ਅਸ਼ੋਕ ਵਰਮਾ
ਮਾਨਸਾ, 10 ਜੁਲਾਈ 2020 - ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਨ ਵਾਲੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਹਨੇ ਕੇ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾ ਨਾਲ ਜੁੜਨ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਉਨਾਂ ਨੇ ਇਸ ਨੂੰ ਅੰਤਮ ਫੈਸਲਾ ਨਹੀਂ ਆਖਿਆ ਪਰ ਕਈ ਮਾਮਲਿਆਂ ’ਚ ਢੀਂਡਸਾ ਦੇ ਸਪਸ਼ਟ ਸਟੈਂਡ ਕਾਰਨ ਐਸਜੀਪੀਸੀ ਮੈਂਬਰ ਨੇ ਮੰਨਿਆ ਕਿ ਉਨਾਂ ਦਾ ਝੁਕਾਅ ਢੀਡਸਾ ਗਰੁੱਪ ਵੱਲ ਹੋਇਆ ਹੈ। ਸਰਦਾਰ ਕਾਹਨੇਕੇ ਨੇ 9 ਜੁਲਾਈ ਨੂੰ ਭਾਰਤ ਛੱਡੋ ਅੰਦੋਲਨ ਦੀ ਵਰੇ ਗੰਢ ਮੌਕੇ ਐਤਵਾਰ ਦੇਰ ਸ਼ਾਮ ਨੂੰ ਅਕਾਲੀ ਦਲ ਬਾਦਲ ਚੋਂ ਅਸਤੀਫਾ ਦੇ ਦਿੱਤਾ ਸੀ। ਅੱਜ ‘ਬਾਬੂਸ਼ਾਹੀ ’ਨਾਲ ਗੱਲਬਾਤ ਕਰਦਿਆਂ ਜੱਥੇਦਾਰ ਮਿੱਠੂ ਸਿੰਘ ਕਾਹਨੇ ਕੇ ਨੇ ਕਾਫੀ ਬੇਬਾਕੀ ਨਾਲ ਆਪਣਾ ਪੱਖ ਰੱਖਿਆ ਅਤੇ ਸਿਧਾਂਤਾਂ ਦੀ ਰਾਜਨੀਤੀ ਕਰਨ ਦੀ ਗੱਲ ਆਖੀ । ਉਨਾਂ ਆਖਿਆ ਕਿ ਜਦੋਂ ਉਹ ਸਿਆਸਤ ’ਚ ਆਏ ਸਨ ਤਾਂ ਰਾਜਨੀਤਕ ਕਦਰਾਂ ਕੀਮਤਾਂ ਦੀ ਵੁੱਕਤ ਹੁੰਦੀ ਸੀ ਪਰ ਹੁਣ ਸਿਆਸਤ ਵਪਾਰ ਬਣ ਗਈ ਹੈ। ਉਨਾਂ ਆਖਿਆ ਕਿ ਪਿਛਲੇ ਕੁੱਝ ਵਰਿਆਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਬਾਦਲ ਸਿਧਾਂਤਾਂ ਤੋਂ ਭਟਕ ਗਿਆ ਹੈ ਜਿਸ ਕਰਕੇ ਉਨਾਂ ਨੇ ਪਾਸਾ ਵੱਟਣਾ ਹੀ ਬਿਹਤਰ ਸਮਝਿਆ ਹੈ। ਉਨਾਂ ਆਖਿਆ ਕਿ ਸੁਖਦੇਵ ਸਿੰਘ ਢੀਡਸਾ ਵੱਲੋਂ ਕਈ ਮੁੱਦਿਆਂ ਤੇ ਰੱਖੇ ਗਏ ਪੱਖ ਨੇ ਉਨਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨਾਂ ਆਖਿਆ ਕਿ ਉਨਾਂ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਵੀ ਰਾਬਤਾ ਬਣਾਇਆ ਸੀ ਪਰ ਕੁੱਝ ਮੁੱਦੇ ਉਨਾਂ ਵੱਲੋਂ ਵੀ ਸਪਸ਼ਟ ਕਰਨੇ ਬਾਕੀ ਹਨ ਜਿਸ ਕਰਕੇ ਅਜੇ ਉਨਾਂ ਨੇ ਇਹ ਮਾਮਲਾ ਪੈਂਡਿੰਗ ਰੱਖਿਆ ਹੋਇਆ ਹੈ। ਉਨਾਂ ਆਖਿਆ ਕਿ ਉਹ ਕਾਹਲੀ ’ਚ ਕੋਈ ਫੈਸਲਾ ਨਹੀਂ ਲੈਣਗੇ ਬਲਕਿ ਹਰ ਕਦਮ ਸੋਚ ਵਿਚਾਰ ਕੇ ਹੀ ਚੁੱਕਿਆ ਜਾਏਗਾ। ਉਨਾਂ ਆਖਿਆ ਕਿ ਮੋਦੀ ਸਰਕਾਰ ’ਚ ਸ਼ਾਮਲ ਹੋਕੇ ਖੇਤੀ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰਨਾ ਤਾਂ ਅਕਾਲੀ ਦਲ ਖਾਸ ਤੌਰ ਤੇ ਪਾਰਟੀ ਚਲਾ ਰਹੇ ਬਾਦਲ ਪ੍ਰੀਵਾਰ ਵੱਲੋਂ ਕੀਤਾ ਗਿਆ ਫੈਸਲਾ ਪੂਰੀ ਤਰਾਂ ਗੈਰਸਿਧਾਂਤਕ ਅਤੇ ਖੇਤੀ ਵਿਰੋਧੀ ਹੈ। ਉਨਾਂ ਆਖਿਆ ਕਿ ਜੇਕਰ ਇਹ ਆਰਡੀਨੈਂਸ ਲਾਗੂ ਹੋ ਜਾਂਦੇ ਹਨ ਤਾਂ ਪੰਜਾਬ ਦੀ ਕਿਸਾਨੀ ਬਿਲਕੁਲ ਤਬਾਹ ਹੋ ਜਾਏਗੀ। ਉਨਾਂ ਆਖਿਆ ਕਿ ਪੰਜਾਬ ਦਾ ਅਰਥਚਾਰਾ ਹੀ ਖੇਤੀ ਨਾਲ ਜੁੜਿਆ ਹੋਇਆ ਹੈ ਜਿਸ ਦੇ ਬਰਬਾਦ ਹੋਣ ਨਾਲ ਵਪਾਰ ਤੇ ਬੁਰਾ ਅਸਰ ਪਵੇਗਾ ਅਤੇ ਮਜਦੂਰਾਂ ਦੀ ਸਮਾਜਿਕ ਜਿੰਦਗੀ ਤਹਿਸ ਨਹਿਸ ਹੋ ਜਾਏਗੀ। ਉਨਾਂ ਆਖਿਆਂ ਕਿ ਜਦੋਂ ਸਾਰਾ ਪੰਜਾਬ ਮੋਦੀ ਸਰਕਾਰ ਵੱਲੋਂ ਲਿਆਂਦੇ ਜਾਣ ਵਾਲੇ ਆਰਡੀਨੈਂਸਾਂ ਖਿਲਾਫ ਸੜਕਾਂ ਤੇ ਉੱਤਰਿਆ ਹੋਇਆ ਹੈ ਤਾਂ ਬਾਦਲ ਪ੍ਰੀਵਾਰ ਨੂੰ ਪੰਜਾਬੇ ਦੇ ਲੋਕਾਂ ਦੇ ਹੱਕ ਖੜਨ ਵਰਗਾ ਦੂਅੰਦੇਸ਼ੀ ਫੈਸਲਾ ਲੈਣਾ ਚਾਹੀਦਾ ਸੀ। ਉਨਾਂ ਆਖਿਆ ਕਿ ਕਾਫੀ ਸਮਾਂ ਸੋਚ ਵਿਚਾਰਨ ਤੋਂ ਬਾਾਅਦ ਉਹ ਪੰੰਜਾਬ ਦੀ ਕਿਸਾਨੀ ਸਮੇਤ ਸਮੂਹ ਪੰਜਾਬੀਆਂ ਤੇ ਆਮ ਲੋਕਾਂ ਦੇ ਹੱਕ ’ਚ ਖੜੇ ਹਨ।
ਪੰਜਾਬ ਸਟੂਡੈਂਟਸ ਯੂਨੀਅਨ ਤੋਂ ਸ਼ੁਰੂ ਕੀਤਾ ਸਫਰ
ਸਿੱਖਿਆ ਵਿਭਾਗ ਚੋਂ ਬਤੌਰ ਸਾਇੰਸ ਮਾਸਟਰ ਵਜੋਂ ਸੇਵਾ ਮੁਕਤ ਹੋਏ ਜੱਥੇਦਾਰ ਮਿੱਠੂ ਸਿੰਘ ਕਾਹਨੇ ਕੇ ਨੇ 71ਵਿਆਂ ’ਚ ਆਪਣਾ ਜਨਤਕ ਸਫਰ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਸ਼ੁਰੂ ਕੀਤਾ ਸੀ। ਉਹ ਬਾਅਦ ’ਚ ਨੌਜਵਾਨ ਭਾਰਤ ਸਭ ਦੇ ਆਗੂ ਹੀ ਰਹੇ । ਅਸਲ ’ਚ ਪਿੰਡ ਕਾਹਨਕੇ ਉਨਾਂ ਦਾ ਨਾਨਕਾ ਪਿੰਡ ਹੈ। ਉਨਾਂ ਦੇ ਨਾਨਾ ਜੀ ਅਜਾਦੀ ਦੀ ਲੜਾਈ ਦੌਰਾਨ ਪਰਜਾ ਮੰਡਲ ਦੇ ਮੋਹਰੀਆਂ ਚੋਂ ਸਨ। ਉਨਾਂ ਦੇ ਕੋਈ ਲੜਕਾ ਨਾਂ ਹੋਣ ਕਰਕੇ ਉਹ ਆਪਣੇ ਭਾਣਜੇ ਮਿੱਠੂ ਸਿੰਘ ਨੂੰ ਕਾਹਨਕੇ ਪਿੰਡ ਲੈ ਆਏ ਸਨ। ਅਜਾਦੀ ਤੋਂ ਬਾਅਦ ਉਨਾਂ ਦੇ ਨਾਨਾ ਜੀ ਭਾਰਤੀ ਕਮਿਉਨਿਸਟ ਪਾਰਟੀ ’ਚ ਸ਼ਾਮਲ ਹੋ ਗਏ ਜਿਸ ਦੇ ਦੋ ਧੜਿਆਂ ’ਚ ਵੰਡੇ ਜਾਣ ਕਾਰਨ ਉਨਾਂ ਨੇ ਸੀਪੀਐਮ ਵੱਲ ਰੁੱਖ ਕਰ ਲਿਆ। ਅਜਾਦੀ ਦੀ ਲੜਾਈ ਤੇ ਸੀਪੀਐਮ ’ਚ ਰਹਿੰਦਿਆਂ ਉਨਾਂ ਦਾ ਹਰਕਿਸ਼ਨ ਸਿੰਘ ਸੁਰਜੀਤ ਵਰਗੇ ਵੱਡੇ ਵੱਡੇ ਆਗੂਆਂ ਨਾਲ ਮੇਲ ਮਿਲਾਪ ਸੀ। ਘਰ ’ਚ ਪਰਜਾ ਮੰਡਲ ਹਮਾਇਤੀਆਂ ਅਤੇ ਖੱਬੇ ਪੱਖੀ ਲੀਡਰਾਂ ਦੇ ਆਉਣ ਜਾਣ ਕਾਰਨ ਹੀ ਉਨਾਂ ਦਾ ਪੀਐਸਯੂ ਤੇ ਨੌਜਵਾਨ ਭਾਰਤ ਸਭਾ ਵੱਲ ਝੁਕਾਅ ਹੋ ਗਿਆ ਜੋ ਉਨਾਂ ਨੂੰ ਇੱਥੋਂ ਤੱਕ ਲੈ ਆਇਆ ਹੈ।
ਸੰਘਰਸ਼ਸ਼ੀਲ ਰਹੀ ਜਿੰਦਗੀ:ਕਾਹਨੇਕੇ
ਐਸਜੀਪੀਸੀ ਮੈਂਬਰ ਨੇ ਦੱਸਿਆ ਕਿ ਪੰਜਾਬ ਸਟੂਡੈਂਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ’ਚ ਰਹਿੰਦਿਆਂ ਉਨਾਂ ਨੇ ਕਈ ਮੁੱਦਿਆਂ ਨੂੰ ਲੈਕੇ ਸੰਘਰਸ਼ ਕੀਤਾ। ਖਾਸ ਤੌਰ ਤੇ ਚੁੱਲਾ ਟੈਕਸ ਖਿਲਾਫ ਉਨਾਂ ਨੇ ਲੜਾਈ ਲੜੀ। ਉਨਾਂ ਦਾਅਵਾ ਕੀਤਾ ਕਿ ਉਨਾਂ ਨੇ 50-50 ਹਜਾਰ ਲੋਕਾਂ ਦੇ ਇਕੱਠ ਨਾਲ ਵੱਡਾ ਸੰਘਰਸ਼ ਲੜਿਆ ਹੈ। ਉਨਾਂ ਇਸ ਮੌਕੇ ਪੀਐਸਯੂ ’ਚ ਹੁੰਦੇ ਹੋਏ ਸੰਗਰੂਰ ’ਚ ਲੜੀ ਲੜਾਈ ਬਾਰੇ ਵੀ ਵਿਸ਼ੇਸ਼ ਜਿਕਰ ਕੀਤਾ। ਉਨਾਂ ਦੱਸਿਆ ਕਿ ਉਨਾਂ ਨੂੰ ਸਰਕਾਰ ਖਿਲਾਫ ਲੜਾਈ ਦੌਰਾਨ ਜੇਲ ’ਚ ਜਾਣਾ ਪਿਆ ਅਤੇ ਬੀਐਸਸੀ ਉਨਾਂ ਨੇ ਜੇਲ ਦੇ ਅੰਦਰੋਂ ਹੀ ਪਾਸ ਕੀਤੀ। ਉਨਾਂ ਆਖਿਆ ਕਿ ਉਨਾਂ ਨੇ ਹਮੇਸ਼ਾ ਆਪਣੇ ਸਿਧਾਂਤਾਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਰਾਜਨੀਤੀ ’ਚ ਐਨਾਂ ਵੱਡਾ ਬਦਲਾਅ ਆ ਜਾਏਗਾ ,ਉਨਾਂ ਨੇ ਕਦੇ ਸੋਚਿਆ ਨਹੀਂ ਸੀ।