ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਨੂੰ ਸਿਰੇ ਚਾੜ੍ਹਨ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂਆਂ ਨੂੰ ਕਰੀਬ 10 ਮਹੀਨੇ ਦਾ ਸਮਾਂ ਲੱਗਾ ਸੀ। ਸੀ. ਬੀ. ਆਈ. ਵੱਲੋਂ ਚੰਡੀਗੜ੍ਹ ਦੀ ਅਦਾਲਤ ਵਿਚ ਦੋਸ਼ੀਆਂ ਵਿਰੁੱਧ ਪੇਸ਼ ਕੀਤੇ ਗਏ ਚਲਾਨ ਤੋਂ ਇਹ ਗੱਲ ਸਾਹਮਣੇ ਆਈ । ਇਸੇ ਚਲਾਨ ਦੇ ਅਧਾਰ \'ਤੇ ਹੀ ਅੱਜ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਨੇ ਇਸ ਕੇਸ ਦਾ ਫ਼ੈਸਲਾ ਸੁਣਾਇਆ ਹੈ।
ਚਲਾਨ ਅਨੁਸਾਰ ਇਹ ਸਾਜ਼ਿਸ਼ ਪਾਕਿਸਤਾਨ ਵਿਚ ਲਾਹੌਰ ਵਿਖੇ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਨੇ ਨਵੰਬਰ 1994 ਵਿਚ ਮਹਿਲ ਸਿੰਘ ਅਤੇ ਜਗਤਾਰ ਸਿੰਘ ਹਵਾਰਾ ਨਾਲ ਮਿਲ ਕੇ ਤਿਆਰ ਕੀਤੀ ਸੀ। ਹਵਾਰਾ ਉਰਫ ਤਾਰੀ ਅਪ੍ਰੈਲ 1995 ਵਿਚ ਭਾਰਤ ਵਿਚ ਆਇਆ ਸੀ ਅਤੇ ਉਸਨੇ 5 ਮਹੀਨਿਆਂ ਅੰਦਰ 31 ਅਗਸਤ ਨੂੰ ਆਪਣੀ ਯੋਜਨਾ \'ਤੇ ਅਮਲ ਕਰ ਲਿਆ। ਦੋਸ਼ ਪੱਤਰ ਅਨੁਸਾਰ ਸਾਜ਼ਿਸ਼ ਤਿਆਰ ਕਰਨ ਅਤੇ ਉਸ \'ਤੇ ਅਮਲ ਦੀਆਂ ਘਟਨਾਵਾਂ ਹੇਠ ਲਿਖੇ ਅਨੁਸਾਰ ਵਾਪਰੀਆਂ :
ਨਵਬੰਰ 1994-ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਨੇ ਲਾਹੌਰ ਵਿਚ ਮਹਿਲ ਸਿੰਘ ਤੇ ਜਗਤਾਰ ਸਿੰਘ ਹਵਾਰਾ ਨਾਲ ਮਿਲ ਕੇ ਬੇਅੰਤ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਤਿਆਰ ਕੀਤੀ।
ਅਪ੍ਰੈਲ 1995-ਜਗਤਾਰ ਸਿੰਘ ਹਵਾਰਾ ਉਰਫ ਤਾਰੀ ਭਾਰਤ ਆ ਗਿਆ।
ਮਈ 1995-ਦਿਲਾਵਰ ਸਿੰਘ ਜੋ ਕਿ ਮਨੁੱਖੀ ਬੰਬ ਬਣਿਆ, ਨੇ ਹਿਮਾਚਲ ਪ੍ਰਦੇਸ਼ ਵਿਚ ਰਟੋਲੀ ਵਿਖੇ ਇਕ ਕਮਰਾ ਕਿਰਾਏ \'ਤੇ ਲਿਆ ਤਾਂ ਜੋ ਗੁਪਤ ਮੀਟਿੰਗਾਂ ਕੀਤੀਆਂ ਜਾ ਸਕਣ।
ਜੂਨ 1995-ਜਗਤਾਰ ਸਿੰਘ ਹਵਾਰਾ ਨੇ ਜ਼ਿਲ੍ਹਾ ਪਟਿਆਲਾ ਵਿਚ ਓਕਾਸੀ ਜੱਟਾਂ ਪਿੰਡ ਦੇ ਸ਼ਮਸ਼ੇਰ ਸਿੰਘ ਨਾਲ ਸੰਪਰਕ ਕੀਤਾ ਜਿਹੜਾ ਕਿ ਭਗੌੜਾ ਹੈ।
ਜੁਲਾਈ 1995-ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਅਤੇ ਨਵਜੋਤ ਸਿੰਘ ਮੁਹਾਲੀ ਵਿਖੇ ਜਗਰੂਪ ਸਿੰਘ ਟਿਊਬਵੈ¥ਲ ਆਪਰੇਟਰ ਦੇ ਮਕਾਨ \'ਤੇ ਇਕੱਠੇ ਹੋਏ।
10 ਜੁਲਾਈ-ਹਵਾਰਾ ਅਤੇ ਸ਼ਮਸ਼ੇਰ ਸਿੰਘ ਨੇ ਟਰੱਕ ਨੰਬਰ ਪੀ. ਸੀ.-12 ਏ 7947 ਕਿਰਾਏ \'ਤੇ ਲਿਆ ਤਾਂ ਜੋ ਹਿੰਦ ਪਾਕਿ ਸੀਮਾ \'ਤੇ ਅਜਨਾਲਾ ਨੇੜਿਓਂ ਵਿਸਫੋਟਕ ਪਦਾਰਥ ਲਿਆਂਦੇ ਜਾ ਸਕਣ।
25 ਜੁਲਾਈ-ਹਵਾਰਾ ਨੇ ਕੁੱਝ ਵਿਸਫੋਟਕ ਪਦਾਰਥ ਅਤੇ ਹੋਰ ਸਮਾਨ ਝੀਂਗਰਾ ਕਲਾਂ ਪਿੰਡ ਵਿਚ ਨਸੀਬ ਦੇ ਘਰ ਵਿਚ ਰੱਖ ਦਿੱਤਾ।
20 ਅਗਸਤ-ਹਵਾਰਾ ਦਿੱਲੀ ਵਿਚ ਜਗਤਾਰ ਸਿੰਘ ਤਾਰਾ ਨੂੰ ਮਿਲਿਆ ਅਤੇ ਇਕ ਪੁਰਾਣੀ ਅੰਬੈਸਡਰ ਕਾਰ ਖਰੀਦੀ।
20 ਤੋਂ 24 ਅਗਸਤ-ਦਿੱਲੀ ਦੇ ਪਰਮਜੀਤ ਸਿੰਘ ਨੇ ਇਹ ਕਾਰ ਲਕਸ਼ਮੀ ਨਗਰ ਵਿਖੇ ਵਿਸ਼ਵਕਰਮਾ ਪਾਰਕ ਵਿਚ ਆਪਣੇ ਘਰ ਰੱਖੀ।
23 ਅਗਸਤ-ਹਵਾਰਾ ਨੇ ਤਾਰਾ ਨੂੰ ਟੈਲੀਫੋਨ \'ਤੇ ਇਕ ਕੋਡ ਦੁਆਰਾ ਸੰਦੇਸ਼ ਭੇਜ ਕੇ ਅਗਲੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੁੱਜਣ ਲਈ ਕਿਹਾ।
24 ਅਗਸਤ-ਤਾਰਾ ਅਤੇ ਪਰਮਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹਵਾਰਾ ਅਤੇ ਕਾਂਸਟੇਬਲ ਬਲਵੰਤ ਸਿੰਘ ਨੂੰ ਮਿਲੇ ਅਤੇ ਅਗਲੇ ਦਿਨ ਫੇਰ ਗੁਰਦੁਆਰਾ ਦੂਖ ਨਿਵਾਨ ਸਾਹਿਬ ਵਿਖੇ ਮਿਲਣ ਦਾ ਫ਼ੈਸਲਾ ਕੀਤਾ।
25 ਅਗਸਤ-ਸਵੇਰੇ 7 ਵਜੇ ਹਵਾਰਾ, ਤਾਰਾ, ਪਰਮਜੀਤ ਸਿੰਘ, ਬਲਵੰਤ ਸਿੰਘ ਅਤੇ ਦਿਲਾਵਰ ਸਿੰਘ ਗੁਰਦੁਆਰੇ ਵਿਚ ਮਿਲੇ। ਉਸੇ ਦਿਨ ਤਾਰਾ ਅਤੇ ਦਿਲਾਵਰ ਕਾਰ ਰਾਹੀਂ ਝੀਂਗਰਾ ਪਿੰਡ ਚਲੇ ਗਏ। ਤਾਰਾ ਅਤੇ ਦਿਲਾਵਰ ਫੇਰ ਮੁਹਾਲੀ ਫੇਜ਼ 4 ਵਿਚ ਘਰ ਨੰਬਰ 981 ਵਿਚ ਪੁੱਜੇ ਜਿਥੇ ਕਿ ਗੁਰਮੀਤ ਸਿੰਘ, ਨਸੀਬ ਸਿੰਘ ਤੋਂ ਵਿਸਫੋਟਕ ਪਦਾਰਥ ਦੇ ਥੈਲੇ ਲੈ ਕੇ ਪਹੁੰਚਿਆ ਹੋਇਆ ਸੀ।
26 ਅਗਸਤ-ਕਾਰ ਚੰਡੀਗੜ੍ਹ ਦੇ ਸੈਕਟਰ 7 ਵਿਚ ਦੁਬਾਰਾ ਪੇਂਟਿੰਗ ਲਈ ਦਿੱਤੀ ਗਈ ਅਤੇ 15000 ਰੁਪਏ ਦੀ ਪੇਸ਼ਗੀ ਰਕਮ ਪਰਮਜੀਤ ਸਿੰਘ ਅਤੇ ਦਿਲਾਵਰ ਸਿੰਘ ਨੇ ਦਿੱਤੀ।
27 ਅਗਸਤ-ਸਿਪਾਹੀ ਲਖਵਿੰਦਰ ਸਿੰਘ ਨੇ ਕਾਂਸਲ ਪਿੰਡ ਦੇ ਇਕ ਦਰਜੀ ਅਨਿਲ ਕੁਮਾਰ ਤੋਂ ਇਕ ਖਾਕੀ ਪੈਂਟ ਕਮਰ ਤੋਂ ਖੁੱਲ੍ਹੀ ਕਰਵਾਈ।
28 ਅਗਸਤ-ਹਵਾਰਾ ਅਤੇ ਬਲਵੰਤ ਸਿੰਘ ਵੱਲੋਂ ਇਕ ਮਾਰੂਤੀ ਵੈਨ ਵਿਚ ਪੰਜਾਬ ਪੁਲਿਸ ਦੀਆਂ ਕਈ ਵਰਦੀਆਂ ਲਿਆਂਦੀਆਂ ਗਈਆਂ ਜਿਨ੍ਹਾਂ ਨੂੰ ਮੁਹਾਲੀ ਵਿਖੇ ਜਗਰੂਪ ਸਿੰਘ ਦੇ ਘਰ ਵਿਚ ਰੱਖਿਆ ਗਿਆ।
29 ਅਗਸਤ-ਹਵਾਰਾ, ਤਾਰਾ, ਪਰਮਜੀਤ ਸਿੰਘ ਅਤੇ ਜਗਰੂਪ ਸਿੰਘ ਨੇ ਬੰਬ ਅਤੇ ਹੋਰ ਸਮਾਨ ਨੂੰ ਇਕ ਹਾਰਮੋਨੀਅਮ ਵਿਚ ਛੁਪਾ ਦਿੱਤਾ ਅਤੇ ਪਿੱਛੋਂ ਨਵਜੋਤ ਸਿੰਘ ਦੇ ਘਰ ਚਲੇ ਗਏ।
29 ਅਗਸਤ, 1995 ਦੀ ਸ਼ਾਮ-ਦਿਲਾਵਰ ਸਿੰਘ ਅਤੇ ਬਲਵੰਤ ਸਿੰਘ ਸਕੂਟਰ ਨੰਬਰ ਪੀ. ਸੀ. ਪੀ. 2085 \'ਤੇ ਪੇਂਟਰ ਕੋਲ ਗਏ ਪਰ ਕਾਰ ਤਿਆਰ ਨਹੀਂ ਸੀ।
30 ਅਗਸਤ-ਦੁਪਹਿਰ ਤੋਂ ਪਹਿਲਾਂ-ਬਲਵੰਤ ਸਿੰਘ ਦਿਲਾਵਰ ਨੂੰ ਪੇਂਟਰ ਦੀ ਦੁਕਾਨ \'ਤੇ ਛੱਡ ਆਇਆ ਅਤੇ ਕਾਂਸਲ ਵਿਖੇ ਦਰਜੀ ਕੋਲ ਖੁੱਲ੍ਹੀ ਕਰਨ ਲਈ ਦਿੱਤੀ ਪੈਂਟ ਲੈਣ ਗਿਆ। ਦਲਬੀਰ ਸਿੰਘ ਉਰਫ ਮੌਲਾ ਸਕੂਟਰ ਵਾਪਸ ਲੈ ਗਿਆ। ਪੇਂਟਰ ਨੂੰ 15000 ਰੁਪਏ ਦੀ ਬਕਾਇਆ ਰਕਮ ਦੇ ਕੇ ਕਾਰ ਲੈ ਲਈ ਗਈ।
30 ਅਗਸਤ ਸ਼ਾਮ-ਤਾਰਾ, ਦਿਲਾਵਰ, ਹਵਾਰਾ ਅਤੇ ਬਲਵੰਤ ਸਿੰਘ ਸਿਵਲ ਸਕੱਤਰੇਤ ਲਈ ਰਵਾਨਾ ਹੋਏ। ਹਵਾਰਾ ਰਾਹ ਵਿਚ ਹੀ ਕਾਰ ਤੋਂ ਉਤਰ ਗਿਆ। ਦਿਲਾਵਰ ਵਰਦੀ ਵਿਚ ਸੀ ਪਰ ਸ: ਬੇਅੰਤ ਸਿੰਘ ਦਫਤਰ ਤੋਂ ਜਾ ਚੁੱਕੇ ਸਨ।
30 ਅਗਸਤ ਦੀ ਰਾਤ-ਕਾਰ ਨੂੰ ਚੰਡੀਗੜ੍ਹ ਦੇ ਸੈਕਟਰ 45 ਵਿਚ ਘਰ ਨੰਬਰ 3031/1 \'ਤੇ ਰੱਖਿਆ ਗਿਆ ਜਿਥੇ ਕਿ ਦਿਲਾਵਰ ਦਾ ਭਰਾ ਚਮਕੌਰ ਸਿੰਘ ਰਹਿੰਦਾ ਸੀ।
31 ਅਗਸਤ-ਦਿਲਾਵਰ ਨੇ ਆਪਣੇ ਭਰਾ ਨੂੰ ਕਿਸੇ ਵੱਡੀ ਘਟਨਾ ਬਾਰੇ ਦੱਸ ਕੇ ਉਥੋਂ ਚਲੇ ਜਾਣ ਲਈ ਕਿਹਾ। ਉਹ ਕਾਰ ਲੈ ਕੇ ਗਿਆ ਅਤੇ ਲਖਵਿੰਦਰ ਅਤੇ ਗੁਰਮੀਤ ਨੂੰ ਮਿਲਿਆ।
31 ਅਗਸਤ ਦੁਪਹਿਰ ਤੋਂ ਪਹਿਲਾਂ-ਤਾਰਾ ਤੇ ਬਲਵੰਤ ਸਿੰਘ ਸਕੂਟਰ \'ਤੇ ਸਕੱਤਰੇਤ ਗਏ ਪਰ ਪਤਾ ਲੱਗਿਆ ਕਿ ਬੇਅੰਤ ਸਿੰਘ ਦਫਤਰ ਵਿਚ ਨਹੀਂ ਸਨ। ਉਹ ਫੇਰ ਮੁੱਖ ਮੰਤਰੀ ਦੇ ਨਿਵਾਸ \'ਤੇ ਗਏ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬੇਅੰਤ ਸਿੰਘ ਸ਼ਹਿਰ ਵਿਚ ਹੀ ਸਨ।
31 ਅਗਸਤ ਬਾਅਦ ਦੁਪਹਿਰ-ਮੁੱਖ ਮੰਤਰੀ ਆਪਣੇ ਦਫਤਰ ਪੁੱਜੇ। ਤਾਰਾ ਅਤੇ ਬਲਵੰਤ ਸਿੰਘ ਨੇ ਮੁਹਾਲੀ ਵਿਖੇ ਗੁਰਮੀਤ ਦੇ ਘਰ ਜਾ ਕੇ ਬਾਕੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਦਫਤਰ ਵਿਚ ਹੀ ਸੀ।
3 ਵਜੇ ਦੇ ਕਰੀਬ ਦਿਲਾਵਰ ਅਤੇ ਤਾਰਾ ਸਕੱਤਰੇਤ ਪੁੱਜੇ। ਬਲਵੰਤ ਸਕੂਟਰ ਨੰਬਰ ਪੀ. ਸੀ. 11 1955 \'ਤੇ ਪਿੱਛੇ ਜਾਂਦਾ ਹੈ। ਕਾਰ ਠੀਕ ਟਿਕਾਣੇ \'ਤੇ ਖੜ੍ਹੀ ਕੀਤੀ , ਤਾਰਾ ਵਾਪਸ ਚਲਾ ਗਿਆ।
31 ਅਗਸਤ, 1995 ਸ਼ਾਮ 5.10 ਵਜੇ-ਮੁੱਖ ਮੰਤਰੀ ਸ: ਬੇਅੰਤ ਸਿੰਘ ਆਪਣੇ ਦਫਤਰ ਤੋਂ ਹੇਠਾਂ ਉ¥ਤਰ ਕੇ ਆਏ ਅਤੇ ਪੰਜਾਬ ਸਕੱਤਰੇਤ ਦੇ ਬਾਹਰ ਪੋਰਚ ਵਿਚ ਖੜ੍ਹੀ ਆਪਣੀ ਕਾਰ ਵਿਚ ਬੈਠ ਰਹੇ ਸਨ। ਮਨੁੱਖੀ ਬੰਬ ਬਣਿਆ ਦਿਲਾਵਰ ਸਿੰਘ ਮੁੱਖ ਮੰਤਰੀ ਵੱਲ ਆਇਆ ਅਤੇ ਜ਼ੋਰਦਾਰ ਧਮਾਕਾ ਹੋਇਆ ਅਤੇ ਬੇਅੰਤ ਸਿੰਘ ਸਮੇਤ 18 ਵਿਅਕਤੀ ਮਾਰੇ ਗਏ ਤੇ 15 ਫੱਟੜ ਹੋਏ।
ਸੀ.ਬੀ.ਆਈ. ਨੇ ਇਨ੍ਹਾਂ ਨੂੰ ਦੋਸ਼ੀ ਬੰਬ ਕਾਂਡ ਦੇ ਮੰਨਿਆ-ਦਿਲਾਵਰ ਸਿੰਘ ਪੁੱਤਰ, ਬਲਵੰਤ ਸਿੰਘ ਰਾਜੋਆਣਾ, ਵਾਸੀ ਪਿੰਡ ਰਾਜੋਆਣਾ, ਗੁਰਮੀਤ ਸਿੰਘ ਮੀਤਾ ਵਾਸੀ ਫੇਜ 4 ਮੋਹਾਲੀ, ਲਖਵਿੰਦਰ ਸਿੰਘ ਲੱਖਾ (ਹੀਰਾ) ਵਾਸੀ ਕਾਂਸਲ, ਜਗਤਾਰ ਸਿੰਘ ਤਾਰਾ ਵਾਸੀ ਪਿੰਡ ਡੇਕਵਾਲਾ (ਰੋਪੜ), ਬਲਵੰਤ ਸਿੰਘ ਵਾਸੀ ਰਤਨ ਨਗਰ ਪਟਿਆਲਾ, ਸ਼ਮਸ਼ੇਰ ਸਿੰਘ ਵਾਸੀ ਪਿੰਡ ਉਕਾਸੀ ਜੱਟਾਂ, ਪਟਿਆਲਾ, ਨਵਜੋਤ ਸਿੰਘ ਵਾਸੀ ਫੇਜ 3ਬੀ2 ਮੋਹਾਲੀ, ਜਗਤਾਰ ਸਿੰਘ ਹਵਾਰਾ ਵਾਸੀ ਪਿੰਡ ਹਵਾਰਾ ਕਲਾਂ ਫਤਿਹਗੜ ਸਾਹਿਬ, ਪਰਮਜੀਤ ਸਿੰਘ ਭਿਉਰਾ ਵਾਸੀ ਵਿਸ਼ਵ ਕਰਮਾ ਭਾਰਤ ਲਕਸ਼ੀ ਨਗਰ, ਸ਼ੇਖਰਪੁਰ ਦਿੱਲੀ, ਨਸੀਬ ਸਿੰਘ ਵਾਸੀ ਪਿੰਡ ਝਿੰਗਲਾ ਕਲਾਂ ਕੁਰਾਲੀ, ਜਗਰੂਪ ਸਿੰਘ ਵਾਸੀ ਫੇਜ 7 ਮੋਹਾਲੀ, ਵਧਾਵਾ ਸਿੰਘ ਵਾਸੀ ਪਿੰਡ ਸੰਧੂ ਚੱਠਾ, ਕਪੂਰਥਲਾ, ਮੇਹਲ ਸਿੰਘ ਵਾਸੀ ਪਿੰਡ ਦੇਸੂਵਾਲ, ਤਰਨਤਾਰਨ।
2 ਸਤੰਬਰ 1995-ਲਖਵਿੰਦਰ ਸਿੰਘ, ਮੌਲਾ ਨੂੰ ਮਿਲਿਆ ਤੇ ਸਾਜਿਸ਼ ਬਾਰੇ ਦੱਸਿਆ। ਪਿਛੋਂ ਗਿਰਫਤਾਰੀਆਂ ਦਾ ਚੱਕਰ ਸ਼ੁਰੂ ਹੋ ਗਿਆ।
ਸਤੰਬਰ 1995-ਚੰਡੀਗੜ੍ਹ ਪੁਲਸ ਨੇ ਹਾਦਸਾਗ੍ਰਸਤ ਕਾਰ ਜਿਸ \'ਤੇ ਦਿੱਲੀ ਦਾ ਨੰਬਰ ਸੀ ਨੂੰ ਬਰਾਮਦ ਕੀਤਾ ਤੇ ਸਭ ਤੋਂ ਪਹਿਲਾਂ ਲਖਵਿੰਦਰ ਸਿੰਘ ਦੀ ਗਿਰਫ਼ਤਾਰੀ ਹੋਈ।
30 ਨਵੰਬਰ 1995-ਸੀ. ਬੀ. ਆਈ. ਵਲੋਂ 30 ਸਫਿਆਂ ਦਾ ਚਲਾਨ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ \'ਚ ਪੇਸ਼ ਕੀਤਾ ਗਿਆ। ਇਸ \'ਚ 385 ਗਵਾਹ ਦਿਖਾਏ ਗਏ ਸਨ ਤੇ ਢੇਰਾਂ ਦੇ ਢੇਰ ਦਸਤਾਵੇਜ਼ ਨਾਲ ਲਾਏ ਗਏ ਸਨ। ਇਸ \'ਚ 13 ਦੋਸ਼ੀ ਕਰਾਰ ਦਿੱਤੇ ਗਏ ਜਿਨਾਂ \'ਚੋਂ 3 ਫਰਾਰ ਰਹੇ ਤੇ ਇਕ ਦਿਲਾਵਰ ਸਿੰਘ ਮਾਰਿਆ ਗਿਆ ਸੀ।
14 ਜਨਵਰੀ 1996-ਸੀ. ਬੀ. ਆਈ. ਨੇ ਬਲਵੰਤ ਸਿੰਘ ਰਾਜੋਆਣਾ ਨੂੰ ਗਿਰਫਤਾਰ ਕੀਤਾ।
19 ਫਰਵਰੀ 1996-12 ਦੋਸ਼ੀਆਂ ਖਿਲਾਫ ਚੰਡੀਗੜ੍ਹ ਅਦਾਲਤ \'ਚ ਚਲਾਣ ਪੇਸ਼।
30 ਅਪ੍ਰੈਲ 1996-ਨੂੰ ਗੁਰਮੀਤ ਸਿੰਘ (ਬੀਪੀਐਲ ਦੇ ਇੰਜੀਨੀਅਰ), ਨਸੀਬ ਸਿੰਘ, ਲਖਵਿੰਦਰ ਸਿੰਘ (ਪੰਜਾਬ ਪੁਲਿਸ ਕਾਂਸਟੇਬਲ), ਨਵਜੋਤ ਸਿੰਘ (ਰੈਨਬੈਕਸੀ ਕਰਮਚਾਰੀ), ਜਗਤਾਰ ਸਿੰਘ ਤਾਰਾ (ਟੈਕਸੀ ਡਰਾਈਵਰ), ਸ਼ਮਸ਼ੇਰ ਸਿੰਘ (ਟਰੱਕ ਡਰਾਈਵਰ), ਜਗਤਾਰ ਸਿੰਘ ਹਵਾਰਾ (ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ), ਬਲਵੰਤ ਸਿੰਘ ਰਾਜੋਆਣਾ (ਪੰਜਾਬ ਪੁਲਿਸ ਕਾਂਸਟੇਬਲ), ਪਰਮਜੀਤ ਸਿੰਘ ਭਿਉਰਾ, ਮੇਹਲ ਸਿੰਘ, ਵਧਾਵਾ ਸਿੰਘ ਤੇ ਜਗਰੂਪ ਸਿੰਘ ਖਿਲਾਫ਼ ਅਦਾਲਤ \'ਚ ਦੋਸ਼ ਆਇਦ।
8 ਮਈ 1996-ਮੁਕੱਦਮਾ ਸ਼ੁਰੂ ਹੋਇਆ।
12 ਮਾਰਚ 1998-ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਕੋਈ ਉਸ ਦਾ ਕੇਸ ਲੜੇ।
ਜੂਨ 1998-ਬੁੜੈਲ ਜੇਲ \'ਚੋਂ ਭੱਜਣ ਦੀ ਪਹਿਲੀ ਕੋਸ਼ਿਸ਼ ਨਕਾਮ
22 ਜਨਵਰੀ 2004-ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਤਾਰਾ ਤੇ ਗੜਵਾਲੀ ਨੌਕਰ ਦੇਵੀ ਸਿੰਘ ਬੁੜੈਲ ਜੇਲ੍ਹ \'ਚੋਂ ਫਰਾਰ।
23 ਜਨਵਰੀ 2004-ਬੁੜੈਲ ਜੇਲ੍ਹ \'ਚ 7 ਜੇਲ੍ਹ ਅਧਿਕਾਰੀ ਤੇ ਕਰਮਚਾਰੀ ਗਿਰਫਤਾਰ। ਇਨ੍ਹਾਂ \'ਚ ਜੇਲ੍ਹ ਸੁਪਰਡੈਂਟ ਡੀ. ਐਸ. ਰਾਣਾ, ਡਿਪਟੀ ਸੁਪਰਡੈਂਟ ਡੀ. ਐਸ. ਸੰਧੂ, ਸਹਾਇਕ ਸੁਪਰਡੈਂਟ ਪੀ. ਐਸ. ਰਾਣਾ ਤੇ 2 ਸੀ. ਆਰ. ਪੀ. ਐਫ. ਜਵਾਨ ਸ਼ਾਮਲ ਸਨ।
9 ਜੂਨ 2005-ਜੇਲ੍ਹ \'ਚੋਂ ਭਗੌੜਾ ਜਗਤਾਰ ਸਿੰਘ ਹਵਾਰਾ ਦਿੱਲੀ ਪੁਲਿਸ ਵਲੋਂ ਗਿਰਫਤਾਰ ਕਰ ਲਿਆ ਗਿਆ।
27 ਜੁਲਾਈ 2007-ਹਵਾਰਾ, ਬਲਵੰਤ ਸਿੰਘ ਰਾਜੋਆਣਾ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਨਸੀਬ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਨਵਜੋਤ ਸਿੰਘ ਨੂੰ ਬਰੀ ਕਰ ਦਿਤਾ ਗਿਆ।
31 ਜੁਲਾਈ 2007-ਬਲਵੰਤ ਸਿੰਘ ਰਾਜੋਆਣਾ ਤੇ ਹਵਾਰਾ ਨੂੰ ਚੰਡੀਗੜ੍ਹ ਦੀ ਟਰਾਇਲ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਤੇ ਗੁਰਮੀਤ ਸਿੰਘ, ਲਖਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਉਮਰ ਕੈਦ ਹੋਈ। ਨਸੀਬ ਸਿੰਘ ਨੂੰ 10 ਸਾਲ ਜੇਲ ਦੀ ਕੈਦ ਤੋਂ ਬਾਦ ਅਜ਼ਾਦ ਕਰ ਦਿਤਾ ਗਿਆ।
10 ਮਾਰਚ 2012-ਚੰਡੀਗੜ੍ਹ ਦੀ ਅਦਾਲਤ ਨੇ ਬਲਵੰਤ ਸਿੰਘ ਰਾਜੋਆਣਾ ਦੇ ਡੈਥ ਵਾਰੰਟ 31 ਮਾਰਚ 2012 ਲਈ ਜਾਰੀ ਕੀਤੇ।
11 ਮਾਰਚ 2011 ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਨੇ ਪਹਿਲੀ ਵਾਰ ਅਦਾਲਤ ਵਲੋਂ ਜਾਰੀ ਕੀਤੇ ਡੈਥ ਵਰੰਟਾਂ ਦਾ ਕੀਤਾ ਖ਼ੁਲਾਸਾ
16 ਮਾਰਚ 2012-ਪਟਿਆਲਾ ਜੇਲ ਸੁਪਰਡੈਂਟ ਲਖਵਿੰਦਰ ਸਿੰਘ ਜਾਖੜ ਵਲੋਂ ਡੈਥ ਵਾਰੰਟ ਅਦਾਲਤ ਨੂੰ ਵਾਪਸ
19 ਮਾਰਚ 2012-ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਰਾਜੋਆਣਾ ਦੀ ਵਸੀਅਤ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹਵਾਲੇ ਕੀਤੀ. ਰਾਜੋਆਣਾ ਨੇ ਕੀਤਾ ਖੁਦ ਨੂੰ ਤੇ ਆਪਣੇ ਸਰੀਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ।
20 ਮਾਰਚ 2012-ਚੰਡੀਗੜ੍ਹ ਦੀ ਅਦਾਲਤ ਨੇ ਫਿਰ ਤੋਂ ਡੈਥ ਵਾਰੰਟ ਪਟਿਆਲਾ ਜੇਲ ਨੂੰ ਭੇਜੇ।
22 ਮਾਰਚ 2012-ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕੀਤੀ ਪਟਿਆਲਾ ਜੇਲ ਚ ਰਾਜੋਆਣਾ ਨਾਲ ਮੁਲਾਕਾਤ, ਪਾਤਸ਼ਾਹੀ ਚੋਲਾ ਤੇ ਸ੍ਰੀ ਸਾਹਿਬ ਭੇਟ ਕੀਤੀ।
23 ਮਾਰਚ 2012-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵਲੋਂ ਰਾਜੋਆਣਾ ਦੀ ਫਾਂਸੀ ਤੋਂ ਬਚਾਉਣ ਲਈ ਹੁਕਮਨਾਮਾ ਜਾਰੀ।
23 ਮਾਰਚ 2012-ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਤੇ ਭਾਈ ਰਾਜੋਆਣਾ ਨੂੰ ਜਿੰਦਾ ਸ਼ਹੀਦ ਐਲਾਨਿਆ।
23 ਮਾਰਚ 2012-ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਦੇਸ਼ ਦਿੱਤਾ ਕਿ ਰਾਸ਼ਟਰਪਤੀ ਨੂੰ ਮਿਲਕੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰਾਉਣ।
24 ਮਾਰਚ 2012-ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਫ਼ੀ ਦੀ ਮੰਗ ਦੀ ਕੀਤੀ ਹਮਾਇਤ।
24 ਮਾਰਚ 2012-ਪਟਿਆਲਾ ਜੇਲ ਸੁਪਰਡੈਂਟ ਨੇ ਫਿਰ ਤੋਂ ਰਾਜੋਆਣਾ ਦੇ ਡੈਥ ਵਾਰੰਟ ਵਾਪਸ ਅਦਾਲਤ ਨੂੰ ਭੇਜੇ।
25 ਮਾਰਚ 2012-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਗਵਰਨਰ ਰਾਹੀਂ ਰਾਸ਼ਟਰਪਤੀ ਨੂੰ ਕੀਤੀ ਰਾਜੋਆਣਾ ਦੀ ਫਾਂਸੀ ਦੀ ਅਪੀਲ
26 ਮਾਰਚ 2012-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਚ ਦਿੱਤਾ ਬਿਆਨ. ਕਿਹਾ ਕੀ ਕਾਨੂਨੀ ਖਾਮੀਆਂ ਕਰਕੇ ਰਾਜੋਆਣਾ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ।
27 ਮਾਰਚ 2012-ਚੰਡੀਗੜ੍ਹ ਅਦਾਲਤ ਨੇ ਫਿਰ ਤੋਂ ਰਾਜੋਆਣਾ ਦੇ ਡੈਥ ਵਾਰੰਟ ਪਟਿਆਲਾ ਜੇਲ ਨੂੰ ਵਾਪਸ ਭੇਜਦੇ ਹੋਏ ਕਿਹਾ ਕਿ ਫਾਂਸੀ 31 ਮਾਰਚ ਨੂੰ ਹੀ ਦਿਤੀ ਜਾਵੇ। ਅਦਾਲਤੀ ਫਰਮਾਨਾਂ ਨੂੰ ਨਾ ਮੰਨਣ \'ਤੇ ਅਦਾਲਤ ਨੇ ਪਟਿਆਲਾ ਜੇਲ ਦੇ ਸੁਪਰਡੈਂਟ ਨੂੰ ਅਦਾਲਤੀ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ।
27 ਮਾਰਚ 2012-ਪਟਿਆਲਾ ਜੇਲ ਸੁਪਰਡੈਂਟ ਲਖਵਿੰਦਰ ਸਿੰਘ ਜਾਖੜ ਨੇ ਅਦਾਲਤ \'ਚ ਹੀ ਤਕਨੀਕਾਂ ਅਧਾਰਾਂ \'ਤੇ ਵਾਰੰਟ ਲੈਣ ਤੋਂ ਤੀਜੀ ਵਾਰ ਫਿਰ ਕੀਤਾ ਇਨਕਾਰ।
-
BY BALJIT BALLI , Editor : www.babushahi.com , Tirchhi Nazar Media, Contact : 9915177722,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.