ਲੋਕਾਈ ਲਈ ਲੜਨ ਵਾਲਿਆਂ ਨੂੰ ਅਕਸਰ ਹੀ ਸਰਕਾਰਾਂ ਦੇ ਦਮਨ ਦਾ ਸ਼ਿਕਾਰ ਹੋਣਾ ਪੈਂਦਾ ਹੈ। ਬਹੁਤ ਘੱਟ ਮੌਕੇ ਹੁੰਦੇ ਨੇ ਕਿ ਲੋਕਾਂ ਲਈ ਲੜਨ ਵਾਲਿਆਂ ਉੇਪਰ ਜਦੋਂ ਸਰਕਾਰ ਤਸ਼ੱਸਦ ਢਹੁਣ ਲੱਗੀ ਹੋਵੇ ਤਾਂ ਅਜਿਹੇ ਹਾਲਾਤ ਵਿਚ ਕੋਈ ਚੰਗੀ ਖ਼ਬਰ ਆ ਜਾਵੇ। ਬੜੀ ਦੇਰ ਬਾਅਦ ਇੱਕ ਚੰਗੀ ਖ਼ਬਰ ਬੀਤੀ 15 ਦਸੰਬਰ ਨੂੰ ਆਈ ਜਦੋਂ ਝਾਰਖੰਡ ਦੇ ਲੋਕ ਕਲਾਕਾਰ ਜੀਤਨ ਮਰਾਂਡੀ ਦੀ ਝਾਰਖੰਡ ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਅਤੇ ਜੀਤਨ ਸਮੇਂਤ ਚਾਰ ਲੋਕਾਂ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ। ਜੀਤਨ ਮਰਾਂਡੀ ਨੂੰ ਝਾਰਖੰਡ ਪੁਲਿਸ/ਸਰਕਾਰ ਵੱਲੋਂ ਚਿਲਖਾਰੀ ਕਾਂਡ ਵਿਚ ਇਕ ਸਾਜਿਸ਼ ਤਹਿਤ ਫਸਾਇਆ ਗਿਆ ਸੀ ਅਤੇ ਹੇਠਲੀ ਅਦਾਲਤ ਨੇ ਝੂਠੀਆਂ ਗਵਾਹੀਆਂ ਦੇ ਅਧਾਰ \'ਤੇ ਜੀਤਨ ਸਮੇਤ ਚਾਰ ਲੋਕਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਪਰ ਹਾਈਕੋਰਟ ਨੇ ਇਸ ਕੇਸ ਵਿਚ ਸੁਣਵਾਈ ਦੌਰਾਨ ਸਾਰੇ ਗਵਾਹ ਝੂਠੇ ਪਾਏ ।ਕੁਲ 30 ਗਵਾਹਾਂ ਵਿਚ 27 ਤਾਂ ਹਾਈਕੋਰਟ ਵਿਚ ਮੁਕਰ ਗਏ ਅਤੇ ਤਿੰਨ ਜੋ ਸਰਕਾਰ ਦੇ ਖਰੀਦੇ ਹੋਏ ਪੂਰੀ ਤਰ੍ਹਾਂ ਭ੍ਰਿਸ਼ਟ ਵਿਅਕਤੀ ਸੀ ਉਹ ਹਾਈਕੋਰਟ ਵਿਚ ਝੂਠੇ ਸਾਬਿਤ ਹੋ ਗਏ ਕਿਉਂਕਿ ਝੂਠ ਦੇ ਕੋਈ ਪੈਰ ਨਹੀਂ ਹੁੰਦੇ।
ਭਾਰਤ ਵਿਚ ਸਿਆਸੀ ਕੈਦੀਆਂ ਦੀ ਰਿਹਾਈ ਲਈ ਬਣੀ ਕਮੇਟੀ, \"ਕਮੇਟੀ ਫਾਰ ਦਾ ਰਿਲੀਜ਼ ਆਫ ਪੁਲੀਟੀਲਕ ਪਰੀਜਨਰ\" ਵੱਲੋਂ 20 ਦਸੰਬਰ ਨੂੰ ਦਿੱਲੀ ਦੇ \"ਮਲਟੀ ਪਰਪਜ ਹਾਲ, ਇੰਡੀਆ ਇੰਟਰਨੈਸ਼ਨਲ ਸੈਂਟਰ, ਲੋਧੀ ਰੋਡ\" ਵਿਖੇ ਵਿਸ਼ਾਲ ਕਨਵੈਨਸ਼ਨ ਅਤੇ ਸੱਭਿਆਚਾਰਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿਚ ਐਸ.ਸੀ./ਐਸ.ਟੀ. ਕਮਿਸ਼ਨ ਦੇ ਸਾਬਕਾ ਕਮਿਸ਼ਨਰ, ਬੀ.ਡੀ.ਸ਼ਰਮਾ, ਲੇਖਿਕਾ ਅਰੁੰਧਤੀ ਰਾਏ, ਅਰਪਨਾ ਮਰਾਂਡੀ (ਪਤਨੀ ਜੀਤਨ ਮਰਾਂਡੀ) ਪ੍ਰੋ:ਰਣਧੀਰ ਸਿੰਘ, ਪੀ.ਏ. ਸੇਬਿਸਟਨ ਪ੍ਰਧਾਨ, ਇੰਡੀਅਨ ਐਸੋਸੀਏਸ਼ਨ ਫਾਰ ਪੀਪਲਜ਼ ਲਾਅਰ ਐਡ ਸੀ.ਪੀ.ਡੀ.ਆਰ. ਮੁੰਬਈ ਸਮੇਤ ਜਿੱਥੇ ਕਈ ਹੋਰ ਵਿਵਦਾਨ ਪਹੁੰਚੇ ਉੱਥੇ ਹੀ ਪੰਜਾਬ, ਬੰਗਾਲ, ਝਾਰਖੰਡ ਸਮੇਤ ਦਿੱਲੀ ਦੇ ਵੱਡੀ ਗਿਣਤੀ ਲੋਕਾਂ ਨੇ ਵੀ ਭਾਗ ਲਿਆ।
ਆਪਣੇ ਸੰਬੋਧਨ ਵਿਚ ਬੀ.ਡੀ.ਸ਼ਰਮਾ ਨੇ ਭਾਰਤੀ ਨਿਆ ਪ੍ਰਣਾਲੀ ਨੂੰ ਭ੍ਰਿਸ਼ਟ ਦੱਸਦਿਆਂ ਲੋਕਾਂ ਨੂੰ ਨਿਆ ਨਾ ਦੇਣ ਵਾਲੀ ਵਿਵਸਥਾ ਦੱਸਿਆ।ਉਹਨਾਂ ਕਿਹਾ ਕਿ ਭਾਰਤੀ ਅਦਾਲਤਾਂ ਵਿਚ ਝੂਠ ਦਾ ਬੋਲਬਾਲਾ ਹੈ ਅਤੇ ਝੂਠ ਦੇ ਅਧਾਰ \'ਤੇ ਹੀ ਬੇਕਸੂਰ ਲੋਕਾਂ ਨੂੰ ਸਜ਼ਾਵਾਂ ਸੁਣਾਈਆਂ ਜਾਂਦੀਆਂ ਨੇ।ਇਸ ਦੇ ਨਾਲ ਹੀ ਉਹਨਾਂ ਹੋਰਨਾਂ ਦੇਸ਼ਾਂ ਦੀ ਤਰ੍ਹਾਂ ਭਾਰਤ ਵਿਚ ਵੀ ਫਾਂਸੀ ਦਾ ਸਜ਼ਾ ਖਤਮ ਕਰਨ ਦੀ ਮੰਗ ਕੀਤੀ।
ਲੋਕ ਕਲਾਕਾਰ ਜੀਤਨ ਮਰਾਂਡੀ ਦੀ ਪਤਨੀ ਅਰਪਨਾ ਮਰਾਂਡੀ ਨੇ ਆਪਣੇ ਸੰਬੋਧਨ ਵਿਚ ਖੁਲ ਕੇ ਬਿਆਨ ਕੀਤਾ ਕਿ ਕਿਸ ਤਰ੍ਰਾਂ ਸਰਕਾਰ / ਪੁਲਿਸ ਨੇ ਇੱਕ ਲੋਕ ਕਲਾਕਾਰ ਜੀਤਨ ਮਰਾਂਡੀ ਨੂੰ ਝੂਠੇ ਕਤਲ ਕੇਸ ਵਿਚ ਫਸਾ ਕੇ ਮਾਓਵਾਦੀ ਕਰਾਰ ਦਿੱਤਾ ਅਤੇ ਉਸ ਨੂੰ ਫਾਂਸੀ ਦੇਣ ਦੀ ਕੋਸ਼ਿਸ਼ ਕੀਤੀ ਗਈ। ਅਰਪਨਾ ਅਨੁਸਾਰ ਜੀਤਨ ਲੰਮੇ ਸਮੇਂ ਤੋਂ ਆਦਿਵਾਸੀ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਆਪਣੀ ਕਲਾ ਰਾਹੀ ਪੇਸ਼ ਕਰਦਾ ਸੀ ਪਰ ਚਿਲਖਾਰੀ ਕਾਂਡ ਦੇ ਝੂਠੇ ਮਾਮਲੇ ਵਿਚ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ, ਪੁਲਿਸ ਵੱਲੋਂ ਆਪਣੇ ਹੀ ਖਰੀਦੇ ਹੋਏ ਗਵਾਹ ਅਦਾਲਤ ਵਿਚ ਪੇਸ਼ ਕੀਤੇ ਗਏ।ਪਰ ਹਾਈਕੋਰਟ ਵਿਚ ਇਹ ਝੂਠੇ ਗਵਾਹ ਬੇਪਰਦ ਹੋ ਗਏ ਅਤੇ ਸਾਫ ਹੋ ਗਿਆ ਕਿ ਇਹ ਝੂਠੇ ਗਵਾਹ ਘਟਨਾ ਮੌਕੇ ਕਰੀਬ 70 ਕਿਲੋਮੀਟਰ ਦੂਰ ਸੀ ਅਤੇ ਨਾ ਹੀ ਘਟਨਾ ਵਾਲੇ ਸਮਾਗਮ ਦੀਆਂ ਇਹਨਾਂ ਕੋਲ ਟਿੱਕਟਾਂ ਸੀ।ਇਹਨਾਂ ਵਿਚੋਂ ਕੋਈ ਗੋਲੀ ਸਾਹਮਣੇ ਤੋਂ ਚੱਲਣ ਦੀ ਗੱਲ ਆਖ ਰਿਹਾ ਸੀ ਤੇ ਕੋਈ ਪਿਛਲੇ ਪਾਸੇ ਤੋਂ....ਇਕ ਹੀ ਦਿਨ ਸਾਰੇ ਗਾਵਹਾਂ ਦੇ ਬਿਆਨ ਦਰਜ ਕੀਤੇ ਗਏ ਪਰ ਚਿਲਖਾਰੀ ਪਿੰਡ ਦਾ ਰਹਿਣ ਵਾਲਾ ਇਹਨਾਂ ਵਿਚੋਂ ਕੋਈ ਵੀ ਨਹੀਂ ਸੀ।ਇਸ ਤਰ੍ਹਾਂ 30 ਵਿਚੋਂ 27 ਨੇ ਤਾਂ ਜੀਤਨ ਨੁੰ ਪਛਾਣਿਆ ਹੀ ਨਹੀਂ ਜਦਕਿ ਖਰੀਦੇ ਹੋਏ ਤਿੰਨ ਗਾਵਹ ਆਪਸ ਵਿਚ ਹੀ ਪਾੜ ਗਏ।
ਪੂਰੀ ਕਨਵੈਨਸ਼ਨ ਦੌਰਾਨ ਭਾਰਤ ਵਿਚ ਫ਼ਾਂਸੀ ਦੀ ਸਜ਼ਾ ਰੱਦ ਕਰਨ ਦੀ ਜੋਰ ਸ਼ੋਰ ਨਾਲ ਮੰਗ ਕੀਤੀ ਗਈ। ਇੰਡੀਅਨ ਐਸੋਸੀਏਸ਼ਨ ਫਾਰ ਪੀਪਲਜ਼ ਲਾਅਰ ਐਡ ਸੀ.ਪੀ.ਡੀ.ਆਰ. ਮੁੰਬਈ ਦੇ ਪ੍ਰਧਾਨ ਪੀ.ਏ. ਸੇਬਿਸਟਨ ਨੇ ਕਿਹਾ ਕਿ, \"ਜ਼ਿੰਦਗੀ ਵਿਚ ਹਰ ਕੋਈ ਬੰਦਾ ਗਲਤੀ ਕਰਦਾ ਹੈ ਏਥੋਂ ਤੱਕ ਕਿ ਰੱਬ ਵੀ ਗਲਤੀਆਂ ਕਰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਗਲਤੀ ਦੀ ਸਜ਼ਾ ਜੀਵਨ ਖਤਮ ਕਰਨ ਦੇ ਰੂਪ ਵਿਚ ਦਿੱਤੀ ਜਾਵੇ।ਕਈ ਵਿਅਕਤੀ ਗਲਤੀ ਕਰਕੇ ਸੁਧਰ ਵੀ ਸਕਦੇ ਨੇ ਪਰ ਫ਼ਾਂਸੀ ਦੀ ਸਜ਼ਾ ਨਾਲ ਕਿਸੇ ਨੂੰ ਸੁਧਰਨ ਦਾ ਮੌਕਾ ਨਹੀਂ ਮਿਲਦਾ।ਬਹੁਤ ਸਾਰੇ ਮਾਮਲਿਆਂ ਵਿਚ ਅਦਾਤਲ ਵੱਲੋਂ ਜਾਣਬੁੱਝ ਕੇ ਸਜ਼ਾ ਸੁਣਾਈ ਜਾਂਦੀ ਏ ਜਿਸ ਵਿਚ ਮੀਡੀਆ ਦੀਆਂ ਝੂਠੀਆਂ ਖ਼ਬਰਾਂ ਵੀ ਜੱਜਾਂ ਦੀ ਮਾਨਸਿਕਤਾ ਬਦਲਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ।ਨਕਸਲੀਆਂ ਦੇ ਮਾਮਲਿਆਂ ਵਿਚ ਅਕਸਰ ਇਹੋ ਫਾਰਮੂਲਾ ਵਰਤਿਆ ਜਾਂਦਾ ਹੈ।\"
ਇਸ ਤੋਂ ਇਲਾਵਾ ਲੇਖਿਕਾ ਅਰੁੰਧਤੀ ਰਾਏ ਨੇ ਮੌਜੂਦਾ ਕੌਮਾਂਤਰੀ ਸਥਿਤੀ ਉਪਰ ਬੋਲਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਾਰਤ ਅਤੇ ਚੀਨ ਵਿਚਕਾਰ ਸ਼ੀਤ ਯੁੱਧ ਹੋਣ ਵਾਲਾ ਹੈ।ਇਸ ਦੇ ਨਾਲ ਹੀ ਉਹਨਾਂ ਸਾਫ ਕੀਤਾ ਕਿ ਕਿਸੇ ਸਮੇਂ ਲੋਕ ਲਹਿਰਾਂ ਵਿਚ ਵੀ ਇਹ ਨਾਅਰਾ ਦਿੱਤਾ ਜਾਂਦਾ ਸੀ ਕਿ \" ਜ਼ਮੀਨ ਵਹੁਣ ਵਾਲੇ ਦੀ \' ਪਰ ਅੱਜ ਕੱਲ ਤਾਂ ਜ਼ਮੀਨਾਂ ਬਚਾਉਣ ਲਈ ਹੀ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਜ਼ਮੀਨਾਂ ਦੀ ਵੰਡ ਦੀ ਗੱਲ ਤਾਂ ਬਹੁਤ ਦੂਰ ਰਹਿ ਗਈ ਹੈ।ਉਹਨਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਆਪਸ ਵਿਚ ਲੜਾ ਰਹੀ ਹੈ ਅਤੇ ਸਿੱਧੇ ਰੂਪ ਵਿਚ ਬਹੁ ਰਾਸ਼ਟਰੀ ਕੰਪਨੀਆਂ ਦਾ ਜ਼ਮੀਨਾਂ \'ਤੇ ਕਬਜ਼ਾ ਕਰਵਾ ਰਹੀ ਏ ਜਿਸ ਦੇ ਖਿਲਾਫ ਆਉਣ ਵਾਲੇ ਦਿਨਾਂ ਵਿਚ ਲੋਕਾਂ ਅਤੇ ਸਰਕਾਰ ਵਿਚ ਸਿੱਧੀ ਲੜਾਈ ਹੋਣ ਵਾਲੀ ਹੈ ਪਰ ਲੋੜ ਇਸ ਗੱਲ ਦੀ ਹੈ ਕਿ ਸਭ ਮਿਲ ਕੇ ਸੋਚਣ ਕਿ ਇਸ ਇਹ ਲੜਾਈ ਕਿਸ ਤਰ੍ਰਾਂ ਲਈ ਜਾਵੇ!
ਇਸ ਕਨਵੈਨਸ਼ਨ ਵਿਚ ਬੁਲਾਰਿਆਂ ਨੇ ਸਾਫ ਕੀਤਾ ਕਿ ਕਿਸ ਤਰ੍ਰਾਂ ਹੁਣ ਤੱਕ ਭਾਰਤ ਵਿਚ ਸਿਰਫ ਗਰੀਬ, ਮੱਧ ਵਰਗੀ ਅਤੇ ਆਦਿਵਾਸੀ ਲੋਕਾਂ ਨੂੰ ਹੀ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਹੈ।ਜਦਕਿ ਅਮੀਰ ਵਰਗ ਵਿਚੋਂ ਕਿਸੇ ਨੂੰ ਵੀ ਫ਼ਾਂਸੀ ਦੀ ਸਜ਼ਾ ਨਹੀਂ ਸੁਣਾਈ ਜਾਂਦੀ । ਕਨਵੈਨਸ਼ਨ ਵਿਚ ਜਿੱਥੇ ਭਾਰਤ ਵਿਚ ਹੋਰਨਾਂ ਮੁਲਕਾਂ ਦੀ ਤਰ੍ਰਾਂ ਫ਼ਾਂਸੀ ਦੀ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਗਈ ਉਥੇ ਹੀ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਰਾਜਨੀਤਿਕ ਕੈਦੀਆਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਗਈ।ਇਸ ਦੇ ਝਾਰਖੰਡ ਦੇ ਲੋਕ ਕਲਾਕਾਰ ਜੀਤਨ ਮਰਾਂਡੀ ਨੂੰ ਝੂਠੇ ਕੇਸ ਵਿਚ ਫਸਾਉਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ।ਬੁਲਾਰਿਆਂ ਦੇ ਭਾਸ਼ਣ ਦੇ ਨਾਲ-ਨਾਲ ਸੱਭਿਆਚਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਜੇ.ਐਨ.ਯੂ. ਦੇ ਵਿਦਿਆਰਥੀਆਂ ਵੱਲੋਂ ਇਨਕਲਾਬੀ ਗੀਤ ਪੰਜਾਬੀ, ਹਿੰਦੀ, ਭੋਜਪੁਰੀ ਵਿਚ ਗਾਏ ਗਏ।ਇਸ ਤੋਂ ਇਲਾਵਾ ਜੀਤਨ ਮਰਾਂਡੀ ਦੇ ਜੀਵਨ ਉਪਰ ਇੱਕ ਡਾਕਿਊਮੈਂਟਰੀ ਵੀ ਦਿਖਾਈ ਗਈ।ਜਿਸ ਵਿਚ ਜੀਤਨ ਦੇ ਮੁੱਢਲੇ ਜੀਵਨ ਤੋਂ ਲੈ ਕੇ ਕਿਸ ਤਰ੍ਰਾਂ ਉਸ ਨੂੰ ਚਿਲਖਾਰੀ ਕਾਂਡ ਵਿਚ ਫਸਾਇਆ ਗਿਆ ਅਤੇ ਕਿਸ ਤਰ੍ਰਾਂ ਉਸ ਨੂੰ ਹਾਈਕੋਰਟ ਵੱਲੋਂ ਬਰੀ ਕਰਨ ਦੇ ਅਦੇਸ਼ ਦਿੱਤੇ ਗਏ ਇਹ ਸਭ ਦਿਖਾਇਆ ਗਿਆ ਹੈ।
ਨੋਟ: ਇਹ ਫਿਲਮ ਦੇਖਣ ਦੇ ਚਾਹਵਾਨ ਮੇਰੇ ਨਾਲ ਸਪੰਰਕ ਕਰ ਸਕਦੇ ਨੇ।
-ਅਵਤਾਰ ਸਿੰਘ
ਮੋ:09717540022
-
By Avtar Singh ,New Delhi ,avtar.dnl@gmail.com,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.