ਪਿਛਲੇ ਹਫ਼ਤੇ ਦੀ ਗੱਲ ਹੈ।ਮੈਂ ਪੰਜਾਬ ਵਿਧਾਨ ਸਭਾ ਚੋਣ ਲੜ ਰਹੇ ਇੱਕ ਉਮੀਦਵਾਰ ਨੂੰ ਆਪਣੇ ਵੈੱਬ ਨਿਊਜ਼ ਪੋਰਟਲ \'\'ਬਾਬੂਸ਼ਾਹੀ ਡਾਟ ਕਾਮ\'\' ਲਈ ਇਸ਼ਤਿਹਾਰ ਦੇਣ ਦੀ ਗੱਲ ਕੀਤੀ।ਅੱਗੋਂ ਉਹ ਕਹਿਣ ਲੱਗਾ,\'\'ਇਸ਼ਤਿਹਾਰ ਦਾ ਤਾਂ ਪੰਗਾ ਹੈ। ਚੋਣ ਕਮਿਸ਼ਨ ਨੇ ਖ਼ਰਚੇ ਬਾਰੇ ਬਹੁਤ ਸਖ਼ਤੀ ਕੀਤੀ ਹੈ।ਤੁਸੀਂ ਵੈਸੇ ਹੀ ਲੈ ਲਿਓ ਜਿਹੜੇ ਲੈਣੇ ਐ ਤੇ ਸਾਡੀ ਕਵਰੇਜ ਕਰ ਦੇਣਾ।\'\'ਲੱਗਭੱਗ ਇਹੋ ਜਿਹਾ ਹੀ ਜਵਾਬ ਇੱਕ ਦੋ ਹੋਰ ਉਮੀਦਵਾਰਾਂ ਦਾ ਸੀ।ਸਵਾਲ ਇਹੀ ਉਠਦਾ ਹੈ ਕਿ ਕੀ ਕਮਿਸ਼ਨ ਵੱਲੋਂ ਪੇਡ ਨਿਊਜ਼ ਰੋਕਣ ਲਈ ਚੁੱਕੇ ਕਦਮ ਇਸ ਨੂੰ ਰੁਝਾਨ ਨੂੰ ਘਟਾ ਰਹੇ ਹਨ ਜਾਂ ਵਧਾ ਰਹੇ ਨੇ? ਇਸ ਵਾਰ ਜੇਕਰ ਸਾਰੇ ਅਖ਼ਬਾਰਾਂ ਅਤੇ ਖ਼ਾਸ ਕਰਕੇ ਭਾਸ਼ਾਈ ਅਖ਼ਬਾਰਾਂ ਤੇ ਨਜ਼ਰ ਮਾਰੀਏ ਤਾਂ ਅਖ਼ਬਾਰ ਚੋਣਾ ਸਰਗਰਮੀਆਂ ਦੀਆਂ ਖ਼ਬਰਾਂ ਨਾਲ ਭਰੇ ਮਿਲਣਗੇ। ਸਿਰਫ਼ ਮੁੱਖ ਸਿਆਸੀ ਪਾਰਟੀਆਂ ਦੇ ਵੱਡੇ ਇਸ਼ਤਿਹਾਰ ਛਪ ਰਹੇ ਨੇ ਉਮੀਦਵਾਰਾਂ ਜਾਂ ਉਨ੍ਹਾ ਦੇ ਸਮਰਥਕਾਂ ਦੇ ਇਸ਼ਤਿਹਾਰ ਨਾਮਾਤਰ ਨੇ। ਹੁਣ ਦੀ ਤੁਲਨਾ 2002 ਅਤੇ 2007 ਦੇ ਅਖਬਾਰਾਂ ਨਾਲ ਕਰ ਲਵੋ, ਉਦੋਂ ਹਾਲ ਇਹ ਸੀ ਕਿ ਪਾਠਕਾਂ ਨੂੰ ਚੋਣ ਸਰਗਰਮੀ ਜਾਂ ਚੋਣ ਪ੍ਰਕਿਰਿਆ ਬਾਰੇ ਖ਼ਬਰਾਂ ਹੀ ਨਹੀਂ ਸੀ ਲੱਭਦਿਆਂ ਕਿਉਂਕਿ ਵਿਅਕਤੀਗਤ ਤੌਰ\'ਤੇ ਦਿੱਤੇ ਇਸ਼ਤਿਹਾਰ ਹੀ ਬੇਹਿਸਾਬੇ ਹੁੰਦੇ ਸਨ।ਕੁਝ ਅਖ਼ਬਾਰਾਂ ਵਿਚ ਬਿਜਨੈੱਸ ਹਿਤ ਭਾਰੂ ਹੋਣ ਕਾਰਨ ਇਹ ਪ੍ਰਥਾ ਵੀ ਸ਼ੁਰੂ ਹੋ ਗਈ ਸੀ ਕਿ ਖ਼ਬਰ ਵੀ ਉਸੇ ਦੀ ਲਗਦੀ ਸੀ ਜਿਸ ਨੇ ਇਸ਼ਤਿਹਾਰ ਦਿੱਤਾ ਹੁੰਦਾ ਸੀ।ਇਹ ਰੁਝਾਨ,ਉਸ ਸਿਲਸਿਲੇ ਤੋਂ ਵੱਖਰਾ ਸੀ ਜਿਸ ਅਧੀਨ ਸਫ਼ੇ ਦੇ ਸਫ਼ੇ ਇਕੋ ਉਮੀਦਵਾਰ ਵੱਲੋਂ ਖ਼ਰੀਦੇ ਜਾਂਦੇ ਸਨ।ਪਹਿਲੀ ਵਾਰ 2009 ਵਿਚ ਇਹ ਰੁਝਾਨ ਜਲੰਧਰ ਤੋਂ ਸ਼ੁਰੂ ਹੋਇਆ ਸੀ ।ਪਰ ਉਦੋਂ ਖ਼ਰੀਦੇ ਹੋਏ ਸਫ਼ੇ ਸਰਸਰੀ ਨਜ਼ਰ ਮਾਰਿਆਂ ਪਤਾ ਲੱਗ ਜਾਂਦੇ ਸਨ।ਇਸ ਵਾਰ ਪੇਡ ਨਿਊਜ਼ ਦਾ ਕਾਰਜ ਪੂਰੀ ਚੁਸਤੀ ਅਤੇ ਕਲਾਕਾਰੀ ਪੂਰਾ ਕੀਤਾ ਗਿਆ ਹੈ।ਮੈਨੂੰ ਲਗਦੈ ਕਿ ਕਮਿਸ਼ਨ ਇਸ ਵਿਚ ਕੁਝ ਵੀ ਨਹੀਂ ਕਰ ਸਕੇਗਾ ।ਦੇਖਣ ਨੂੰ ਸਾਰੀਆਂ ਹੀ ਖ਼ਬਰਾਂ ਨੇ ਜਾਂ ਉਮੀਦਵਾਰਾਂ ਅਤੇ ਨੇਤਾਵਾਂ ਦੀਆਂ ਮੁਲਾਕਾਤਾਂ ਨੇ ਜੋ ਕਿ ਕਿਸੇ ਵੀ ਅਖ਼ਬਾਰ ਦਾ ਮੁੱਢਲਾ ਹੱਕ ਹੈ।ਇਹ ਬਹੁਤ ਵੱਡਾ ਸਵਾਲ ਹੈ ਕਿ ਚੋਣ ਕਮਿਸ਼ਨ ਨੇ ਖ਼ਰਚੇ ਵਾਲੇ ਪਹਿਲੂ ਤੇ ਮਸ਼ੀਨੀ ਢੰਗ ਨਾਲ ਸਖ਼ਤੀ ਕਰਕੇ ਕੀ ਪੇਡ ਨਿਊਜ਼ ਦੇ ਰੁਝਾਨ ਵਿਚ ਵਾਧਾ ਕੀਤਾ ਹਾ ਜਾਂ ਘਾਟਾ ?
ਹਾਂ, ਪਾਠਕਾਂ ਦਾ ਭਲਾ ਜ਼ਰੂਰ ਹੋ ਗਿਐ ਕਿ ਉਨ੍ਹਾ ਨੂੰ ਭਾਸ਼ਾਈ ਅਖ਼ਬਾਰਾਂ\'ਚ ਖ਼ਬਰਾਂ ਜ਼ਰੂਰ ਪੜ੍ਹ ਨੂੰ ਮਿਲ ਰਹੀਆਂ ਨੇ ਭਾਵੇਂ ਇਹ ਕਿਸੇ ਵੀ ਰੂਪ ਵਿਚ ਪਰੋਸੀਆਂ ਜਾ ਰਹੀਆਂ ਨੇ।ਪਹਿਲਾਂ ਤਾਂ ਚੋਣਾ ਦੇ ਮੌਕੇ ਪਾਠਕਾਂ ਦੀ ਇਹ ਸ਼ਿਕਾਇਤ ਹੁੰਦੀ ਸੀ ਕਿ ਸਿਰਫ਼ ਇਸ਼ਤਿਹਾਰ ਹੀ ਹੁੰਦੇ ਸੀ,ਖ਼ਬਰ ਪੜ੍ਹਨ ਨੂੰ ਨਹੀਂ ਸੀ ਮਿਲਦੀ।
ਬਲਜੀਤ ਬੱਲੀ
ਸੰਪਾਦਕ ,ਤਿਰਛੀ ਨਜ਼ਰ ਮੀਡੀਆ
-
Tirchhi Nazar on Paid News issue by Baljit Balli .Jan.29,2012,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.