ਵੀਰਵਾਰ ਸ਼ਾਮ ਨੂੰ ਦਫ਼ਤਰ ਦਾਖ਼ਲ ਹੁੰਦਾ ਹਾਂ।ਟੀ.ਵੀ ਤੇ ਖ਼ਬਰ ਚੱਲ ਰਹੀ ਹੈ।ਮਾਓਵਾਦੀ ਕਿਸ਼ਨਜੀ ਬਾਰੇ।ਮੈਂ ਸੋਚਦਾਂ ਮਾਓਵਾਦੀਆਂ ਬਾਰੇ ਕੁਝ ਨਾ ਕੁਝ ਚਲਦਾ ਹੀ ਰਹਿੰਦੈ।ਹੋਰਾਂ ਖ਼ਬਰਾਂ ਦੀ ਵਾਂਗ ਸਰਸਰੀ ਨਿਗ੍ਹਾ ਤੋਂ ਬਾਅਦ ਆਪਣੀ ਖ਼ਬਰ ਲਿਖ਼ਣ ਬੈਠ ਜਾਂਦਾ ਹਾਂ।ਜਦ ਮੁੜ ਨਜ਼ਰ ਟੀ ਵੀ \'ਤੇ ਪੈਂਦੀ ਹੈ ਤਾਂ ਮਾਓਵਾਦੀ ਕਿਸ਼ਨ ਜੀ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੀ ਹੈ।ਮੇਰਾ ਦਿਮਾਗ ਫਲੈਸ਼ ਬੈਕ ਹੋ ਕੇ ਮਈ 2009 \'ਚ ਲਾਲਗੜ੍ਹ ਦੇ ਜੰਗਲਮਾਹਲ ਇਲਾਕੇ ਦੀ ਸਿਖ਼ਰ ਦੁਪਿਹਰ \'ਤੇ ਚਲਾ ਜਾਂਦਾ ਹੈ,ਜਦੋਂ ਇਕ ਅੱਧਖੜ੍ਹ ਉਮਰ ਦੇ ਆਦਮੀ ਨੂੰ ਮੈਂ ਵਾਰ ਵਾਰ ਹਿੰਸਕ ਘਟਨਾਵਾਂ ਬਾਰੇ ਤੇ ਹੋਰ ਸਵਾਲ ਪੁੱਛ ਰਿਹਾ ਸੀ ਤੇ ਉਹ ਸਹਿਜ ਮਤੇ ਸਮਝਾ ਰਿਹਾ ਸੀ ਕਿ \'ਇਸ ਦੇਸ਼ \'ਚ ਇਕ ਮੱਧ ਵਰਗੀ ਪਰਿਵਾਰ ਦਾ ਨੌਜਵਾਨ ਐਲ ਐਲ ਬੀ (ਕਿਸ਼ਨਜੀ) ਤੋਂ ਬਾਅਦ ਜੰਗਲ ਤੇ ਸਿਆਸੀ ਤੇ ਹਿੰਸਾ ਦਾ ਰਾਹ ਕਿਉਂ ਚੁਣਦਾ ਹੈ?
ਮਈ 2009 ਦੀ ਗੱਲ ਹੈ।ਮੈਂ ਉਦੋਂ ਦਿੱਲੀ ਸੀ।ਕਿਹਾ ਜਾਂਦਾ ਪੱਤਰਕਾਰ ਹੋਣ ਦੇ ਨਾਤੇ ਦੇਸ਼-ਦੁਨੀਆਂ ਦੇ ਭਖ਼ਦੇ ਮਸਲਿਆਂ-ਵਿਵਾਦਾਂ ਨੂੰ ਸਮਰੱਥਾ ਮੁਤਾਬਕ ਸਮਝਣ ਦੀ ਕੋਸ਼ਿਸ਼ ਹਮੇਸ਼ਾ ਕਰਦਾ ਰਿਹਾ ਹਾਂ।\'ਅਪਰੇਸ਼ਨ ਗ੍ਰੀਨ ਹੰਟ\' ਤੋਂ ਬਾਅਦ ਆਦਿਵਾਸੀ ਇਲਾਕਿਆਂ ਦੀ ਸਮਾਜਿਕ-ਸਿਆਸੀ ਸੱਚਾਈ \'ਚ ਕਾਫੀ ਰੁਚੀ ਬਣੀ।ਮੇਰਾ ਮੰਨਣਾ ਹੈ ਕਿ ਟੈਕਸਟ ਤੇ ਕਮੈਂਟਰੀ ਰਾਹੀਂ ਚੀਜ਼ਾਂ ਸਮਝਣਾ ਮਜਬੂਰੀ ਦਾ ਦੂਜਾ ਨਾਂਅ ਹੈ।ਸੋ ਇੱਛਾ ਸੀ ਕਿ ਦੇਸ਼ \'ਚ ਚਲਦੇ ਇਸ ਵਿਵਾਦਮਈ ਵਰਤਾਰੇ ਨੂੰ ਸਮਝਣ ਲਈ ਕਿਸੇ ਸਮੇਂ ਆਦਿਵਾਸੀ ਇਲਾਕਿਆਂ ਨੂੰ ਗਾਹਿਆ ਜਾਵੇ ਤਾਂ ਕਿ ਸਰਕਾਰੀ ਤੇ ਮਾਓਵਾਦੀ ਪੱਖ ਤੋਂ ਇਲਾਵਾ ਇਸ ਮਸਲੇ ਬਾਰੇ ਇਕ ਘੱਟੋ ਘੱਟ ਅਜ਼ਾਦ ਸਮਝ ਬਣਾਈ ਜਾ ਸਕੇ।
ਉਨ੍ਹਾਂ ਦਿਨਾਂ \'ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਸਾਹਮਣੇ ਬੁੱਧ ਵਿਹਾਰ ਇਲਾਕੇ \'ਚ ਮੇਰਾ ਡੇਰਾ ਹੁੰਦਾ ਸੀ।ਜੇ ਐਨ ਯੂ ਦੇ ਇਤਿਹਾਸਕ ਗੰਗਾ ਢਾਬੇ ਦੀ ਠੰਡੀ- ਗਰਮ ਚਾਹ ਨਾਲ ਦੋਸਤਾਂ ਮਿੱਤਰਾਂ ਨਾਲ ਸਵੇਰ ਦੇ ਦੋ ਦੋ ਤਿੰਨ ਤਿੰਨ ਵਜ੍ਹੇ ਤੱਕ ਸਿਆਸੀ,ਸਮਾਜਿਕ ਤੇ ਨਿਜੀ ਗਰਾਰੀਆਂ ਅੜ੍ਹਦੀਆਂ ਤੇ ਭੁਰਦੀਆਂ ਰਹਿੰਦੀਆਂ।ਉਦੋਂ ਓਥੇ ਮਾਓਵਾਦੀ ਲਹਿਰ ਦੀ ਕਤਲੋਗਾਰਤ,ਸਰਕਾਰੀ ਕਤਲੋਗਾਰਤ,ਆਦਿਵਾਸੀਆਂ ਦੇ ਜੀਵਨ,ਦੋਵਾਂ ਪੁੜਾਂ ਵਿਚਕਾਰ ਪਿਸਦੇ ਆਦਿਵਾਸੀ,ਭਾਰਤੀ ਲੋਕਤੰਤਰ ਦੀ ਸੰਸਦੀ ਧਾਰਾ ਦੀਆਂ ਨਾਕਾਮੀਆਂ ਤੇ 64 ਸਾਲ ਦੀ ਅਜ਼ਾਦੀ ਦੇ ਮਾਅਨਿਆਂ ਨੂੰ ਸਮਝਣ ਬਾਰੇ ਗਰਮਾ ਗਰਮ ਬਹਿਸਾਂ ਹੁੰਦੀਆਂ ਸਨ।ਅੰਤ \'ਚ ਸਭ ਤੋਂ ਰੈਡੀਕਲ ਬਿਆਨ ਦਾਗ ਦਿੰਦੇ ਕਿ ਇੱਥੇ ਬੌਧਿਕ ਜੁਗਾਲੀਆਂ ਕਰਨ ਨਾਲੋਂ ਸਮਾਂ ਕੱਢ ਕੇ ਅਸਲ ਭਾਰਤ ਦੇ ਦਰਸ਼ਨ-ਸਾਸ਼ਤਰ ਨੂੰ ਸਮਝਣ ਲਈ ਆਦਿਵਾਸੀ ਇਲਾਕਿਆਂ ਦਾ ਦੌਰਾ ਕਰਨਾ ਚਾਹੀਦਾ ਹੈ।
ਫਿਰ ਇਕ ਦਿਨ ਮੈਂ ਦਫਤਰੋਂ ਸਵੇਰ ਵਾਲੀ ਸ਼ਿਫਟ ਖ਼ਤਮ ਕਰਕੇ ਸ਼ਾਮ ਨੂੰ ਗੰਗਾ ਢਾਬੇ \'ਤੇ ਬੈਠਾ ਸੀ।ਪੂਰਾ ਯਾਦ ਨਹੀਂ ਸ਼ਾਇਦ ਰਾਜਨੀਤੀ ਵਿਭਾਗ \'ਚ ਐਮ ਫਿੱਲ ਕਰਦੀ ਸੁੰਮਤੀ ਨੇ ਆ ਕੇ ਕਿਹਾ ਕਿ \'ਅਸੀਂ ਕੁਝ ਲੋਕ ਬੰਗਾਲ ਦੇ ਲਾਲਗੜ੍ਹ ਇਲਾਕੇ \'ਚ ਇਕ ਤੱਥ -ਖੋਜ ਟੀਮ ਦੇ ਰੂਪ ਚ ਜਾ ਰਹੇ ਹਾਂ।ਤੇਰੇ ਕੋਲ ਸਮਾਂ ਹੈ ਤਾਂ ਤੂੰ ਵੀ ਚੱਲ।ਮੈਂ ਦਫ਼ਤਰੀ ਵਿਗਿਆਨ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹਾਂ,ਕਿ ਸੱਤ ਅੱਠ ਦਿਨਾਂ ਦੀ ਛੁੱਟੀ ਦਾ ਜੁਗਾੜ ਕਿਵੇਂ ਕੀਤਾ ਜਾਵੇ।ਬਹਾਨਿਆਂ ਦੇ ਇਤਿਹਾਸ \'ਚੋਂ ਇਕ ਮਹਾਨ ਬਹਾਨਾ ਘੜ ਕੇ ਦਫਤਰੋਂ ਛੁੱਟੀ ਲਈ ਜਾਂਦੀ ਹੈ।ਘਰਦਿਆਂ ਨੂੰ ਝੂਠ ਬੋਲਦਾ ਹਾਂ ਕਿ ਬੰਗਾਲ ਚ ਕਿਸੇ ਦੋਸਤ ਦੇ ਵਿਆਹ ਜਾ ਰਿਹਾ ਹਾਂ,ਕਿਉਂਕਿ ਕਿਸੇ ਵੀ ਮਾਂ-ਪਿਓ ਨੂੰ ਆਪਣੇ ਇਕੋ ਪੁੱਤ ਦਾ ਕਿਸੇ ਵਿਵਾਦਮਈ ਇਲਾਕੇ ਚ ਜਾਣਾ ਪਸੰਦ ਨਹੀਂ ਹੈ।ਇਸ ਮਾਮਲੇ \'ਚ ਸਾਡੇ ਘਰਦਿਆਂ ਦੀ ਤਾਂ ਮੈਂ ਹਜ਼ਾਰ ਫੀਸਦੀ ਗਰੰਟੀ ਖ਼ੁਦ ਲੈਂਦਾ ਹਾਂ।
ਅਸੀਂ 7-8 ਲੋਕ ਏਸ਼ੀਆ ਦੇ ਸਭ ਤੋਂ ਵੱਡੇ ਸਟੇਸ਼ਨ ਖੜਗਪੁਰ ਪਹੁੰਚ ਜਾਂਦੇ ਹਾਂ।ਓਥੋਂ ਕਿਰਾਏ \'ਤੇ ਜੀਪ ਲੈ ਕੇ ਲਾਲਗੜ੍ਹ ਦੀ ਰਵਾਨਗੀ ਹੰਦੀ ਹੈ।ਸਾਡੀ ਜਾਣਕਾਰੀ \'ਚ ਨਹੀਂ ਸੀ ਕਿ ਮਿਦਨਾਪੁਰ ਜ਼ਿਲ੍ਹੇ ਦੇ ਨੇੜੇ ਲਾਲਗੜ੍ਹ ਇਲਾਕੇ ਦੇ ਆਦਿਵਾਸੀਆਂ ਦੀ ਬਣਾਈ \'ਪੁਲੀਸ ਅੱਤਿਆਚਾਰ ਵਿਰੋਧੀ ਜਨਸਧਾਰਨ ਕਮੇਟੀ\' ਦੀ ਰੈਲੀ ਚੱਲ ਰਹੀ ਹੈ,ਜਿੱਥੇ ਚੋਣਾਂ ਤੋਂ ਥੋੜ੍ਹਾ ਸਮਾਂ ਪਹਿਲਾਂ ਇਕ ਵੱਡੀ ਰੈਲੀ ਮਮਤਾ ਬੈਨਰਜੀ ਨੇ ਕੀਤੀ ਸੀ।ਅਸੀਂ ਲੋਕਾਂ ਨੂੰ ਤੀਰਾਂ,ਭਾਲਿਆਂ ਆਦਿ ਰਵਾਇਤੀ ਸੰਦਾਂ ਨਾਲ ਪਹਿਲੀ ਵਾਰ ਵੇਖਦੇ ਹਾਂ।ਦਰ ਅਲ ਇਹੋ ਜਿਹਾ ਭਾਰਤ ਹੀ ਪਹਿਲੀ ਅੱਖੀਂ ਪਹਿਲੀ ਵਾਰ ਵੇਖ ਰਹੇ ਸੀ।ਰੈਲੀ ਨੂੰ ਤ੍ਰਿਣਮੂਲ ਕਾਂਗਰਸ ਆਗੂ ਤੇ ਕਮੇਟੀ ਦੇ ਆਦਿਵਾਸੀ ਆਗੂ ਸ਼ਤਰੋਧਰ ਮਹਿਤੋ ਸੰਬੋਧਨ ਕਰਦੇ ਹਨ।ਉਨ੍ਹਾਂ ਦਿਨਾਂ ਚ ਓਥੇ ਮਾਓਵਾਦੀਆਂ ਦੀ ਚੰਗੀ ਪਹਿਲ ਚਹਿਲ ਸੀ।ਆਦਿਵਾਸੀਆਂ ਦੀ ਰੈਲੀ \'ਚ ਮਾਓਵਾਦੀ ਮੌਜੂਦ ਸਨ ।ਮੈਨੂੰ ਨਾ ਬੰਗਾਲੀ ਤੇ ਨਾ ਆਦਿਵਾਸੀਆਂ ਦੀ ਸੰਥਾਲੀ ਭਾਸ਼ਾ ਆਉਂਦੀ ਹੈ।ਜਦੋਂ ਆਗੂ ਰਾਮੂੰਵਾਲੀਏ ਵਾਂਗੂੰ ਜ਼ਿਆਦਾ ਭਾਵੁਕ ਤੇ ਕੈਪਟਨ ਅਮਰਿੰਦਰ ਵਰਗੇ ਗੁੱਸੇ ਨਾਲ ਬੋਲਦੇ ਤਾਂ ਮੈਂ ਇਕ ਦਮ ਆਪਣੇ ਬੰਗਾਲੀ ਮਿੱਤਰਾਂ ਨੁੰ ਤਰਜ਼ਮਾ ਕਰਨ ਲਈ ਕਹਿੰਦਾ।ਸਾਡੇ \'ਚੋਂ ਕੁਝ ਵਿਦਿਆਰਥੀ ਜੋ ਬੰਗਾਲੀ ਸਨ,ਉਹ ਇਲਾਕੇ ਦੇ ਜਾਣਕਾਰ ਸਨ।ਸਾਡੀ ਠਹਿਰ ਦਾ ਪ੍ਰਬੰਧ ਉਨ੍ਹਾਂ ਹੀ ਕੀਤਾ।
ਲਾਲਗੜ੍ਹ ਉਦੋਂ ਅਜ਼ਾਦ ਜ਼ੋਨ ਵਰਗਾ ਇਲਾਕਾ ਬਣ ਚੁੱਕਿਆ ਸੀ।ਮਾਓਵਾਦੀਆਂ ਦੀ ਅਗਵਾਈ \'ਚ ਆਦਿਵਾਸੀਆਂ ਦੀ ਵੱਡੀ ਗਿਣਤੀ ਲਾਲਗੜ੍ਹ \'ਚ ਪੁਲੀਸ ਨੂੰ ਦਾਖ਼ਲ ਨਹੀਂ ਹੋਣ ਦਿੰਦੀ ਸੀ।ਸਾਡੇ ਨਾਲ ਗੱਲਬਾਤ ਦੌਰਾਨ ਆਦਿਵਾਸੀ ਇਲਜ਼ਾਮ ਲਗਾ ਰਹੇ ਸੀ ਕਿ \'ਪੁਲੀਸ ਹਰ ਆਦਿਵਾਸੀ ਨੂੰ ਮਾਓਵਾਦੀ ਬਣਾ ਕੇ ਅੱਤਿਆਚਾਰ ਕਰਦੀਹੈ।ਆਦਿਵਾਸੀ ਧੀਆਂ,ਮਾਵਾਂ,ਭੈਣਾਂ ਦੀ ਬੇਪਤੀ ਹੁੰਦੀ ਹੈ।ਅਸੀਂ ਵੀ ਮਾਓਵਾਦੀਆਂ ਨੂੰ ਮਿਲਣ ਦੀ ਇੱਛਾ ਰੱਖਦੇ ਸੀ।ਇਸੇ ਦੌਰਾਨ ਪਹਿਲੀ ਹੀ ਰਾਤ ਦੇ 9 ਵਜੇ ਇਕ ਸੋਰਸ ਜ਼ਰੀਏ ਅਸੀਂ ਮਾਓਵਾਦੀ ਕੈਂਪ \'ਚ ਜਾਣ ਦੀ ਗੱਲ ਕਰਦੇ ਹਾਂ।ਸਾਨੂੰ ਮਾਓਵਾਦੀਆਂ ਦਾ ਇਕ ਹਮਦਰਦ ਰਾਤ ਦੇ 11-12 ਵਜੇ ਜੰਗਲ ਚ ਬਣੇ ਮਾਓਵਾਦੀਆਂ ਦੇ ਕੈਂਪ ਚ ਲੈ ਜਾਂਦਾ ਹੈ।
ਰਾਤ ਨੂੰ ਜਾਂਦੇ ਸਾਰ ਹੀ ਸਭ ਥੱਕੇ ਹਾਰੇ ਸੌਂਅ ਜਾਂਦੇ ਹਨ।ਸਵੇਰੇ 5-6 ਛੇ ਵਜ੍ਹੇ ਜਦੋਂ ਜਾਗ ਖੁੱਲ੍ਹੀ ਤਾਂ ਮੈਂ ਕੁਝ ਫੌਜੀ ਵਰਦੀਆਂ ਵਾਲੇ ਮਾਓਵਾਦੀ ਗੁਰੀਲਿਆਂ ਤੇ ਅੱਤ ਅਧੁਨਿਕ ਹਥਿਆਰਾਂ \'ਚ ਘਿਰਿਆ ਹੋਇਆ ਸੀ।ਕੁਝ ਮਿੱਤਰ-ਮਿੱਤਰਣੀਆਂ ਨੇ ਦੱਸਿਆ \'ਆਹ ਜਿਹੜਾ ਗੁਲਾਬੀ ਜੇ ਗਮਸ਼ੇ ਆਲਾ ਬੈਠਾ ਹੈ,ਇਹ ਮਾਓਵਾਦੀਆਂ ਦਾ ਪੋਲਿਟ ਬਿਊਰੋ ਮੈਂਬਰ ਕੁਟੇਸ਼ਵਰ ਰਾਓ ਉਰਫ ਕਿਸ਼ਨਜੀ ਹੈ।ਉਹ ਉਸ ਸਮੇਂ ਰੇਡਿਓ \'ਤੇ ਬੀ ਬੀ ਸੀ ਦੀਆਂ ਖ਼ਬਰਾਂ ਸੁਣ ਰਿਹਾ ਸੀ।ਸਾਡੇ ਨਾਲ ਓਹਦੀ ਰਸਮੀ ਮੁਲਾਕਾਤ ਹੋਈ।ਸਭ ਨੂੰ ਬੜੀ ਨਿੱਘ ਨਾਲ ਮਿਲਿਆ।ਮੇਰੇ ਨਾਲ ਪੱਤਰਕਾਰੀ ਤੇ ਪੰਜਾਬ ਕਰਕੇ ਓਹਦੀ ਖਾਸ ਖਿੱਚ ਸੀ।
ਫਿਰ ਓਹਦੇ ਨਾਲ ਗੱਲਾਬਾਤਾਂ ਹੋਣ ਲੱਗੀਆਂ।ਸਾਡੇ ਚੜ੍ਹਦੀ ਜਵਾਨੀ ਵਰਗੇ ਤਿੱਖੇ ਤੋਂ ਤਿੱਖੇ ਸਵਾਲ ਤੇ ਓਹਦੇ ਕਿਸੇ ਸੁਲਝੇ ਹੋਏ ਬੰਦੇ ਠੰਡੇ ਜਿਹੇ ਜਵਾਬ।ਓਹਨੂੰ ਤੇਲਗੂ,ਅੰਗਰੇਜ਼ੀ,ਹਿੰਦੀ,ਬੰਗਾਲੀ,ਸੰਥਾਲੀ ਤੇ ਝਾਰਖ਼ੰਡ,ਛੱਤੀਸਗੜ੍ਹ ਦੀਆਂ ਕਈਆਂ ਭਾਸ਼ਾਵਾਂ ਆਉਂਦੀਆਂ ਸਨ।ਮੈਂ ਪੱਤਰਕਾਰਾਂ ਵਾਂਗੂੰ ਪੁੱਛਿਆ \'ਕਿਤੇ ਇਹ ਕ੍ਰਾਂਤੀ ਸਿਰਫ ਹਥਿਆਰਾਂ ਦਾ ਰੋਮਾਂਸ ਤਾਂ ਨਹੀਂ,ਉਹ ਕਹਿੰਦਾ \'ਹਥਿਆਰ ਸਾਨੂੰ ਕੰਟਰੋਲ ਨਹੀਂ ਕਰਦੇ ਅਸੀਂ ਹਥਿਆਰਾਂ ਨੂੰ ਕੰਟਰੋਲ ਕਰਦੇ ਹਾਂ।ਮੈਂ ਪੁੱਛਿਆ,ਹਰ ਕੰਮ ਲਈ ਹਿੰਸਾ ਕਿੰਨੀ ਕੁ ਜਾਇਜ਼ ਹੈ,ਉਹ ਕਹਿੰਦਾ ਸਾਡੀ ਹਿੰਸਾ ਅਰਾਜਕਤਾ ਨਹੀਂ,ਸਿਆਸੀ-ਜਮਾਤੀ ਹਿੰਸਾ ਹੈ,ਇਹ ਸਿਆਸੀ ਹਿੰਸਾ ਸੰਸਦੀ ਧਾਰਾ ਨੂੰ ਰੱਦ ਕਰਕੇ ਦੇਸ਼ ਨੂੰ ਨਵਾਂ ਰਾਹ ਦਿਖਾਉਣ ਲਈ ਪੈਦਾ ਹੋਈ ਹੈ।ਪੁੱਛਿਆ,ਦਿੱਲੀ ਤੁਹਾਡੇ ਮਮਤਾ ਬੈਨਰਜੀ ਨਾਲ ਯਰਾਨੇ ਦੇ ਬੜੇ ਚਰਚੇ ਚਰਚੇ ਨੇ,ਕਿਹਾ ਇਹ ਗਲਤ ਸਮਝ ਹੈ ਮਮਤਾ ਨੂੰ ਅਸੀਂ ਨੰਦੀਗ੍ਰਾਮ ਜਾਂ ਜ਼ਮੀਨ ਦੇ ਮਸਲਿਆ ਸਬੰਧੀ ਵਿਚਾਰਕ ਹਮਾਇਤ ਦਿੰਦੇ ਹਾਂ,ਸਾਨੂੰ ਲੱਗਦੈ ਕਿ ਉਹ ਇਸ ਸਰਕਾਰ ਖ਼ਿਲਾਫ ਚੰਗਾ ਕੰਮ ਕਰ ਰਹੀ ਹੈ।
ਮੈਂ ਪੁੱਛਿਆ ਸੀ \'ਲੋਕ ਕਹਿੰਦੇ ਨੇ ਤੁਸੀਂ 22-23 ਸਾਲਾਂ ਤੋਂ ਜੰਗਲ \'ਚ ਹੀ ਹੋਂ,ਅੱਗੇ ਕਿਉਂ ਨਹੀਂ ਵਧ ਰਹੇ,ਉਸਨੇ ਕਿਹਾ ਸੀ \'ਬਹੁਤ ਘੱਟ ਸਾਧਨਾਂ ਤੇ ਐਨੇ ਸਰਕਾਰੀ ਤਸ਼ੱਦਦ ਦੇ ਬਾਵਜੂਦ ਸਾਡੀ ਲਹਿਰ ਅੱਗੇ ਵਧ ਰਹੀ ਹੈ,ਕ੍ਰਾਂਤੀ ਕੋਈ ਜਾਦੂ ਨਹੀਂ ਹੁੰਦੀ।ਇਤਿਹਾਸ ਮੋਮਬੱਤੀਆਂ ਨਾਲ ਨਹੀਂ ਹਮੇਸ਼ਾਂ ਖੂਨ ਦੇ ਦੀਵਿਆਂ ਨਾਲ ਬਦਲਣੇ ਪੈਂਦੇ ਨੇ।ਮੈਨੂੰ ਸਵਾਲ ਕਰਨ ਲੱਗਿਆ ਕਿ \'ਪੰਜਾਬ \'ਚ ਐਨੀ ਬੇਰੁਜ਼ਗਾਰੀ ਤੇ ਸੰਕਟ ਹੈ ਕੋਈ ਸਮਾਜਿਕ-ਸਿਆਸੀ ਲਹਿਰ ਕਿਉਂ ਨਹੀਂ ਉੱਭਰ ਰਹੀ।ਮੈਂ ਕਿਹਾ \'ਮੇਰੇ ਜਿਹਾ ਛੋਟਾ ਜਿਹਾ ਬੰਦਾ ਤੁਹਾਡੇ ਵੱਡੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ।ਗੱਲਾਂ ਗੱਲਾਂ ਚ ਉਹਨੇ ਕਿਹਾ \'ਮੈਂ ਦਰਬਾਰ ਸਾਹਿਬ \'ਤੇ ਹਮਲੇ ਤੇ 1984 ਦੇ ਦਿੱਲੀ ਸਿੱਖ ਕਤਲੇਆਮ ਬਾਰੇ ਕਾਫੀ ਲੇਖ਼ ਲਿਖ਼ੇ ਨੇ।ਪੰਜਾਬ ਦੀ ਕੌਮੀ ਲਹਿਰ ਦੇ ਸਵਾਲ ਨੂੰ ਵੀ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ।ਮੈਂ ਕਿਹਾ ਮੈਨੂੰ ਵੀ ਦਿਓ ਤੁਹਾਡੇ ਲੇਖ਼,ਵੇਖਾਂ ਕੀ ਕੁਝ ਲਿਖਿਆ ਤੁਸੀਂ।ਓਹਨੇ ਕਿਹਾ ਹੁਣ ਤਾਂ ਕੋਲ ਨਹੀਂ ,ਫੇਰ ਕਦੇ ਦੇਵਾਂਗਾ।
ਸਵਾਲ-ਜਵਾਬ ਸੌ ਦੀ ਸਪੀਡ \'ਤੇ ਜਾਰੀ ਸਨ।ਮੈਂ ਪੁੱਛਿਆ \'ਤੁਸੀਂ ਇਲਾਕੇ ਨੂੰ ਬੰਦ ਕਰਕੇ ਸਰਕਾਰੀ ਵਿਕਾਸ ਤਾਂ ਰੋਕ ਦਿੱਤਾ,ਤੁਹਾਡੇ ਕੋਲ ਵਿਕਾਸ ਦਾ ਕੀ ਰਾਹ ਹੈ।ਜਵਾਬ ਸੀ \'ਅਸੀਂ ਸਰਕਾਰੀ ਆਰਥਿਕ ਸਹਾਇਤਾ ਬਿਲਕੁਲ ਨਹੀਂ ਰੋਕੀ।ਉੱਚ ਸਰਕਾਰੀ ਭ੍ਰਿਸ਼ਟ ਅਧਿਕਾਰੀਆਂ ਨੂੰ ਰੋਕਿਆ ਹੈ।ਜੇ ਉਨ੍ਹਾਂ ਨੇ ਵਿਕਾਸ ਕਰਨਾ ਹੁੰਦਾ ਤਾਂ ਪਿਛਲੇ 64 ਸਾਲਾਂ \'ਚ ਹੋ ਜਾਂਦਾ ਤੇ ਸਭ ਤੋਂ ਵੱਡੀ ਜਮਹੂਰੀਅਤ \'ਚ ਇਹ ਇਲਾਕੇ ਆਦਿਵਾਸੀ ਇਲਾਕਿਆਂ ਦੇ ਨਾਂਅ ਨਾਲ ਜਾਣੇ ਜਾਂਦੇ,ਇਹ ਦੇਸ਼ \'ਤੇ ਦਾਗ ਹੈ।ਆਦਿਵਾਸੀਆਂ ਤੋਂ ਪੁੱਛ ਲਓ ਕਿ ਇਨ੍ਹਾਂ ਇਲਾਕਿਆਂ ਸਾਡੀ ਰਹਿਨੁਮਾਈ \'ਚ ਕੀ ਬਦਲਿਆ ਹੈ।ਅਸੀਂ ਤਾਂ ਆਦਿਵਾਸੀਆਂ ਨੂੰ ਜੈਵਿਕ ਖੇਤੀ ਤੱਕ ਦੀ ਸਿਖ਼ਲਾਈ ਦੇ ਰਹੇ ਹਾਂ ਤਾਂ ਕਿ ਬਜ਼ਾਰ ਤੋਂ ਖੇਤੀ ਦੀ ਨਿਰਭਰਤਾ ਘਟਾਈ ਜਾ ਸਕੇ\'।
ਉਦੋਂ ਮੈਂ ਚੇਨ ਸਮੋਕਰ ਹੁੰਦਾ ਸੀ।ਲਾਲਗੜ੍ਹ ਸਿਗਰਟ ਦੀ ਥਾਂ ਬੀੜੀਆਂ ਮਿਲਦੀਆਂ ਸਨ।ਇਸ ਗੱਲਬਾਤ ਦੌਰਾਨ ਕਿਸ਼ਨਜੀ ਨਾਲ ਕਸ਼ ਸ਼ਾਂਝੇ ਕਰਨ ਦਾ ਮੌਕਾ ਵੀ ਮਿਲਿਆ।ਥੋੜ੍ਹੀ ਨੇੜਤਾ ਹੋਈ ਤਾਂ ਮੈਂ ਮਾਓਵਾਦੀਆਂ ਦੇ ਕੈਂਪ ਦੀਆਂ ਫੋਟੋਆਂ ਖਿੱਚ ਲਈਆਂ।ਮਾਓਵਾਦੀ ਗੁਰੀਲਿਆਂ ਨੇ ਮੇਰੇ ਵੱਲ ਸ਼ੱਕ ਦੀ ਨਜ਼ਰ ਨਾਲ ਵੇਖਿਆ।ਇਕ ਨੇ ਕਿਹਾ \'ਕੈਮਰੇ ਚੋਂ ਫੋਟੋਆਂ ਡਲੀਟ ਕਰ ਦਿਓ।ਮੈਂ ਕਿਹਾ ਸਿਰਫ ਹਥਿਆਰਾਂ ਤੇ ਜਗ੍ਹਾ ਦੀਆਂ ਹਨ,ਕਿਸੇ ਗੁਰੀਲੇ ਜਾਂ ਆਗੂ ਦੀ ਫੋਟੋ ਨਹੀਂ ਖਿੱਚੀ ਹੈ,ਪਰ ਮੇਰੀਆਂ ਫੋਟੋਆਂ ਡਲੀਟ ਕਰਵਾ ਦਿੱਤੀਆਂ ਗਈਆਂ।
ਮੇਰੀਆਂ ਉਸ ਨਾਲ ਗੱਲਾਂ ਜਾਰੀ ਸਨ।ਇਕ ਸੁਨੇਹਾ ਆਉਂਦਾ ਹੈ ਕਿ ਇਕ ਟੁਕੜੀ ਨੂੰ ਇਹ ਥਾਂ ਛੱਡਣ ਤੇ ਫਲਾਨੇ ਥਾਂ ਜਾਣ ਦੀ ਸਖ਼ਤ ਜ਼ਰੂਰਤ ਹੈ। ਕਿਸ਼ਨਜੀ ਟੁਕੜੀ ਦੀ ਅਗਵਾਈ ਲਈ ਤਿਆਰ ਹੁੰਦਾ ਹੈ।ਮੇਰੇ ਕਈ ਸਵਾਲ ਦੇ ਉਹ ਵਿਸਥਾਰ \'ਚ ਚਲਾ ਗਿਆ ਸੀ।ਕਹਿੰਦਾ ਹੈ \'ਯਾਦਵਿੰਦਰ ਤੂੰ ਅਜੇ ਲਾਲਗੜ੍ਹ \'ਚ ਹੀ ਹੈਂ,ਮੁੜ ਛੇਤੀ ਹੀ ਮਿਲਦੇ ਹਾਂ ਤੇ ਫੇਰ ਸਾਰੇ ਮਸਲਿਆਂ ਬਾਰੇ ਵਿਸਥਾਰਪੂਰਵਕ ਗੱਲ ਕਰਾਂਗੇ ਤੇ ਤੇਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ।
ਮੈਂ ਸੱਤ ਦਿਨ ਲਾਲਗੜ੍ਹ ਦੀ ਖ਼ਾਕ ਛਾਣਦਾ ਰਿਹਾ।ਮੁੜ ਕਦੇ ਮੁਲਾਕਾਤ ਨਾ ਹੋਈ।ਕਿਸ਼ਨ ਜੀ ਦਾ ਵਾਅਦਾ ਓਹਦੇ ਨਾਲ ਚਲਾ ਚਲਾ ਗਿਆ।ਮੈਂ ਫਿਰ ਟੈਕਸਟ ਤੇ ਥਿਊਰੀ ਦੀ ਮਜਬੂਰੀ \'ਚੋਂ ਚੀਜ਼ਾਂ ਫੜ੍ਹਣ ਦੀ ਕੋਸ਼ਿਸ਼ ਕਰਦਾ ਰਿਹਾ।ਪੱਖੀ ਤੇ ਵਿਰੋਧੀ ਦੋਵਾਂ ਤਰ੍ਹਾਂ ਦੇ ਪ੍ਰਚਾਰ ਤੋਂ ਮੁਕਤ ਹੋ ਕੇ ਮੈਂ ਇਹ ਗੱਲ ਸਮਝ ਪਾਇਆ ਸੀ ਕਿ ਇਸ ਲਹਿਰ ਦਾ ਭਵਿੱਖ ਜੋ ਵੀ ਹੋਵੇ ਪਰ ਇਸਨੂੰ ਪੜ੍ਹੇ ਲਿਖ਼ੇ ਤੇ ਜ਼ਮੀਨੀ ਹਾਲਤ ਨੁੰ ਸਮਝਦੇ ਅਕਲਮੰਦ ਲੋਕ ਚਲਾ ਰਹੇ ਹਨ।
ਯਾਦਵਿੰਦਰ ਕਰਫਿਊ
mail2malwa@gmail.com
95308-95198
-
ਯਾਦਵਿੰਦਰ ਕਰਫਿਊ (COURTESY: http://ghulamkalam.com),
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.