ਪੰਜ-ਆਬ ਦੀ ਧਰਤੀ ਪੰਜਾਬ ਦੇ ਪੰਜਵੀਂ ਵਾਰ ਪਰਕਾਸ਼ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨਾ ਪੰਜਾਬ ਦੀ ਸਮੁੱਚੀ ਜਨਤਾ ਵੱਲੋਂ ਪੰਜ ਦੇ ਅੰਕ ਅਨੁਸਾਰ ਇੱਕ ਸ਼ੁਭ ਸ਼ਗਨ ਤੇ ਸੰਕੇਤ ਮੰਨਿਆ ਜਾ ਰਿਹਾ ਹੈ। ਅਜਿਹਾ ਮਾਣ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਕਿਸੇ ਆਗੂ ਦੇ ਹਿੱਸੇ ਆਇਆ ਹੈ।
ਜੇਕਰ ਪਿਛਲੇ ਪੰਜ ਦਹਾਕਿਆਂ ਦੀ ਅਕਾਲੀ ਸਿਆਸਤ ਤੇ ਝਾਤ ਮਾਰੀਏ ਤਾਂ ਰਾਜਨੀਤਕ ਤੌਰ ਤੇ ਇੱਕੋ ਕੱਦ ਦੇ ਪੰਜ ਨੇਤਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਜਗਦੇਵ ਸਿੰਘ ਤਲਵੰਡੀ ਅਤੇ ਪਰਕਾਸ਼ ਸਿੰਘ ਬਾਦਲ ਰਾਜਨੀਤਕ ਉਥਲ-ਪੁਥਲ ਦੇ ਚੱਕਰ ਚ ਕਦੇ ਇਕੱਠੇ ਤੇ ਕਦੇ ਵਖਰੇਵੇਂ ਚ ਵਿਚਰਦੇ ਰਹੇ ਹਨ। ਪਹਿਲੇ 4 ਸਿਰਕੱਢ ਨੇਤਾ ਆਪਣੇ ਆਪਣੇ ਸਮੇਂ ਆਪਣੀ ਸੂਝ ਬੂਝ ਤੇ ਪ੍ਰਤਿਸ਼ਠਾ ਅਨੁਸਾਰ ਨਾਮਣਾ ਖੱਟ ਕੇ ਪੰਜਾਬ ਦੇ ਰਾਜਨੀਤਕ ਨਕਸ਼ੇ ਤੋਂ ਲਗਭਗ ਲਾਂਭੇ ਹੋ ਚੁੱਕੇ ਹਨ। ਹਰ ਵਾਰ ਸ਼ਹਿਣਸ਼ੀਲਤਾ ਤੇ ਠਰ੍ਹੰਮੇ ਨਾਲ ਵਿਰੋਧੀਆਂ ਦਾ ਮੁਕਾਬਲਾ ਕਰਦੇ ਹੋਏ ਅੱਜ ਦੇ ਇਸ ਮੁਕਾਮ ਤੇ ਪਹੁੰਚ ਕੇ ਪੰਜਵੀਂ ਵਾਰ ਰਾਜ ਦੇ ਮੁੱਖ ਮੰਤਰੀ ਬਣਨ ਦਾ ਸੁਭਾਗ ਪਰਕਾਸ਼ ਸਿੰਘ ਬਾਦਲ ਦੇ ਹਿੱਸੇ ਹੀ ਆਇਆ ਹੈ। ਪੰਜ ਦੇ ਸ਼ਬਦ ਨੂੰ ਧਾਰਮਿਕ, ਰਾਜਨੀਤਕ, ਲੋਕ ਰਾਜੀ ਅਤੇ ਸਮਾਜਕ ਪੱਖ ਤੋਂ ਛਾਣਬੀਣ ਕਰਨ ਤੋਂ ਪਤਾ ਲੱਗਦਾ ਹੈ ਕਿ ਇਹ ਛੋਟਾ ਜਿਹਾ ਸ਼ਬਦ ਸਾਡੀ ਸਮੁੱਚੀ ਸੰਸਕ੍ਰਿਤੀ ਦਾ ਸੂਚਕ ਹੈ। ਗੁਰਬਾਣੀ ਵਿੱਚ ਅਧਿਆਤਮਕ ਖੋਜ ਅਤੇ ਸੰਪੂਰਨਤਾ ਪ੍ਰਾਪਤ ਕਰਨ ਲਈ ਪੰਜ ਸ਼ਬਦ ਅਤੇ ਪੰਜ ਮੰਜ਼ਲਾਂ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ। ਸਿੱਖ ਧਰਮ ਵਿੱਚ ਪੰਜ ਬਾਣੀਆਂ ਦੇ ਪਾਠ ਨੂੰ ਨਿਤਨੇਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੰਜ ਤਖ਼ਤ ਸਾਹਿਬਾਨ ਸਮੁੱਚੇ ਸਿੱਖ ਜਗਤ ਦੀ ਅਗਵਾਈ ਕਰਦੇ ਆ ਰਹੇ ਹਨ। ਰਹਿਤ ਮਰਿਆਦਾ ਦਾ ਜੀਵਨ ਜੀਣ ਲਈ ਵੀ ਪੰਜ ਕਕਾਰਾਂ ਦਾ ਵਿਸ਼ੇਸ਼ ਸਥਾਨ ਹੈ। ਮੁਸਲਿਮ ਧਰਮ ਵਿੱਚ ਵੀ ਪੰਜ ਵਖ਼ਤ ਅਤੇ ਪੰਜ ਨਮਾਜ਼ਾਂ ਦੇ ਧਾਰਨੀ ਹੋਣ ਦਾ ਅਤਿਅੰਤ ਮਹੱਤਵ ਹੈ। ਇਸੇ ਤਰਾਂ ਹਿੰਦੂ ਧਾਰਮਿਕ ਰੀਤੀ ਰਿਵਾਜ਼ ਵਿੱਚ ਵੀ ਪੰਜ ਪੰਡਤ ਸਾਹਿਬਾਨ ਨੂੰ ਦਾਨ ਪੁੰਨ ਕਰਕੇ ਸਮਾਗਮ ਦੀ ਸਪੰਨਤਾ ਸਮਝੀ ਜਾਂਦੀ ਹੈ। ਸਮਾਜਕ ਤੌਰ ਤੇ ਜੇਕਰ ਦੇਖੀਏ ਤਾਂ ਨਵੀਂ ਵਿਆਹੀ ਲਾੜੀ ਤੇ ਲਾੜੇ ਦੇ ਦਹਿਲੀਜ਼ ਅੰਦਰ ਦਾਖਲ ਹੋਣ ਲਈ ਪੰਜ ਵਾਰ ਪਾਣੀ ਵਾਰ ਕੇ ਪੀਣ ਨੂੰ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ। ਰਾਜਨੀਤਕ ਤੌਰ ਤੇ ਲੋਕਰਾਜੀ ਢਾਂਚੇ ‘ਚ ਵੀ ਪੰਜ ਸਾਲ ਮਗਰੋਂ ਹੀ ਚੋਣਾਂ ਦਾ ਡੰਕਾ ਵੱਜਦਾ ਹੈ। ਪਿੰਡ ਦੀਆਂ ਸੱਥਾਂ ਚ ਪੰਜ ਮੈਂਬਰੀ ਪੰਚਾਇਤ ਦੇ ਫ਼ੈਸਲੇ ਨੂੰ ਸਿਰ ਮੱਥੇ ਮੰਨਿਆ ਜਾਂਦਾ ਹੈ। ਇਤਫ਼ਾਕ ਦੀ ਗੱਲ ਹੈ ਕਿ ਪੰਜ ਉਂਗਲਾਂ ਵਾਲਾ ਪੰਜਾ ਵੀ ਕਿਸੇ ਸਮੇਂ ਅਕਾਲੀ ਦਲ ਦਾ ਚੋਣ ਨਿਸ਼ਾਨ ਰਿਹਾ ਹੈ।
ਸਾਡੇ ਵੇਦ ਸ਼ਾਸਤਰ ਅਤੇ ਧਾਰਮਿਕ ਪੁਸਤਕਾਂ ਇਸ ਗੱਲ ਦੀ ਲੇਖਣੀ ਕਰਦੀਆਂ ਹਨ ਕਿ ਜਦੋਂ ਇਨਸਾਨ ਇਸ ਮਾਤ ਲੋਕ ਵਿੱਚ ਆਉਂਦਾ ਹੈ ਤਾਂ ਇਸ ਨਾਲ ਪੰਜ ਡਾਕੂ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਚਮੇੜ ਦਿੱਤੇ ਜਾਂਦੇ ਹਨ ਜੋ ਕਿ ਮਨੁੱਖ ਨੂੰ ਲਾਲਚ ਤੇ ਭੁੱਲ ਭੁਲੇਵਿਆਂ ਚ ਫਸਾ ਕੇ ਪ੍ਰਮਾਤਮਾ ਅਤੇ ਨੇਕ ਕਾਰਜਾਂ ਤੋਂ ਦੂਰ ਰੱਖਦੇ ਹਨ। ਦੁਨਿਆਵੀ ਤੌਰ ਤੇ ਜਦੋਂ ਚੋਣਾਂ ਤੋਂ ਬਾਅਦ ਲੋਕ ਰਾਜ ਰਾਹੀਂ ਸਰਕਾਰ ਦੀ ਸ਼ਕਤੀ ਆਉਂਦੀ ਹੈ ਤਾਂ ਕੁਝ ਮਾੜੀ ਬਿਰਤੀ ਅਤੇ ਲੋਭ ਲਾਲਚ ਵਾਲੇ ਖ਼ੁਦਗਰਜ ਲੋਕ, ਪੰਜ ਨਹੀਂ ਅਨੇਕਾਂ ਹੀ ਤਾਕਤ ਦੇ ਕੇਂਦਰ ਬਿੰਦੂ ਨੇੜੇ ਹੋ ਕੇ ਰਾਜਨੀਤਕ ਲੋਕਾਂ ਨੂੰ ਸਹੀ ਤੇ ਗਲਤ ਨੂੰ ਪਹਿਚਾਣਨ ਦੇ ਅਸਮਰੱਥ ਬਣਾ ਦਿੰਦੇ ਹਨ। ਭਾਵੇਂ ਸ. ਬਾਦਲ ਨੇ ਪਿਛਲੇ ਪੰਜ ਦਹਾਕਿਆਂ ਦੌਰਾਨ ਅਜਿਹੇ ਲੋਕਾਂ ਤੋਂ ਗੁਰੇਜ਼ ਕਰਕੇ ਰਾਜਨੀਤਕ ਮੱਲਾਂ ਮਾਰੀਆਂ ਹਨ ਤੇ ਆਪਣੀ ਸੂਝ ਬੂਝ ਨਾਲ ਆਪਣੇ ਆਪ ਨੂੰ ਹਰ ਵਰਗ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਾ ਕੇ ਰੱਖਿਆ ਹੈ ਪਰ ਫਿਰ ਵੀ ਬਦਲਦੇ ਸੰਦਰਭ ਵਿੱਚ ਸਮੇਂ ਦੀ ਨਬਜ਼ ਨੂੰ ਪਛਾਣਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ ਜਿਨਾਂ ਨੇ ਉਨ੍ਹਾਂ ਨੂੰ ਪੰਜ ਵਾਰ ਰਾਜ ਕਰਨ ਦਾ ਮੌਕਾ ਦਿੱਤਾ ਹੈ। ਹਰ ਇੱਕ ਸਹੀ ਸੋਚ ਵਾਲਾ ਪੰਜਾਬੀ ਉਨ੍ਹਾਂ ਤੋਂ ਇਹੋ ਹੀ ਕਾਮਨਾ ਕਰਦਾ ਹੈ ਕਿ ਉਹ ਆਉਣ ਵਾਲੇ ਪੰਜ ਸਾਲ ਵਿੱਚ ਲੋਕਾਂ ਨੂੰ ਆਪਣੀ ਸਰਕਾਰ ਦੀ ਸੁਚੱਜੀ ਕਾਰਜ ਸ਼ੈਲੀ ਦੁਆਰਾ ਇੱਕ ਇਨਸਾਫ਼ ਪਸੰਦ ਤੇ ਸਾਫ਼- ਸੁਥਰਾ ਪ੍ਰਸ਼ਾਸਨ ਦੇਣਗੇ। ਪੰਜਵੀਂ ਵਾਰ ਮੁੱਖ ਮੰਤਰੀ ਬਣਨ ਉਪਰੰਤ ਸ. ਬਾਦਲ ਦੀ ਸਰਕਾਰ ਸਾਹਮਣੇ ਕਈ ਚੁਣੌਤੀਆਂ ਹਨ ਪਰ ਉਨ੍ਹਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਪੰਜ ਕਾਰਜਾਂ ਨੂੰ ਪਹਿਲੀ ਤੇ ਪ੍ਰਮੁੱਖ ਤਰਜੀਹ ਦੇਣ ਦੀ ਬੇਹੱਦ ਲੋੜ ਹੈ। ਇਹ ਪੰਜ ਕਾਰਜ ਹਨ- ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਸਿਹਤ, ਸਿੱਖਿਆ ਤੇ ਤਕਨੀਕੀ ਸਿੱਖਿਆ ਦਾ ਵਿਕਾਸ ਅਤੇ ਪਛੜੇ ਵਰਗਾਂ ਦੀ ਭਲਾਈ। ਸਨਅਤੀ ਵਿਕਾਸ, ਖੇਤਰੀ ਸੈਕਟਰ ਨੂੰ ਹੁਲਾਰਾ, ਭ੍ਰਿਸ਼ਟਾਚਾਰ ਤੇ ਰੋਕ, ਸਾਫ਼-ਸੁਥਰਾ ਪ੍ਰਸ਼ਾਸਨ ਅਤੇ ਢਾਂਚਾਗਤ ਵਿਕਾਸ ਸਰਕਾਰ ਦੀ ਦੂਜੀ ਤਰਜੀਹ ਹੋ ਸਕਦੀਆਂ ਹਨ। ਜੇਕਰ ਸਰਕਾਰ ਆਉਣ ਵਾਲੇ ਪੰਜ ਸਾਲਾਂ ਵਿੱਚ ਇਨ੍ਹਾਂ ਖੇਤਰਾਂ ਵੱਲ ਪੂਰੀ ਤਵੱਜ਼ੋ ਦੇ ਦੇਵੇ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੱਚੀ ਸਾਲ ਰਾਜ ਕਰਨ ਦਾ ਸੁਪਨਾ ਵੀ ਸਾਕਾਰ ਹੋ ਸਕਦਾ ਹੈ ਅਤੇ ਪੰਜਾਬ ਦੀ ਕਾਇਆ ਕਲਪ ਵੀ ਹੋ ਸਕਦੀ ਹੈ
-
ਜਰਨੈਲ ਸਿੰਘ, 98551-80688, e: mail - jsbudhal@gmail.com,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.