ਬਠਿੰਡਾ, 19 ਸਤੰਬਰ 2018: ਜ਼ਿਲਾ ਬਠਿੰਡਾ ਦੀਆਂ 16 ਜ਼ਿਲਾ ਪ੍ਰੀਸ਼ਦ ਦੀਆਂ ਸੀਟਾਂ ਅਤੇ 144 ਬਲਾਕ ਸੰਮਤੀ ਦੀਆਂ ਸੀਟਾਂ ਲਈ ਅੱਜ ਵੋਟਾਂ ਸ਼ਾਂਤੀਪੂਰਵਕ ਮੁਕੰਮਲ ਹੋਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਪਰਨੀਤ ਨੇ ਦੱਸਿਆ ਕਿ ਅੱਜ ਜ਼ਿਲੇ ਵਿੱਚ ਕੁੱਲ ਲੱਗਭੱਗ 67ਫ਼ੀਸਦੀ ਵੋਟਾਂ ਪੋਲ ਹੋਈਆਂ। ਇਨਾਂ ਵੋਟਾਂ ਦੀ ਗਿਣਤੀ ਵੱਖ-ਵੱਖ ਗਿਣਤੀ ਕੇਂਦਰਾਂ ਵਿਖੇ 22 ਸਤੰਬਰ ਨੂੰ ਕਰਨ ਉਪਰੰਤ ਨਤੀਜੇ ਐਲਾਨੇ ਜਾਣਗੇ।
ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ 10 ਵਜੇ ਤੱਕ ਜ਼ਿਲੇ ਭਰ ਵਿੱਚ 11ਫ਼ੀਸਦੀ ਵੋਟਾਂ ਪੋਲ ਹੋਈਆਂ ਸਨ, 12 ਵਜੇ ਤੱਕ 28ਫ਼ੀਸਦੀ ਤੱਕ, ਦੁਪਹਿਰ 2 ਵਜੇ ਤੱਕ 42ਫ਼ੀਸਦੀ ਅਤੇ ਸ਼ਾਮ 4 ਵਜੇ ਤੱਕ ਕੁੱਲ ਲੱਗਭੱਗ 67ਫ਼ੀਸਦੀ ਵੋਟਾਂ ਪੋਲ ਹੋਈਆਂ।
ਉਨਾਂ ਪਿੰਡ ਗਿੱਲਪੱਤੀ, ਭੋਖੜਾ, ਬੁਲਾਢੇਵਾਲਾ ਵਿਖੇ ਚੈਕਿੰਗ ਕੀਤੀ। ਉਨਾਂ ਦੱਸਿਆ ਕਿ ਇਨਾਂ ਪਿੰਡਾਂ ਵਿਖੇ ਕੋਈ ਦਰਪੇਸ਼ ਸਮੱਸਿਆ ਸਾਹਮਣੇ ਨਹੀਂ ਆਈ ਅਤੇ ਵੋਟਾਂ ਅਮਨ-ਅਮਾਨ ਨਾਲ ਨੇਪਰੇ ਚੜੀਆਂ।
ਖਬਰ ਲਿਖੇ ਜਾਣ ਤੱਕ ਤਲਵੰਡੀ ਸਾਬੋ ਅਤੇ ਭਗਤਾ ਬਲਾਕ ਦੇ ਨਤੀਜੇ ਪੇਂਡਿੰਗ ਸਨ।