ਬਲਜੀਤ ਬੱਲੀ
ਪੰਜਾਬ ਵਿਧਾਨ ਸਭਾ ਦੀਆਂ 2012 ਦੀਆਂ ਵਿਧਾਨ ਸਭਾ ਚੋਣਾ ਦੇ ਨਤੀਜਿਆਂ ਦੇ ਪੰਜਾਬ ਦਾ ਸਿਆਸੀ ਚੋਣ ਇਤਿਹਾਸ ਬਦਲ ਦਿੱਤਾ ਹੈ । ਇਸ ਵਿਚ ਇੱਕ ਨਵਾਂ ਸਿਆਸੀ ਪੰਨਾ ਜੋੜ ਦਿੱਤਾ ਹੈ । ਪੰਜਾਬ ਵੀ ਮੁਲਕ ਦੇ ਉਨ੍ਹਾ ਸੂਬਿਆਂ ਵਿਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਰਾਜ ਸਰਕਾਰਾਂ ਨੂੰ ਵਾਰ ਵਾਰ ਲਿਆਉਣ ਦੀ ਰੀਤ ਸ਼ੁਰੂ ਕੀਤੀ ਹੈ।ਪੰਜਾਬ ਦੇ ਲੋਕਾਂ ਦਾ ਸਪੱਸ਼ਟ ਫ਼ਤਵਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ-ਬੀ ਜੇ ਪੀ ਸਰਕਾਰ ਦੇ ਹੱਕ ਵਿਚ ਹੈ।ਲੋਕਾਂ ਨੇ ਇੱਕ ਸਿਆਸੀ ਧਿਰ ਨੂੰ ਸਪੱਸ਼ਟ ਫ਼ਤਵਾ ਦੇਣ ਦੀ ਆਪਣੀ ਰਵਾਇਤ ਕਾਇਮ ਰੱਖੀ ਹ ਪਰ ਹਰ ਵਾਰ ਸਿਆਸੀ ਸਰਕਾਰ ਬਦਲਣ ਦੀ ਆਪਣੀ ਪ੍ਰਥਾ ਤੋੜ ਕੇ ਨਵੀਂ ਪਰੰਪਰਾ ਸ਼ੁਰੁ ਕੀਤੀ ਹੈ। ਕੁਲ 117 ਸੀਟਾਂ ਵਿਚੋਂ ਅਕਾਲੀ-ਬੀ ਜੇ ਪੀ ਗੱਠਜੋੜ ਨੂੰ 68 ਸੀਟਾਂ ਅਤੇ ਕਾਂਗਰਸ ਨੂੰ ਸਿਰਫ਼ 46 ਸੀਟਾਂ ਮਿਲੀਆਂ ਨੇ। ਗੱਠਜੋੜ ਦੇ ਵਿਚ ਅਕਾਲੀ ਦਲ ਦਾ ਹਿੱਸਾ 48 ਤੋਂ ਵੱਧ ਕੇ 56 ਹੋ ਗਿਆ ਹੈ ਅਤੇ ਬੀ ਜੇ ਪੀ 19 ਤੋਂ ਘੱਟ ਕੇ 12 ਤੇ ਆ ਗਈ ਹੈ ਪਰ ਸਮੁੱਚੇ ਤੌਰ ਤੇ ਲੋਕਾਂ ਨੇ ਗੱਠਜੋੜ ਨੂੰ ਸਪੱਸ਼ਟ ਬਹੁਮਤ ਦਿਤਾ ਹੈ।
ਉਂਝ ਤਾਂ ਜਿੰਨੇ ਪਹਿਲੂਆਂ ਤੋਂ ਇਸ ਵਾਰ ਇਹ ਚੋਣ ਨਵੇਕਲੀ ਅਤੇ ਨਿਆਰੀ ਸੀ , ਇਸ ਤੋਂ ਪਹਿਲਾਂ ਹੀ ਅਨੁਮਾਨ ਲਏ ਜਾ ਰਹੇ ਸਨ ਕਿ ਨਤੀਜੇ ਹਰਾਨੀਜਨਕ ਵੀ ਹੋ ਸਕਦੇ ਨੇ ਅਤੇ ਗ਼ੈਰ ਰਵਾਇਤੀ ਵੀ। ਮੋਟੇ ਤੌਰ ਗੱਠਜੋੜ ਦੀ ਜਿੱਤ ਦੇ ਇਹ ਕਾਰਨ ਗਿਣੇ ਜਾ ਸਕਦੇ ਨੇ। ਬਾਦਲ ਸਰਕਾਰ ਨੇ ਪੰਥਕ ਏਜੰਡਾ ਛੱਡ ਕੇ ਆਪਣੀ ਕਾਰਗੁਜ਼ਾਰੀ ,ਵਿਕਾਸ ਅਤੇ ਲੋਕ ਭਲਾਈ ਨੂੰ ਮੁੱਖ ਚੋਣ ਮੁੱਦਾ ਬਣਾਇਆ। ਦਲਿਤਾਂ ਵਰਗਾਂ ਲਈ ਆਟਾ ਦਾਲ, ਸ਼ਗਨ ਸਕੀਮ , ਮੁਫ਼ਤ ਬਿਜਲੀ ਅਤੇ ਲੜਕੀਆਂ ਨੂੰ ਸਾਈਕਲ ਵੰਡਣ ਦੀਆਂ ਸਕੀਮਾਂ ਸ਼ੁਰੂ ਕਰਕੇ ਦਲਿਤ ਵੋਟ ਬੈਂਕ ਨੂੰ ਨਾਲ ਜੋੜਿਆ। ਇਸ ਦੇ ਨਾਲ ਹੀ ਆਪਣੇ ਦੇਹਾਤ-ਪੱਖੀ ਅਤੇ ਸਿੱਖ ਪੱਖੀ ਅਕਸ ਦੀ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸ਼ਹਿਰੀ ਮੱਧਵਰਗੀ ਲੋਕਾਂ ਲਈ ਪਹਿਲੀ ਵਾਰ ਸ਼ਹਿਰੀ ਏਜੰਡੇ ਨੂੰ ਅਕਾਲੀ ਦਲ ਦਾ ਏਜੰਡਾ ਬਣਾਇਆ।ਦੂਜੇ ਪਾਸੇ ਕਾਂਗਰਸ ਦੀ ਲੀਡਰਸ਼ਿਪ ਅਤੇ ਖ਼ਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਰਵਾਇਤੀ ਦਲਿਤ ਅਤੇ ਸ਼ਹਿਰੀ ਹਿੰਦੂ ਵੋਟ ਬੈਂਕ ਨੂੰ ਵਾਪਸ ਲਿਆਉਣ ਦੀ ਥਾਂ ਇਸ ਨੂੰ ਨਜ਼ਰ ਅੰਦਾਜ਼ ਕੀਤਾ।ਇਨ੍ਹਾ ਵਰਗਾਂ ਦੀ ਲੀਡਰਸ਼ਿਪ ਨੂੰ ਵੀ ਕਾਂਗਰਸ ਪਾਰਟੀ ਵਿਚ ਕੋਈ ਅਹਮਿਅਤ ਨਹੀਂ ਦਿੱਤੀ ਗਈ।ਜੇ ਇਹ ਕਹਿ ਲਿਆ ਜਾਵੇ ਕਿ ਅਕਾਲੀ-ਬੀ ਜੇ ਪੀ ਗੱਠਜੋੜ ਨੇ ਕਾਂਗਰਸ ਨੂੰ ਨਿਹੱਥੇ ਕਰ ਦਿੱਤਾ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।ਇਸ ਵਾਰ ਭਰਿਸ਼ਟਾਚਾਰ ਦਾ ਮੁੱਦਾ ਵੀ ਬਾਦਲ ਸਰਕਾਰ ਖਿਲਾਫ ਨਹੀਂ ਭੁਗਤਿਆ ਕਿਉਂਕਿ ਕਾਂਗਰਸ ਖ਼ੁਦ ਇਸ ਮਾਮਲੇ ਤੇ ਫਸੀ ਹੋਈ ਸੀ।ਅੰਨ੍ਹਾ ਹਜ਼ਾਰੇ ਦੇ ਅੰਦੋਲਨ ਅਤੇ ਬਾਬਾ ਰਾਮ ਦੇਵ ਦੇ ਅੰਦੋਲਨ ਤੋਂ ਬਾਅਦ ਇਸ ਪੰਜਾਬ ਦੀ ਪਹਿਲੀ ਚੋਣ ਸੀ।ਕਾਂਗਰਸ ਦੀ ਅੰਦਰਲੀ ਫ਼ੁੱਟ ਅਤੇ ਢੇਢ ਦਰਜਨ ਦੇ ਕਰੀਬ ਬਾਗ਼ੀ ਉਮੀਦਵਾਰ ਵੀ ਕਾਂਗਰਸ ਦੀ ਹਾਰ ਵਿਚ ਸਹਾਈ ਹੋਏ।ਬੇਸ਼ੱਕ ਰਾਹੁਲ ਗਾਂਧੀ ਨੇ ਕਾਂਗਰਸੀ ਪਰੰਪਰਾ ਤੋੜਦਿਆਂ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਡਾ ਉਮੀਦਵਾਰ ਐਲਾਨਿਆ ਸੀ ਪਰ ਰਾਹੁਲ ਦਾ ਇਹ ਫ਼ਾਰਮੂਲਾ ਵੀ ਕਰਗਰ ਨਹੀਂ ਹੋਇਆ । ਦੂਜੇ ਪਾਸੇ ਹਾਕਮ ਗੱਠਜੋੜ ਵੱਲੋਂ ਸੁਖਬੀਰ ਬਾਦਲ ਨੂੰ ਪਿੱਛੇ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਮੁੱਖ ਮੰਤਰੀ ਵਜੋਂ ਪੇਸ਼ ਕਰਨ ਦਾ ਸਿਆਸੀ ਪੈਂਤੜਾ ਕਾਮਯਾਬ ਰਿਹਾ। ਗੱਠਜੋੜ ਦੀ ਇਸ ਜਿੱਤ ਵਿਚ ਡਿਪਟੀ ਮੁੱਖ ਮੰਤਰੀ ਅਤੇ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੀਤੀ ਮਿਹਨਤ,ਸਰਕਾਰ ਰਾਂਹੀ ਕੀਤੀਆਂ ਸਿਆਸੀ ਪਹਿਲਕਦਮੀਆਂ,ਉਨ੍ਹਾ ਦੀ ਚੋਣ ਮੈਨੇਜਮੈਂਟ ਦੀ ਸਕਿੱਲ ਅਤੇ ਸਿਆਸੀ ਜੋੜ -ਤੋੜ ਦੀ ਮੁਹਾਰਤ ਦਾ ਅਹਿਮ ਹਿੱਸਾ ਹੈ ਪਰ ਫਿਰ ਵੀ ਰੇਤੇ, ਠੇਕੇ, ਕੇਬਲ ਟੀਵੀ ਅਤੇ ਹਲਕਾ ਇੰਚਾਰਜਾਂ ਦੀ ਮਨਮਾਨੀ ਆਦਿਕ ਦੇ ਨਾਂਹ ਪੱਖੀ ਪ੍ਰਭਾਵਾਂ ਕਰਕੇ ,ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਮੁੱਖ ਮੰਤਰੀ ਵਜੋਂ ਉਭਾਰਿਆ ਗਿਆ।ਇਹ ਵੀ ਇਕ ਨਵਾਂ ਇਤਿਹਾਸ ਬਣੇਗਾ ਕਿ ਸ ਬਾਦਲ 5ਵੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨਗੇ।
ਸੁਖਬੀਰ ਬਾਦਲ ਵੱਲੋਂ ਸ਼ੁਰੂ ਕੀਤਾ ਗਿਆ ਗਵਰਨੈਂਸ ਸੁਧਾਰਾਂ ਅਤੇ ਰਾਈਟ ਟੂ ਸਰਵਿਸ ਐਕਟ ਦਾ ਅਜੰਡਾ ਵੀ ਕਾਰਗਰ ਸਾਬਤ ਹੋਇਆ ਲਗਦਾ ਹੈ।
ਇਹ ਚੋਣ ਨਤੀਜੇ ਦਰਸਾਉਂਦੇ ਨੇ ਕਿ ਰਵਾਇਤੀ ਸਥਾਪਤੀ ਵਿਰੋਧੀ ਰੁਝਾਣ ਨਹੀਂ ਕੰਮ ਕੀਤਾ। ਇਹ ਚੋਣ ਨਿਰੋਲ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਵਿਕਾਸ ਦੇ ਮੁੱਦੇ ਤੇ ਲੜੀ ਗਈ ਸੀ, ਇਸ ਲਈ ਇਹ ਫ਼ਤਵਾ ਅਕਾਲੀ-ਬੀ ਜੇ ਪੀ ਸਰਕਾਰ ਦੀ ਕਾਰਗੁਜ਼ਾਰੀ ਦੇ ਹੱਕ ਵਿਚ ਹੈ। ਲੋਕਾਂ ਨੇ ਬਾਦਲ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ,ਰਿਆਇਤਾਂ ਅਤੇ ਸਹੂਲਤਾਂ ਨੂੰ ਵਾਜਬ ਠਹਿਰਾਉਂਦਿਆਂ ਮਨਪ੍ਰੀਤ ਬਾਦਲ ਦੀ ਨੀਤੀ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਮਾਲਵੇ ਮਾਝੇ ਅਤੇ ਦੋਆਬੇ ਤਿੰਨਾਂ ਖੇਤਰਾਂ ਅਤੇ ਸ਼ਹਿਰੀ ਅਤੇ ਪੇਂਡੂ, ਦਲਿਤ -ਗ਼ੈਰ ਦਲਿਤ ਭਾਵ ਸਾਰੇ ਖੇਤਰਾਂ ਵਿਚ ਹੀ ਅਕਾਲੀ-ਬੀ ਜੇ ਪੀ ਦੀ ਰਲਵੀਂ- ਮਿਲਵੀਂ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਨੇ ਰਵਾਇਤੀ ਇਲਾਕਾ ਵੰਡੀਆਂ ਨੂੰ ਵੀ ਰੱਦ ਕਰ ਦਿੱਤਾ ਹੈ।ਸਿਆਸੀ ਪਾਰਟੀਆਂ ਦੇ ਪੁਰਾਣੇ ਖੁੰਢਾ ਅਤੇ ਵੱਡੇ ਨੇਤਾਵਾਂ ਦੀ ਹਾਰ ਅਤੇ ਨਵੇਂ ਅਤੇ ਨੌਜਵਾਨ ਉਮੀਦਵਾਰਾਂ ਦੀ ਜਿੱਤ ਵੀ ਸ਼ੁਭ ਸੰਕੇਤ ਹੈ।
ਨਤੀਜਿਆਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਡੇਰਾ ਸੱਚਾ ਸੌਦਾ ਵੀ ਕਾਂਗਰਸ ਲਈ ਸਹਾਈ ਨਹੀਂ ਹੋ ਸਕਿਆ।ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਪਕਰੋੜ ਲੀਡਰਸ਼ਿਪ ਵਿਚ ਫੇਰ ਭਰੋਸਾ ਜ਼ਾਹਰ ਕੀਤਾ ਹੈ।ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਖੂੰਡਾ ਫੇਰੂ ਸਿਆਸਤ ਨੂੰ ਵੀ ਰੱਦ ਕੀਤਾ ਹੈ।
ਇਨ੍ਹਾ ਚੋਂ ਨਤੀਜਿਆਂ ਸਿਰਫ਼ ਪੰਜਾਬ ਦੀ ਰਾਜਨੀਤੀ ਵਿਚ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਸਮਾਜ ਵਿਚ ਇੱਕ ਨਵੇਂ ਦੌਰ ਦਾ ਮੁੱਢ ਬੰਨ੍ਹਿਆ ਹੈ। ਪਿੱਛਲੇ ਸਮੇਂ ਵਿਚ ਚਲਦੀ ਰਹੀ ਫ਼ਿਰਕੂ, ਧਰਮੀ, ਇਲਾਕਾਈ ਅਤੇ ਜਾਤ- ਬਰਾਦਰੀਆਂ ਤੇ ਅਧਾਰਤ ਚੋਣ-ਸਿਆਸਤ ਦੀ ਥਾਂ ਕਿਸੇ ਸਰਕਾਰ ਦੀ ਕਾਰਗੁਜ਼ਾਰੀ ਅਤੇ ਵਿਕਾਸ ਜਾਂ ਲੋਕ ਭਲਾਈ ਦੇ ਮੁੱਦੇ ਭਵਿੱਖ ਵਿਚ ਵੀ ਹਾਵੀ ਹੋਣਗੇ,ਇਹ ਉਮੀਦ ਕਰਨੀ ਚਾਹੀਦੀ ਹੈ।ਜਿਤ ਹਾਰ ਭਾਵੇਂ ਕਿਸੇ ਦੀ ਵੀ ਹੋਈ ਪਰ ਲੋਕ -ਮੁੱਦਿਆਂ ਦੀ ਰਾਜਨੀਤੀ ਕਰਨ ਵਾਲਿਆਂ ਦਾ ਮਨੋਬਲ ਵਧੇਗਾ।
ਕਾਂਗਰਸੀਆਂ ਨੂੰ ਭਾਈ ਭਤੀਜਾਵਾਦ ਵੀ ਬੁਰਾ ਪਿਆ ਹੈ। ਸਿਰਫ਼ ਪ੍ਰਤਾਪ ਬਾਜਵੇ ਦੀ ਪਤਨੀ ਤੋਂ ਬਿਨਾਂ ਬਾਕੀ ਵੱਡੇ ਨੇਤਾਵਾਂ ਦੀਆਂ ਬੀਵੀਆਂ ,ਜਵਾਈ ਅਤੇ ਭਰਾ ਜਾਂ ਹੋਰ ਸਕੇ ਸਬੰਧੀ ਵੀ ਹਾਰ ਗਏ ਨੇ।ਇਹ ਚੋਣ ਨਤੀਜੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਤਬਦੀਲੀ ਅਤੇ ਨਵੀਂ ਲੀਡਰਸ਼ਿਪ ਦਾ ਰਾਹ ਵੀ ਖੋਲ੍ਹਣਗੇ।ਵੋਟ ਫ਼ੀਸਦੀ ਪੱਖੋਂ ਅਕਾਲੀ ਦਲ ਅਤੇ ਬੀ ਜੇ ਪੀ ਦੋਹਾਂ ਦਾ ਆਧਾਰ ਘਟਿਆ ਦਿਖਾਈ ਦਿੰਦਾ ਹੈ ਪਰ ਸੀਟਾਂ ਤੇ ਇਸ ਦਾ ਅਸਰ ਨਹੀਂ ਦੀਖਿਆ।ਇਸ ਵਾਰ ਅਕਾਲੀ ਦਲ ਨੂੰ 34.75 ਫ਼ੀਸਦੀ ਵੋਟਾਂ ਮਿਲੀਆਂ, ਬੀ ਜੇ ਪੀ ਨੂੰ 7.13 ਫ਼ੀਸਦੀ ਅਤੇ ਕਾਂਗਰਸ ਨੂੰ 40.11 ਫ਼ੀਸਦੀ ਵੋਟਾਂ ਮਿਲੀਆਂ। ਪਿਛਲੀ ਵਾਰ 2007 ਵਿਚ ਇਹ ਅੰਕੜੇ ਕਰਮਵਾਰ 37.19 ਫ਼ੀਸਦੀ,8.21 ਫ਼ੀ ਸਦੀ ਅਤੇ 40.94 ਫ਼ੀ ਸਦੀ ਸਨ।
ਜੇਕਰ ਪੰਜਾਬ ਦੇ ਤਿੰਨਾਂ ਖੇਤਰਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ ਨੇ ਮਾਲਵੇ ਵਿੱਚ ਆਪਣਾ ਖੁਸਿਆ ਆਧਾਰ ਮੁੜ ਹਾਸਲ ਕਰ ਲਿਆ ।ਇਸ ਵਾਰ ਅਕਾਲੀ-ਬੀ ਜੇ ਪੀ ਗੱਠਜੋੜ ਨੂੰ ਜਿੰਨਾ ਨੁਕੱਸਨ ਮਾਝੇ ਅਤੇ ਦੋਆਬੇ ਵਿੱਚ ਹੋਇਆ ਉਨ੍ਹਾਂ ਹੀ ਮਾਲਵੇ ਵਿਚੋਂ ਪੂਰਾ ਹੋ ਗਿਆ।ਗੱਠਜੋੜ ਦੀਆਂ ਦੋਆਬੇ -ਮਾਝੇ ਵਿਚੋਂ 15 ਸੀਟਾਂ ਘਟੀਆ ਪਰ ਦੂਜੇ ਪਾਸੇ ਇੰਨੀਆ ਹੀ ਸੀਟਾਂ ਮਾਲਵੇ ਵਿੱਚ ਵੱਧ ਗੲਇੀਆਂ। ਮਾਲਵੇ ਦੀਆਂ ਕੁਲ 68 ਸੀਟਾਂ ਵਿਚ ਅਕਾਲੀ ਦਲ 2012 ਦੀ ਚੋਣ ਵਿਚ 34 ਸੀਟਾਂ ਜਿੱਤੀਆਂ, ਦੋਆਬੇ ਅਤੇ ਮਾਝੇ ਵਿਚੋਂ 16-16 ਸੀਟਾਂ ਹਾਸਲ ਕੀਤੀਆਂ।ਪਿਛਲੀ ਵਾਰ ਮਾਲਵੇ ਵਿਚੋਂ 67 ਵਿਚੋਂ ਸਿਰਫ਼ 19 ਸੀਟਾਂ ਅਕਾਲੀ- ਬੀ ਜੇ ਪੀ ਗੱਠਜੋੜ ਦੀ ਝੋਲੀ ਪਈਆਂ ਸਨ ਅਤੇ ਕਾਂਗਰਸ ਨੇ 37 ਸੀਟਾਂ ਮਾਲਵੇ ਵਿਚੋਂ ਜਿੱਤੀਆਂ ਸਨ।
ਮਨਪ੍ਰੀਤ ਬਾਦਲ ਦੀ ਅਗਵਾਈ ਹੇਠਲੇ ਮੋਰਚੇ ਨੂੰ ਬੇਸ਼ੱਕ 5.67 ਫ਼ੀਸਦੀ ਵੋਟਾਂ ਮਿਲੀਆਂ ਪਰ ਵਿਧਾਨ ਸਭਾ ਵਿਚ ਉਨ੍ਹਾ ਦਾ ਖਾਤਾ ਵੀ ਨਾ ਖੁਲ੍ਹਣਾ ਸੰਕੇਤ ਕਰਦਾ ਹੈ ਕਿ ਤੀਜੀ ਸਿਆਸੀ ਧਿਰ ਬਨਣ ਦੇ ਉਨ੍ਹਾ ਦੇ ਸੁਪਨੇ ਲੋਕਾਂ ਨੇ ਨਕਾਰ ਦਿੱਤੇ ਨੇ।ਨਤੀਜੇ ਇਹ ਵੀ ਸਾਬਤ ਕਰਦੇ ਨੇ ਕਿ ਮਨਪ੍ਰੀਤ ਬਾਦਲ ਅਤੇ ਉਨ੍ਹਾ ਦੀ ਪਾਰਟੀ ਅਕਾਲੀ ਦਲ ਮਾਲਵੇ ਵਿੱਚ ਨੁਕਸਾਨਦੇਹ ਸਾਬਤ ਨਹੀਂ ਹੋਈ।
ਚੋਣ ਕਮਿਸ਼ਨ ਨੇ ਇੰਨ੍ਹਾ ਚੋਣਾ ਨੂੰ ਪਾਰਦਰਸ਼ੀ,ਨਸ਼ਾ -ਮੁਕਤ,ਕਾਲੀ ਮਾਇਆ-ਮੁਕਤ,ਧੌਂਸ-ਮੁਕਤ ਕਰਾਉਣ ਲਈ ਆਪਣੇ ਅਧਿਕਾਰਾਂ ਮੁਤਾਬਿਕ ਸੰਜੀਦਾ ਕੋਸ਼ਿਸ਼ਾਂ ਕੀਤੀਆਂ, ਕੁਝ ਸਫਲਤਾ ਵੀ ਹਾਸਲ ਕੀਤੀ ਜਿਸ ਦੀ ਸ਼ਲਾਘਾ ਵੀ ਹੋਈ ਪਰ ਪੋਲਿੰਗ ਦੌਰਾਨ ਕਰੋੜਾਂ ਰੁਪੈ ਦੀ ਵੋਟ -ਖ਼ਰੀਦੋ-ਫ਼ਰੋਖ਼ਤ ਨੂੰ ਕਮਿਸ਼ਨ ਨਹੀਂ ਰੋਕ ਸਕਿਆ।
ਇਨ੍ਹਾ ਚੋਣ ਨਤੀਜਿਆਂ ਨੇ ਪਹਿਲਾਂ ਵਾਂਗ ਚੋਣ ਸਰਵੇਖਣਾਂ , ਐਗਜ਼ਿਟ ਪੋਲ ਅਤੇ ਪੋਸਟ ਪੋਲ ਨਤੀਜਿਆਂ ਦੀ ਪੋਲ ਵੀ ਖੋਲ੍ਹ ਦਿੱਤੀ ਹੈ। ਲੋਕਾਂ ਨੇ ਸਿਆਸੀ ਪੰਡਿਤਾਂ ਅਤੇ ਮਾਹਰ ਸਮਝਦੇ ਲੋਕਾਂ ਦੀ ਭਰੋਸੇਯੋਗਤਾ ਦਾ ਤੇ ਲਾ ਦਿੱਤੀ ਹੈ। ਅਕਾਲੀ- ਬੀ ਜੇ ਪੀ ਸ ਗੱਠਜੋੜ ਦੇ ਜੀਤ ਦੇ ਜਸ਼ਨ ਤਾਂ ਚਲਦੇ ਰਹਿਣਗੇ ਪਰ ਨਵੀਂ ਸਰਕਾਰ ਅਤੇ ਸਿਆਸੀ ਲੀਡਰਸ਼ਿਪ ਦੇ ਨਾਲ ਪੰਜਾਬ ਦੇ ਲੋਕਾਂ ਲਈ ਵੱਡੀਆਂ ਚੁਨੌਤੀਆਂ ਅਜੇ ਵੀ ਖੜ੍ਹੀਆਂ ਹਨ। ਲੋਕਾਂ ਦਾ ਇਹ ਫ਼ਤਵਾ ਕਾਂਗਰਸ ਅਤੇ ਬਾਕੀ ਪਾਰਟੀਆਂ ਲਈ ਅਨਦਰਝਤੀ ਮਾਰਨ ਦਾ ਸਮਾ ਹੈ ਜਦੋਂ ਕਿ ਨਵੀਂ ਸਰਕਾਰ ਲਈ ਇਹ ਫ਼ਤਵਾ ਹੋਰ ਵੱਡੀ ਜ਼ਿੰਮੇਵਾਰੀ ਦੀ ਜ਼ਾਮਨੀ ਹੈ।
06-03-12
-
Hurriedy Written Comment on the verdict of Punjab Assembly Elections for Punjabi Tribune which carried the same on Editorial page on 07-03-12,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.