ਸੱਭ ਤੋਂ ਪਹਿਲਾਂ ਮੈਂ ਧੰਨਵਾਂਦੀ ਹਾਂ ਉਸ ਅਕਾਲ ਪੁਰਖ ਦਾ ਜਿਸ ਨੇ ਮੈਨੂੰ ਬਹੁਤ ਹੀ ਸਧਾਰਣ ਅਤੇ ਆਮ ਪਰਿਵਾਰ ਵਿੱਚ ਪੈਦਾ ਕੀਤਾ ਅਤੇ ਇਸ ਮਹਾਨ ਪਦ ਤੇ ਪਹੁੰਚਾਇਆ|
ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ
ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ
ਮੈਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਕ ਸੁਚੱਜੀ ਜਿੰ ਅਤੇ ਜੀਵਨ ਜਾਚ ਜਿਉਣ ਲਈ ਸੇਧ ਦਿੱਤੀ| ਮੈਂ ਸਦਨ ਦੇ ਨੇਤਾ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਨੇਤਾ ਸ਼੍ਰੀ ਸੁਨੀਲ ਕੁਮਾਰ ਜਾਖੜ ਅਤੇ ਸਾਰੇ ਮੈਂਬਰ ਸਾਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ| ਤੁਹਾਡੇ ਵੱਲੋਂ ਮੇਰੇ ਵਿੱਚ ਪ੍ਰਗਟਾਇਆ ਗਿਆ ਇਹ ਪੂਰਨ ਭਰੋਸਾ ਮੈਨੂੰ ਹੋਰ ਵੀ ਸ਼ਕਤੀ ਪ੍ਰਦਾਨ ਕਰੇਗਾ, ਜਿਸ ਨਾਲ ਮੈਂ ਸਦਨ ਨੂੰ ਉਸ ਦੀਆਂ ਚੰਗੀਆਂ ਪ੍ਰੰਪਰਾਵਾਂ ਅਤੇ ਰੂਲਜ਼ ਆਫ ਪ੍ਰੋਸੀਜਰ ਐਡ ਕੰਡਕਟ ਆਫ ਬਿਜਨਸ ਅਨੁਸਾਰ ਚਲਾਉਣ ਵਿੱਚ ਕਾਮਯਾਬ ਹੋਵਾਂਗਾ| ਮੈਂ ਇਕ ਵਾਰ ਫਿਰ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ|
ਮੈਂ ਅੱਜ ਇਸ ਮੌਕੇ ਤੇ ਆਪਣੇ ਅਤੇ ਸਦਨ ਵੱਲੋਂ ਸਰਦਾਰ ਬਾਦਲ ਨੂੰ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਮਾਨ ਸੰਭਾਲਣ ਤੇ ਦਿਲ ਦੀਆਂ ਗਹਿਰਾਈਆਂ ਵਿਚੋਂ ਹਾਰਦਿਕ ਵਧਾਈ ਦਿੰਦਾ ਹਾਂ| ਦੇਸ਼ ਵਿੱਚ ਉਹ ਪਹਿਲੀ ਸਖਸ਼ੀਅਤ ਹਨ ਜੋ ਪੰਜਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ| ਪੰਜਾਬੀਆਂ ਦੀ ਇਹ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਸਰਦਾਰ ਬਾਦਲ ਵਰਗੀ ਯੁੱਗ-ਪੁਰਸ਼, ਨਿਰਵੈਰ ਅਤੇ ਦਰਵੇਸ਼ ਸਿਆਸਤਦਾਨ ਦੀ ਕਿਆਦਤ ਦੇ ਨਾਲ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਨਿਧੜਕ, ਅਣਥੱਕ ਅਤੇ ਦੂਰ ਅੰਦੇਸ਼ ਸਟੇਟਸਮੈਨ ਦੀ ਰਹਿਨੁਮਾਈ ਵੀ ਪ੍ਰਾਪਤ ਹੋਈ ਹੈ| ਇਨ੍ਹਾਂ ਦੋਹਾਂ ਮਹਾਨ ਵਿਅੱਕਤੀਆਂ ਦੀਆਂ ਖੂਬੀਆਂ ਦੇ ਸੁਮੇਲ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਯ ਜਨਤਾ ਪਾਰਟੀ ਨੂੰ ਇਸ ਇਤਿਹਾਸਕ ਜਿੱਤ ਲਈ ਪ੍ਰੇਰਿਆ ਹੈ| ਇਹ ਹੋਰ ਵੀ ਮਾਣ ਦੀ ਗੱਲ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਦੇਸ਼ ਦੇ ਸਰਵੋਤਮ ਲੀਡਰ ਵਜੋਂ ਪ੍ਰਵਾਨ ਕੀਤਾ ਗਿਆ ਹੈ| ਇਨ੍ਹਾਂ ਦੇ ਬਰਾਬਰ ਦਾ ਅਨਮੋਲ ਅਤੇ ਬੇਸ਼ਕੀਮਤੀ ਹੀਰਾ ਬਹੁਤ ਹੀ ਸੁਭਾਗ ਨਾਲ ਕੌਮਾਂ ਨੂੰ ਪ੍ਰਾਪਤ ਹੁੰਦਾ ਹੈ| ਇਹ ਸਭ ਕੁਝ ਇਨ੍ਹਾਂ ਦੀ ਨਿਮਰਤਾ, ਹਲੀਮੀ, ਦ੍ਰਿੜ ਵਿਸ਼ਵਾਸ਼ ਅਤੇ ਪ੍ਰਮਾਤਮਾ ਵਿੱਚ ਅਥਾਹ ਸ਼ਰਧਾ ਰੱਖਣ ਵਾਲੀ ਸ਼ਖਸ਼ੀਅਤ ਸਦਕਾ ਹੈ| ਇਸ ਦੇ ਨਾਲ ਹੀ ਮੈਂ ਸ਼੍ਰੀ ਸੁਨੀਲ ਕੁਮਾਰ ਜਾਖੜ ਨੂੰ ਵੀ ਵਧਾਈ ਦਿੰਦਾ ਹਾਂ ਅਤੇ ਸਾਰੇ ਮੈਂਬਰ ਸਾਹਿਬਾਨ ਤੋਂ ਪੂਰਨ ਸਹਿਯੋਗ ਦੀ ਆਸ ਕਰਦਾ ਹਾਂ| ਇਸ ਸਮੇਂ ਮੈਨੂੰ ਤੁਹਾਡੇ ਪਿਤਾ ਸ਼੍ਰੀ ਬਲਰਾਮ ਜਾਖੜ ਜੀ ਯਾਦ ਆ ਰਹੇ ਹਨ ਜਿਨ੍ਹਾਂ ਦੇ ਨਾਲ ਮੇਨੂੰ ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਬਹੁਤ ਕੁੱਝ ਸਿੱਖਿਆ |
ਲੈਜਿਸਲੇਚਰ ਜਮਹੂਰੀ ਸਿਸਟਮ ਦਾ ਪ੍ਰਮੁੱਖ ਅੰਗ ਹੈ| ਸਦਨ ਉਹ ਫੋਰਮ ਹੈ ਜਿੱਥੇ ਤੁਸੀਂ ਲੋਕਾਂ ਦੀਆਂ ਆਸਾਂ, ਉਮੀਦਾਂ ਅਤੇ ਸਮੱਸਿਆਵਾਂ ਨੂੰ ਉਠਾ ਕੇ ਉਨ੍ਹਾਂ ਦਾ ਹੱਲ ਲੱਭਣਾ ਹੈ| ਲੋਕਾਂ ਦੇ ਭਵਿੱਖ ਨੂੰ ਰੋਸ਼ਨ ਕਰਨਾ ਸਾਡਾ ਮਕਸਦ ਹੈ| ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਇਸ ਰੋਲ ਨੂੰ ਬਹੁਤ ਹੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਈਏ|
ਸਦਨ ਦਾ ਮੁੱਖ-ਕਾਰਜ ਕਾਨੂੰਨ ਬਨਾਉਣ ਤੋਂ ਇਲਾਵਾ ਸਰਕਾਰ ਦੇ ਕੰਮਾਂ-ਕਾਰਾਂ ਦੀ ਪੜਚੋਲ ਕਰਨਾ ਅਤੇ ਉਸ ਉੱਤੇ ਨਜ਼ਰ ਰੱਖਣਾ ਵੀ ਹੈ| ਇਸ ਉਦੇਸ਼ ਲਈ ਸਾਡੇ ਸਦਨ ਦੇ ਰੂਲਜ਼ ਵਿੱਚ ਵੱਖ-ਵੱਖ ਸੰਸਦੀ ਪ੍ਰਕਿਰਿਆਵਾਂ ਹਨ, ਜਿਨ੍ਹਾਂ ਰਾਹੀਂ ਤੁਸੀਂ ਸਰਕਾਰ ਦੇ ਕੰਮਾਂ ਬਾਰੇ ਜਾਣਕਾਰੀ ਲੈ ਸਕਦੇ ਹੋ| ਤੁਸੀਂ ਨਿਸ਼ਚਿਤ ਕਰੋ ਕਿ ਤੁਹਾਡਾ ਵਿਸ਼ਾ ਵਸਤੂ ਹਮੇਸ਼ਾਂ ਰੂਲਾਂ ਦੇ ਅਧੀਨ ਹੋਵੇ ਤਾਂ ਕਿ ਵੱਧ ਤੋਂ ਵੱਧ ਜਾਣਕਾਰੀ ਘੱਟ ਤੋਂ ਘੱਟ ਸਮੇਂ ਦੌਰਾਨ ਮਿਲ ਸਕੇ ਅਤੇ ਹਾਉੂਸ ਦਾ ਸਮਾਂ ਉਸਾਰੂ ਰੂਪ ਵਿੱਚ ਵਰਤਿਆ ਜਾ ਸਕੇ|ਦੂਸਰਾ ਪ੍ਰਮੁੱਖ ਕੰਮ ਕਮੇਟੀ ਸਿਸਟਮ ਦੁਆਰਾ ਸਰਕਾਰ ਦੀ ਜਵਾਬਦੇਹੀ ਨਿਸ਼ਚਿਤ ਕਰਨਾ ਹੈ| ਕਮੇਟੀ ਵਿੱਚ ਤੁਹਾਨੂੰ ਸਬੰਧਤ ਵਿਸ਼ੇ ਤੇ ਪੂਰੀ ਤਿਆਰੀ ਨਾਲ ਆਉਣਾ ਚਾਹੀਦਾ ਹੈ ਤਾਂ ਕਿ ਤੁਸੀਂ ਅਫਸਰ ਸਾਹਿਬਾਨ ਤੋਂ ਉਨ੍ਹਾਂ ਦੇ ਮਹਿਕਮਿਆਂ ਦੇ ਕੰਮ-ਕਾਜ਼ ਸੰਬਧੀ ਇਹ ਜਾਣਕਾਰੀ ਹਾਸਲ ਕਰ ਸਕੋ ਕਿ ਉਹ ਅੱਵਲ ਦਰਜੇ ਦੀ ਹੈ ਜਾਂ ਨਹੀਂ| ਇਹ ਤੁਸੀਂ ਦੇਖਣਾ ਹੈ ਕਿ ਮਹਿਕਮਾ ਆਪਣੇ ਨਿਸ਼ਚਿਤ ਕੀਤੇ ਕੰਮਾਂ-ਕਾਰਾਂ ਨੂੰ ਸਬੰਧਤ ਪਾਲਿਸੀ ਮੈਟਰ ਅਤੇ ਕਾਨੂੰਨ ਅਨੁਸਾਰ ਕਰ ਰਿਹਾ ਹੈ ਜਾਂ ਨਹੀਂ|
ਸਪੀਕਰਸ਼ਿਪ ਦਾ ਕੰਮ ਕਾਫੀ ਔਖਾ ਅਤੇ ਚਣੌਤੀਆਂ ਭਰਪੂਰ ਹੈ ਪਰ ਮੈਨੂੰ ਯਕੀਨ ਹੈ ਕਿ ਤੁਹਾਡੇ ਸਾਰਿਆਂ, ਖਾਸ ਕਰਕੇ ਵਿਰੋਧੀ ਧਿਰ ਦੇ ਸਹਿਯੋਗ ਨਾਲ, ਮੈਂ ਸਦਨ ਦੇ ਕੰਮ-ਕਾਰ ਨੂੰ ਰੂਲਾਂ ਮੁਤਾਬਿਕ ਅਤੇ ਹਾਊਸ ਦੀਆਂ ਚੰਗੀਆਂ ਪ੍ਰੰਪਰਾਵਾਂ ਅਨੁਸਾਰ ਚਲਾਉਣ ਵਿੱਚ ਕਾਮਯਾਬ ਹੋਵਾਂਗਾ| ਮੈਨੂੰ ਉਮੀਦ ਹੈ ਕਿ ਤੁਸੀਂ ਵੀ ਭਰਪੂਰ ਜਾਣਕਾਰੀ ਨਾਲ ਡਿਬੇਟਸ ਵਿੱਚ ਭਾਗ ਲੈ ਕੇ ਲੈਜਿਸਲੇਟਿਵ ਅਤੇ ਜਵਾਬਦੇਹੀ ਦੇ ਪ੍ਰੋਸੈਸ ਨੂੰ ਮਜ਼ਬੂਤ ਕਰਦੇ ਹੋਏ ਲੋਕਾਂ ਦੇ ਹਿੱਤਾਂ ਲਈ ਆਪਣਾ ਯੋਗਦਾਨ ਪਾਵੋਗੇ| ਜਿਵੇਂ ਸਰਕਾਰ ਵਿਧਾਨ ਸਭਾ ਪ੍ਰਤੀ ਜਵਾਬਦੇਹ ਹੈ, ਉਸੇ ਤਰ੍ਹਾਂ ਅਸੀਂ ਸਾਰੇ ਵਿਧਾਇਕ ਜਨਤਾ ਨੂੰ ਜਵਾਬਦੇਹ ਹਾਂ ਕਿਉਂਕਿ ਜਮਹੂਰੀ ਪ੍ਰਣਾਲੀ ਵਿੱਚ ਸਾਰੀ ਸੱਤਾ ਦੀ ਮਾਲਕ ਜਨਤਾ ਹੀ ਹੈ| ਉਨ੍ਹਾਂ ਲੋਕਾਂ ਨੇ ਆਪਣੀ ਕਿਸਮਤ ਬਨਾਉਣ ਲਈ ਸਾਡੇ ਜ਼ਿੰਮੇ ਇਹ ਬਹੁਤ ਹੀ ਸਖਤ ਡਿਊਟੀ ਲਗਾਈ ਹੈ|
ਸੱਭ ਤੋਂ ਅਹਿਮ ਮੁੱਦਾ ਜੋ ਸਾਡਾ ਸਭ ਦਾ ਧਿਆਨ ਮੰਗੇਗਾ ਉਹ ਹੈ -ਸਦਨ ਦੇ ਸਮੇਂ ਦੀ ਸਦਉਪਯੋਗਤਾ| ਅੱਜਕੱਲ ਹਰ ਇੱਕ ਵਿਧਾਨ ਸਭਾ ਅਤੇ ਪਾਰਲੀਮੈਂਟ ਦੇ ਸਦਨਾਂ ਦਾ ਬਹੁਤਾ ਸਮਾਂ ਰੋਲੇ-ਰੱਪੇ, ਵਾਕ ਆਊਟਜ਼, ਨਾਹਰੇਬਾਜ਼ੀ ਅਤੇ ਧਰਨਿਆਂ ਆਦਿ ਵਿੱਚ ਹੀ ਵਿਅਰੱਥ ਚੱਲਾ ਜਾਂਦਾ ਹੈ| ਮੈਨੂੰ ਉਮੀਦ ਹੈ ਕਿ ਵਿਰੋਧੀ ਧਿਰ ਉੱਚੀਆਂ ਪਾਰਲੀਮੈਂਟਰੀ ਰਵਾਇਤਾਂ ਦੀ ਸ਼ਾਨ ਅਤੇ ਮਜ਼ਬੂਤੀ ਲਈ ਸਦਨ ਵਿੱਚ ਡਿਸੇਟਸ ਅਤੇ ਡਿਸਕਸ਼ਨਜ਼ ਵਿੱਚ ਨਿੱਗਰ ਅਤੇ ਨਰੋਏ ਤਰੀਕੇ ਨਾਲ ਭਾਗ ਲੈਂਦੀ ਰਹੇਗੀ ਕਿਉਂਕਿ ਵਿਰੋਧੀ ਧਿਰ ਵੱਲੋਂ ਬਾਈਕਾਟ ਅਤੇ ਰੌਲੇ-ਰੱਪੇ ਕਾਰਨ ਸਦਨ ਦਾ ਕੰਮ-ਕਾਜ ਪ੍ਰਭਾਵਿਤ ਹੁੰਦਾ ਹੈ| ਤੁਸੀਂ ਵਿਧਾਇਕਾਂ ਦੀ ਇਕ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਧਿਰ ਹੋ| ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ| ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਮੈਂ ਡਿਬੇਟਸ ਦੌਰਾਨ ਸੱਭ ਮੈਂਬਰਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਲਈ ਵੱਧ ਤੋਂ ਵੱਧ ਟਾਈਮ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਬਹਿਸ ਨੂੰ ਉਸ ਦੀ ਸਾਰਥਿਕਤਾ ਤੱਕ ਪਹੁੰਚਾਇਆ ਜਾ ਸਕੇ|
ਮੈਂ ਰੂਲਿੰਗ ਅਤੇ ਆਪੋਜੀਸ਼ਨ ਪਾਰਟੀ ਦੋਹਾਂ ਨੂੰ ਅਪੀਲ ਕਰਾਂਗਾ ਕਿ ਉਹ ਮਿੱਤਰਤਾ ਭਰਿਆ ਮਾਹੌਲ ਪੈਦਾ ਕਰਨ ਤਾਂ ਕਿ ਗਵਰਨਰ ਭਾਸ਼ਣ ਤੇ ਕਿਸੇ ਕਿਸਮ ਦੇ ਟਕਰਾਅ ਤੋਂ ਬਚਿਆ ਜਾ ਸਕੇ|ਮੈਂ ਕਾਫੀ ਲੰਮੇ ਸਮੇਂ ਤੋਂ ਗਵਰਨਰ ਐਡਰੈਸ ਤੇ ਧੰਨਵਾਦ ਤੇ ਮਤੇ ਤੋਂ ਬਾਅਦ ਉਨ੍ਹਾਂ ਦਾ ਧੰਨਵਾਦ ਕਰਨ ਲਈ ਜਾਣਾ ਹੁੰਦਾ ਹੈ ਪਰ ਆਪੋਜੀ ਬਾਈਕਾਟ ਕਰ ਦਿੰਦੀ ਹੈ | ਅਜਿਹਾ ਵਤੀਰਾ ਚੰਗਾ ਨਹੀਂ ਲਗਦਾ | ਮੁੱਖ ਮੰਤਰੀ ਖਾਣਾ ਦਿੰਦਾ ਹੈ ਆਪੋਜੀਸ਼ਨ ਬਾਈਕਾਟ ਕਰ ਦਿੰਦੀ ਹੈ | ਸਪੀਕਰ ਖਾਣਾ ਦਿੰਦਾ ਹੈ ਆਪੋਜੀਸ਼ਨ ਬਾਈਕਾਟ ਕਰ ਦਿੰਦੀ ਹੈ | ਇਹ ਕੋਈ ਚੰਗੀ ਪਾਰਲੀਮੈਂਟਰੀ ਰਵਾਇਤਾਂ ਨਹੀਂ ਹਨ | ਬਜਟ ਪਾਸ ਹੋਵੇ ਆਪੋਜੀਸ਼ਨ ਬਾਈਕਾਟ ਕਰੇ ਇਹ ਸ਼ਲਾਘਾਯੋਗ ਕਦਮ ਨਹੀਂ ਹੈ | ਕਿਸੇ ਵੀ ਹਸਤੀ ਵੱਲੋਂ ਕਿਸੇ ਵੀ ਫੰਕਸ਼ਨ ਤੇ ਸੱਦਾ ਪੱਤਰ ਦਿੱਤਾ ਹੇਵੇ ਤਾਂ ਚਾਹਾਂਗਾ ਕਿ ਆਪੋਜੀਸ਼ਨ ਨੂੰ ਆਉਣਾ ਚਾਹੀਦਾ ਹੈ | ਮੈਂ ਇਹ ਵੀ ਕਹਾਂਗਾ ਕਿ ਸਮਾਜਿਕ ਅਤੇ ਪਰਿਵਾਰਿਕ ਮੌਕਿਆਂ ਤੇ ਇਕ ਦੂਜੇ ਦੇ ਦੁੱਖ-ਸੁੱਖ ਵਿੱਚ ਹਾਜ਼ਰ ਹੋਕੇ ਨਵਾਂ ਮਾਹੌਲ ਪੈਦਾ ਕਰਨਾ ਚਾਹੀਦਾ ਹੈ| ਇਹ ਮੇਰੀ ਬੇਨਤੀ ਆਸ ਹੈ ਦੋਵੇਂ ਧਿਰਾਂ ਮੰਨਣਗੀਆਂ|
ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਰਾਜਪਾਲ ਭਾਸ਼ਣ ਮਿਤੀ 21 ਮਾਰਚ, 2012 ਨੂੰ ਹੋਣ ਜਾ ਰਿਹਾ ਹੈ ਜਿਸ ਵਿੱਚ ਸਰਕਾਰ ਦੀ ਸਮੁੱਚੀ ਦਿਸ਼ਾ ਅਤੇ ਪਾਲਿਸੀ ਦਾ ਵਰਣਨ ਹੋਵੇਗਾ| ਅਗਲੇ ਇਕ ਸਾਲ ਵਿੱਚ ਸਰਕਾਰ ਵੱਖ-ਵੱਖ ਮੁੱਦਿਆ ਨੂੰ ਕਿਸ ਤਰ੍ਹਾਂ ਹੱਲ ਕਰਨ ਜਾ ਰਹੀ ਹੈ ਦਾ ਵੀ ਵਰਣਨ ਹੋਵੇਗਾ| ਸਿੰਚਾਈ, ਬਿਜਲੀ, ਬੇਰੋਜ਼ਗਾਰੀ, ਸੂਚਨਾ ਤਕਨਾਲੋਜੀ, ਗਰੀਬੀ, ਪਾਣੀਆਂ ਦੇ ਮੁੱਦੇ, ਅੱਤਵਾਦ, ਐਸ.ਸੀ. ਤੇ ਬੀ.ਸੀ. ਦੀ ਭਲਾਈ ਆਦਿ ਦੇ ਮੁੱਦਿਆਂ ਉੱਤੇ ਸਰਕਾਰ ਦੀ ਪਹੁੰਚ ਦਾ ਪਤਾ ਲੱਗੇਗਾ| ਮੈਂਬਰਾਂ ਕੋਲ ਇੱਕ ਸੁਨਹਿਰੀ ਮੌਕਾ ਹੋਵੇਗਾ ਕਿ ਉਹ ਆਪਣੇ ਵਿਚਾਰ ਰਾਜਪਾਲ ਭਾਸ਼ਣ ਦੇ ਧੰਨਵਾਦ ਦੇ ਮਤੇ ਤੇ ਬੋਲਣ ਸਮੇਂ ਪ੍ਰਗਟ ਕਰ ਸਕਦੇ ਹਨ|
ਇਸ ਸਦਨ ਵਿੱਚ ਲਗਭਗ 41 ਦੇ ਕਰੀਬ ਅਜਿਹੇ ਮੈਂਬਰ ਹਨ ਜੋ ਪਹਿਲੀ ਵਾਰ ਚੁਣ ਕੇ ਆਏ ਹਨ| ਇਨ੍ਹਾਂ ਸਾਰਿਆਂ ਨੂੰ ਮੈਂ ਵਧੀਆ ਅਤੇ ਖੁਸ਼ੀਆਂ ਭਰੇ ਸਿਆਸੀ ਜੀਵਨ ਦੀ ਵਧਾਈ ਦਿੰਦਾ ਹਾਂ| ਮੈਂ ਇਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਸਾਡਾ ਸਰਮਾਇਆ ਹੋ ਕਿਉਂਕਿ ਤੁਹਾਡੇ ਵਿੱਚੋਂ ਜ਼ਿਆਦਾਤਰ ਵਿਧਾਇਕ ਨੌਜਵਾਨ ਵਰਗ ਦੀ ਪ੍ਰਤੀਨਿੱਧਤਾ ਕਰਦੇ ਹਨ| ਤੁਹਾਡੇ ਲਈ ਸੱਭ ਤੋਂ ਜ਼ਰੂਰੀ ਹੈ ਕਿ ਤੁਸੀਂ ਰੂਲਜ਼ ਆਫ ਪ੍ਰੋਸੀਜ਼ਰ ਐਂਡ ਕੰਡਕਟ ਆਫ ਬਿਜਨਸ ਨੂੰ ਧਿਆਨ ਨਾਲ ਪੜੋ ਕਿਉਂਕਿ ਇਸ ਅਨੁਸਾਰ ਹੀ ਹਾਊਸ ਨੇ ਕੰਮ-ਕਾਜ ਕਰਨਾ ਹੈ| ਤੁਹਾਡੇ ਲਈ ਪੁਰਾਣੀਆਂ ਡਿਬੇਟਜ਼ ਵੀ ਪੜਨੀਆਂ ਜ਼ਰੂਰੀ ਹਨ ਤਾਂ ਕਿ ਹਾਊਸ ਵਿੱਚ ਕਿਸ ਤਰ੍ਹਾਂ ਦੀ ਪੇਸ਼ਕਾਰੀ ਹੋਵੇ, ਤੁਹਾਨੂੰ ਪਤਾ ਲੱਗੇ| ਮੈਂ ਮੀਡੀਆ ਨੂੰ ਵੀ ਅਪੀਲ ਕਰਾਂਗਾ ਕਿ ਉਹ ਉਸਾਰੂ ਸੋਚ ਨੂੰ ਅੱਗੇ ਰੱਖਦੇ ਹੋਏ ਚੰਗੀਆਂ ਡਿਬੇਟਜ਼ ਅਤੇ ਡਿਸਕਸ਼ਨਜ਼ ਨੂੰ ਪ੍ਰਮੁੱਖਤਾ ਨਾਲ ਛਾਪਣ ਦੀ ਕੋਸ਼ਿਸ਼ ਕਰਨ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਸਦਨ ਵਿੱਚ ਕਿਸ ਮੁੱਦੇ ਤੇ ਅਤੇ ਕਿਹੋ ਜਿਹੀ ਬਹਿਸ ਹੋ ਰਹੀ ਹੈ| ਪਹਿਲੀ ਵਾਰ ਚੁਣ ਕੇ ਆਏ ਵਿਧਾਇਕਾਂ ਨੂੰੰ ਉਤਸ਼ਾਹ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਹੈ|
ਪਿਛਲੀ ਵਿਧਾਨ ਸਭਾ ਵੱਲੋਂ ਕਈ ਲੈਂਡਮਾਰਕ ਕਾਨੂੰਨ ਬਣਾਏ ਗਏ ਹਨ| ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਰ-ਅੰਦੇਸ਼ੀ ਸੋਚ ਸਦਕਾ ਸਰਕਾਰੀ ਕੰਮ-ਕਾਜ ਨੂੰ ਸਮੇਂ ਸਿਰ ਨਿਪਟਾਉਣ ਅਤੇ ਪਾਰਦਰਸ਼ਤਾ ਨੂੰ ਵਧਾਉਂਦੇ ਹੋਏ ਰਾਈਟ ਟੂ ਸਰਵਿਸ ਐਕਟ, 2011 ਬਣਾਇਆ ਗਿਆ ਸੀ, ਜਿਸ ਰਾਹੀਂ 64 ਲੋਕ ਸੇਵਾਵਾਂ ਨੂੰ ਨਿਸ਼ਚਿਤ ਸਮੇਂ ਦੌਰਾਨ ਜਨਤਾ ਨੂੰ ਪ੍ਰਦਾਨ ਕਰਨਾ ਜ਼ਰੂਰੀ ਕੀਤਾ ਗਿਆ ਹੈ|ਅਜਿਹੇ ਹੀ ਕਈ ਹੋਰ ਲੋਕ ਭਲਾਈ ਦੇ ਕਾਨੂੰਨ ਅਤੇ ਪਾਲਿਸੀ ਮੈਟਰਜ਼ ਪਿਛਲੀ ਵਿਧਾਨ ਸਭਾ ਵਿੱਚ ਡਿਸਕਸ ਕੀਤੇ ਗਏ|
ਸੋ ਅੰਤ ਵਿੱਚ ਮੈਂ ਸਦਨ ਦੇ ਨੇਤਾ ਸ. ਪ੍ਰਕਾਸ਼ ਸਿੰਘ ਬਾਦਲ, ਵਿਰੋਧੀ ਧਿਰ ਦੇ ਨੇਤਾ ਸ਼੍ਰੀ ਸੁਨੀਲ ਕੁਮਾਰ ਜਾਖੜ, ਬਾਕੀ ਮੈਂਬਰ ਸਾਹਿਬਾਨ ਅਤੇ ਮੀਡੀਆ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ਆਸ ਕਰਦਾ ਹਾਂ ਕਿ ਅਸੀਂ ਸਾਰੇ ਸਦਨ ਦੀ ਮਾਣ ਮਰਿਆਦਾ, ਪ੍ਰਭੂਸੱਤਾ ਅਤੇ ਪ੍ਰਤਿਸ਼ਠਤਾ ਨੂੰ ਸਮਝਦੇ ਹੋਏ ਆਪਣੇ ਫਰਜ਼ਾਂ ਨੂੰ ਨਿਭਾਂਵਾਗੇ| ਸਦਨ ਵਿੱਚ ਲੋਕਾਂ ਲਈ ਸਮੱਸਿਆਵਾਂ ਨੂੰ ਹੱਲ ਕਰਨਾ ਇਕੋ ਇਕ ਉਦੇਸ਼ ਹੋਵੇਗਾ|
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.