ਚੌਂਹ ਕੇਸਾਂ ਦਾ ਮੁਕੱਦਮਾ ਜੇਲ ਵਿੱਚ ਹੀ ਚੱਲਿਆ
ਫਾਂਸੀ ਚੜਿਆਂ ਦੀਆਂ ਲਾਸ਼ਾਂ ਵੀ ਪਰਿਵਾਰ ਨੂੰ ਨਾ ਦਿਤੀਆਂ
ਆਜ਼ਾਦ ਭਾਰਤ ਵਿੱਚ ਸਿੱਖੀ ਕਾਜ ਖਾਤਰ ਫਾਂਸੀ ਦੀ ਸਜ਼ਾ ਨੂੰ ਪਾਉਣ ਵਾਲਾ ਭਾਈ ਬਲਵੰਤ ਸਿੰਘ ਰਾਜੋਆਣਾ ਛੇਵਾਂ ਸਿੱਖ ਹੈ ਜਦਕਿ ਫਾਂਸੀ ਦੀ ਸਜਾ ਮਾਫ ਕਰਾਉਣ ਖਾਤਰ ਰਹਿਮ ਦੀ ਅਪੀਲ ਨਾ ਕਰਨ ਵਾਲਾ ਚੌਥਾ ਸਿੱਖ ਹੈ ਅਤੇ ਅਦਾਲਤ ਵਿੱਚ ਆਪਣੇ ਕੀਤੇ ਨੂੰ ਤਸਲੀਮ ਕਰਦਿਆਂ ਇਸ ਤੇ ਫਖਰ ਕਰਨ ਵਾਲਾ ਤੀਜਾ ਸਿੱਖ ਹੈ ।
ਇਸ ਲੜੀ ਦਾ ਇਤਿਹਾਸ ਕੁਝ ਇਸ ਤਰਾਂ ਹੈ : ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦੇ ਰੋਸ ਵਜੋੱ ਦਲ ਖਾਲਸਾ ਦੇ ਪੰਜ ਕਾਰਕੁਨ 29 ਸਤੰਬਰ 1981 ਨੂੰ ਇੰਡੀਅਨ ਏਅਰ ਲਾਈਨਜ਼ ਦਾ ਹਵਾਈ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਵੇਲੇ ਪਾਕਿਸਤਾਨ ਵਿੱਚ ਹਵਾਈ ਜਹਾਜ਼ ਅਗਵਾ ਦੀ ਸਜ਼ਾ ਫਾਂਸੀ ਸੀ। ਸੋ ਇਨ੍ਹਾਂ ਪੰਜਾਂ-ਗਜਿੰਦਰ ਸਿੰਘ, ਸਤਨਾਮ ਸਿੰਘ ਪਾਉੱਟਾ ਸਾਹਿਬ, ਜਸਬੀਰ ਸਿੰਘ ਰੋਪੜ, ਤੇਜਿੰਦਰ ਪਾਲ ਸਿੰਘ ਜਲੰਧਰ ਅਤੇ ਕਰਮ ਸਿੰਘ ਜੰਮੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਸਤਨਾਮ ਸਿੰਘ ਪਾਉੱਟਾ ਸਾਹਿਬ ਵਲੋੱ ਦਸਣ ਮੁਤਾਬਕ ਇਨ੍ਹਾਂ ਦੀ ਅਪੀਲ ਅਜੇ ਚਲਦੀ ਹੀ ਸੀ ਕਿ 1984 ਵਿੱਚ ਰਾਸ਼ਟਰਪਤੀ ਮੁਹੰਮਦ ਜਿਆ ਉਲ ਹੱਕ ਨੇ ਸਿੱਖ ਅਗਵਾਕਾਰਾਂ ਨੂੰ ਬਚਾਉਣ ਖਾਤਰ ਕਾਨੂੰਨ ਵਿੱਚ ਸੋਧ ਕਰਕੇ ਅਗਵਾ ਦੇ ਜੁਰਮ ਦੀ ਸਜ਼ਾ ਘਟਾ ਕੇ ਉਮਰ ਕੈਦ ਕਰ ਦਿਤੀ। ਮਗਰੋੱ ਮੈਡਮ ਬੇਨਜ਼ੀਰ ਭੁੱਟੋ ਦੇ ਕਾਰਜਕਾਲ ਵਿੱਚ ਇਨ੍ਹਾਂ ਦੀ ਉਮਰ ਕੈਦ ਮੁਕੰਮਲ ਸਮਝਕੇ ਉਹ ਰਿਹਾਅ ਕਰ ਦਿਤੇ ਗਏ ।
ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਕਤਲ ਕੇਸ ਵਿੱਚ ਭਾਈ ਸਤਵੰਤ ਸਿੰਘ ਨੇ ਸਜ਼ਾ ਤੋੱ ਬਚਣ ਖਾਤਰ ਮੁੱਕਦਮਾ ਤਾਂ ਲੜਿਆ ਪਰ ਫਾਂਸੀ ਦੀ ਸਜ਼ਾ ਮੁਆਫ ਕਰਾਉਣ ਖਾਤਰ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਨਾ ਕੀਤੀ। ਉਹਨਾਂ ਦੇ ਮੁਕੱਦਮੇ ਦੀ ਸੁਣਵਾਈ ਖਾਤਰ ਸੈਸ਼ਨ ਜੱਜ ਦੀ ਕਚਿਹਰੀ ਤਿਹਾੜ ਜੇਲ੍ਹ ਵਿੱਚ ਹੀ ਲਗਦੀ ਰਹੀ। ਭਾਈ ਸਤਵੰਤ ਸਿੰਘ ਦੇ ਨਾਲ ਸਾਜਿਸ਼ ਕਰਤਾ ਦੇ ਤੌਰ ਤੇ ਸਰਦਾਰ ਕੇਹਰ ਸਿੰਘ ਨੂੰ ਵੀ ਸਹਿਦੋਸ਼ੀ ਮੰਨਦਿਆਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਸ਼ ਕੇਹਰ ਸਿੰਘ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਵੀ ਕੀਤੀ ਜੋਕਿ ਨਾ ਮੰਨੀ ਗਈ। ਇਹਨਾਂ ਦੋਵਾਂ ਨੂੰ 6 ਜਨਵਰੀ 1989 ਦੀ ਸਵੇਰ ਤਿਹਾੜ ਜੇਲ੍ਹ ਵਿੱਚ ਫਾਂਸੀ ਚਾੜ੍ਹ ਦਿਤਾ ਗਿਆ । ਦੋਹਾਂ ਦੀਆਂ ਲਾਸ਼ਾ ਦਾ ਅੰਤਿਮ ਸਸਕਾਰ ਪਰਿਵਾਰ ਦੀ ਗੈਰਹਾਜ਼ਰੀ ਦੌਰਾਨ ਜੇਲ੍ਹ ਵਿੱਚ ਹੀ ਕੀਤਾ ਗਿਆ ।
ਅਪਰੇਸ਼ਨ ਬਲਿਉ ਸਟਾਰ ਮੌਕੇ ਭਾਰਤੀ ਫੌਜ ਦੇ ਮੁੱਖੀ ਜਨਰਲ ਏ.ਐਸ ਵੈਦਿਆ ਨੂੰ ਮਹਾਂਰਾਸ਼ਟਰ ਦੇ ਪੂਨੇ ਸ਼ਹਿਰ ਵਿੱਚ ਗੋਲੀਆਂ ਨਾਲ ਹਲਾਕ ਕਰ ਦਿੱਤਾ ਗਿਆ। ਇਸ ਕੇਸ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੇ ਪੂਨੇ ਦੀ ਅਦਾਲਤ ਵਿੱਚ ਕਤਲ ਨੂੰ ਤਸਲੀਮ ਕਰਦਿਆਂ ਫਖ਼ਰ ਨਾਲ ਕਿਹਾ ਕਿ ਉਹਨਾਂ ਨੂੰ ਆਪਣੇ ਕੀਤੇ ਹੋਏ ਤੇ ਮਾਣ ਹੈ ਹੁਣ ਅਦਾਲਤ ਜੋ ਮਰਜ਼ੀ ਸਜ਼ਾ ਸੁਣਾਵੇ। ਉਹਨਾਂ ਨੇ ਆਪਣੇ ਕੀਤੇ ਹੋਏ ਦੀ ਵਜਾਹਤ ਕਰਦਿਆਂ ਇਕ ਲੰਮੀ ਚਿੱਠੀ ਭਾਰਤ ਦੇ ਰਾਸ਼ਟਰਪਤੀ ਨੂੰ ਲਿੱਖੀ ਜੋ ਕਿ ਪੰਜਾਬੀ, ਅੰਗਰੇਜ਼ੀ ਦੇ ਪ੍ਰਮੱਖ ਅਖਬਾਰਾਂ ਵਿੱਚ ਛਪੀ ।
ਭਾਈ ਜਿੰਦਾ ਤੇ ਸੁੱਖਾ ਨੇ ਆਪ ਤਾਂ ਰਾਸ਼ਟਰਪਤੀ ਕੋਲੇ ਕਿ ਅਪੀਲ ਕਰਨੀ ਸੀ ਪਰ ਉਸ ਵੇਲੇ ਸਾਰੇ ਅਕਾਲੀ ਧੜਿਆਂ ਦੀ ਸਮੁੱਚੀ ਲੀਡਰਸ਼ਿੱਪ ਇਕੱਠੀ ਹੋਕੇ ਰਾਸ਼ਟਰਪਤੀ ਕੋਲ ਗਈ ਪਰ ਰਾਸ਼ਟਰਪਤੀ ਨੇ ਉਹਨਾਂ ਨੂੰ ਮਿਲਣ ਦਾ ਸਮਾਂ ਨਾ ਦਿਤਾ। ਇਹ ਵਫ਼ਦ ਰਾਸ਼ਟਰਪਤੀ ਭਵਨ ਦੇ ਗੇਟ ਤੇ ਹੀ ਮੈਮੋਰੰਡਮ ਫੜਾ ਕੇ ਵਾਪਸ ਆ ਗਿਆ। ਫਿਰ ਸਮੁੱਚੀ ਕੌਮੀ ਆਪੋਜੀਸ਼ਨ ਦੀ ਸਿੱਖਰਲੀ ਲੀਡਰਸ਼ਿਪ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੋਲ ਜਿੰਦੇ-ਸੁੱਖੇ ਦੀ ਫਾਂਸੀ ਰੱਦ ਕਰਾਉਣ ਖਾਤਰ ਗਈ। ਪ੍ਰਧਾਨ ਮੰਤਰੀ ਨੇ ਵੀ ਇਸ ਵਫਦ ਨੂੰ ਮਿਲਣ ਤੋੱ ਇਨਕਾਰ ਕਰਦਿਆਂ ਉਹਨਾਂ ਨੂੰ ਗ੍ਰਹਿ ਮੰਤਰੀ ਸ਼ ਬੂਟਾ ਸਿੰਘ ਕੋਲ ਤੋਰ ਦਿਤਾ । ਅਗਾਂਹ ਗ੍ਰਹਿ ਮੰਤਰੀ ਨੇ ਆਪਣੇ ਕਮਰੇ ਵਿੱਚੋੱ ਬਾਹਰ ਆ ਕੇ ਬਰਾਂਡੇ ਵਿੱਚ ਖੜ੍ਹ ਕੇ ਹੀ ਦਰਖਾਸਤ ਫੜ ਤਾਂ ਲਈ ਪਰ ਕੋਈ ਬਹੁਤੀ ਗੱਲ ਨਾ ਸੁਣੀ। ਸੋ ਜਿੰਦੇ-ਸੁੱਖੇ ਨੂੰ 9 ਅਕਤੂਬਰ 1992 ਨੂੰ ਪੂਨੇ ਦੀ ਯੇਰਵਾੜਾ ਜੇਲ੍ਹ ਵਿੱਚ ਫਾਂਸੀ ਦੇ ਦਿਤੀ ਗਈ। ਇਨ੍ਹਾਂ ਦਾ ਸਸਕਾਰ ਵੀ ਪਰਿਵਾਰ ਤੋੱ ਬਿਨਾਂ ਚੋਰੀ ਛੁਪੇ ਇਕ ਗੰਨੇ ਦੇ ਖੇਤ ਵਿੱਚ ਲਿਜਾ ਕੇ ਕੀਤਾ ਗਿਆ ।
ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦਾ ਮੁਕੱਦਮਾ ਵੀ ਜੇਲ੍ਹ ਵਿੱਚ ਹੀ ਚੱਲਿਆ। ਮੁਕੱਦਮੇੱ ਵਿੱਚ ਸ਼ਾਮਲ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਵਾ ਭਾਈ ਜਿੰਦੇ-ਸੁੱਖੇ ਵਾਂਗ ਆਪਣੀ ਕਾਰਵਾਈ ਕਬੂਲਦਿਆਂ ਆਪਣੇ ਕੀਤੇ ਹੋਏ ਤੇ ਮਾਣ ਕੀਤਾ। ਬਾਕੀ ਦੋਸ਼ੀਆਂ ਨੇ ਆਪਣੇ ਬਚਾਅ ਖਾਤਰ ਮੁਕੱਦਮਾ ਲੜਿਆ। ਇਸ ਕੇਸ ਵਿੱਚ ਸ਼ ਬਲਵੰਤ ਸਿੰਘ ਅਤੇ ਸ਼ ਜਗਤਾਰ ਸਿੰਘ ਹਵਾਰਾ ਨੂੰ ਸਜ਼ਾ-ਏ-ਮੌਤ ਸੁਣਾਈ ਗਈ। ਭਾਈ ਹਵਾਰਾ ਦੀ ਸਜ਼ਾ ਹਾਈ ਕੋਰਟ ਨੇ ਘਟਾਕੇ ਉਮਰ ਕੈਦ ਤਾਂ ਕਰ ਦਿਤੀ ਪਰ ਸ਼ਰਤ ਲਾਈ ਕਿ ਉਹਨਾਂ ਨੂੰ ਬਾਕੀ ਰਹਿੰਦੀ ਉਮਰ ਵੀ ਜੇਲ੍ਹ ਵਿੱਚ ਕੱਟਣੀ ਪਵੇਗੀ। ਸ਼ ਬਲਵੰਤ ਸਿੰਘ ਨੇ ਹਾਈ ਕੋਰਟ ਵਿੱਚ ਅਪੀਲ ਨਾ ਕੀਤੀ ਸੋ ਉਸਦੀ ਫਾਂਸੀ ਦੀ ਸਜ਼ਾ ਬਰਕਰਾਰ ਰਹੀ। ਇਸੇ ਤਰਾਂ ਕਾਂਗਰਸ ਹੈਡਕਵਾਟਰ ਦਿੱਲੀ ਦੇ ਬਾਹਰ ਹੋਏ ਬੰਬ ਧਮਾਕੇ ਦੇ ਦੋਸ਼ੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦਾ ਮੁਕੱਦਮਾ ਵੀ ਤਿਹਾੜ ਜੇਲ੍ਹ ਵਿੱਚ ਹੀ ਚਲਿਆ। ਸਪੈਸ਼ਲ ਕੋਰਟ ਨੇ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਜੋ ਕਿ ਸੁਪਰੀਮ ਕੋਰਟ ਨੇ ਵੀ ਬਹਾਲ ਰੱਖੀ। ਰਾਸ਼ਟਰਪਤੀ ਨੇ ਵੀ ਪ੍ਰੋਫੈਸਰ ਭੁੱਲਰ ਦੀ ਰਹਿਮ ਦੀ ਅਪੀਲ ਠੁਕਰਾ ਦਿਤੀ ।
ਗੁਰਪ੍ਰੀਤ ਸਿੰਘ ਮੰਡਿਆਣੀ
8872664000
-
By Gurpreet Mandiani,Babushahi.com,Ludhiana,March 26,2012,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.