ਚੋਣਾਂ ਦੌਰਾਨ ਅਖ਼ਬਾਰਾਂ ਤੇ ਟੈਲੀਵਿਜ਼ਨਾਂ ਦਾ ਰੁਝਾਨ ਚੋਣ ਸਰਗਰਮੀ ਨਾਲ ਜੁੜਿਆ ਰਿਹਾ ਪਰ ਇਸੇ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਜਮਹੂਰੀਅਤ ਦੇ ਸਵਾਲ ਨਾਲੋਂ ਨਿਖੇੜ ਕੇ ਦੇਖਣਾ ਔਖਾ ਹੈ। ਜੈਪੁਰ ਦੇ ਸਾਹਿਤ ਮੇਲੇ ਵਿੱਚ ਸਲਮਾਨ ਰਸ਼ਦੀ ਦੀ ਰੱਦ ਹੋਈ ਸ਼ਿਰਕਤ, ਪੁਣੇ ਵਿੱਚ ਸੰਜੇ ਕਾਕ ਦੀ ਦਸਤਾਵੇਜ਼ੀ ਫ਼ਿਲਮ \'ਜਸ਼ਨ-ਏ-ਆਜ਼ਾਦੀ\' ਖ਼ਿਲਾਫ਼ ਰੋਹ ਅਤੇ ਮੁੰਬਈ ਵਿੱਚ \'ਟਾਈਮਜ਼ ਆਫ਼ ਇੰਡੀਆ\' ਦੇ ਦਫ਼ਤਰ ਦੀ ਭੰਨਤੋੜ ਇੱਕੋ ਰੁਝਾਨ ਦੀਆਂ ਕੜੀਆਂ ਜਾਪਦੀਆਂ ਹਨ। ਇਨ੍ਹਾਂ ਨਾਲ ਨਾਭੇ ਵਿੱਚ ਪੱਤਰਕਾਰ ਹਰਵਿੰਦਰ ਕੌਰ ਨੌਹਰਾ ਉੱਪਰ ਹੋਏ ਹਮਲੇ ਦੀ ਕੋਈ ਤੰਦ ਵੀ ਜੁੜਦੀ ਜਾਪਦੀ ਹੈ। ਇਹ ਚਾਰੇ ਘਟਨਾਵਾਂ ਭਾਵੇਂ ਵੱਖ ਵੱਖ ਥਾਵਾਂ ਉੱਤੇ ਵਾਪਰੀਆਂ ਹਨ ਤੇ ਇਨ੍ਹਾਂ ਵਿੱਚ ਹਿੱਸੇਦਾਰ ਧਿਰਾਂ ਵੱਖਰੀਆਂ-ਵੱਖਰੀਆਂ ਹਨ ਪਰ ਇਨ੍ਹਾਂ ਨੂੰ ਇਕ-ਦੂਜੇ ਤੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਉਂਜ, ਜੇ ਇਸ ਰੁਝਾਨ ਦੀਆਂ ਪੁਰਾਣੀਆਂ ਕੜੀਆਂ ਜੋੜ ਲਈਆਂ ਜਾਣ ਤਾਂ ਪਤਾ ਲੱਗਦਾ ਹੈ ਕਿ ਇਹ ਵਡੇਰੇ ਕੌਮਾਂਤਰੀ ਰੁਝਾਨ ਦੇ ਮੁਕਾਮੀ ਪ੍ਰਗਟਾਵੇ ਹਨ।
ਸਲਮਾਨ ਰਸ਼ਦੀ ਦੀ ਜੈਪੁਰ ਦੇ ਸਾਹਿਤਕ ਮੇਲੇ ਵਿੱਚ ਸ਼ਿਰਕਤ ਦਾ ਵਿਰੋਧ ਹੋਇਆ। ਉਸ ਦੀ ਕਿਤਾਬ \'ਸਟੈਨਿਕ ਵਰਸਿਸ\' (ਸ਼ੈਤਾਨ ਦੀਆਂ ਆਇਤਾਂ) ਨੂੰ ਭਾਰਤ ਵਿੱਚ ਦਰਾਮਦ ਕਰਨ ਉੱਤੇ ਰਾਜੀਵ ਗਾਂਧੀ ਦੀ ਸਰਕਾਰ ਨੇ ਪਾਬੰਦੀ ਲਗਾਈ ਸੀ। ਇਸ ਤੋਂ ਇਲਾਵਾ ਸਲਮਾਨ ਰਸ਼ਦੀ ਖ਼ਿਲਾਫ਼ ਕੁਫ਼ਰ ਦੇ ਇਲਜ਼ਾਮ ਤਹਿਤ ਫਤਵਾ ਵੀ ਜਾਰੀ ਹੋਇਆ ਹੈ। ਸਲਮਾਨ ਰਸ਼ਦੀ ਗ਼ਲਤ ਹੋ ਸਕਦਾ ਹੈ ਪਰ ਫਤਵੇ ਵਰਗੀ ਸ਼ੈਅ ਲਈ ਮੌਜੂਦਾ ਦੌਰ ਵਿੱਚ ਕੋਈ ਥਾਂ ਨਹੀਂ ਹੈ। ਜ਼ਿਆਦਾਤਰ ਮੁਲਕਾਂ ਦੇ ਸੰਵਿਧਾਨ ਅਜਿਹੇ ਫਰਮਾਨਾਂ ਦੀ ਇਜਾਜ਼ਤ ਨਹੀਂ ਦਿੰਦੇ। ਸੰਜੇ ਕਾਕ ਦੀ ਫ਼ਿਲਮ \'ਜਸ਼ਨ-ਏ-ਆਜ਼ਾਦੀ\' ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤ ਦੀ ਕਾਵਿਕ ਪੇਸ਼ਕਾਰੀ ਹੈ। ਕਵਿਤਾ, ਦੇਸ਼ ਭਗਤੀ ਦੇ ਗੀਤਾਂ, ਗਣਤੰਤਰ ਦਿਵਸ ਅਤੇ ਫ਼ੌਜ ਦਾ ਕਸ਼ਮੀਰ ਦੀ ਧਰਤੀ ਨਾਲ ਰਿਸ਼ਤਾ ਇਸ ਬਹੁ-ਪਰਤੀ ਫ਼ਿਲਮ ਦਾ ਧੁਰਾ ਹੈ ਜੋ ਸੰਜੀਦਾ ਸੰਵਾਦ ਲਈ ਸੱਦਾ ਦਿੰਦਾ ਹੈ। ਪੁਣੇ ਦੀ ਨਾਮੀ ਵਿਦਿਅਕ ਸੰਸਥਾ \'ਸਿਮਬਿਓਸਿਸ\' ਵਿੱਚ \'ਵੁਆਸਿਸ ਆਫ਼ ਕਸ਼ਮੀਰ\' (ਕਸ਼ਮੀਰ ਦੀਆਂ ਆਵਾਜ਼ਾਂ) ਨਾਂ ਦੇ ਸਿਰਲੇਖ ਹੇਠ ਸੈਮੀਨਾਰ ਹੋ ਰਿਹਾ ਸੀ ਜਿੱਥੇ \'ਜਸ਼ਨ-ਏ-ਆਜ਼ਾਦੀ\' ਦਿਖਾਈ ਜਾਣੀ ਸੀ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਧਮਕੀ ਕਾਰਨ ਇਸ ਫ਼ਿਲਮ ਦੀ ਪਰਦਾਪੇਸ਼ੀ ਰੱਦ ਕਰ ਦਿੱਤੀ।
\'ਟਾਈਮਜ਼ ਆਫ਼ ਇੰਡੀਆ\' ਗਰੁੱਪ ਦੇ ਮਰਾਠੀ ਅਖ਼ਬਾਰ \'ਦ ਮਹਾਰਾਸ਼ਟਰਾ ਟਾਈਮਜ਼\' ਨੇ ਪਹਿਲੇ ਪੰਨੇ ਉੱਤੇ ਖ਼ਬਰ ਛਾਪ ਦਿੱਤੀ ਕਿ \'ਸ਼ਿਵ ਸੈਨਾ\' ਦਾ ਕੋਈ ਪਾਰਲੀਮੈਂਟ ਮੈਂਬਰ ਨੈਸ਼ਨਲਿਸਟ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਾ ਹੈ। ਸ਼ਿਵ ਸੈਨਾ ਦੇ ਕਾਰਕੁਨਾਂ ਨੇ ਮੁੰਬਈ ਵਿੱਚ \'ਟਾਈਮਜ਼ ਆਫ਼ ਇੰਡੀਆ\' ਦੇ ਦਫ਼ਤਰ ਵਿੱਚ ਵੜ ਕੇ ਭੰਨਤੋੜ ਕਰ ਦਿੱਤੀ। ਨਾਭੇ ਵਿੱਚ ਹਰਵਿੰਦਰ ਕੌਰ ਨੌਹਰਾ ਪੱਤਰਕਾਰ ਵਜੋਂ ਚੋਣ ਅਮਲ ਦਾ ਜਾਇਜ਼ਾ ਲੈ ਰਹੀ ਸੀ। ਕੁਝ ਜਣਿਆਂ ਨੇ ਸ਼ਿਕਾਇਤ ਕੀਤੀ ਕਿ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਵਾਲਾ ਫਾਰਮ ਨਹੀਂ ਮਿਲ ਰਿਹਾ। ਕਾਨੂੰਨੀ ਤੌਰ ਉੱਤੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦਾ ਅਧਿਕਾਰ ਸਾਰੇ ਭਾਰਤੀਆਂ ਨੂੰ ਮਿਲਿਆ ਹੋਇਆ ਹੈ ਪਰ ਇਸ ਦੀ ਵਰਤੋਂ ਹਾਲੇ ਵੋਟ ਪਾਉਣ ਜਿੰਨੀ ਸੁਖਾਲੀ ਨਹੀਂ ਹੈ। ਹਰਵਿੰਦਰ ਕੌਰ ਨੌਹਰਾ ਨੇ ਮੌਕੇ ਦੇ ਅਮਲੇ ਤੋਂ ਪੁੱਛਿਆ ਤਾਂ ਕਾਂਗਰਸ ਦੇ ਕੁਝ ਹਮਾਇਤੀਆਂ ਨੇ ਉਸ ਉੱਤੇ ਸੁਰੱਖਿਆ ਗਾਰਦ ਦੀ ਹਾਜ਼ਰੀ ਵਿੱਚ ਹਮਲਾ ਕਰ ਦਿੱਤਾ।
ਤਰਦੀ ਨਜ਼ਰੇ ਇਹ ਸਾਰੀਆਂ ਘਟਨਾਵਾਂ \'ਆਜ਼ਾਦੀ\' ਉੱਤੇ ਹਮਲਾ ਜਾਪਦੀਆਂ ਹਨ। ਪੱਤਰਕਾਰ, ਫ਼ਿਲਮਸਾਜ਼ ਅਤੇ ਲੇਖਕ ਆਜ਼ਾਦੀ ਨਾਲ ਲਿਖ ਸਕਦੇ ਹਨ। ਜੇ ਉਹ ਕਿਸੇ ਹੋਰ ਤਬਕੇ ਖ਼ਿਲਾਫ਼ ਨਫ਼ਰਤ ਨਹੀਂ ਉਕਸਾਉਂਦੇ ਤਾਂ ਉਨ੍ਹਾਂ ਦੇ ਨਾਖ਼ੁਸ਼ਗਵਾਰ ਸਵਾਲਾਂ ਦਾ ਸੰਜੀਦਗੀ ਨਾਲ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਸਭਿਅਤਾ ਦਾ ਤਕਾਜ਼ਾ ਤਾਂ ਇਹੋ ਕਹਿੰਦਾ ਹੈ। ਸਲਮਾਨ ਰਸ਼ਦੀ ਦਾ ਮਾਮਲਾ ਵੱਖਰਾ ਜਾਪ ਸਕਦਾ ਹੈ ਕਿਉਂਕਿ ਇਹ ਧਰਮ ਅਤੇ ਇਸਲਾਮ ਦੇ ਅਕੀਦਿਆਂ ਨਾਲ ਜੁੜਿਆ ਹੋਇਆ ਹੈ। ਕਿਹਾ ਜਾ ਸਕਦਾ ਹੈ ਕਿ ਧਰਮ ਸ਼ਰਧਾ ਦਾ ਮਸਲਾ ਹੈ ਅਤੇ ਰੱਬ ਤੇ ਪੈਗੰਬਰਾਂ ਬਾਬਤ ਕੋਈ ਸਵਾਲ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਵਿਕਰਮ ਸੇਠ ਨੇ ਕੋਲਕਾਤਾ ਦੇ ਸਾਹਿਤਕ ਮੇਲੇ ਵਿੱਚ ਕਿਹਾ ਹੈ, \"ਰੱਬ ਅਤੇ ਪੈਗੰਬਰਾਂ ਨੂੰ ਆਪਣੀ ਰਾਖੀ ਲਈ ਬੁਰਛਾਗਰਦਾਂ ਦੀ ਲੋੜ ਨਹੀਂ।\" ਸੰਜੇ ਕਾਕ, ਟਾਈਮਜ਼ ਆਫ਼ ਇੰਡੀਆ ਅਤੇ ਹਰਵਿੰਦਰ ਨੌਹਰਾ ਦੇ ਮਾਮਲਿਆਂ ਵਿੱਚ ਹਮਲੇ ਦਾ ਸਬੱਬ ਵੀ ਸ਼ਰਧਾ ਹੀ ਬਣੀ ਹੈ। ਹਮਲਾਵਰ ਇਸ ਸੋਚ ਦੇ ਧਾਰਨੀ ਹਨ ਕਿ ਕਸ਼ਮੀਰ ਬਾਬਤ ਕੋਈ ਸਵਾਲ ਨਹੀਂ ਹੋ ਸਕਦਾ। ਇਹ ਗ਼ੈਰ-ਕਾਨੂੰਨੀ ਨਹੀਂ, ਗ਼ੈਰ-ਮਨੁੱਖੀ ਨਹੀਂ ਸਗੋਂ ਇਹ ਸਵਾਲ ਜਮਹੂਰੀ ਖ਼ਾਸੇ ਦੀ ਅਹਿਮ ਤੰਦ ਹੈ। ਇਸ ਸਵਾਲ ਨੂੰ ਦਰਕਿਨਾਰ ਕਰਕੇ ਜਮਹੂਰੀਅਤ ਦਾ ਦਾਅਵਾ ਕੀ ਮਾਅਨੇ ਰੱਖਦਾ ਹੈ?
\'ਟਾਈਮਜ਼ ਆਫ਼ ਇੰਡੀਆ\' ਦੇ ਪੱਤਰਕਾਰਾਂ ਦੀ ਜ਼ਿੰਮੇਵਾਰੀ ਵਿੱਚ ਖ਼ਬਰਾਂ ਛਾਪਣਾ ਸ਼ਾਮਿਲ ਹੈ। ਖ਼ਬਰਾਂ ਵਿੱਚ ਸੰਭਾਵਨਾਵਾਂ ਅਤੇ ਅੰਦਾਜ਼ੇ ਸ਼ਾਮਿਲ ਹੋ ਸਕਦੇ ਹਨ। ਜੇ ਖ਼ਬਰ ਗ਼ਲਤ ਛਪ ਜਾਵੇ ਤਾਂ ਅਖ਼ਬਾਰ ਨੂੰ ਉਕਾਈ ਲਈ ਮੁਆਫ਼ੀ ਮੰਗਣ ਅਤੇ ਦਰੁਸਤ ਜਾਣਕਾਰੀ ਦੇਣ ਕਈ ਕਿਹਾ ਜਾ ਸਕਦਾ ਹੈ। ਲੋੜ ਪੈਣ ਉੱਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਅਖ਼ਬਾਰਾਂ ਵਿੱਚ ਰੋਜ਼ਾਨਾ ਗ਼ਲਤੀਆਂ ਦੀਆਂ ਸੋਧਾਂ ਛਪਦੀਆਂ ਹਨ। ਗ਼ਲਤ ਖ਼ਬਰਾਂ ਲਈ ਮੁਆਫ਼ੀਆਂ ਮੰਗੀਆਂ ਜਾਂਦੀਆਂ ਹਨ। ਇਸ ਮਾਮਲੇ ਵਿੱਚ ਸਵਾਲ ਵੱਖਰਾ ਹੈ। ਸ਼ਿਵ ਸੈਨਾ ਖ਼ਿਲਾਫ਼ ਮੁੰਬਈ ਵਿੱਚ ਖ਼ਬਰ ਛਾਪਣ ਦਾ ਸਬਕ ਸਿਖਾਉਣਾ ਉਨ੍ਹਾਂ ਦੇ ਖ਼ਾਸੇ ਦਾ ਹਿੱਸਾ ਹੈ। ਜਦੋਂ ਉਹ ਬੁਰਛਾਗਰਦੀ ਕਰਦੇ ਹਨ ਤਾਂ ਇਹੋ ਮੰਗ ਕਰਦੇ ਹਨ ਕਿ ਧਰਮ ਅਤੇ ਮੁਲਕ ਵਾਂਗ ਸ਼ਿਵ ਸੈਨਾ ਵੀ ਸ਼ਰਧਾ ਦੀ ਹੱਕਦਾਰ ਹੈ। ਇਸ ਦੇ ਅਕਸ ਉੱਤੇ ਸਵਾਲ ਕਰਨਾ ਕੁਫ਼ਰ ਹੈ। ਅਜਿਹੀ ਗ਼ਲਤੀ ਦਾ ਸਬਕ ਸਿਖਾਉਣ ਦਾ ਜ਼ਿੰਮਾ ਉਹ ਕਾਨੂੰਨ ਉੱਤੇ ਨਹੀਂ ਛੱਡ ਸਕਦੇ।
ਹਰਵਿੰਦਰ ਨੌਹਰਾ ਦਾ ਮਸਲਾ ਇਸ ਰੁਝਾਨ ਦੀ ਸਭ ਤੋਂ ਪੇਚੀਦਾ ਤੰਦ ਹੈ। ਚੋਣਾਂ ਦੌਰਾਨ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦਾ ਮਾਮਲਾ ਸਾਰੀਆਂ ਸਿਆਸੀ ਪਾਰਟੀਆਂ ਅਤੇ ਹੋਰ ਉਮੀਦਵਾਰਾਂ ਨੂੰ ਨਾਖ਼ੁਸ਼ਗਵਾਰ ਜਾਪਦਾ ਹੈ। ਇਹ ਜਮਹੂਰੀ ਮੁਲਕ ਦੇ ਸ਼ਹਿਰੀ ਦੀ ਜਾਗਰੂਕਤਾ ਦੀ ਨਿਸ਼ਾਨੀ ਹੋ ਸਕਦੀ ਹੈ। ਜਾਤ, ਧਰਮ, ਰਿਸ਼ਤੇਦਾਰੀਆਂ, ਸ਼ਰੀਕੇਦਾਰੀਆਂ, ਕਾਰੋਬਾਰੀ ਹਿੱਸੇਦਾਰੀਆਂ, ਡੇਰਿਆਂ, ਵਕਤੀ ਲਾਲਚਾਂ, ਬੁਰਛਾਗਰਦੀ ਅਤੇ ਪੈਸੇ ਦੇ ਜ਼ੋਰ ਨਾਲ ਵੋਟਾਂ ਭੁਗਤਾਉਣ ਵਾਲੇ ਕਦੋਂ ਚਾਹੁੰਦੇ ਹਨ ਕਿ ਲੋਕ ਜਾਗਰੂਕ ਹੋਣ। ਉਨ੍ਹਾਂ ਲਈ \'ਅੰਧੀ ਰਈਅਤ ਗਿਆਨ ਵਿਹੂਣੀ\' ਹੀ ਠੀਕ ਹੈ। ਇਸ ਤਰ੍ਹਾਂ ਸਿਆਸਤਦਾਨ ਆਪਣੇ ਮੁਲਕ ਦੇ ਸ਼ਹਿਰੀਆਂ ਤੋਂ ਸ਼ਰਧਾ ਦੀ ਮੰਗ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਚੋਣ ਉਨ੍ਹਾਂ ਵਿੱਚੋਂ ਹੀ ਕਿਸੇ ਦੀ ਕੀਤੀ ਜਾਵੇ। ਲਗਾਤਾਰ ਸਮਾਜਿਕ ਨਾਬਰਾਬਰੀ ਵਧ ਰਹੀ ਹੈ, ਨਾਇਨਸਾਫ਼ੀ ਵਧ ਰਹੀ ਹੈ ਅਤੇ ਗ਼ੁਰਬਤ ਮਾਰੀ ਲੋਕਾਈ ਦੀ ਜ਼ਿੰਦਗੀ ਵਿੱਚ ਜਲਾਲਤ ਦੀ ਮਿਕਦਾਰ ਦਿਨੋ-ਦਿਨ ਦੂਣ-ਸਵਾਈ ਹੋ ਰਹੀ ਹੈ। ਇਸ ਹਾਲਤ ਵਿੱਚ ਸਿਆਸਤਦਾਨ ਕਹਿੰਦੇ ਹਨ ਕਿ ਸਿਆਸਤ ਗੰਦੀ ਖੇਡ ਹੈ ਇਸ ਤੋਂ ਬਚਣਾ ਚਾਹੀਦਾ ਹੈ। ਇਹ ਧਾਰਨਾ ਵੀ ਤਾਂ ਸ਼ਰਧਾ ਦੀ ਮੰਗ ਕਰਦੀ ਹੈ। ਦਰਅਸਲ ਉਹ ਕਹਿ ਰਹੇ ਹਨ ਕਿ ਗੰਦੀ ਖੇਡ ਅਸੀਂ ਖੇਡ ਲੈਂਦੇ ਹਾਂ ਤੁਸੀਂ ਗ਼ੁਰਬਤ, ਜਹਾਲਤ ਅਤੇ ਜਲਾਲਤ ਵਿੱਚ ਮੌਜ ਕਰੋ।
ਨੌਮ ਚੌਮਸਕੀ ਨੇ \'ਪਾਪੁਲੇਸ਼ਨ ਕੰਟਰੋਲ\' (ਸੀਲ ਆਵਾਮ) ਵਿੱਚ ਲਿਖਿਆ ਹੈ ਕਿ ਰਾਜਤੰਤਰ ਆਵਾਮ ਨੂੰ ਸੀਲ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਤਸ਼ੱਦਦ, ਗ਼ੁਰਬਤ, ਜਹਾਲਤ ਅਤੇ ਜਲਾਲਤ ਇਨ੍ਹਾਂ ਉਪਰਾਲਿਆਂ ਦਾ ਹਿੱਸਾ ਹਨ ਜਿਨ੍ਹਾਂ ਵਿੱਚੋਂ ਰਾਜਤੰਤਰ ਦੀ ਬੇਕਿਰਕ ਗ਼ੈਰ-ਕਾਨੂੰਨੀ ਫ਼ੌਜ ਤਿਆਰ ਹੁੰਦੀ ਹੈ। ਸਾਮਰਾਜ ਦੀਆਂ ਰਾਖਵੀਆਂ ਫ਼ੌਜਾਂ ਦਾ ਜ਼ਿਕਰ ਕਰਦਾ ਹੋਇਆ ਐਨਤੋਨੀਓ ਨੀਗਰੀ ਦੱਸਦਾ ਹੈ ਕਿ ਥੁੜ੍ਹਾਂ ਹੰਢਾਉਂਦੇ ਲੋਕਾਂ ਦੀ ਆਪਸੀ ਮਾਰ-ਕੁੱਟ ਸਾਮਰਾਜੀਆਂ ਨੂੰ ਰਾਸ ਆਉਂਦੀ ਹੈ। ਗ਼ੁਰਬਤ, ਜਹਾਲਤ ਅਤੇ ਜਲਾਲਤ ਵਿੱਚੋਂ ਸਾਮਰਾਜੀਆਂ ਦੀਆਂ ਉਹ ਫ਼ੌਜਾਂ ਭਰਤੀ ਹੁੰਦੀਆਂ ਹਨ ਜਿਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਓਟਣੀ ਪੈਂਦੀ। ਅਮਰੀਕਾ ਇਸੇ ਫ਼ੌਜ ਦੀ ਭਰਤੀ ਲਈ ਦੂਜੇ ਮੁਲਕਾਂ ਦੇ ਕਲੇਸ਼ ਨੂੰ ਹਵਾ ਦਿੰਦਾ ਹੈ। ਅਮਰੀਕਾ ਨੂੰ ਇਰਾਕ ਦੇ ਸ਼ੀਆ ਤਬਕੇ, ਇਰਾਨ ਦੇ ਸੁੰਨੀਆਂ ਅਤੇ ਲੀਬੀਆ ਦੇ ਬਾਗ਼ੀਆਂ ਜਾਂ ਅਫ਼ਗ਼ਾਨਿਸਤਾਨ ਦੇ ਕਬਾਇਲੀਆਂ ਦਾ ਹੇਜ ਕਿਉਂ ਜਾਗ ਪੈਂਦਾ ਹੈ? ਹੁਣ ਅਮਰੀਕਾ ਜੰਗ \'ਜਿੱਤ\' ਕੇ ਤੁਰ ਗਿਆ ਹੈ ਅਤੇ ਇਰਾਕੀ ਇਕ-ਦੂਜੇ ਦੇ ਖ਼ੂਨ ਵਿੱਚੋਂ ਖੋਈ ਇੱਜ਼ਤ ਭਾਲ ਰਹੇ ਹਨ। ਬੇਵਿਸਾਹੀ ਦੇ ਨਤੀਜੇ ਵਜੋਂ ਚਲ ਰਹੀ ਭਰਾਮਾਰ ਜੰਗ \'ਸਾਮਰਾਜ ਦੀਆਂ ਰਾਖਵੀਆਂ ਫ਼ੌਜਾਂ\' ਦੇ ਸਿਰ ਉੱਤੇ ਲੜੀ ਜਾ ਰਹੀ ਹੈ।
ਹਾਲਾਤ ਵੱਖ-ਵੱਖ ਹੋਣ ਦੇ ਬਾਵਜੂਦ ਧਾਰਨਾ ਦੇ ਪੱਧਰ ਉੱਤੇ ਭਾਰਤ ਆਲਮੀ ਰੁਝਾਨ ਦਾ ਦਿਲਚਸਪ ਮੰਚ ਬਣਿਆ ਹੋਇਆ ਹੈ। ਕਸ਼ਮੀਰ ਵਿੱਚ ਫ਼ੌਜੀ ਆਵਾਮ ਨੂੰ ਬੰਦੂਕਾਂ ਨਾਲ ਸੀਲ ਕਰ ਰਹੇ ਹਨ। ਉਨ੍ਹਾਂ ਦੇ ਅਖ਼ਤਿਆਰ ਖੇਤਰ ਤੋਂ ਬਾਹਰੋਂ ਉੱਠਦੀ ਕਸ਼ਮੀਰੀ ਆਵਾਜ਼ ਨੂੰ ਨੱਪਣ ਵਿੱਚ ਪੁਣੇ ਵਿੱਚ ਰਾਖਵੀ ਫ਼ੌਜ ਤਾਇਨਾਤ ਹੈ। ਤਜਿੰਦਰ ਬੱਗਿਆਂ ਦੀ ਹੱਲਾਸ਼ੇਰੀ ਲਈ ਅਡਵਾਨੀ ਤੋਂ ਚਿੰਦਬਰਮ ਤੱਕ ਦੀ ਸਾਂਝ ਜੱਗ-ਜ਼ਾਹਿਰ ਹੈ। ਸੰਜੇ ਕਾਕ ਦੀ ਫ਼ਿਲਮ ਤੋਂ ਬਿਨਾਂ ਵੀ \'ਕਸ਼ਮੀਰ ਦੀਆਂ ਆਵਾਜ਼ਾਂ\' ਦਾ ਸੈਮੀਨਾਰ ਹੋ ਸਕਦਾ ਹੈ। ਪੁਣੇ ਵਿੱਚ ਹੋ ਰਿਹਾ ਹੈ। ਮੁੰਬਈ ਵਿੱਚ \'ਟਾਈਮਜ਼ ਆਫ਼ ਇੰਡੀਆ\' ਦੇ ਦਫ਼ਤਰ ਉੱਤੇ ਹਮਲਾ ਹੋ ਸਕਦਾ ਹੈ। ਅਜਿਹੇ ਹਮਲਿਆਂ ਦੀ ਮਸ਼ਕ ਤਾਂ ਪਹਿਲਾਂ ਸੜਕਾਂ ਉੱਤੇ ਆਵਾਮ ਦੇ ਪਿੰਡੇ ਉੱਤੇ ਹੋਈ ਸੀ। ਦੂਜੇ ਧਰਮ, ਸੂਬੇ ਅਤੇ ਬੋਲੀ ਦੇ ਨਾਮ ਉੱਤੇ ਕੀਤਾ ਤਜਰਬਾ ਹੁਣ \'ਟਾਈਮਜ਼ ਆਫ਼ ਇੰਡੀਆ\' ਦੇ ਦਫ਼ਤਰ ਪਹੁੰਚ ਗਿਆ ਹੈ। ਹਰਵਿੰਦਰ ਨੌਹਰਾ ਉੱਤੇ ਹੋਇਆ ਹਮਲਾ ਇਸ ਰੁਝਾਨ ਦੀ ਪੇਚੀਦਾ ਪਰਤ ਹੈ ਜੋ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਤੋਂ ਹੇਠਾਂ ਨੂੰ ਚੱਲ ਰਿਹਾ ਹੈ। ਸਮੁੱਚੇ ਮੁਲਕ ਨੂੰ ਮੌਜੂਦਾ ਹਾਲਤ ਤੱਕ ਲਿਆਉਣ ਵਾਲੇ ਅਤੇ ਸੰਵਿਧਾਨ ਦੀ ਬੇਅਦਬੀ ਕਰਨ ਵਾਲੇ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਕਹਿੰਦੇ ਹਨ ਕਿ ਮੁਲਕ ਨੂੰ ਸਹੀ ਲੀਹ ਉੱਤੇ ਲਿਆਉਣ ਦਾ ਕੰਮ ਉਨ੍ਹਾਂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਉਹ ਚੋਣਾਂ ਤੋਂ ਬਿਨਾਂ ਹਰ ਸਰਗਰਮੀ ਨੂੰ ਅਮਨ-ਕਾਨੂੰਨ ਦੇ ਘੇਰੇ ਵਿੱਚ ਰੱਖਣਾ ਚਾਹੁੰਦੇ ਹਨ। ਇਸੇ ਚਾਹਤ ਦਾ ਪ੍ਰਗਟਾਵਾ ਕਸ਼ਮੀਰ, ਪੰਜਾਬ, ਉੱਤਰ-ਪੂਰਬੀ ਸੂਬਿਆਂ ਅਤੇ ਹੁਣ ਮੱਧ-ਭਾਰਤ ਵਿੱਚ ਹੋ ਰਿਹਾ ਹੈ। ਇਸ ਹਾਲਤ ਵਿੱਚ ਹਰਵਿੰਦਰ ਨੌਹਰਾ ਉੱਤੇ ਹੋਇਆ ਹਮਲਾ ਕੋਈ ਵਿਕੋਲਿਤਰੀ ਘਟਨਾ ਨਹੀਂ ਹੈ ਸਗੋਂ ਵਡੇਰੇ ਰੁਝਾਨ ਦੀ ਕੜੀ ਹੈ। ਇਨ੍ਹਾਂ ਕੜੀਆਂ ਅਤੇ ਲੜੀਆਂ ਦਾ ਪੇਚੀਦਾ ਆਦਮਖੋਰ, ਇਨਸਾਫ਼ਖੋਰ, ਮਨੁੱਖ-ਖੋਰ, ਜਮਹੂਰੀਅਤ-ਖੋਰ, ਮੁਨਾਫ਼ਾਖੋਰ ਅਤੇ ਦਰਦਮੰਦੀ-ਖੋਰ ਆਪਾ ਹੁਣ ਬੇਪਰਦ ਹੋਇਆ ਖੜ੍ਹਾ ਹੈ। ਇਸ ਬਾਬਤ ਸ਼ਰਧਾ, ਮਰਿਆਦਾ ਅਤੇ ਸੀਲ ਸ਼ਹਿਰੀ ਦੇ ਘੇਰੇ ਵਿੱਚੋਂ ਸੰਜੀਦਾ ਸੰਵਾਦ ਕਰਨਾ ਔਖਾ ਹੈ।
-
ਦਲਜੀਤ ਅਮੀ, email : daljitami@gmail.com (ਇਸ ਕਾਲਮ ਵਿ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.