ਫ਼ਤਹਿਗੜ੍ਹ ਸਾਹਿਬ, 23 ਮਾਰਚ 2020 - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕੋਵਿਡ-19 (ਕਰੋਨਾ ਵਾਇਰਸ) ਦੇ ਮੱਦੇਨਜਰ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਜ਼ਿਲ੍ਹੇ ਵਿੱਚ 23 ਮਾਰਚ 02 ਵਜੇ ਤੋਂ ਲੈ ਕੇ ਅਗਲੇ ਹੁਕਮਾਂ ਤੱਕ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਤੇ ਇਸ ਦੌਰਾਨ ਕੋਈ ਵੀ ਵਿਅਕਤੀ ਜ਼ਿਲ੍ਹੇ ਦੀ ਹਦੂਦ ਅੰਦਰ ਗਲੀ, ਸੜਕ ਅਤੇ ਜਨਤਕ ਥਾਵਾਂ ਉਤੇ ਨਹੀਂ ਨਿਕਲੇਗਾ।
ਉਨ੍ਹਾਂ ਨੇ ਕਿਹਾ ਕਿ ਇਹ ਹੁਕਮ ਪੁਲੀਸ, ਵਰਦੀਧਾਰੀ ਫੌਜ ਤੇ ਅਰਧ ਸੈਨਿਕ ਬਲਾਂ ਅਤੇ ਡਾਕਟਰਾਂ ਤੇ ਸਰਕਾਰੀ ਅਧਿਕਾਰੀ/ਕਰਮਚਾਰੀ (ਸਰਕਾਰੀ ਸ਼ਨਾਖਤੀ ਕਾਰਡ ਹੋਣਾ ਜ਼ਰੂਰੀ) ਜਿਹੜੇ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਹਨ, ਡਿਊਟੀ ਤੇ ਤਾਇਨਾਤ ਹੋਮ ਗਾਰਡਜ਼ ਦੇ ਜਵਾਨ ਜਾਂ ਜਿਨ੍ਹਾਂ ਨੂੰ ਜ਼ਿਲ੍ਹਾ ਮੈਜਿਸਟਰੇਟ ਫਤਹਿਗੜ੍ਹ ਸਾਹਿਬ ਜਾਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਫਤਹਿਗੜ੍ਹ ਸਾਹਿਬ ਵੱਲੋਂ ਪਰਮਿਟ ਜਾਰੀ ਕੀਤੇ ਜਾਣਗੇ ਜਾਂ ਕੋਈ ਅਧਿਕਾਰੀ ਜਿਸਨੂੰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਸ ਸਬੰਧੀ ਆਥੋਰਾਈਜ਼ਡ ਕੀਤਾ ਗਿਆ ਹੈ, ਉਨ੍ਹਾਂ ਤੇ ਲਾਗੂ ਨਹੀਂ ਹੋਣਗੇ।