ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮਸਲੇ ਨੂੰ ਲੈ ਕੇ ਦੇਸ਼-ਵਿਦੇਸ਼ \'ਚ ਵਸਦੇ ਸਿੱਖ ਭਾਈਚਾਰੇ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ। 5 ਮਾਰਚ ਨੂੰ ਚੰਡੀਗੜ੍ਹ ਦੀ ਇਕ ਅਦਾਲਤ ਵੱਲੋਂ ਉਸ ਨੂੰ ਫਾਂਸੀ ਲਾਉਣ ਲਈ 31 ਮਾਰਚ ਦੀ ਤਾਰੀਖ ਮੁਕੱਰਰ ਕੀਤੀ ਗਈ ਹੈ। 31 ਅਗਸਤ, 1995 ਨੂੰ ਪੰਜਾਬ ਸਿਵਲ ਸਕਤਰੇਤ ਚੰਡੀਗੜ੍ਹ ਤੋਂ ਬਾਹਰ ਆਉਂਦਿਆਂ ਉਸ ਸਮੇਂ ਦੇ ਮੁੱਖ ਮੰਤਰੀ ਸ: ਬੇਅੰਤ ਸਿੰਘ ਦੀ ਉਥੇ ਹੋਏ ਬੰਬ ਧਮਾਕੇ ਵਿਚ ਮੌਤ ਹੋ ਗਈ ਸੀ। ਉਨ੍ਹਾਂ ਨਾਲ 17 ਹੋਰ ਵਿਅਕਤੀ ਵੀ ਮਾਰੇ ਗਏ ਸਨ। ਬਾਅਦ \'ਚ ਇਸ ਕੇਸ ਦੇ ਸਬੰਧ \'ਚ ਹੋਰਾਂ ਨਾਲ ਭਾਈ ਰਾਜੋਆਣਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 31 ਜੁਲਾਈ 2007 ਨੂੰ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਲੰਮੇ ਸਮੇਂ ਤੱਕ ਚਲਦੇ ਰਹੇ ਇਸ ਕੇਸ ਦੌਰਾਨ ਭਾਈ ਰਾਜੋਆਣਾ ਨੇ ਕਦੇ ਵੀ ਇਸ ਤੱਥ ਨੂੰ ਝੁਠਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਬੰਬ ਧਮਾਕੇ ਨਾਲ ਸੰਬੰਧਤ ਘਟਨਾ ਵਾਲੀ ਥਾਂ \'ਤੇ ਹੀ ਮਾਰੇ ਗਏ ਦਿਲਾਵਰ ਸਿੰਘ ਦਾ ਸਾਥੀ ਸੀ। ਹਮੇਸ਼ਾ ਹੀ ਰਾਜੋਆਣਾ ਨੇ ਅਦਾਲਤ \'ਚ ਬਿਆਨ ਦਿੰਦਿਆਂ ਗੱਜ ਵੱਜ ਕੇ ਇਹ ਕਬੂਲ ਕੀਤਾ ਕਿ ਉਹ ਇਸ ਸਾਜ਼ਿਸ਼ \'ਚ ਪੂਰੀ ਤਰ੍ਹਾਂ ਭਾਈਵਾਲ ਰਿਹਾ ਹੈ। ਭਾਈ ਰਾਜੋਆਣਾ ਨੇ ਆਪਣੇ ਬਚਾਅ ਲਈ ਕੇਸ ਦੀ ਪੈਰਵੀ ਦਾ ਵੀ ਕੋਈ ਯਤਨ ਨਹੀਂ ਕੀਤਾ ਤੇ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਉਸ ਨੇ ਸਪਸ਼ਟ ਸ਼ਬਦਾਂ \'ਚ ਇਸ ਵਿਰੁੱਧ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਪਣੀ ਮਨਸ਼ਾ ਜ਼ਾਹਰ ਕੀਤੀ ਸੀ ਕਿ ਉਹ ਕੌਮ ਦੀ ਇੱਜ਼ਤ ਤੇ ਅਣਖ ਦੀ ਖਾਤਰ ਸ਼ਹੀਦੀ ਪ੍ਰਾਪਤ ਕਰੇਗਾ।
ਭਾਈ ਰਾਜੋਆਣਾ ਨੇ ਸਮੇਂ-ਸਮੇਂ ਲਿਖਤੀ ਰੂਪ \'ਚ ਤੇ ਜ਼ਬਾਨੀ ਵੀ ਇਹ ਕਿਹਾ ਹੈ ਕਿ ਉਸ ਨੇ ਤੇ ਉਸ ਦੇ ਸਾਥੀਆਂ ਨੇ ਅਜਿਹਾ ਕਦਮ ਸਾਕਾ ਨੀਲਾ ਤਾਰਾ, ਨਵੰਬਰ 1984 ਵਿਚ ਦਿੱਲੀ ਸਮੇਤ ਦੇਸ਼ ਭਰ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਅਤੇ ਇਸ ਤੋਂ ਬਾਅਦ ਵਾਪਰੇ ਹੋਰ ਘਟਨਾਕ੍ਰਮ ਨੂੰ ਵੇਖ ਕੇ ਚੁੱਕਿਆ ਸੀ। ਭਾਈ ਰਾਜੋਆਣਾ ਨੇ ਅਕਸਰ ਇਹ ਵੀ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ \'ਚ ਪਿਛਲੇ ਸਮਿਆਂ ਦੌਰਾਨ ਅਨੇਕਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ \'ਚ ਮਾਰ ਦਿੱਤਾ ਗਿਆ ਤੇ ਉਨ੍ਹਾਂ ਦੇ ਪਰਿਵਾਰਾਂ \'ਤੇ ਤਸ਼ੱਦਦ ਢਾਇਆ ਗਿਆ। 17 ਸਾਲ ਪਹਿਲਾਂ ਬੰਬ ਧਮਾਕੇ ਦੀ ਇਹ ਘਟਨਾ ਵੀ ਉਸ ਲੰਮੇ ਦੁਖਾਂਤ ਦੀ ਇਕ ਕੜੀ ਸੀ, ਜਿਸ ਦੀ ਗ੍ਰਿਫ਼ਤ \'ਚ ਦਹਾਕਿਆਂ ਬੱਧੀ ਪੰਜਾਬ ਫਸਿਆ ਰਿਹਾ ਅਤੇ ਪੰਜਾਬੀਆਂ ਦੇ ਸਭ ਵਰਗਾਂ ਨੂੰ ਭਾਰੀ ਜਾਨੀ ਤੇ ਮਾਲੀ ਨੁਕਸਾਨ ਉਠਾਉਣਾ ਪਿਆ ਸੀ। ਇਸੇ ਕੜੀ ਦਾ ਹੀ ਹਿੱਸਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਆਰੰਭਿਆ ਗਿਆ ਸੰਘਰਸ਼ ਸੀ, ਜੋ ਅਨੇਕਾਂ ਕਾਰਨਾਂ ਕਰਕੇ ਬਾਅਦ \'ਚ ਹਿੰਸਾ ਦਾ ਰੂਪ ਧਾਰ ਗਿਆ। ਸਾਕਾ ਨੀਲਾ ਤਾਰਾ ਵੀ ਇਸੇ ਘਟਨਾਕ੍ਰਮ ਦੀ ਇਕ ਅਹਿਮ ਕੜੀ ਸੀ, ਜਿਸ ਦੌਰਾਨ ਭਾਰਤੀ ਫ਼ੌਜ ਵੱਲੋਂ ਸੰਤ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਹਥਿਆਰਬੰਦ ਸਾਥੀਆਂ ਵਿਰੁੱਧ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ \'ਤੇ ਸਾਲ 1984 \'ਚ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਸੀ। ਵਾਪਰੇ ਇਸ ਖੂਨੀ ਦੁਖਾਂਤ ਵਿਚ ਸੰਤ ਭਿੰਡਰਾਂਵਾਲੇ, ਉਨ੍ਹਾਂ ਦੇ ਅਨੇਕਾਂ ਸਾਥੀ, ਅਨੇਕਾਂ ਫ਼ੌਜੀ ਤੇ ਹਜ਼ਾਰਾਂ ਸ਼ਰਧਾਲੂ ਮਾਰੇ ਗਏ ਸਨ। ਸ੍ਰੀ ਅਕਾਲ ਤਖ਼ਤ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਸੀ। ਇਸ ਨਾਲ ਸਮੁੱਚੇ ਦਰਬਾਰ ਸਾਹਿਬ ਕੰਪਲੈਕਸ ਨੂੰ ਵੱਡਾ ਨੁਕਸਾਨ ਪੁੱਜਾ ਸੀ। ਦੁਰਲਭ ਖਰੜਿਆਂ ਨੂੰ ਸਾਂਭ ਕੇ ਬੈਠੀ ਸਿੱਖ ਰੈਫਰੇਂਸ ਲਾਇਬ੍ਰੇਰੀ ਸਾੜ ਦਿੱਤੀ ਗਈ ਸੀ। ਕੰਪਲੈਕਸ ਅੰਦਰ ਖੂਨ ਦੇ ਛੱਪੜ ਲੱਗ ਗਏ ਸਨ। ਭਾਰਤ ਦੀ ਮੌਕੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਵੀ ਇਸੇ ਮਹਾਂਦੁਖਾਂਤ ਦੀ ਹੀ ਇਕ ਕੜੀ ਸੀ। ਉਸ ਤੋਂ ਬਾਅਦ ਦੇਸ਼ ਭਰ \'ਚ ਅਤੇ ਰਾਜਧਾਨੀ ਦਿੱਲੀ \'ਚ ਹਜ਼ਾਰਾਂ ਸਿੱਖਾਂ ਦੇ ਹੋਏ ਕਤਲੇਆਮ ਨੇ ਵਾਪਰ ਰਹੇ ਇਸ ਘਟਨਾਕ੍ਰਮ \'ਚ ਇਕ ਹੋਰ ਦਰਦਨਾਕ ਕਾਂਡ ਜੋੜ ਦਿੱਤਾ ਸੀ, ਜੋ ਕਦੀ ਵੀ ਭੁਲਾਇਆ ਨਹੀਂ ਜਾ ਸਕੇਗਾ ਤੇ ਜਿਸ ਦੀ ਟੀਸ ਹਾਲੇ ਤੱਕ ਵੀ ਸਾਡੇ ਮਨਾਂ ਅੰਦਰ ਰੜਕ ਰਹੀ ਹੈ। ਅੱਜ ਵੀ ਦੇਸ਼ ਤੇ ਦੁਨੀਆ ਦੇ ਲੋਕਾਂ ਸਾਹਮਣੇ ਤੇ ਭਾਰਤੀ ਤੰਤਰ ਅੱਗੇ ਇਹ ਸਵਾਲ ਖੜ੍ਹਾ ਹੈ ਕਿ ਦਿਨ-ਦਿਹਾੜੇ ਕੀਤੇ ਗਏ ਇਨ੍ਹਾਂ ਕਤਲਾਂ ਲਈ ਦੋਸ਼ੀ ਵਿਅਕਤੀਆਂ ਨੂੰ ਸਜ਼ਾਵਾਂ ਦੇ ਭਾਗੀ ਕਿਉਂ ਨਹੀਂ ਬਣਾਇਆ ਜਾ ਸਕਿਆ? ਕੀ ਅਜਿਹਾ ਵਰਤਾਰਾ ਦੇਸ਼ ਦੇ ਲੋਕਤੰਤਰ \'ਤੇ ਇਕ ਵੱਡਾ ਤੇ ਘਿਨਾਉਣਾ ਧੱਬਾ ਨਹੀਂ ਹੈ? ਜਦੋਂ ਕਿ ਹੁਣ ਤੱਕ ਸਬੰਧਤ ਅਦਾਲਤਾਂ \'ਚ ਸੈਂਕੜੇ ਚਸ਼ਮਦੀਦ ਗਵਾਹਾਂ ਦੇ ਬਿਆਨ ਤੇ ਅਨੇਕਾਂ-ਅਨੇਕ ਸਬੂਤ ਵੀ ਪੇਸ਼ ਕੀਤੇ ਜਾ ਚੁੱਕੇ ਹਨ। ਜੇਕਰ ਇਸ ਸਬੰਧ \'ਚ ਇਕ ਬੁੱਚੜ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਵੀ ਗਈ ਸੀ ਤਾਂ ਉਪਰਲੀ ਅਦਾਲਤ ਵੱਲੋਂ ਉਸ ਨੂੰ ਉਮਰ ਕੈਦ \'ਚ ਬਦਲ ਦਿੱਤਾ ਗਿਆ। ਹੁਣ ਦਰਜਨਾਂ ਵਿਅਕਤੀਆਂ ਦੇ ਇਸ ਕਾਤਲ ਨੂੰ ਰਿਹਾਅ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਸੀਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਹਾਮੀ ਨਹੀਂ ਹਾਂ ਪਰ ਸਿੱਖ ਭਾਈਚਾਰੇ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕਾਂ ਦੇ ਮਨਾਂ ਵਿਚ ਅੱਜ ਇਹ ਸਵਾਲ ਜ਼ਰੂਰ ਉੱਭਰ ਰਿਹਾ ਹੈ ਕਿ ਜੇਕਰ ਦੇਸ਼ ਦਾ ਕਾਨੂੰਨ ਸਭ ਲਈ ਬਰਾਬਰ ਹੈ ਤਾਂ ਸਾਕਾ ਨੀਲਾ ਤਾਰਾ ਵਰਗੀ ਵੱਡੀ ਗ਼ਲਤੀ ਕਰਨ ਵਾਲਿਆਂ, ਨਵੰਬਰ \'84 ਵਿਚ ਦੇਸ਼ ਭਰ ਵਿਚ ਸਿੱਖਾਂ ਨੂੰ ਅਣਮਨੁੱਖੀ ਤਸ਼ੱਦਦ ਦਾ ਨਿਸ਼ਾਨਾ ਬਣਾਉਣ ਵਾਲਿਆਂ ਅਤੇ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲਿਆਂ ਸਬੰਧੀ ਇਹ ਕਾਨੂੰਨ ਖਾਮੋਸ਼ ਕਿਉਂ ਹੈ?
ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਅਜਿਹੀ ਬਣ ਚੁੱਕੀ ਦਰਦ ਭਰੀ ਸਿੱਖ ਮਾਨਸਿਕਤਾ ਦਾ ਪ੍ਰਤੀਕ ਬਣ ਚੁੱਕਾ ਹੈ। ਭਾਈ ਰਾਜੋਆਣਾ ਦੀ ਭਾਵੀ ਸ਼ਹਾਦਤ ਜਿਥੇ ਸਿੱਖ ਮਾਨਸਿਕਤਾ ਨੂੰ ਹੋਰ ਵੀ ਜ਼ਖਮੀ ਕਰੇਗੀ, ਉਥੇ ਇਹ ਨਵੇਂ ਤੇ ਅਣਕਿਆਸੇ ਪ੍ਰਤੀਕਰਮਾਂ ਨੂੰ ਜਨਮ ਦੇਣ ਦੀ ਵੱਡੀ ਸਮਰੱਥਾ ਵੀ ਰੱਖਦੀ ਹੈ। ਇਸ ਸਬੰਧੀ ਦੇਸ਼ ਦੇ ਹੁਕਮਰਾਨਾਂ ਅਤੇ ਹੋਰ ਸੰਬੰਧਿਤ ਧਿਰਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
(ਅਜੀਤ ਵਿਚੋਂ ਧਨਵਾਦ ਸਾਹਿਤ ,23-03-12 )
-
Editorial of Ajit by Barjinder Singh Hamdard (Courtesy Daily Ajit,23-03-12),
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.