ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਦਲਬਦਲੀਆਂ ਦਾ ਸਿਲਸਿਲਾ ਉਲਟੇ ਸਿਰੇ ਤੋਂ ਵੀ ਸ਼ੁਰੂ ਹੋ ਗਿਐ।ਨਵੰਬਰ ਅਤੇ ਦਸੰਬਰ ਮਹੀਨੇ ਵਿਚ ਕਾਂਗਰਸੀ ਅਤੇ ਮਨਪ੍ਰੀਤ ਬਾਦਲ ਦੇ ਸਾਥੀਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਸੁਰਖ਼ੀਆਂ ਸਨ।ਬਲਵੰਤ ਸਿੰਘ ਰਾਮੂਵਾਲੀਆ ਦੀ ਦਲਬਦਲੀ ਅਤੇ ਲੋਕ ਭਲਾਈ ਪਾਰਟੀ ਦਾ ਭੋਗ ਪਾਉਣਾ ਵੱਡੀ ਸਿਆਸੀ ਘਟਨਾ ਸੀ।ਅਕਾਲੀ ਦਲ ਦਾ ਇਹ ਵੱਡਾ ਕੈਚ ਸੀ।ਅਕਾਲੀ -ਭਾਜਪਾ ਗਠਜੋੜ ਦੀ ਚੋਣ ਮੁਹਿੰਮ ਲਈ ਉਹ ਇਕ ਗਹਿਣਾ ਸਾਬਤ ਹੋ ਰਿਹੈ।ਉਸਨੂੰ ਅਕਾਲੀ ਮੁਹਾਵਰਾ ਵੀ ਆਉਂਦੈ ਅਤੇ ਸਟੇਜੀ ਕਲਾਕਾਰੀ ਦਾ ਵੀ ਉਹ ਮਾਹਰ ਐ।ਜਿਹੜੀਆਂ ਸਟੇਜਾਂ ਤੋਂ ਉਹ ਅਕਾਲੀ ਨੇਤਾਵਾਂ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪੋਤੜੇ ਫਰੋਲਣ ਤਕ ਜਾਂਦਾ ਸੀ, ਹੁਣ ਉਥੇ ਖੜ੍ਹੇ ਕੇ ਕੇ ਉਹ ਇਕ ਆਲ੍ਹਾ ਦਰਜੇ ਦੇ ਦਰਬਾਰੀ ਦਾ ਰੋਲ ਨਿਭਾ ਰਿਹੈ।ਭਾਵੇਂ ਕਿਸੇ ਦੀ ਨਿੰਦਾ ਕਰਨੀ ਹੈ ਤੇ ਭਾਵੇਂ ਕਿਸੇ ਦੀ ਚਾਪਲੂਸੀ,ਰਾਮੂਵਾਲੀਏ ਦੀ ਸ਼ਬਦ ਚੋਣ ਅਤੇ ਵਾਕ -ਗੋਂਦ ਕਮਾਲ ਦੀ ਹੁੰਦੀ ਐ।ਹਰ ਚੋਣ ਜਲਸੇ ਵਿਚ ਉਹ ਬਾਦਲ ਜਾਂ ਸੁਖਬੀਰ ਦੇ ਨਾਲ ਜੁੜ ਕੇ ਬੈਠਾ ਹੁੰਦੈ।ਕੁਝ ਇੱਕ ਸੀਨੀਅਰ ਰਵਾਇਤੀ ਆਗੂ ਅੰਦਰੋਂ ਅੰਦਰੀ ਇਸ ਗੱਲ \'ਤੇ ਅੱਚਵੀ ਜਿਹੀ ਵੀ ਮਹਿਸੂਸ ਕਰਨ ਲੱਗੇ ਨੇ।
ਰਾਮੂਵਾਲੀਏ ਦੀ ਇਹ ਸਿਫ਼ਤ ਹੈ ਕਿ ਉਹ ਆਪਣੀ ਮੌਕਪਰਸਤੀ ਨੂੰ ਲੁਕੋਂਦਾ ਵੀ ਨਹੀਂ ।ਪਿਛਲੇ ਹਫ਼ਤੇ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਕਰਵਾਏ ਚੋਂ ਜਲਸੇ ਵਿਚ ਰਾਮੂਵਾਲੀਆ ਨੇ ਸਪਸ਼ ਕਿਹਾ ।\'\'ਮੈਂ ਬਹੁਤ ਸੋਚ ਸਮਝ ਕੇ ਅਕਾਲੀ ਦਲ ਵਿਚ ਸ਼ਾਮਲ ਹੋਇਆ ਹਾਂ। ਮੈਂ ਤਾਂ ਗਿਣਤੀ- ਮਿਣਤੀ ਅਤੇ ਹਿਸਾਬ ਕਿਤਾਬ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ।ਮੈਂ ਖੱਬਾ ਪੈਰ ਚੁੱਕ ਕੇ ਉਨ੍ਹਾਂ ਚਿਰ ਸੱਜਾ ਪੈਰ ਅੱਗੇ ਨਹੀਂ ਰੱਖਦਾ ਜਿਨ੍ਹਾਂ ਚਿਰ ਮੈਨੂੰ ਕੋਈ ਫ਼ਾਇਦਾ ਨਾ ਦਿੱਸਦਾ ਹੋਵੇ।ਯਕੀਨ ਮੰਨੋ, ਅਕਾਲੀ ਸੱਚੀਂ -ਮੁੱਚੀਂ ਸਰਕਾਰ\'ਚ ਵਾਪਸ ਆ ਰਹੇ ਨੇ ।ਮੈਂ ਇਸੇ ਕਰਕੇ ਏਧਰ ਸ਼ਾਮਲ ਹੋਇਆਂ ਹਾਂ।\'\'
ਸਚਮੁੱਚ ਹੀ ਰਾਮੂਵਾਲੀਆ ਸਾਹਿਬ ਨੂੰ ਬਹੁਪੱਖੀ ਲਾਭ ਹੋਇਆ ਹੈ।ਰਾਜਭਾਗ ਵਿੱਚ ਪੂਰੀ ਸੱਦਪੁੱਛ ਹੋਵੇਗੀ।ਟਿਕਟਾਂ, ਅਹੁਦੇ ਤੇ ਝੰਡੀ ਲੱਗਣ ਦੀ ਮੁੜ ਆਸ ਬੱਝ ਗਈ ਹੈ॥ਜਿਨ੍ਹਾਂ ਕਾਮਰੇਡਾਂ ਦੇ ਸਿਰ ਤੇ ਰਾਮੂਵਾਲੀਆ ਹੋਰੀਂ, ਰਾਜ ਸੱਤਾ ਦੀਆਂ ਪੌੜੀਆਂ ਚੜ੍ਹੇ ਅਤੇ ਰਾਜ ਭਾਗ ਦਾ ਆਨੰਦ ਮਾਣਿਆ , ਉਹ ਦੇਖਦੇ ਹੀ ਰਹਿ ਗਏ ਨੇ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਰੂਹ ਪਤਾ ਕਿਵੇਂ ਮਹਿਸੂਸ ਕਰਦੀ ਹੋਊ ,ਇਹ ਨਹੀਂ ਪਤਾ ਪਰ ਉਹ ਖ਼ੁਦ ਵੀ ਜੋੜ- ਤੋੜ ਦੀ ਰਾਜਨੀਤੀ ਹੀ ਕਰਦੇ ਰਹੇ ਸਨ।
ਰਾਮੂਵਾਲੀਆ ਲਈ ਇੱਕ ਲਾਹਾ, ਉਨ੍ਹਾ ਦੇ ਪਰਿਵਾਰ ਵਿਚ ਜੱਦੀ ਜਾਇਦਾਦ ਦੀ ਵੰਡ ਸਬੰਧੀ ਚਲਦੀ ਭਰਾ-ਢਾਹੂ ਲੜਾਈ ਪੱਖੋਂ ਵੀ ਹੋਇਆ ਹੈ।ਇਕਬਾਲ ਰਾਮੂਵਾਲੀਆ ਦੀ ਆਵਾਜ਼ ਦਾ ਅਸਰ ਹੁਣ ਬਲਵੰਤ ਰਾਮੂਵਾਲੀਆ ਦੁਆਲੇ ਚੜ੍ਹੇ ਸਰਕਾਰੀ ਕਵਚ \'ਤੇ ਹੋਣਾ ਮੁਸ਼ਕਲ ਲਗਦੈ।
ਮੌਕਾਪ੍ਰਸਤੀ ਦੀ ਕਮਾਲ
ਲੰਘੇ ਹਫ਼ਤੇ ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਇਲਾਕੇ ਦੇ ਧਨਾਢ ਟਰਾਂਸਪੋਰਟਰ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ ਚੰਦੂਰਾਈਆਂ ਅਕਾਲੀ ਦਲ ਛੱਡ ਕੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਵਿਚ ਸ਼ਾਮਲ ਹੋ ਗਏ ਨੇ।ਮੌਕਾਪ੍ਰਸਤੀ ਦੀ ਕਮਾਲ ਦੀ ਮਿਸਾਲ। ਉਹ ਟਿਕਟ ਦੇ ਦਾਅਵੇਦਾਰ ਸਨ। ਟਿਕਟ ਦੀ ਥਾਂ ਉਸਨੂੰ ਇੱਕ ਇੱਕ ਸਰਕਾਰੀ ਅਤੇ ਸੰਵਿਧਾਨਕ ਅਹੁਦਾ ਦੇਣ ਦੀ ਪੇਸ਼ਕਸ਼ ਹੋਈ ।ਡੇਢ ਕੁ ਹਫ਼ਤਾ ਪਹਿਲਾਂ ਹੀ ਉਸ ਦਾ ਨਾਂ ਬਾਦਲ ਸਰਕਾਰ ਵੱਲੋਂ ਸੂਚਨਾ ਕਮਿਸ਼ਨਰ ਲਾਉਣ ਲਈ ਰਾਜਪਾਲ ਪੰਜਾਬ ਨੂੰ ਭੇਜਿਆ ਸੀ।ਹਾਈ ਕੋਰਟ ਨੇ ਇਸ\'ਤੇ ਰੋਕ ਲਾ ਦਿੱਤੀ। ਨਤੀਜਾ ਸਾਹਮਣੇ ਹੈ। ਚੰਦੂਅਰਾਈਆਂ ਪਹਿਲਾਂ ਵੀ ਮਲੇਰਕੋਟਲੇ ਤੋਂ ਦੋ ਵਾਰ ਆਜ਼ਾਦ ਚੋਣ ਲੜ ਕੇ ਅਕਾਲੀ ਉਮੀਦਵਾਰਾਂ ਦੀ ਹਾਰ ਦਾ ਕਾਰਨ ਬਣ ਚੁੱਕੇ ਹਨ। ਹੁਣ ਉਹ ਮਨਪ੍ਰੀਤ ਵਾਲੇ ਸਾਂਝੇ ਮੋਰਚੇ ਦੇ ਉਮੀਦਵਾਰ ਹੋਣਗੇ।ਅਕਾਲੀ ਦਲ ਅਤੇ ਕਾਂਗਰਸ ਦੋਹਾਂ ਲਈ ਮਲੇਰਕੋਟਲਾ ਅਤੇ ਅਮਰਗੜ੍ਹ ਦੋਹਾਂ ਹਲਕਿਆਂ ਵਿਚ ਮੁਸ਼ਕਲਾਂ ਖੜ੍ਹੀਆਂ ਕਰਨਗੇ।ਇਸੇ ਤਰ੍ਹਾਂ ਯੂਥ ਅਕਾਲੀ ਵਿੰਗ ਦੇ ਪ੍ਰਧਾਨ ਬਿਕਰਮ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ ਸਰਚਾਂਦ ਸਿੰਘ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਨੇ।ਕੱਲ੍ਹ ਤੱਕ ਉਹ ਮਜੀਠੀਆ ਦੇ ਖ਼ਾਸਮ ਖ਼ਾਸ ਸਨ। ਹੇਠਲੇ ਪੱਧਰ ਤੇ ਵੀ ਦਲ-ਬਦਲੀ ਦਾ ਕਾਰੋਬਾਰ ਵੀ ਸ਼ੁਰੂ ਹੈ। ਅਜੇ ਟਿਕਟਾਂ ਦੀ ਵੰਡ ਹੋਣੀ ਹੈ।ਜਿਨ੍ਹਾਂ ਨੂੰ ਟਿਕਟਾਂ ਨਾ ਮਿਲੀਆਂ, ਉਨ੍ਹਾ ਵਿੱਚੋਂ ਬਹੁਤ ਸਾਰੇ ਦਲ-ਬਦਲੀ ਦੇ ਨਵੇਂ ਦਰ ਖੋਲ੍ਹਣਗੇ।ਕੋਈ ਵਿਚਾਰਧਾਰਾ , ਕੋਈ ਮਿਸ਼ਨ, ਕੋਈ ਨੀਤੀ, ਕੋਈ ਸਿਧਾਂਤ ਜਾਂ ਕੋਈ ਅਸੂਲ ਤੇ ਨਾ ਹੀ ਕੋਈ ਨੈਤਿਕਤਾ,ਇਸ ਦਲਬਦਲੀ ਵਿੱਚ ਅੜਿੱਕਾ ਬਣੇਗੀ।ਤੇ ਦਲਬਦਲੀ ਵਿਰੋਧੀ ਕਾਨੂੰਨ ਤਾਂ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
ਇਸ ਵਾਰ ਇੱਕ ਨਵਾਂ ਵਰਤਾਰਾ ਮਨਪ੍ਰੀਤ ਬਾਦਲ ਦੀ ਅਗਵਾਈ ਹੇਠਲਾ ਸਾਂਝਾ ਮੋਰਚਾ ਹੈ।ਬਾਦਲ ਪਰਿਵਾਰ ਦਾ ਇੱਕ ਹਿੱਸਾ ਪਹਿਲੀ ਇੱਕ ਤੀਜੇ ਸਿਆਸੀ ਮੰਚ ਦਾ ਮੋਹਰੀ ਹੈ।ਇਸ ਲਈ ਇਹ ਸਵਾਲ ਅਜੇ ਖੜ੍ਹਾ ਹੈ ਦਲਬਦਲੀਆਂ ਦਾ ਕਿੰਨਾ ਗੱਫਾ ਪੀਪਲਜ਼ ਪਾਰਟੀ ਦੇ ਹਿੱਸੇ ਆਏਗਾ। ਮਾਲਵੇ ਦੇ ਕੁਝ ਜ਼ਿਲ੍ਹਿਆਂ ਵਿਚ ਇਹ ਵਰਤਾਰਾ ਦੇਖਣ ਨੂੰ ਮਿਲ ਰਹੈ ਕਿ ਪਿੰਡਾਂ ਵਿਚ ਮਨਪ੍ਰੀਤ ਦੇ ਨਾਂ ਤੇ ਇੱਕ ਤੀਜਾ ਧੜਾ ਖੜ੍ਹਾ ਹੋ ਗਿਐ ਜੋ ਕਿ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ।ਪਰ ਇਹ ਪੱਕਾ ਪਤਾ ਹੈ ਇਸ ਵਾਰ ਦਲਬਦਲੀਆਂ ਹੋਣਗੀਆਂ ਥੋਕ ਵਿਚ।
ਤੇ ਗੱਲ ਕਰੀਏ ਲੋਕਾਂ ਦੀ , ਵੋਟਰਾਂ ਦੀ, ਉਹ ਇਸ ਵਰਤਾਰੇ ਦੇ ਆਦੀ ਹੋ ਰਹੇ ਨੇ।ਬਜ਼ਾਰਮੁਖੀ ਤੇ ਖਪਤਕਾਰ ਰੁਚੀਆਂ ਸਰਵਿਆਪੀ ਹੋ ਰਹੀਆਂ ਨੇ।
-
Tirchhi Nazar by Baljit Balli -15-12-11,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.