ ਇਕ ਲੰਮੀ-ਚੌੜੀ ਸੂਚੀ ਹੈ। ਪੂਰੇ ਵਿਸ਼ਵ ਨੂੰ ਆਪਣਾ ਘਰ ਤਸਲੀਮ ਕਰਨ ਵਾਲੇ ਸ. ਵਰਿੰਦਰ ਸਿੰਘ ਦੋਸਤਾਂ ਦੇ ਦੋਸਤ ਹਨ। ਉਨ੍ਹਾਂ ਦੀ ਖਿੱਚ-ਭਰਪੂਰ ਸ਼ਖਸੀਅਤ ਅਤੇ ਵਿਵੇਕਸ਼ੀਲਤਾ ਤੋਂ ਕੋਈ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਬਹੁਤ ਹੀ ਨਿਰਮਲ ਜਹਿਨੀਅਤ ਵਾਲੇ ਸ. ਵਰਿੰਦਰ ਸਿੰਘ ਸਾਦਗੀ ਪਸੰਦ ਮਨੁੱਖ ਹਨ।
ਪੱਤਰਕਾਰਤਾ ਅਤੇ ਟੈਲੀਵਿਜ਼ਨ ਦੇ ਨਾਲ-ਨਾਲ ਉਨ੍ਹਾਂ ਦੀ ਫਿਲਮ ਨਿਰਮਾਣ ਵਿਚ ਵੀ ਡੂੰਘੀ ਦਿਲਚਸਪੀ ਹੈ। ਫਿਲਮ ਨਿਰਮਾਣ ਦੇ ਖੇਤਰ ਵਿਚ ਉਨ੍ਹਾਂ ਨੇ ਬਕਾਇਦਾ ਸਿਖਲਾਈ ਵੀ ਲਈ ਹੋਈ ਹੈ। ਆਪਣੀ ਫਿਲਮ ਨਿਰਮਾਣ ਪ੍ਰਤਿਭਾ ਦਾ ਉਹ ਕੁਝ ਦਸਤਾਵੇਜ਼ੀ ਫਿਲਮਾਂ ਬਣਾ ਕੇ ਪ੍ਰਗਟਾਵਾ ਵੀ ਕਰ ਚੁੱਕੇ ਹਨ। ਜਲੰਧਰ ਦੂਰਦਰਸ਼ਨ ਉਨ੍ਹਾਂ ਦੀ ਇਸ ਪ੍ਰਤਿਭਾ ਨੂੰ ਮਾਨਤਾ ਵੀ ਦੇ ਚੁੱਕਾ ਹੈ। ਡਿਫੈਂਸ ਪੱਤਰਕਾਰਤਾ ਬਾਰੇ ਵੀ ਉਨ੍ਹਾਂ ਨੇ ਭਾਰਤੀ ਫੌਜ ਤੋਂ ਇਕ ਵਿਸ਼ੇਸ਼ ਕੋਰਸ ਕੀਤਾ ਹੋਇਆ ਹੈ। ਉਨ੍ਹਾਂ ਨੇ ਇਨਫਰਮੇਸ਼ਨ ਅਤੇ ਟੈਕਨਾਲੋਜੀ ਵਿਚ ਐਮ.ਐਸ.ਸੀ. ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀ ਸੋਚ ਅਤੇ ਤਜਰਬੇ ਦਾ ਦਾਇਰਾ ਵਸੀਹ ਹੁੰਦਾ ਹੈ।
ਸ. ਵਰਿੰਦਰ ਸਿੰਘ ਘੁਮੱਕੜ ਬਿਰਤੀ ਦੇ ਵੀ ਮਾਲਕ ਹਨ। ਉਨ੍ਹਾਂ ਨੂੰ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਉਹ ਦੂਰ-ਦੁਰਾਡੇ ਘੁੰਮਣ ਲਈ ਚਲੇ ਜਾਂਦੇ ਹਨ। ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਇਲਾਵਾ ਉਹ ਕੈਨੇਡਾ, ਅਮਰੀਕਾ, ਤਾਇਵਾਨ ਅਤੇ ਨੇਪਾਲ ਵਰਗੇ ਦੇਸ਼ਾਂ ਦੇ ਦੌਰੇ \'ਤੇ ਵੀ ਜਾ ਚੁੱਕੇ ਹਨ। ਕੁਦਰਤ ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਓ ਹੈ। ਬੇਸਹਾਰਾ ਜਾਨਵਰਾਂ ਲਈ ਵੀ ਉਨ੍ਹਾਂ ਨੇ ਬੇਮਿਸਾਲ ਕੰਮ ਕੀਤਾ ਹੈ। ਜਲੰਧਰ ਵਿਚ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਐਨੀਮਲ ਹੈਲਪ ਲਾਈਨ ਉਨ੍ਹਾਂ ਦੇ ਯਤਨਾਂ ਦਾ ਹੀ ਸਿੱਟਾ ਹੈ। ਪੱਤਰਕਾਰਤਾ ਵਿਚ ਵੀ ਉਨ੍ਹਾਂ ਨੇ ਕੁਦਰਤ ਅਤੇ ਪਸ਼ੂਆਂ ਨਾਲ ਪ੍ਰੇਮ ਸਬੰਧੀ ਵੀ ਅਹਿਮ ਰਿਪੋਰਟਾਂ ਲਿਖੀਆਂ ਹਨ।
ਸੰਗੀਤ ਦੇ ਖੇਤਰ ਨਾਲ ਉਨ੍ਹਾਂ ਦਾ ਰਿਸ਼ਤਾ ਦਿਨੋ-ਦਿਨ ਗੂੜ੍ਹਾ ਹੁੰਦਾ ਜਾ ਰਿਹਾ ਹੈ। ਗਾਇਕੀ ਅਤੇ ਸੰਗੀਤ ਨਾਲ ਜੁੜੀਆਂ ਇਸ ਖੇਤਰ ਨਾਲ ਅਹਿਮ ਹਸਤੀਆਂ ਨਾਲ ਉਨ੍ਹਾਂ ਦਾ ਲਗਾਤਾਰ ਰਾਬਤਾ ਬਣਿਆ ਰਹਿੰਦਾ ਹੈ। ਹਿੰਦੀ ਫਿਲਮਾਂ ਦੇ ਯੁਗ ਗਾਇਕ ਸਵਰਗਵਾਸੀ ਸ੍ਰੀ ਮੁਹੰਮਦ ਰਫੀ ਤੋਂ ਉਹ ਬੇਹੱਦ ਪ੍ਰਭਾਵਿਤ ਹਨ। ਸ. ਵਰਿੰਦਰ ਸਿੰਘ ਨੇ ਸੰਗੀਤ ਦੇ ਖੇਤਰ ਵਿਚ ਵੀ ਬਾਕਾਇਦਾ ਸਿੱਖਿਆ ਹਾਸਲ ਕੀਤੀ ਹੋਈ ਹੈ ਅਤੇ ਉਹ ਬਹੁਤ ਵਧੀਆ ਗਾ ਲੈਂਦੇ ਹਨ। ਪੱਤਰਕਾਰਤਾ ਦੇ ਰੁਝੇਵਿਆਂ ਕਾਰਨ ਸੰਗੀਤ ਲਈ ਉਹ ਵਧੇਰੇ ਸਮਾਂ ਨਹੀਂ ਕੱਢ ਸਕਦੇ, ਪ੍ਰੰਤੂ ਉਨ੍ਹਾਂ ਦੀ ਇਸ ਖੇਤਰ ਵੱਲ ਰੁਚੀ ਲਗਾਤਾਰ ਬਣੀ ਹੋਈ ਹੈ।
ਨਿਮਰਤਾ ਅਤੇ ਮਨੁੱਖਤਾ ਵਿਚ ਡੂੰਘਾ ਵਿਸ਼ਵਾਸ ਰੱਖਣ ਵਾਲੇ ਸ. ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਆਪ ਤੋਂ ਵੱਡਿਆਂ ਅਤੇ ਮਾਰਗ-ਦਰਸ਼ਕਾਂ ਦੇ ਆਸ਼ੀਰਵਾਦਾਂ ਨਾਲ ਹੀ ਜ਼ਿੰਦਗੀ ਵਿਚ ਰਵਾਨਗੀ ਆਉਂਦੀ ਹੈ। ਸ. ਵਰਿੰਦਰ ਸਿੰਘ ਫਿਲਾਸਫਰਾਂ ਵਾਲੇ ਅੰਦਾਜ਼ ਵਿਚ ਆਖਦੇ ਹਨ ਕਿ ਜ਼ਿੰਦਗੀ ਕਦੇ ਨਹੀਂ ਰੁਕਦੀ, ਇਸ ਦਾ ਸਫਰ ਹਮੇਸ਼ਾ ਜਾਰੀ ਰਹਿੰਦਾ ਹੈ।
Varinder Singh can be contacted at 09814115141
Email : varindertribune@yahoo.com, www.varinder.org.
-
By Baljit Singh Brar Editor : AAJ DI AWAAZ, Contact :9417400023,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.