ਦਾਖਾ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰਾਂ ਵੱਲੋਂ ਕਾਗਜ਼ ਕੀਤੇ ਗਏ ਸਨ ਦਾਖਲ
ਵੋਟਰ ਨਿਰਪੱਖ ਅਤੇ ਬਿਨਾ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਵੋਟ ਦਾ ਇਸਤੇਮਾਲ ਕਰਨ-ਜ਼ਿਲ੍ਹਾ ਚੋਣ ਅਫ਼ਸਰ
ਸਮੂਹ ਵੋਟਰਾਂ, ਰਾਜਸੀ ਪਾਰਟੀਆਂ ਅਤੇ ਹੋਰ ਧਿਰਾਂ ਨੂੰ ਸਹਿਯੋਗ ਦੇਣ ਲਈ ਕਿਹਾ
ਦਾਖਾ/ਲੁਧਿਆਣਾ, 01 ਅਕਤੂਬਰ 2019: - ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰਾਂ ਦੀ ਅੱਜ ਜਾਂਚ ਦੌਰਾਨ 5 ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਰਿਟਰਨਿੰਗ ਅਫ਼ਸਰ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਜਾਂਚ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਹਰਕਿੰਦਰ ਸਿੰਘ, ਕਾਂਗਰਸ ਦੀ ਪੁਨੀਤਾ ਸੰਧੂ, ਲੋਕ ਇੰਸਾਫ ਪਾਰਟੀ ਦੀ ਸਰਬਜੀਤ ਕੌਰ, ਆਮ ਆਦਮੀ ਪਾਰਟੀ ਦੀ ਗੁਰਦੀਪ ਕੌਰ ਥਿੰਦ ਅਤੇ ਅਜ਼ਾਦ ਉਮੀਦਵਾਰ ਨੀਲਮ ਦੇ ਕਾਗਜ਼ ਰੱਦ ਕੀਤੇ ਗਏ।
ਸ੍ਰੀ ਮੱਲ੍ਹੀ ਨੇ ਦੱਸਿਆ ਕਿ ਬਲਦੇਵ ਸਿੰਘ, ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਵੱਲੋਂ ਨਾਮਜ਼ਦਗੀ ਭਰੀ ਸੀ ਹੁਣ ਉਨ੍ਹਾਂ ਨੂੰ ਅਜ਼ਾਦ ਉਮੀਦਵਾਰ ਦੇ ਤੌਰ 'ਤੇ ਮੰਨ ਲਿਆ ਗਿਆ ਹੈ। ਜਾਂਚ ਪੱਤਰਾਂ ਦੀ ਜਾਂਚ ਉਪਰੰਤ ਕਾਂਗਰਸ ਪਾਰਟੀ ਵੱਲੋਂ ਸੰਦੀਪ ਸਿੰਘ ਸੰਧੂ, ਸ੍ਰੋਮਣੀ ਅਕਾਲੀ ਦਲ ਵੱਲੋ ਮਨਪ੍ਰੀਤ ਸਿੰਘ ਇਆਲੀ, ਲੋਕ ਇੰਨਸਾਫ ਪਾਰਟੀ ਤੋਂ ਸ਼੍ਰੀ ਸੁਖਦੇਵ ਸਿੰਘ, ਆਮ ਆਦਮੀ ਪਾਰਟੀ ਤੌ ਅਮਨਦੀਪ ਸਿੰਘ ਮੋਹੀ, ਆਪਣਾ ਪੰਜਾਬ ਪਾਰਟੀ ਤੋ ਸ਼੍ਰੀ ਸਿਮਰਨਦੀਪ ਸਿੰਘ ਨੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਤੋਂ ਸ਼੍ਰੀ ਜੁਗਿੰਦਰ ਸਿੰਘ ਨੇ, ਨੈਸ਼ਨਲ ਜਸਟਿਸ ਪਾਰਟੀ ਤੋਂ ਸ਼੍ਰੀ ਗੁਰਜੀਤ ਸਿੰਘ ਨੇ, ਸ਼੍ਰੀ ਹਰਬੰਸ ਸਿੰਘ, ਸ਼੍ਰੀ ਗੁਰਦੀਪ ਸਿੰਘ ਕਾਹਲੋ, ਜੈ ਪ੍ਰਕਾਸ਼ ਜੈਨ ਅਤੇ ਬਲਦੇਵ ਸਿੰਘ ਆਜ਼ਾਦ ਉਮੀਦਵਾਰ ਵੱਜੋਂ ਨਾਮਜਦਗੀਆਂ ਦਾਖਲ ਕੀਤੀਆਂ। ਇਸ ਤਰ੍ਹਾਂ ਵਿਧਾਨ ਸਭਾ ਹਲਕਾ ਦਾਖਾ ਦੀਆਂ ਉਪ ਚੋਣਾਂ ਲਈ ਕੁੱਲ 16 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ 3 ਅਕਤੂਬਰ, 2019 ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਅਤੇ ਗਿਣਤੀ 24 ਅਕਤੂਬਰ, 2019 ਨੂੰ ਹੋਵੇਗੀ। ਸ੍ਰੀ ਅਗਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 68 ਦਾਖਾ ਦੇ ਇਸ ਸਮੇਂ 220 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚ ਜਨਰਲ ਵੋਟਰ 1,84,306 ਅਤੇ 780 ਸਰਵਿਸ ਵੋਟਰ ਹਨ।
ਉਨ੍ਹਾਂ ਕਿਹਾ ਕਿ ਇਸ ਉੱਪ ਚੋਣ ਵਿੱਚ ਕੋਈ ਵੀ ਉਮੀਦਵਾਰ 28 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਨਹੀਂ ਖਰਚ ਸਕਦਾ। ਚੋਣਾਂ ਦੇ ਪ੍ਰਬੰਧਾਂ ਲਈ ਜਿਲ੍ਹਾ ਪੱਧਰ ਅਤੇ ਹਲਕਾ ਪੱਧਰ 'ਤੇ ਵੱਖ-ਵੱਖ ਸੈੱਲ ਸਥਾਪਿਤ ਕਰ ਦਿੱਤੇ ਗਏ ਹਨ, ਜਿਵੇਂ ਕਿ ਫਲਾਇੰਗ ਸੁਕੈਡ, ਸਟੈਟਿਕ ਸਰਵੇਲੈਂਸ ਟੀਮ, ਐਕਸਪੈਂਡੀਚਰ ਮੋਨੀਟਰਿੰਗ ਸੈਲ, ਐਮ.ਸੀ.ਸੀ. ਅਤੇ ਸ਼ਿਕਾਇਤ ਸੈੱਲ ਆਦਿ। ਅਖਬਾਰਾਂ ਵਿੱਚ ਚੋਣ ਪ੍ਰਚਾਰ ਲਈ ਕਿਸੇ ਵੀ ਕਿਸਮ ਦੀ ਪੇਡ ਨਿਊਜ਼ ਨੂੰ ਰੋਕਣ ਲਈ ਐਮ.ਸੀ.ਐਮ.ਸੀ ਟੀਮ ਨਿਯੁਕਤ ਕੀਤੀ ਗਈ ਹੈ।
ਸ੍ਰੀ ਅਗਰਵਾਲ ਨੇ ਆਮ ਲੋਕਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਉਹ ਉੱਪ ਚੋਣ ਦੌਰਾਨ ਨਿਰਪੱਖ ਅਤੇ ਬਿਨਾ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਪ੍ਰਚਾਰ ਲਈ ਪਲਾਸਟਿਕ ਦੀ ਸਮੱਗਰੀ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ। ਉਨ੍ਹਾਂ ਦਾਖਾ ਵਿਧਾਨ ਸਭਾ ਚੋਣ ਹਲਕੇ ਦੇ ਸਬੰਧਤ ਵੋਟਰਾਂ ਅਤੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਉੱਪ ਚੋਣ ਨੂੰ ਬਿਨ੍ਹਾ ਕਿਸੇ ਡਰ ਅਤੇ ਲਾਲਚ ਦੇ ਨਿਰਪੱਖ ਚੋਣ ਕਰਵਾਉਣ ਲਈ ਲੋੜੀਂਦਾ ਸਹਿਯੋਗ ਦਿੱਤਾ ਜਾਵੇ।