ਪੰਜਾਬ ਵਿਧਾਨ ਸਭਾ ਚੋਣਾ 2012 ਜਿਉਂ-ਜਿਉਂ ਨਜ਼ਦੀਕ ਆ ਰਹੀਆਂ ਹਨ ਤਿਉਂ-ਤਿਉਂ ਵੱਖ-ਵੱਖ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਵਿਚ ਤੇਜ਼ੀ ਦਿਖਾਈ ਜਾ ਰਹੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ਦੌਰਾਨ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾਵੇਗਾ। ਢੰਗ ਤਰੀਕੇ ਵਰਤੇ ਜਾਣਗੇ ਅਤੇ ਚੋਣ ਕਮਿਸ਼ਨ ਦੀਆਂ ਅੱਖਾਂ ’ਚ ਫਰਜ਼ੀ ਕਾਗਜ਼ੀ ਕਾਰਵਾਈ ਰਾਹੀ ਘੱਟਾ ਪਾਇਆ ਜਾਵੇਗਾ।
ਜਿੱਥੇ ਲੋਕਾਂ ਲਈ ਹੇਠਲੇ ਪੱਧਰ ’ਤੇ ਸ਼ਰਾਬ ਕਬਾਬ ਅਤੇ ਹੋਰ ਨਿੱਕੀਆਂ ਮੋਟੀਆਂ ਚੀਜ਼ਾਂ ਰਾਹੀਂ ਆਪਣੀ ਵੋਟ ਬੈਂਕ ਪੱਕੀ ਕਰਨ ਦੀ ਕੋਸ਼ਿਸ਼ ਹੋਵੇਗੀ ਉੱਥੇ ਮੀਡੀਆ ਦਾ ਵੀ ਹਰ ਵਾਰ ਦੀ ਤਰ੍ਹਾਂ ਮਹੱਤਵ ਹੋਰ ਵਧੇਗਾ।
ਜਿੱਥੇ ਇਲੈਕਟ੍ਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਆਪਣੀ ਸਕਾਰਾਤਮਿਕ ਅਤੇ ਨਕਰਾਤਮਿਕ ਭੂਮਿਕਾ ਨਿਭਾਵੇਗਾ ਉੱਥੇ ਇਸ ਵਾਰ ਦੀਆਂ ਚੋਣਾਂ ਵਿਚ ਇਕ ਹੋਰ ਮੀਡੀਆ ਰੂਪ ਸਾਡੇ ਸਾਹਮਣੇ ਵੱਡੇ ਪੱਧਰ ’ਤੇ ਆਪਣੀ ਭੂਮਿਕਾ ਨਿਭਾਵੇਗਾ ਜਿਹਨੂੰ ਨਿਊ ਮੀਡੀਆ ਜਾਂ ਇੰਟਰਨੈੱਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਮੈਂ ਪੱਤਰਕਾਰੀ ਦਾ ਵਿਦਿਆਰਥੀ ਹੋਣ ਦੇ ਨਾਤੇ ਪਿਛਲੇ ਛੇ ਮਹੀਨਿਆਂ ਤੋਂ ਇਸ ਨਵੇਂ ਉੱਭਰ ਰਹੇ ਮੀਡੀਏ ਬਾਰੇ ਹੀ ਆਪਣਾ ਅਧਿਐਨ ਅਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ। ਜੇਕਿਰ ਪਹਿਲਾਂ ਇਸ ਮੀਡੀਏ ਨੂੰ ਵਰਤਣ ਵਾਲੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਆਮ ਤੌਰ ’ਤੇ ਉਹ ਤਬਕਾ ਹੈ। ਜਿਸਨੂੰ ਸ਼ਰਾਬ ਕਬਾਬ ਜਾਂ ਹੋਰ ਨਿੱਕੀਆਂ ਵਸਤਾਂ ਰਾਹੀਂ ਆਪਣੇ ਵੱਲ ਆਕਰਸ਼ਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਕਲਾਸ ਮੱਧ ਵਰਗੀ ਪੜ੍ਹੇ ਲਿਖੇ ਤਬਕੇ ਅਤੇ ਉੱਚ ਕੁਲੀਨ ਤਬਕੇ ਦੀ ਕਲਾਸ ਹੈ।
ਜੋ ਸ਼ੌਕੀਆ ਤੌਰ ’ਤੇ ਆਪਣੇ ਰੋਜ਼ਾਨਾ ਕਾਰਜਕ੍ਰਮ ਵਿਚ ਇੰਟਰਨੈੱਟ ਨੂੰ ਢੁਕਵਾਂ ਸਮਾਂ ਦਿੰਦੀ ਹੈ। ਜਿਸ ਵਿਚ ਫੇਸਬੁੱਕ, ਔਰਕੁਟ, ਟਵਿੱਟਰ, ਯੂ-ਟਿਉਬ ਅਤੇ ਆਪਣੀਆਂ ਸੋਸ਼ਲ ਸਾਈਟਾਂ ਉੱਤੇ ਇਸ ਤਬਕੇ ਵੱਲੋ ਗੇੜਾ ਮਾਰਿਆ ਜਾਂਦਾ ਹੈ।
ਜੇਕਿਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਇਸ ਨਵੇਂ ਮੀਡੀਏ ਨੂੰ ਵਰਤਣ ਵਾਲੇ ਲੋਕਾਂ ਦੀ ਗਿਣਤੀ ਇਕ ਵਾਰ ਸਭ ਨੂੰ ਚਕਰਾ ਦਿੰਦੀ ਹੈ।
ਬੀ. ਐੱਸ. ਐੱਨ. ਐੱਲ. ਜੋ ਕਿ ਸਰਕਾਰੀ ਆਦਾਰਾ ਹੈ ਉਸਦੇ ਪੰਜਾਬ ਵਿਚ ਤਕਰੀਬਨ 1.5 ਲੱਖ ਦੇ ਕਰੀਬ ਕੁਨੈਕਸ਼ਨ ਹਨ ਜਦਕਿ ਨਿੱਜੀ ਕੰਪਨੀਆਂ ਜਿਹਨਾਂ ਵਿਚ ਏਅਰਟੈੱਲ, ਏਅਰਸੈੱਲ, ਆਈਡੀਆ, ਵੋਡਾਫੋਨ ਅਤੇ ਕੁਨੈਕਟ ਵੱਲੋਂ ਵੱਖ-ਵੱਖ ਰੂਪਾਂ ਰਾਹੀਂ ਤਕਰੀਬਨ ਦੱਸ ਲੱਖ ਲੋਕ ਇਸ ਨਵੇਂ ਮੀਡੀਏ ਦੀ ਵਰਤੋਂ ਕਰਦੇ ਹਨ।
ਇਸ ਤੋਂ ਇਲਾਵਾ ਪੰਜਾਬ ਵਿਚ ਦਸ ਹਜਾਰ ਦੇ ਕਰੀਬ ਸਾਇਬਰ ਕੈਫੇ ਹਨ (ਵੇਰਵੇ ਪਟਿਆਲਾ ਸਾਇਬਰ ਕੈਫੇ ਯੂਨੀਅਨ ਜਿਸਦੇ 500 ਮੈਂਬਰ ਹਨ ’ਤੇ ਅਧਾਰਿਤ ਜਿਹਨਾਂ ’ਤੇ ਰੋਜ਼ਾਨਾ ਅੋਸਤਨ ਦੋ ਲੱਖ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ)
ਜੇਕਿਰ ਸਭ ਤੋਂ ਜ਼ਿਆਦਾ ਮਹੱਤਵਪੂਰਨ ਪੱਖ ਦੀ ਗੱਲ ਕੀਤੀ ਜਾਵੇ ਤਾਂ ਫੇਸਬੁੱਕ ਸੋਸ਼ਲ ਸਾਈਟ ਇਕ ਅਜਿਹੀ ਸਾਈਟ ਬਣ ਚੁੱਕੀ ਹੈ ਜਿਸ ਉੱਪਰ ਪੜੇ ਲਿਖੇ ਤਬਕੇ ਦੁਆਰਾ ਆਪਣੇ ਖਾਤੇ (ਅਕਾਉਂਟ) ਬਣਾਉਣਾ ਇਕ ਸਮਾਜਿਕ ਮਹੱਤਤਾ ਮੰਨਿਆ ਜਾਂਦਾ ਹੈ।
ਇਸ ਸਾਈਟ ਉੱਪਰ ਬਣੇ ਖਤਿਆ ਦੀ ਗੱਲ ਕੀਤੀ ਜਾਵੇ ਤਾਂ ਮੈਂ ਦੋ ਮੁੱਖ ਖੇਤਰਾਂ ਦਾ ਪਿਛਲੇ 6 ਮਹਿਨੀਆਂ ਦੌਰਾਨ ਸਰਵੇ ਕੀਤਾ ਹੈ। ਜਿਸ ਵਿਚ ਹਲਕਾ ਬਰਨਾਲਾ (ਜੋ ਅਰਧ ਸ਼ਹਿਰੀ ਖੇਤਰ ਹੈ) ਜਿਸ ਦੇ ਵਿਚ ਤਕਰੀਬਨ 8 ਹਜ਼ਾਰ ਲੋਕ ਫੇਸਬੁੱਕ ਦੀ ਵਰਤੋਂ ਕਰਦੇ ਹਨ ਅਤੇ ਜੇਕਰ ਹਲਕਾ ਨਿਹਾਲ ਸਿੰਘ ਵਾਲਾ (ਜੋ ਕਿ ਨਿਰੋਲ ਪੇਡੂ ਖੇਤਰ ਹੈ) ਵਿਚ 6000 ਹਜਾਰ ਦੇ ਕਰੀਬ ਲੋਕਾਂ ਦੁਆਰਾ ਫੇਸਬੁੱਕ ਦੀ ਵਰਤੋਂ ਕੀਤੀ ਜਾਦੀ ਹੈ। ਇਸ ਅਧਾਰ ’ਤੇ ਪੰਜਾਬ ਵਿਚ ਸੱਤ ਲੱਖ ਤੋਂ ਲੈ ਕੇ ਦਸ ਲੱਖ ਲੋਕਾਂ ਦੁਆਰਾ ਫੇਸਬੁੱਕ ਦੀ ਵਰਤੋਂ ਕੀਤੀ ਜਾਂਦੀ ਇਹ ਇਕ ਅਜਿਹੀ ਸਾਈਟ ਹੈ ਜਿੱਥੇ ਆਪਣੇ ਆਪਣੇ ਗਰੁੱਪ ਅਤੇ ਪੇਜ ਬਣਾਏ ਜਾ ਸਕਦੇ ਹਨ। ਜਿਹਨਾਂ ਦੁਆਰਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਸਕਦਾ ਹੈ।
ਇਸ ਵੇਲੇ ਫੇਸਬੁੱਕ ਉੱਪਰ ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਕਾਂਗਰਸ ਵੱਲੋਂ ਅਤੇ ਉਹਨਾਂ ਦੇ ਹਿਮਾਇਤੀਆਂ ਵੱਲੋਂ ਆਪਣਾ ਪ੍ਰਚਾਰ ਅਤੇ ਪ੍ਰਸਾਰ ਕਰਨ ਦਾ ਪੂਰਾ ਜ਼ੋਰ ਲਾਇਆ ਹੋਇਆ ਹੈ।
ਜਦਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਵਰਤੋਂ ਕਰਨ ਵਿਚ ਕਾਫੀ ਫਾਡੀ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਦੇ 50 ਦੇ ਕਰੀਬ ਅਜਿਹੇ ਗਰੁੱਪ ਅਤੇ ਪੇਜ ਹਨ ਜਦਕਿ ਕਾਂਗਰਸ ਦੀ ਇਹ ਗਿਣਤੀ 30 ਦੇ ਕਰੀਬ ਬਣਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ 5 ਗਰੁੱਪ ਜਾ ਪੇਜ ਹਨ ਜੋ ਸਰਚ ਮਾਰਿਆਂ ਲੱਭ ਜਾਂਦੇ ਹਨ। ਇਸ ਤੋਂ ਇਲਾਵਾ ਸਾਰੇ ਰਾਜਨਿਤਕ ਆਗੂਆਂ ਦੇ ਆਪਣੇ ਵੱਖਰੇ ਖਾਤੇ ਗਰੁੱਪ ਅਤੇ ਪੇਜ ਬਣਾਏ ਗਏ ਹਨ। ਜਿਹਨਾਂ ਦੀ ਗਿਣਤੀ ਮੋਟੇ ਤੌਰ ’ਤੇ ਇਕ ਹਜ਼ਾਰ ਤੋ ਲੈ ਕੇ ਦੋ ਹਜ਼ਾਰ ਤੱਕ ਹੈ। ਜੇਕਰ ਵਰਤਮਾਨ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਸੱਤਰ ਦੇ ਕਰੀਬ ਵਿਧਾਇਕ ਆਪਣੇ ਰੋਜ਼ਾਨਾ ਦੇ ਕਾਰਜਕ੍ਰਮ ਨੂੰ ਆਪਣੇ ਖਾਤਿਆ ਰਾਹੀਂ ਅਪਡੇਟ ਕਰਦੇ ਜਾਂ ਕਰਵਾਉਂਦੇ ਹਨ।
ਇਸ ਤੋਂ ਇਲਾਵਾ ਬਹੁਤ ਸਾਰੀਆਂ ਅਜਿਹੀਆਂ ਵੈਬਸਾਈਟਾਂ ਵੀ ਹਨ ਜਿਹੜੀਆਂ ਚੋਣਾਂ ਨਾਲ ਸਬੰਧਿਤ ਹੀ ਕਾਰਜ ਕਰ ਰਹੀਆਂ ਹਨ। ਜਿਵੇਂ ਜਾਗੋ, ਪਾਰਟੀ ਡਾਟ ਕਾਮ, ਸਪਰਿੰਗ ਵੋਟ ਡਾਟ ਕਾਮ ਅਤੇ ਪੰਜਾਬ ਇਲੈਕਸ਼ਨ ਪੋਸਟ ਡਾਟ ਕਾਮ ਆਦਿ ਅਤੇ ਬਹੁਤ ਸਾਰੇ ਹੋਰ ਆਨਲਾਈਨ ਪੇਪਰ ਵੀ ਆਪਣੀ ਮਹੱਤਵਪੂਰਨ ਭੂਮਿਕਾ ਇਸ ਵਰਤਾਰੇ ਵਿਚ ਨਿਭਾ ਰਹੇ ਹਨ।
ਯੂ-ਟਿਊਬ ਉੱਪਰ ਹਰ ਨੇਤਾ ਵੱਲੋ ਆਪਣੇ ਇਕੱਠ ਦੀਆਂ ਜਾਂ ਤਕਰੀਰਾਂ ਦੀਆਂ ਵਿਡੀਓ ਨਸ਼ਰ ਕੀਤੀ ਜਾਂਦੀਆਂ ਹਨ ਜਿਹਨਾਂ ਨੂੰ ਅੱਗੇ ਫੇਸਬੁੱਕ ਰਾਹੀ ਇੱਕ ਇੱਕ ਵੋਟਰ ਤੱਕ ਪਹੁੰਚਾਣ ਦਾ ਕੰਮ ਅਤੇ ਦੂਸਰੀਆਂ ਪਾਰਟੀਆਂ ਜਾਂ ਉਮੀਦਵਾਰਾਂ ਦੀਆਂ ਨਵੀਆਂ ਵਾਰਾ ਦੀਆਂ ਪੁਰਾਣੀਆਂ ਜਾਂ ਨਵੀਆਂ ਉਹ ਵੀਡੀਓ ਜੋ ਉਹਨਾਂ ਦੇ ਅਕਸ ਨੂੰ ਢਾਅ ਲਾਉਦੀਆਂ ਹਨ ਵੀ ਪਹੁੰਚਾਈਆਂ ਜਾਂਦੀਆਂ ਹਨ ਅਤੇ ਆਪਣੇ ਸਪੋਟਰਾਂ ਵੱਲੋ ਉਹਨਾਂ ਉੱਪਰ ਆਪਣੇ ਪ੍ਰਤੀਕਰਮ ਦੇ ਕੇ ਹੋਰ ਵੋਟਰਾਂ ਨੂੰ ਪ੍ਰਤੀਕਰਮ ਦੇਣ ਲਈ ਪ੍ਰੇਰਿਆਂ ਜਾਂਦਾ ਹੈ।
ਇਸ ਤੋਂ ਇਲਾਵਾ ਸਹਿਤਕ ਤੌਰ ’ਤੇ ਗੀਤਾ ਰਾਹੀਂ ਕਵਿਤਾਵਾਂ ਰਾਹੀਂ ਵੀ ਕੁਝ ਜਨਤਕ ਜਥੇਬੰਦੀਆਂ ਅਤੇ ਸਾਹਿਤਕ ਕਾਮਿਆਂ ਦੁਆਰਾ ਇਸ ਵਿਚ ਆਪਣੀ ਭੂਮਿਕਾ ਨਿਭਾਈ ਜਾ ਰਹੀ ਹੈ। ਇਹਨਾਂ ਵਿਚੋਂ ਹੀ ਨਿਸ਼ਾਨ ਭੁੱਲਰ (ਤੇਰੀ ਫੋਟੋ ਕਿਉਂ ਨ੍ਹੀਂ ਭਗਤ ਸਿਓਂ ਛਪਦੀ ਨੋਟਾਂ ’ਤੇ ) ਦੀ ਰਾਜਨਿਤਕ ਜੁਗਨੀ ਸਮੁੱਚੇ ਫੇਸਬੁਕੀਆਂ ਦੀਆਂ ਵਾਲ ਪੋਸਟਾ ਦਾ ਸ਼ਿੰਗਾਰ ਬਣੀ।
ਸੋ ਸਮੁੱਚੇ ਤੌਰ ’ਤੇ ਜੇਕਰ ਦੇਖਿਆ ਜਾਵੇ ਤਾਂ ਇਸ ਸਮੇਂ 25 ਲੱਖ ਲੋਕ ਵੱਖ ਵੱਖ ਤਰੀਕਿਆਂ ਰਾਹੀਂ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਜਿਹਨਾਂ ਤੱਕ ਇਸ ਵਾਰ ਦਾ ਇਲੈਕਸ਼ਨ ਪ੍ਰਚਾਰ ਪਹੁੰਚਣ ਦੀ ਰਾਜਨਿਤਕ ਪਾਰਟੀਆਂ ਅਤੇ ਉਮੀਦਵਾਰ ਦੁਆਰਾ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਹਵਾ ਦਾ ਰੁੱਖ ਬਦਲਿਆ ਜਾ ਸਕੇ ਅਤੇ ਮੱਧ ਵਰਗੀ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਖਿੱਚਿਆ ਜਾਵੇ ਕਿਉਂਕਿ ਉਹਨਾਂ ਦਾ ਆਉਣਾ ਤਬਦੀਲੀ ਦਾ ਸਬੱਬ ਜ਼ਰੂਰ ਬਣਗਾ। ਦੂਸਰਾ ਇਸ ਮੀਡੀਏ ਰਾਹੀਂ ਘੱਟ ਖਰਚੇ ’ਤੇ ਵੱਧ ਲੋਕਾਂ ਤੱਕ ਪਾਹੁੰਚ ਕਰਨੀ ਅਸਾਨ ਹੈ। ਬਾਕੀ ਸਮੁੱਚੇ ਰੂਪ ਵਿਚ ਨਿਊ ਮੀਡੀਆ ਦੀ ਰਾਜਨਿਤਕ ਵਰਤੋਂ ਦੇ ਸਹੀ ਨਤੀਜੇ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗਣਗੇ ਕਿ ਆਖਿਰ ਚੋਣ ਪ੍ਰਚਾਰ ਵਿਚ ਜੁੜੇ ਇਸ ਨਵੇਂ ਪੱਖ ਨੇ ਆਪਣੀ ਮਹੱਤਤਾ ਕਿੰਨੀ ਕੁ ਦਰਸਾਈ … ਆਉ ਰਲ ਕੇ ਉਡੀਕ ਕਰੀਏ. . .
ਵੇਰਵੇ:-
1. ਸਮੁੱਚੇ ਵੇਰਵੇ ਗੁਗਲ ਸਰਚ ਰਾਹੀਂ ਪ੍ਰਾਪਤ ਕੀਤੇ ਹਨ ਜਿਹਨਾਂ ਨੂੰ ਵਾਚਿਆ ਜਾ ਸਕਦਾ ਹੈ।
2. ਇਸ ਤੋਂ ਇਲਾਵਾ ਨਿੱਜੀ ਤੌਰ ’ਤੇ ਸਰਵੇ ਰਾਹੀਂ ਪ੍ਰਾਪਤ।
3. ਫੇਸਬੁੱਕ ਦੇ ਮਾਧਿਅਮ ਰਾਹੀਂ ਵੱਖ-ਵੱਖ ਰਾਜਨਿਤਕ ਗਰੁੱਪਾਂ ਵਿਚ ਜਾ ਕੇ ਦੇਖਿਆ ਜਿਵੇਂ
Congress Party, Youth Congress India, P.P.P, Manpreet Badal, Punjab Election Post, Bhagwant Maan, Media Cell Congress, Dr. S.S. Johal, Jago Party, Sanja Morch, Sukhbir Badal, etc.
4. ਵੱਖ ਵੱਖ ਸਾਇਟਾ ਜਿਵੇਂ:- ਸੂਹੀ ਸਵੇਰ, ਪੰਜਾਬ ਇਲੈਕਸ਼ਨ ਪੋਸਟ, ਸਪਰਿਗਵੋਟ ਆਦਿ ਦੀ ਵਰਤੋਂ।
-
By Tarandeep Deol ਸੰਪਰਕ: 9914900729 (The views expressed in the article are writer\'s own),
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.